Oct 8, 2026

ਨਵੀ ਦਿੱਲੀ ( ਦਿਓਲ)- ਭਾਰਤ ਅਤੇ ਕੈਨੇਡਾ ਨੇ ਕੌਮਾਂਤਰੀ ਸੰਗਠਿਤ ਅਪਰਾਧ, ਅਤਿਵਾਦ ਅਤੇ ਹਿੰਸਕ ਕੱਟੜਵਾਦ, ਮਨੁੱਖੀ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਸਾਈਬਰ ਅਪਰਾਧ ਅਤੇ ਜਬਰੀ ਵਸੂਲੀ  ਵਿਰੁੱਧ ਸਹਿਯੋਗ ਵਧਾਉਣ ‘ਤੇ ਗੱਲਬਾਤ ਦੌਰਾਨ ਸਹਿਮਤੀ ਜਤਾਈ ਹੈ। ਦੋਵਾਂ ਧਿਰਾਂ ਨੇ ਅਪਰਾਧੀਆਂ ਦੀ ਹਵਾਲਗੀ ‘ਤੇ ਨਜ਼ਦੀਕੀ ਤਾਲਮੇਲ ਕਰਨ ਦੀ ਵਚਨਬੱਧਤਾ ਵੀ ਪ੍ਰਗਟਾਈ ਹੈ। ਇਹ ਫੈਸਲਾ ਭਾਰਤ ਦੇ ਪ੍ਰਧਾਨ ਮੰਤਰੀ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਸੀਨੀਅਰ ਕੂਟਨੀਤਕ ਅਤੇ ਕੌਮਾਂਤਰੀ ਮਾਮਲਿਆਂ ਦੇ ਸਲਾਹਕਾਰ ਡੇਵਿਡ ਮੌਰੀਸਨ ਵਿਚਕਾਰ ਹੋਏ ਭਾਰਤ-ਕੈਨੇਡਾ ਸੁਰੱਖਿਆ ਸੰਵਾਦ ਦੌਰਾਨ ਲਿਆ ਗਿਆ।  ਦੋਵੇਂ ਧਿਰਾਂ ਮੌਜੂਦਾ ਸੁਰੱਖਿਆ, ਕਾਨੂੰਨ ਲਾਗੂ ਕਰਨ ਵਾਲੇ ਤੰਤਰ ਨੂੰ ਮਜ਼ਬੂਤ ਕਰਨ, ਆਪਸੀ ਚਿੰਤਾ ਦੇ ਮਾਮਲਿਆਂ ‘ਤੇ ਤੇਜ਼ੀ ਨਾਲ ਸੰਚਾਰ ਅਤੇ ਸਮੇਂ ਸਿਰ ਜਾਣਕਾਰੀ ਸਾਂਝੀ ਕਰਨ ਲਈ, ਜਿੱਥੇ ਲੋੜ ਹੋਵੇ, ਤਾਲਮੇਲ ਦੇ ਨਵੇਂ ਤਰੀਕੇ ਬਣਾਉਣ ਵਾਸਤੇ ਸਹਿਮਤ ਹੋਈਆਂ।

ਇਹ ਚਰਚਾਵਾਂ ਸਾਲਾਂ ਦੇ ਤਣਾਅਪੂਰਨ ਸਬੰਧਾਂ ਤੋਂ ਬਾਅਦ ਸੁਰੱਖਿਆ ਸਹਿਯੋਗ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਭਾਰਤ ਅਤੇ ਕੈਨੇਡਾ ਦੇ ਪਿਛੋਕੜ ਵਿੱਚ ਮਹੱਤਵ ਰੱਖਦੀਆਂ ਹਨ।

ਵਿਦੇਸ਼ ਮੰਤਰਾਲੇ ਅਨੁਸਾਰ, ਦੋਵਾਂ ਧਿਰਾਂ ਨੇ ਫਰਵਰੀ ਵਿੱਚ ਬਣੀ ‘ਸੁਰੱਖਿਆ ਕਾਰਜ ਯੋਜਨਾ’ ਤਹਿਤ ਹੋਈ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਵਿਵਹਾਰਕ ਸਹਿਯੋਗ ਲਈ ਹੋਰ ਖੇਤਰਾਂ ਦੀ ਪਛਾਣ ਕਰਨ ‘ਤੇ ਸਹਿਮਤੀ ਜਤਾਈ। ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ, ਇਸ ਵਿੱਚ ਸਾਈਬਰ ਸੁਰੱਖਿਆ ਅਤੇ ਆਰਥਿਕ ਸੁਰੱਖਿਆ ‘ਤੇ ਢਾਂਚਾਗਤ ਸੰਵਾਦ  ਦੀ ਪੜਚੋਲ ਕਰਨਾ ਸ਼ਾਮਲ ਹੈ।

ਡੋਵਾਲ ਦੇ ਸੱਦੇ ‘ਤੇ ਮੌਰੀਸਨ 5 ਤੋਂ 7 ਅਕਤੂਬਰ ਤੱਕ ਭਾਰਤ ਦੌਰੇ ‘ਤੇ ਹਨ। ਇਹ ਤਾਜ਼ਾ ਮੀਟਿੰਗ ਸਤੰਬਰ 2025 ਤੋਂ ਬਾਅਦ ਐੱਨ ਐੱਸ ਏ-ਪੱਧਰ ਦੀ ਤੀਜੀ ਸੁਰੱਖਿਆ ਗੱਲਬਾਤ ਸੀ, ਜੋ ਪਿਛਲੇ ਸਾਲ ਨਵੀਂ ਦਿੱਲੀ ਅਤੇ ਫਰਵਰੀ ਵਿੱਚ ਓਟਾਵਾ ਵਿੱਚ ਹੋਈ ਗੱਲਬਾਤ ਤੋਂ ਬਾਅਦ ਹੋਈ ਹੈ।

featured-img

 

Leave a Reply

Your email address will not be published. Required fields are marked *