ਸਮੀਖਿਆਕਾਰ-ਮਲਵਿੰਦਰ–
ਪ੍ਰਮਿੰਦਰਜੀਤ ਤੋਂ ਬਾਅਦ ਐੱਸ,ਪ੍ਰਸ਼ੋਤਮ ਦੂਜਾ ਅਜਿਹਾ ਵਿਅਕਤੀ ਹੈ ਜਿਸ ਦੀ ਖ਼ੁਰਦਰੀ ਕਾਇਆ ਅੰਦਰ ਸੂਖਮ ਕਵਿਤਾ ਪਈ ਹੈ। ਮੈਨੂੰ ਨਹੀਂ ਪਤਾ ਸਾਡਾ ਸੁਭਾਅ ਕਿੰਨਾ ਕੁ ਸਾਡੀ ਕਵਿਤਾ ਵਿੱਚ ਪਿਆ ਹੁੰਦਾ ਹੈ। ਪਰ ਮੁਖਰ ਸੁਭਾਅ ਤੇ ਕਵਿਤਾ ਦਾ ਬੇਜੋੜ ਜਿਹਾ ਰਿਸ਼ਤਾ ਜਦ ਆਕਾਰ ਲੈਂਦਾ ਹੈ ਤਾਂ ਕੁਝ ਵੱਖਰਾ ਸਿਰਜਦਾ ਹੈ। ਸਮਕਾਲੀ ਸਮਿਆਂ ਅੰਦਰ ਲੋਕ ਕਵਿਤਾ ਤੋਂ ਪੱਤਰਕਾਰੀ ਵੱਲ ਖਿਸਕ ਰਹੇ ਹਨ। ਐੱਸ,ਪ੍ਰਸ਼ੋਤਮ ਪੱਤਰਕਾਰੀ ਤੋਂ ਕਵਿਤਾ ਵੱਲ ਆਇਆ ਹੈ। ਇਸ ਦੇ ਕੁਝ ਫਾਇਦੇ ਵੀ ਹਨ। ਪੱਤਰਕਾਰੀ ਤੁਹਾਨੂੰ ਤੁਹਾਡੇ ਸੀਮਤ ਖੇਤਰ ਵਿਚੋਂ ਕੱਢ ਕੇ ਸੰਸਾਰ ਦੇ ਵਿਸ਼ਾਲ ਹੱਦਿਆਂ ਤੱਕ ਲੈ ਕੇ ਜਾਂਦੀ ਹੈ। ਤੁਹਾਡੀ ਜਾਣਕਾਰੀ ਤੇ ਗਿਆਨ ਨਵੇਂ ਨਵੇਂ ਖੇਤਰਾਂ ਤੱਕ ਪਹੁੰਚ ਕਰਦੀ ਹੈ। ਤੁਹਾਡੀ ਸੋਚ ਦੀਆਂ ਗੋਲ਼ ਨੁਕਰਾਂ ਤਿਖੀਆਂ ਹੁੰਦੀਆਂ ਹਨ। ਤੁਸੀਂ ਵਾਪਰ ਰਹੀਆਂ ਘਟਨਾਵਾਂ ਵਿਚਲਾ ਸੱਚ ਸਾਂਭਣਾ ਚਾਹੁੰਦੇ ਹੋ। ਇਸ ਲਈ ਪੱਤਰਕਾਰੀ ਤੋਂ ਸਾਹਿਤ ਵੱਲ ਮੋੜ ਕੱਟਣਾ ਜਰੂਰੀ ਹੋ ਜਾਂਦਾ ਹੈ। ਮਨੁੱਖੀ ਹੋਂਦ ਦੀ ਜੰਗ ਲੜਦਾ ਐੱਸ, ਪ੍ਰਸ਼ੋਤਮ ਲਿਖਦਾ ਹੈ ਕਿ ਮੈਂ ਹਾਂ ਪੱਤਰਕਾਰ ਤੇ ਨਿਭਾਉਂਦਾ ਹਾ ਅਖ਼ਬਾਰ ਵੱਲੋਂ ਦਿਹਾਤੀ ਖਿਤੇ ਲਈ ਸੌਂਪੀ ਖ਼ਬਰਾਂ ਲਿਖਣ ਦੀ ਜ਼ਿਮੇਦਾਰੀ । ਕਵੀ ਵੀ ਹਾਂ, ਖ਼ਬਰਾਂ ਦੀ ਖੋਜ ‘ਚ ਖੁੱਬਣ ‘ਤੇ ਲੱਗ ਜਾਂਦੇ ਨੇ ਕਵਿਤਾ ਰਚਨ ਦੇ ਮੇਰੇ ਹੱਥ ਰਾਜ਼। ਇੰਝ ਪੱਤਰਕਾਰੀ ਵਲੋਂ ਮੋੜ ਕੱਟਣ ਦੇ ਆਰੰਭ ਵਿੱਚ ਕਵਿਤਾ ਪਈ ਹੁੰਦੀ ਹੈ। ਕਵਿਤਾ ਹੋ ਵਾਪਰ ਰਹੀਆਂ ਘਟਨਾਵਾਂ ਦਾ ਸਭ ਤੋਂ ਨੇੜਲਾ ਪ੍ਰਤੀਕਰਮ ਹੁੰਦੀ ਹੈ। ਉਪਰੋਕਤ ਵਿਚਾਰਾਂ ਦੇ ਸੰਦਰਭ ਵਿੱਚ ਹੀ ਆਪਾਂ ਐੱਸ,ਪ੍ਰਸ਼ੋਤਮ ਦੇ ਪਲੇਠੇ ਕਾਵਿ-ਸੰਗ੍ਰਹਿ ‘ਖ਼ਾਮੋਸ਼ੀਆਂ’ ਬਾਰੇ ਕੁਝ ਸੰਖੇਪ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਪ੍ਰਸ਼ੋਤਮ ਕੋਲ਼ ਉਹ ਸਾਰੇ ਫਿਕਰ ਹਨ ਜਿਹਨਾਂ ਨਾਲ਼ ਮੌਜੂਦਾ ਲੋਕਾਈ ਪੀੜਤ ਹੈ। ਗੱਲ ਚਾਹੇ ਦੇਸ ਵੰਡ ਦੇ ਦਰਦ ਦੀ ਹੋਵੇ, ਡੂੰਘੇ ਲਹਿ ਗਏ ਤੇ ਪ੍ਰਦੂਸ਼ਤ ਹੋ ਗਏ ਪਾਣੀਆਂ ਦੀ ਜਾਂ ਫਿਰ ਨਸ਼ਿਆਂ ਦੇ ਦਰਿਆ ‘ਚ ਰੁੜ ਗਈ ਜਵਾਨੀ ਦੀ ਤੇ ਪਰਵਾਸ ਕਰ ਗਈ ਇੱਕ ਪੀੜੀ ਦੀ, ਉਹ ਸ਼ਪਸ਼ਟ ਸ਼ਬਦਾਂ ਵਿੱਚ ਇਹਨਾਂ ਫਿਕਰਾਂ ਨੂੰ ਆਪਣੀ ਕਵਿਤਾ ‘ਚ ਢਾਲਦਾ ਹੈ। ਉਹ ਮਾਨਵੀ ਸਰੋਕਾਰਾਂ ਦਾ ਸ਼ਾਇਰ ਹੈ। ਆਪਣੇ ਨਿੱਜ ਨਾਲ਼ ਜੁੜੀ ਦਾਰਸ਼ਨਿਕ ਕਿਸਮ ਦੀ ਜਟਿਲ ਕਵਿਤਾ, ਜਿਸ ਨੂੰ ਅਸੀਂ ਥਾਟ ਦੀ ਕਵਿਤਾ ਕਹਿਕੇ ਵੱਡਿਆਉਂਦੇ ਹਾਂ, ਤੋਂ ਆਪਣੀ ਦੂਰੀ ਬਣਾ ਕੇ ਰੱਖਦਾ ਹੈ। ਉਹ ਤਾਂ ਉਸ ਸਿਸਟਮ ਦੀ ਗੱਲ ਕਰਦਾ ਹੈ ਜਿਸ ਨੇ :
ਗੰਗਾ ਜ਼ਮਨਾ ਤਹਿਜ਼ੀਬ ਦੇ ਰਿਸ਼ਤੇ, ਸਿਆਸੀ ਲੋਭ ਨੇ ਕਰ ਦਿੱਤੇ ਨੇ ਪਾਣੀਓ ਪਾਣੀ
ਇਤਿਹਾਸਕ ਮਿੱਥ ਦਾ ਸਹਾਰਾ ਲੈ ਕੇ ਉਹ ਔਰਤ ਦੀ ਤ੍ਰਾਸ਼ਦੀ ਦੀ ਗੱਲ ਵੀ ਕਰਦਾ ਹੈ:
ਪਰ ਨਹੀਂ ਆ ਮੈਂ ਦਰਿਆ ਕੰਢੇ ਲਚਕਦਾਰ
ਕਾਨੇ ਦੇ ਦੁੰਭੇ ‘ਚੋਂ ਦਾਣਾ ਚੁਗਦੀ ਚਿੜੀ
ਮੈਂ ਹਾਂ ਤਰਕ ਖੋਜਦੀ ਸਵਾਲਾਂ ‘ਚੋਂ
ਉੱਤਰ ਢੂੰਡਣ ਵਾਲ਼ੀ ਤੇਰੀ ਲਾੜੀ
ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵਿਚਲੀਆਂ ਕਥਾਵਾਂ ਇਤਿਹਾਸਕ, ਮਿਥਿਹਾਸਕ ਤੇ ਅੱਧੀ, ਪੌਣੀ ਸਦੀ ਪਹਿਲਾਂ ਦੀ ਜੀਵਨ-ਜਾਚ ਦੀਆਂ ਸੂਖਮ ਤੇ ਵਚਿੱਤਰ ਕਥਾਵਾਂ ਦੀ ਅਲਖ਼ ਜਗਾਉਂਦੀਆਂ ਹਨ। ਸਾਡੇ ਸਭ ਦੇ ਅੰਦਰ ਇੱਕ ਹੌਕਾ ਬੈਠਾ ਹੈ ਕਿ ਯਾਰ, ਇਹ ਦੇਸ਼ ਹੁਣ ਸਾਡੇ ਰਹਿਣਯੋਗ ਨਹੀਂ ਰਿਹਾ। ਇਹ ਸਿਸਟਮ ਦੇ ਨਿਘਾਰ ਦੀ ਸਿਖਰ ਕਹੀ ਜਾ ਸਕਦੀ ਹੈ। ਇਸ ਤ੍ਰਾਸਦੀ ਦੇ ਵਿਰੁੱਧ ਲਾਮਬੰਦ ਹੋਣਾ ਪੀੜਤ ਧਿਰ ਕੋਲ਼ ਬਚਿਆ ਇੱਕੋ-ਇੱਕ ਰਾਹ ਹੁੰਦਾ ਹੈ। ਐੱਸ,ਪਰਸ਼ੋਤਮ ਇਹਨਾਂ ਵਿਚਾਰਾਂ ਦੀ ਗੱਠੜੀ ਬੰਨ੍ਹ ਮੋਢੇ ‘ਤੇ ਹਰਫ਼ਾਂ ਦੀ ਲੋਈ ਰੱਖ ਇੱਕਲਾ ਹੀ ਤੁਰ ਪਿਆ ਹੈ । ਉਸਨੂੰ ਆਸ ਹੈ ਕਿ ਹਮ-ਖ਼ਿਆਲੀ ਸੋਚਾਂ ਦਾ ਇੱਕ ਕਾਫ਼ਲਾ ਉਸਦੇ ਨਾਲ਼ ਤੁਰੇਗਾ। ਇਹ ਆਸ ਜਗਾਉਂਦੀ ਕਵਿਤਾ ਹੈ। ਇਹ ਸੁੱਤੀਆਂ ਦੇਹਾਂ ਨੂੰ ਜਗਾਉਂਦੀ ਕਵਿਤਾ ਹੈ। ਜਦ ਉਹ ਕਹਿੰਦਾ ਹੈ ਕਿ ਮੇਰੀ ਮੁਹੱਬਤ ਦਾ ਪ੍ਰਕ੍ਰਿਤੀ ਹੈ ਸਿਰਨਾਵਾਂ , ਤਾਂ ਉਹ ਬਹੁਤ ਭਾਵਪੂਰਤ ਤੇ ਵੱਡੀ ਗੱਲ ਕਰ ਰਿਹਾ ਹੈ। ਇਸ ਪੂੰਜੀਵਾਦੀ ਸਿਸਟਮ ਦੇ ਕੇਂਦਰ ਵਿੱਚ ਮੁਨਾਫਾ ਹੈ। ਇਸ ਲਈ ਕੁਦਰਤ ਦਾ ਉਜਾੜਾ ਹੁਣ ਵਿਕਾਸ ਦੇ ਪਰਦੇ ਹੇਠ ਹੋ ਰਿਹਾ ਹੈ। ਅਜਿਹੇ ਸਮਿਆਂ ‘ਚ ਪ੍ਰਕ੍ਰਿਤੀ ਨੂੰ ਪਿਆਰ ਕਰਨ ਦਾ ਅਰਥ ਹੈ ਕਿ ਇਸ ਸਮੁੱਚੇ ਸਿਸਟਮ ਦੇ ਖ਼ਿਲਾਫ਼ ਖੜੇ ਹੋਣਾ। ਚਿਪਕੂ ਅੰਦੋਲਨ ਦਾ ਜ਼ਿਕਰ ਇਸੇ ਕੁਦਰਤ ਪ੍ਰੇਮ ਨਿਕਲਿਆ ਵਿਚਾਰ ਹੈ। ਇਹ ਕਵਿਤਾਵਾਂ ਕੋਈ ਵੱਖਰਾ ਮੁਹਾਂਦਰਾ ਭਾਵੇਂ ਨਹੀਂ ਸਿਰਜਦੀਆਂ, ਪਰ ਬੇਉਮੀਦੇ ਹੋ ਚੁੱਕੇ ਪੰਜਾਬ ਅਤੇ ਦੇਸ਼ ਲਈ ਇੱਕ ਆਸ ਜਰੂਰ ਜਗਾਉਂਦੀਆਂ ਹਨ।
ਇਹਨਾਂ ਕਵਿਤਾਵਾਂ ਦਾ ਕਲਾਵਾ ਵੱਡਾ ਹੈ। ਕਹਿਣ ਤੋਂ ਭਾਵ ਵਿਸ਼ਿਆਂ ਦੀ ਬਹੁਤਾਤ ਹੈ। ਕਾਰਣ ਇਹ ਹੈ ਕਿ ਸਾਡੇ ‘ਫਿਕਰ ਵੱਡੇ ਹਨ। ਵੱਡੇ ਫਿਕਰਾਂ ਨੂੰ ਮੁਖ਼ਾਤਬ ਹੈ ਸ਼ਾਇਰ। ਅੰਤਰਰਾਸ਼ਟਰੀ ਘਟਨਾਵਾਂ ਨੂੰ ਵੀ ਉਹ ਆਪਣੀ ਸਿਰਜਣਾ ਦੇ ਸੇਕ ਨਾਲ਼ ਕਾਵਿਕ ਆਕਾਰ ਦਿੰਦਾ ਹੈ। ਅਮਰੀਕਾ, ਇਰਾਨ, ਇਜ਼ਰਾਈਲ ਸਮੇਤ ਅਮਾਨਵੀ ਯੁੱਧਾਂ ‘ਚ ਉਲਝੇ ਦੇਸ਼ਾਂ ਦੀ ਗੱਲ ਵੀ ਕਰਦਾ ਹੈ। ਗਾਜ਼ਾ ਪੱਟੀ, ਫ਼ਲਸਤੀਨ ਦਾ ਇਜ਼ਰਾਈਲ ਵੱਲੋਂ ਕੀਤਾ ਜਾ ਰਿਹਾ ਘਾਣ , ਲਾਸ਼ਾਂ ਦੇ ਢੇਰ, ਲਹੂ ਦਾ ਵਹਿਣ ਪ੍ਰਸ਼ੋਤਮ ਸ਼ਾਇਰ ਨੂੰ ਤੰਗ ਤੇ ਪ੍ਰੇਸ਼ਾਨ ਕਰਦੇ ਵਰਤਾਰੇ ਹਨ ਜਿੰਨ੍ਹਾਂ ਦਾ ਜ਼ਿਕਰ ਕਵਿਤਾਵਾਂ ਵਿੱਚ ਪੜ੍ਹਨ ਨੂੰ ਮਿਲਦਾ ਹੈ:
ਇਰਾਕ ਪਿੱਛੋਂ ਇਰਾਨ, ਮੱਧ-ਪੂਰਬ ਤੇ ਗਾਜ਼ਾ ‘ਚ
ਸੱਥਰ ਮੰਜ਼ਰ ਵਿਛ ਜਾਣ ‘ਤੇ
ਖ਼ਲਕਤ ਨੂੰ ਫ਼ਨਾਹੀ ਲਈ ਪ੍ਰਮਾਣੂ ਬੇਹਯਾ ਧਮਕੀ
ਮਿਲਣ ਤੋਂ ਤੰਗ ਆ ਗਿਆ ਹਾਂ ਮੈਂ
ਵਰ੍ਹਿਆਂ ਤੋਂ ਵੇਖਦੇ ਆ ਰਹੇ ਹਾਂ ਸੰਕਟ ਨਾਲ਼ ਜੂਝਦੀ ਕਿਰਸਾਨੀ। ਵਕਤ ਨਾਲ਼ ਇਹ ਸੰਕਟ ਹੋਰ ਗਹਿਰਾ ਹੋ ਰਿਹਾ ਹੈ। ਜ਼ਮੀਰ ਕਵਿਤਾ ਵਿੱਚ ਇਸ ਸੰਕਟ ਦੀ ਤਹਿ ‘ਚ ਜਾਣ ਦਾ ਉਪਰਾਲਾ ਹੋਇਆ ਹੈ। ਨਵਾਂ-ਭਾਣਾ ਪਰਵਾਸ ਨਾਲ਼ ਸਬੰਧਤ ਕਵਿਤਾ ਹੈ। ਭਾਣਾ ਕਿਸੇ ਮਾੜੀ ਘਟਨਾ ਦੇ ਵਾਪਰ ਜਾਣ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਹੈ। ਪਰਵਾਸ ਵੀ ਹੁਣ ਭਾਣਾ ਹੋ ਗਿਆ ਹੈ। ਇਸ ਪੁਸਤਕ ਵਿੱਚ ਕਵੀ ਸ਼ਹੀਦ ਭਗਤ ਸਿੰਘ ਨੂੰ ਇੱਕ ਤੋਂ ਵੱਧ ਵਾਰ ਮੁਖ਼ਾਤਬ ਹੋਇਆ ਹੈ। ਫ਼ਰਕ ਇਨਾ ਕੁ ਵੀ ਅਜਿਹੀ ਕਵਿਤਾ ਹੈ। ਔਰਤ ਕਵਿਤਾ ਵਿੱਚ ਭਰੂਣ ਹੱਤਿਆ ਦੀ ਤ੍ਰਾਸਦੀ ਹੈ। ਵਿਸ਼ਵ ਵਿਆਪੀ ਹੋ ਰਹੀ ਖਣਿਜਾਂ ਦੀ ਲੁੱਟ ਨੂੰ ਦਰਸਾਉਂਦੀ ਕਵਿਤਾ ਵੀ ਹੈ।ਉਹ ਬੜੇ ਸ਼ਪਸ਼ਟ ਸ਼ਬਦਾਂ ਵਿੱਚ ਕਹਿੰਦਾ ਹੈ ਕਿ ਉਚੇਰੇ ਜੀਵਨ ਖਾਤਰ ਨਰਕ ਭਰੀ ਗ੍ਰਹਿਸਤੀ ਦੁਨੀਆਂ ਨਾਲ਼ੋਂ , ਪਾਪਾਂ ਦੇ ਭਰੇ ਗੈਸ ਚੈਂਬਰ ‘ਚ ਦਮ ਘੁਟਦੀ ਦੁਨੀਆਂ ਨਾਲ਼ੋਂ ਤੇ ਪੁਨਰ ਜਨਮ ‘ਚ ਰਾਜਾ ਸ਼ਾਹੀ ਹੰਢਾਉਣ ਲਈ ਨਾਸ਼ਵਾਨ ਦੁਨੀਆਂ ਨਾਲ਼ੋਂ ਸਬੰਧ ਤੋੜਨੇ ਪੈਣੇ ਹਨ। ਸ਼ਾਇਰ ਦੀ ਪ੍ਰਤੀਬੱਧਤਾ ਹੈ ਕਿ ਮੁਹੱਬਤ! ਤੂੰ ਮੇਰੇ ਵਿਚਾਰਾਂ ਦਾ ਰਮਣੀਕ ਸਾਗਰ, ਨਹੀਂ ਏਂ ਮੇਰੇ ਦਿਲ ਦੀ ਕਿਸੇ ਨੁੱਕਰੇ ਜ਼ੰਜ਼ੀਰਬੱਧ।
ਐੱਸ, ਪ੍ਰਸ਼ੋਤਮ ਆਪਣੇ ਸਮਾਜਿਕ ਦਾਇਰੇ ਅੰਦਰ ਸਰਗਰਮ ਰਹਿਣ ਵਾਲਾ ਇਨਸਾਨ ਹੈ। ਇਸੇ ਲਈ ਹੋ-ਵਾਪਰ ਰਹੇ ਉਪਰ ਉਸਦੀ ਘੋਖਵੀਂ ਨਜ਼ਰ ਰਹਿੰਦੀ ਹੈ। ਉਹ ਰਾਜਨੀਤਕ ਤੇ ਸਮਾਜਿਕ ਸਿਸਟਮ ਵਿੱਚ ਵਿਚਰਦੇ ਦਲਾਲਾਂ ਦਾ ਸ਼ਬਦ-ਚਿੱਤਰ ‘ ਦਲਾਲ ਤਾਂ ਦਲਾਲ ਨੇ’ ਵੀ ਉਲੀਕਦਾ ਹੈ। ਬਿਰਧਾਂ ਦਾ ਸਮਤਲ ਹਿਸਾਬ ਕਿਤਾਬ ਵੀ ਰੱਖਦਾ ਹੈ। ਭਵਸਾਗਰ ਵਿੱਚ ਫਸੇ ਵੋਟਰ ਦੀ ਮਾਨਸਿਕਤਾ ਨੂੰ ਵੀ ਫੜਦਾ ਹੈ। ਮਨਫ਼ੀ ਹੋਏ ਮਨੁੱਖ ਦੀ ਗੱਲ ਵੀ ਕਰਦਾ ਹੈ ਤੇ ਰੈਲੀ ਦੇ ਅਸਲੀ ਨਕਸ਼ਾਂ ਦਾ ਪਰਦਾ ਫ਼ਾਸ਼ ਵੀ ਕਰਦਾ ਹੈ। ਉਸ ਦੀ ਕਵਿਤਾ ਦੀਆਂ ਦੋ ਸਤਰਾਂ ਸਾਂਝੀਆਂ ਕਰਕੇ ਅਲਵਿਦਾ ਲੈਂਦੇ ਹਾਂ:
ਬਿਰਹੋ ‘ਚ ਚੋਇਆ ਅੱਖ ਦਾ ਇੱਕ ਇੱਕ ਅੱਥਰੂ ਬਣ ਗਿਆ ਹੈ ਅੱਖਰ
ਲੋਚਦਾ ਏ ਲਿਖਾਂ ਪੋਚੀ ਫੱਟੀ ‘ਤੇ ਫੇਰ ਮੁਹੱਬਤ
