ਸੁਖਵਿੰਦਰ ਸਿੰਘ ਚੋਹਲਾ-
ਆਖਰ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਅੰਦਰ ਪ੍ਰਧਾਨਗੀ ਨੂੰ ਲੈਕੇ ਪੈਦਾ ਹੋਈ ਖਿੱਚੋਤਾਣ ਦਾ ਹੱਲ ਕਰਦਿਆਂ ਧੜੇਬੰਦੀ ਤੋਂ ਨਿਰਪੱਖ ਆਗੂ ਪਰਗਟ ਸਿੰਘ ਨੂੰ ਸੂਬੇ ਦਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਪਰਗਟ ਸਿੰਘ ਜੋ ਕਿ ਜਲੰਧਰ ਕੈਂਟ ਤੋਂ ਮੌਜੂਦਾ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਤਿੰਨ ਵਾਰ ਦੇ ਉਲੰਪੀਅਨ ਹਨ, ਨੂੰ ਪੰਜਾਬ ਕਾਂਗਰਸ ਦੀ ਕਪਤਾਨੀ ਉਸ ਸਮੇਂ ਸੰਭਾਲੀ ਗਈ ਹੈ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕੁਝ ਮਹੀਨੇ ਬਾਕੀ ਰਹਿ ਗਏ ਹਨ।
ਪਾਰਟੀ ਹਾਈਕਮਾਨ ਨੇ ਸ ਪਰਗਟ ਸਿੰਘ ਦੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਵੱਕਾਰੀ ਅਹੁਦੇ ਤੇ ਇਹ ਨਿਯੁਕਤੀ ਪਹਿਲੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਸਤੀਫ਼ਾ ਦੇਣ ਤੋਂ ਕੁਝ ਘੰਟਿਆਂ ਬਾਅਦ ਕੀਤੀ ਹੈ। ਰਾਜਾ ਵੜਿੰਗ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਪ੍ਰਧਾਨਗੀ ਨੂੰ ਲੈਕੇ ਚੱਲ ਰਹੇ ਵਿਰੋਧ ਦੇ ਬਾਵਜੂਦ ਇਸ ਅਹੁਦੇ ਨਾਲ ਚਿਪਕੇ ਹੋਏ ਸਨ ਤੇ ਦਾਅਵਾ ਕਰ ਰਹੇ ਸਨ ਕਿ ਉਹ ਹੀ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਅਗਵਾਈ ਲਈ ਸਮਰੱਥ ਆਗੂ ਹਨ। ਪਾਰਟੀ ਦੇ ਸੀਨੀਅਰ ਆਗੂ ਜਿਹਨਾਂ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁਖ ਮੰਤਰੀ ਤੇ ਮੌਜੂਦਾ ਐਮ ਪੀ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਦੀ ਲਗਾਤਾਰ ਵਿਰੋਧਤਾ ਕਰਦਿਆਂ ਪ੍ਰਧਾਨ ਬਦਲਣ ਦੀ ਮੰਗ ਕਰਦੇ ਹੇਏ ਆਪੋ ਆਪਣੇ ਸਮਰਥਕਾਂ ਰਾਹੀਂ ਹਾਈਕਮਾਨ ਤੇ ਦਬਾਅ ਪਾ ਰਹੇ ਸਨ। ਪਿਛਲੇ ਸਮੇਂ ਦੌਰਾਨ ਰਾਜਾ ਵੜਿੰਗ ਦੀਆਂ ਜਨਤਕ ਬਿਆਨਬਾਜੀਆਂ ਅਤੇ ਦਲਿਤ ਭਾਈਚਾਰੇ ਖਿਲਾਫ ਸਖਤ ਟਿਪਣੀਆਂ ਉਪਰੰਤ ਕਾਂਗਰਸ ਦਾ ਇਕ ਵੱਡਾ ਵਰਗ ਉਹਨਾਂ ਨੂੰ ਪ੍ਰਧਾਨਗੀ ਤੋਂ ਚਲਦਾ ਕਰਨ ਵਿਚ ਹੀ ਪਾਰਟੀ ਦੀ ਭਲਾਈ ਦੱਸ ਰਿਹਾ ਸੀ। ਪੰਜਾਬ ਕਾਂਗਰਸ ਮਾਮਲਿਆਂ ਦੇ ਤਤਕਾਲੀ ਇੰਚਾਰਜ ਭੁਪੇਸ਼ ਬਘੇਲ ਨੇ ਇਕ ਵਾਰ ਤਾਂ ਇਹ ਕਹਿਕੇ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾਏ ਜਾਣ ਤੇ ਵਿਰਾਮ ਲਗਾ ਦਿੱਤਾ ਸੀ ਕਿ ਇਹ ਕੋਈ ਗੁੱਡੇ ਗੁੱਡੀ ਦਾ ਖੇਲ ਨਹੀ। ਪਰ ਬਘੇਲ ਨੂੰ ਇੰਚਾਰਜ ਵਜੋਂ ਬਦਲੇ ਜਾਣ ਤੇ ਨੌਜਵਾਨ ਆਗੂ ਸਚਿਨ ਪਾਇਲਟ ਨੂੰ ਨਵਾਂ ਇੰਚਾਰਜ ਲਗਾਏ ਜਾਣ ਦੇ ਨਾਲ ਹੀ ਹਾਲਾਤ ਬਦਲ ਗਏ। ਹੁਣ ਪਾਰਟੀ ਹਾਈਕਮਾਨ ਨੇ ਸਚਿਨ ਪਾਇਲਟ ਵਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ਤੇ ਇਹ ਨਵੀਂ ਨਿਯੁਕਤੀ ਕੀਤੀ ਹੈ। ਭਾਵੇਂਕਿ ਸ ਪਰਗਟ ਸਿੰਘ ਨੂੰ ਸਾਰੇ ਧੜਿਆਂ ਦਾ ਸਾਂਝਾ ਅਤੇ ਇਕ ਨਿਰਪੱਖ ਆਗੂ ਜਾਣਿਆ ਗਿਆ ਹੈ ਪਰ ਇਸਦੇ ਬਾਵਜੂਦ ਉਹਨਾਂ ਨੂੰ ਵੱਖ -ਵੱਖ ਧੜਿਆਂ ਨੂੰ ਨਾਲ ਲੈਕੇ ਚੱਲਣ ਲਈ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਜਾ ਵੜਿੰਗ ਨੇ ਨੇ ਵੀ ਭਾਵੇਂ ਬਾਦ ਵਿਚ ਸ ਪਰਗਟ ਸਿੰਘ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ ਪਰ ਉਹਨਾਂ ਨੇ ਇਸਦੇ ਨਾਲ ਹਾਈਕਮਾਨ ਤੇ ਥੋੜੀ ਨਾਰਾਜ਼ਗੀ ਵੀ ਜਾਹਰ ਕੀਤੀ ਹੈ। ਉਹਨਾਂ ਦੀ ਇਹ ਟਿਪਣੀ ਨਾ ਰਹੇ ਗੁੱਡੇ ਤੇ ਨਾ ਰਹੀ ਗੁੱਡੀ ਤੋਂ ਉਹਨਾਂ ਦੇ ਅੰਦਰਲੇ ਵਿਰੋਧ ਨੂੰ ਪੜਿਆ ਜਾ ਸਕਦਾ ਹੈ।
ਦਿੱਲੀ ਅਤੇ ਪੰਜਾਬ ਦੋਵਾਂ ਥਾਵਾਂ ‘ਤੇ ਪਾਰਟੀ ਦੇ ਇੱਕ ਵੱਡੇ ਵਰਗ ਦਾ ਮੰਨਣਾ ਸੀ ਕਿ ਵੜਿੰਗ ,ਭੁਪੇਸ਼ ਬਘੇਲ ਦੇ ਸਮਰਥਨ ਕਾਰਨ ਹੀ ਆਪਣੇ ਅਹੁਦੇ ‘ਤੇ ਬਣੇ ਹੋਏ ਸਨ। ਪਰ ਜਦੋਂ ਪਿਛਲੇ ਮਹੀਨੇ ਬਘੇਲ ਨੂੰ ਬਦਲਿਆ ਗਿਆ ਤਾਂ ਇਹ ਸਪੱਸ਼ਟ ਹੋ ਗਿਆ ਸੀ ਕਿ ਸੂਬਾ ਕਾਂਗਰਸ ਦੀ ਅਗਵਾਈ ਵਜੋਂ ਵੜਿੰਗ ਦਾ ਸਮਾਂ ਖਤਮ ਹੋਣ ਵਾਲਾ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਕਾਂਗਰਸ ਹਾਈਕਮਾਨ ਦਾ ਮੰਨਣਾ ਸੀ ਕਿ ਚੰਨੀ ਜਾਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਨ ਨਾਲ ਸਿਆਸੀ ਸਮੀਕਰਨ ਵਿਗੜ ਸਕਦੇ ਹਨ, ਕਿਉਂਕਿ ਉਹ ਦੋਵੇਂ ਹੀ ਰਾਜ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਾਂਗ ਮੁੱਖ ਮੰਤਰੀ ਬਣਨ ਦੇ ਵੱਡੇ ਦਾਅਵੇਦਾਰ ਹਨ। ਕੁਝ ਹਿੰਦੂ ਆਗੂਆਂ – ਜਿਨ੍ਹਾਂ ਵਿੱਚ ਵਿਜੇ ਇੰਦਰ ਸਿੰਗਲਾ, ਰਾਣਾ ਕੇ.ਪੀ. ਸਿੰਘ ਅਤੇ ਭਾਰਤ ਭੂਸ਼ਣ ਆਸ਼ੂ ਦੇ ਨਾਵਾਂ ਦੀ ਵੀ ਪ੍ਰਧਾਨਗੀ ਲਈ ਚਰਚਾ ਸੀ, ਪਰ ਲੀਡਰਸ਼ਿਪ ਇਸ ਗੱਲ ‘ਤੇ ਸਪੱਸ਼ਟ ਸੀ ਕਿ ਸੂਬਾ ਕਾਂਗਰਸ ਦੀ ਵਾਗਡੋਰ ਕਿਸੇ ਸਿੱਖ ਆਗੂ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ। ਨਾਲ ਹੀ, ਉਹ ਅਜਿਹੀ ਸ਼ਖਸੀਅਤ ਹੋਵੇ ਜੋ ਪੂਰੇ ਪੰਜਾਬ ਵਿੱਚ ਜਾਣੀ-ਪਛਾਣੀ ਹੋਵੇ ਤੇ ਵਿਧਾਨ ਸਭਾ ਚੋਣਂ ਵਿਚ ਸਫਲਤਾ ਦੀ ਸੂਰਤ ਵਿਚ ਉਹ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਨਾ ਹੋਵੇ।
ਭਾਵੇਂ ਕਿ ਇਹ ਸਮਝਿਆ ਜਾਂਦਾ ਹੈ ਕਿ ਕਾਂਗਰਸ ਹਾਈਕਮਾਨ ਨੇ ਸ ਪਰਗਟ ਸਿੰਘ ਦੇ ਨਾਮ ਤੇ ਮੋਹਰ ਇਸ ਲਈ ਲਗਾਈ ਹੈ ਕਿ ਉਹ ਪੰਜਾਬ ਕਾਂਗਰਸ ਦੀ ਅਗਵਾਈ ਕਰਦਿਆਂ ਅਗਲੇ ਮੁੱਖ ਮੰਤਰੀ ਵਜੋਂ ਆਪਣਾ ਦਾਅਵਾ ਪੇਸ਼ ਨਹੀ ਕਰੇਗਾ ਪਰ ਕੀ ਇਹ ਸੰਭਵ ਹੈ ਕਿ ਤਿੰਨ-ਚਾਰ ਮੁੱਖ ਮੰਤਰੀ ਦੇ ਦਾਅਵੇਦਾਰਾਂ ਵਿਚਾਲੇ ਇਸ ਮੁੱਦੇ ਤੇ ਸੁਲਾਹ ਸਫਾਈ ਨਾਲ ਹੀ ਕੋਈ ਫੈਸਲਾ ਆਸਾਨ ਹੋਵੇਗਾ। ਜੋ ਵੀ ਹੈ ਹਾਲ ਦੀ ਘੜੀ ਕਾਂਗਰਸ ਹਾਈਕਮਾਨ ਨੇ ਪੰਜਾਬ ਕਾੰਗਰਸ ਦੀ ਅਗਵਾਈ ਦਾ ਮੁੱਦਾ ਬਹੁਤ ਹੀ ਸੁਲਝੇ ਤੇ ਦੂਰ ਅੰਦੇਸ਼ੀ ਢੰਗ ਨਾਲ ਸੁਲਝਾ ਲਿਆ ਹੈ।
ਸ ਪਰਗਟ ਸਿੰਘ ਪੰਜਾਬ ਕਾਂਗਰਸ ਤਾਂ ਕੀ ਪੂਰੇ ਸੂਬੇ ਦੀ ਅਗਵਾਈ ਕਰਨ ਦੇ ਇਕ ਯੋਗ ਆਗੂ ਤੇ ਸਮਰੱਥ ਸ਼ਖਸੀਅਤ ਹੈ। ਰਵਾਇਤੀ ਸਿਆਸਤਦਾਨਾਂ ਤੋਂ ਅਲਗ ਉਸਦੀ ਜਿੰਦਗੀ ਦੇ ਸੰਘਰਸ਼ ਦਾ ਆਪਣਾ ਇਕ ਨਿਵੇਕਲਾ ਤੇ ਪ੍ਰਾਪਤੀਆਂ ਵਾਲਾ ਇਤਿਹਾਸ ਹੈ। ਇਕ ਸਿਆਸਤਦਾਨ ਤੋਂ ਪਹਿਲਾਂ ਉਸਦੀ ਇਕ ਕੌਮਾਂਤਰੀ ਪੱਧਰ ਤੇ ਵਿਸ਼ਵ ਦੇ ਮਹਾਨ ਖਿਡਾਰੀਆਂ ਵਿਚ ਪਛਾਣ ਹੈ। ਉਹ ਆਪਣੇ ਸਮੇਂ ਦੇ ਹਾਕੀ ਦੇ ਫੁਲ ਬੈਕ ਖਿਡਾਰੀਆਂ ਵਿਚੋ ਇਕ ਸਨਮਾਨਿਤ ਖਿਡਾਰੀ ਹੈ। ਉਹ ਕੇਵਲ 18 ਸਾਲ ਦੀ ਉਮਰ ਵਿਚ ਪਹਿਲੀ ਵਾਰ 1988 ਦੀ ਸਿਓਲ ਉਲੰਪਿਕ ਵਿਚ ਭਾਰਤੀ ਟੀਮ ਦਾ ਹਿੱਸਾ ਬਣਿਆ। ਇਸ ਉਪਰੰਤ ਲਗਾਤਾਰ 1992 ਦੀ ਬਾਰਸੀਲੋਨਾ ਉਲੰਪਿਕ ਤੇ 1996 ਵਿਚ ਅਟਲਾਂਟਾ ਉਲੰਪਿਕ ਵਿਚ ਭਾਰਤ ਟੀਮ ਦੇ ਕਪਤਾਨ ਵਜੋਂ ਅਗਵਾਈ ਕੀਤੀ। ਉਸਦੇ ਸ਼ਾਨਦਾਰ ਖੇਡ ਕੈਰੀਅਰ ਵਿੱਚ 1986 ਦੀਆਂ ਸਿਓਲ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਅਤੇ 1990 ਦੀਆਂ ਬੀਜਿੰਗ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਣ ਤੋਂ ਇਲਾਵਾ ਹਾਕੀ ਦੇ ਇਤਿਹਾਸ ਵਿਚ ਸਭ ਤੋਂ ਵੱਡੀ ਪ੍ਰਾਪਤੀ ਚੈਂਪੀਅਨ ਟਰਾਫੀ ਵਿਚ ਜਰਮਨੀ ਖਿਲਾਫ ਖੇਡਦਿਆਂ ਆਖਰੀ 6 ਮਿੰਟ ਵਿਚ 4 ਗੋਲ ਕਰਨ ਦੀ ਵਿਲੱਖਣ ਪ੍ਰਾਪਤੀ ਸ਼ਾਮਿਲ ਹੈ।
ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ 1989 ਵਿੱਚ ਅਰਜੁਨ ਅਵਾਰਡ ਅਤੇ 1998 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਸੇਵਾਮੁਕਤ ਹੋਣ ਤੋਂ ਬਾਅਦ, ਉਨ੍ਹਾਂ ਨੇ ਪੁਰਸ਼ਾਂ ਦੀ ਰਾਸ਼ਟਰੀ ਟੀਮ ਦੇ ਨੈਸ਼ਨਲ ਕੋਚ ਦੀ ਜਿੰਮੇਵਾਰੀ ਵੀ ਨਿਭਾਈ । ਪੰਜਾਬ ਵਿੱਚ ਹਾਕੀ ਪ੍ਰਸ਼ਾਸਨ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਈਆਂ ਤੇ ਭਾਰਤੀ ਹਾਕੀ ਦੀ ਪ੍ਰਧਾਨਗੀ ਲਈ ਤਤਕਾਲੀ ਡੀਜੀਪੀ ਕੇਪੀਐਸ ਗਿੱਲ ਨੂੰ ਵੀ ਚੁਣੌਤੀ ਦਿੱਤੀ। ਉਹਨਾਂ ਪੰਜਾਬ ਪੁਲਿਸ ਵਿਚ ਡੀ ਐਸ ਪੀ ਅਤੇ ਐਸ ਪੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਤੇ ਫਿਰ ਕੁਝ ਸਮਾਂ ਪੰਜਾਬ ਖੇਡ ਵਿਭਾਗ ਦੇ ਡਾਇਰੈਕਟਰ ਰਹੇ। ਖੇਡ ਵਿਭਾਗ ਦੇ ਡਾਇਰੈਕਟਰ ਵਜੋਂ ਸੁਚੱਜੀ ਅਗਵਾਈ ਦਿੰਦਿਆਂ ਭਾਰਤੀ ਹਾਕੀ ਟੀਮ ਵਿਚ ਪੰਜਾਬ ਦੇ ਸਭ ਤੋਂ ਵਧੇਰੇ ਖਿਡਾਰੀਆਂ ਦੀ ਚੋਣ ਵਿਚ ਅਹਿਮ ਭੂਮਿਕਾ ਨਿਭਾਈ। ਖੇਡ ਵਿਭਾਗ ਤੋ ਅਸਤੀਫਾ ਦੇਕੇ ਪਹਿਲੀ ਵਾਰ 2012 ਵਿਚ ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਵਿਧਾਇਕ ਵਜੋਂ ਸਿਆਸੀ ਸਫਰ ਦੀ ਸ਼ੁਰੂਆਤ ਕੀਤੀ। ਆਪਣੀ ਬੇਬਾਕ ਤੇ ਸੱਚ ਤੇ ਖੜਨ ਦੀ ਜੁਅਰਤ ਕਾਰਣ ਤਤਕਾਲੀ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਨਾਲ ਵਿਚਾਰਾਂ ਵਿਚ ਮਤਭੇਦ ਕਾਰਣ ਅਕਾਲੀ ਦਲ ਛੱਡਕੇ ਕਾਂਗਰਸ ਵਿਚ ਸ਼ਾਮਿਲ ਹੋਏ। 2012 ਵਿਚ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਦ ਕਾਂਗਰਸੀ ਉਮੀਦਵਾਰ ਵਜੋਂ ਲਗਾਤਾਰ 2017 ਅਤੇ ਫਿਰ 2022 ਵਿਚ ਮੁੜ ਵਿਧਾਇਕ ਚੁਣੇ ਗਏ। ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿਚ ਕੁਝ ਸਮਾਂ ਸਿੱਖਿਆ ਮੰਤਰੀ ਦੀਆਂ ਜਿੰਮੇਵਾਰੀਆਂ ਵੀ ਨਿਭਾਈਆਂ।
ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਹ ਨਵੀਂ ਜ਼ਿੰਮੇਵਾਰੀ ਪਰਗਟ ਲਈ ਇੱਕ ਵੱਡੀ ਸਿਆਸੀ ਚੁਣੌਤੀ ਹੈ। ਚੋਣ ਜ਼ਾਬਤਾ ਲਾਗੂ ਹੋਣ ਵਿੱਚ ਲਗਭਗ 100 ਦਿਨ ਬਾਕੀ ਰਹਿੰਦਿਆਂ, ਉਨ੍ਹਾਂ ਨੂੰ ਵੱਖ ਵੱਖ ਧੜਿਆਂ ਨੂੰ ਨਾਲ ਲੈਕੇ ਚੱਲਣ ਦੀ ਚੁਣੌਤੀ ਦੇ ਨਾਲ ਸੂਬਾਈ ਇਕਾਈ ਦਾ ਮੁੜ ਗਠਨ ਵੀ ਕਰਨਾ ਪਵੇਗਾ। ਸ ਪਰਗਟ ਸਿੰਘ ਜਿਹਨਾਂ ਨੂੰ ਉਹਨਾਂ ਦੇ ਹਾਕੀ ਵਾਲੇ ਸਾਥੀ ਖਿਡਾਰੀ ਵਧੇਰੇ ਕਰਕੇ ਸਰਦਾਰ ਸਾਹਿਬ ਕਰਕੇ ਹੀ ਸੰਬੋਧਨ ਹੁੰਦੇ ਹਨ, ਦੀ ਖੇਡ ਦੇ ਮੈਦਾਨ ਤੋਂ ਲੈਕੇ ਇਕ ਅਧਿਕਾਰੀ ਤੇ ਫਿਰ ਸਿਆਸਤਦਾਨ ਵਜੋਂ ਅਗਵਾਈ ਪਰਖੀ ਹੋਈ ਹੈ। ਉਹਨਾਂ ਵਲੋਂ ਪ੍ਰਧਾਨ ਬਣਨ ਉਪਰੰਤ ਇਹ ਬਿਆਨ ਦੇਣ ਕਿ ਉਹ ਪਹਿਲਾਂ ਇਕ ਖਿਡਾਰੀ ਹਨ, ਉਲੰਪਿਕ ਵਿਚ ਟੀਮ ਦੀ ਅਗਵਾਈ ਕਰ ਚੁੱਕੇ ਹਨ, ਹੁਣ ਪੰਜਾਬ ਕਾਂਗਰਸ ਨੂੰ ਵੀ ਇਕ ਟੀਮ ਦੀ ਤਰਾਂ ਹੀ ਅਗਵਾਈ ਦੇਣਗੇ, ਸਾਰੇ ਧੜਿਆਂ ਨੂੰ ਨਾਲ ਲੈਕੇ ਚੱਲਣ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਦੇ ਮਕਸਦ ਨੂੰ ਲੈਕੇ ਅੱਗੇ ਵਧਣ ਬਾਰੇ ਉਹਨਾਂ ਦੀ ਯੋਜਨਾਬੰਦੀ, ਉਹਨਾਂ ਦੀ ਲਿਆਕਤ ਤੇ ਸਿਆਸੀ ਸਮਝ ਦਾ ਸੰਭਾਵਨਾਵਾਂ ਭਰਪੂਰ ਪ੍ਰਗਟਾਵਾ ਹੈ।
ਇਕ ਪੱਤਰਕਾਰ ਤੇ ਵਿਚਾਰਾਂ ਦੀ ਸਾਂਝ ਵਾਲੇ ਨੇੜਲੇ ਦੋਸਤ ਹੋਣ ਦੇ ਨਾਤੇ ਅਗਰ ਪਰਗਟ ਸਿੰਘ ਦੀ ਸ਼ਖਸੀਅਤ ਨੂੰ ਬਿਆਨ ਕਰੀਏ ਤਾਂ ਉਹ ਇਕ ਵਧੀਆ ਇਨਸਾਨ ਹੋਣ ਦੇ ਨਾਲ ਜਿੰਦਗੀ ਨੂੰ ਸਮਝਣ ਵਾਲਾ, ਇਕ ਚੰਗਾ ਦੋਸਤ,ਚੰਗੇਰੇ ਸਬੰਧਾਂ ਤੇ ਹਮਖਿਆਲ ਲੋਕਾਂ ਨਾਲ ਦਾਇਰਾ ਵਧਾਉਣ ਵਾਲਾ, ਆਮ ਲੋਕਾਂ ਦੀਆਂ ਤਕਲੀਫਾਂ ਨੂੰ ਸਮਝਣ ਵਾਲ ਤੇ ਸਭ ਤੋਂ ਉਪਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਕੁਝ ਕਰਨ ਦੀ ਇੱਛਾ ਰੱਖਣ ਵਾਲਾ ਚਿੰਤਾਵਾਨ ਪੰਜਾਬੀ ਹੈ। ਇਕ ਸਿਆਸੀ ਪਾਰਟੀ ਦੀ ਅਗਵਾਈ ਦੀ ਜਿੰਮੇਵਾਰੀ ਨੂੰ ਸਫਲਤਾ ਨਾਲ ਨਿਭਾਉਣ ਤੋਂ ਇਲਾਵਾ ਉਸਤੋਂ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਕਈ ਉਮੀਦਾਂ ਹਨ। ਇਕ ਹਾਕੀ ਦੇ ਸਰਦਾਰ ਵਾਂਗ ਉਸ ਕੋਲੋਂ ਪੰਜਾਬ ਕਾਂਗਰਸ ਦੀ ਟੀਮ ਨੂੰ ਵੀ ਯੋਗ ਅਗਵਾਈ ਦਿੰਦਿਆਂ ਅੱਗੇ ਵਧਣ ਅਤੇ ਕੁਝ ਨਵਾਂ ਕਰਨ ਦੀ ਤਵੱਕੋ ਕਰਨੀ ਬਣਦੀ ਹੈ।
ਇਸ ਘੜੀ ਉਹਨਾਂ ਨੂੰ ਪੰਜਾਬ ਕਾਂਗਰਸ ਦੀ ਯੋਗ ਅਗਵਾਈ ਤੇ ਰਵਾਇਤੀ ਸਿਆਸਤਦਾਨਾਂ ਤੋਂ ਤੰਗ ਆਏ ਪੰਜਾਬੀਆਂ ਲਈ ਨਵੀਂ ਉਮੀਦ ਲਈ ਸ਼ੁਭਕਾਮਨਾਵਾਂ । ਵਧਾਈਆਂ।
