Oct 9, 2026

11 ਅਕਤੂਬਰ ਨੂੰ ਪੰਜਾਬ ਕਾਂਗਰਸ ਭਵਨ ਚੰਡੀਗੜ ਵਿਖੇ ਸੰਭਾਲਣਗੇ ਅਹੁਦਾ-

ਅੰਮ੍ਰਿਤਸਰ ( ਭੰਗੂ) -ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨਾਲ ਇਥੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ਼ੁਕਰਾਨਾ ਕਰਦਿਆਂ ਨਵੀਂ ਜ਼ਿੰਮੇਵਾਰੀ ਲਈ ਅਸ਼ੀਰਵਾਦ ਲਿਆ। ਉਹ ਇਸ ਤੋਂ ਇਲਾਵਾ ਹੋਰ ਧਰਮ ਅਸਥਾਨਾਂ ਤੇ ਵੀ ਨਤਮਸਤਕ ਹੋਣ ਵਾਸਤੇ ਗਏ। ਇਸ ਦੌਰਾਨ ਕਾਂਗਰਸ ਦੀ ਵਧੇਰੇ ਲੀਡਰਸ਼ਿਪ ਉਨ੍ਹਾਂ ਦੇ ਨਾਲ ਦਿਖਾਈ ਦਿੱਤੀ ਜਿਨ੍ਹਾਂ ਨੇ ਨਵੀਂ ਲੀਡਰਸ਼ਿਪ ਨਾਲ ਇੱਕਜੁੱਟਤਾ ਦਾ ਸੰਕੇਤ ਦਿੱਤਾ।

ਇਸ ਮੌਕੇ ਖਾਸ ਗੱਲ ਇਹ ਰਹੀ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਏਅਰਪੋਰਟ ਤੋਂ ਖੁਦ ਗੱਡੀ ਚਲਾ ਕੇ ਪੂਰੇ ਦੌਰੇ ਦੌਰਾਨ ਪਰਗਟ ਸਿੰਘ ਦੇ ਨਾਲ ਰਹੇ। ਇਸ ਫੇਰੀ ਦਾ ਮੁੱਖ ਮਕਸਦ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਇੱਕਜੁੱਟਤਾ ਦਾ ਸੁਨੇਹਾ ਦੇਣਾ ਸੀ। ਇਸ ਮੌਕੇ ਵੱਖ-ਵੱਖ ਹਲਕਿਆਂ ਤੋਂ ਕਈ ਸੀਨੀਅਰ ਆਗੂ, ਮੌਜੂਦਾ ਤੇ ਸਾਬਕਾ ਵਿਧਾਇਕ, ਸਾਬਕਾ ਮੰਤਰੀ ਅਤੇ ਪਾਰਟੀ ਵਰਕਰ ਉਨ੍ਹਾਂ ਦੇ ਨਾਲ ਸਨ ਪਰ ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਇਸ ਮੌਕੇ ਗੈਰ-ਹਾਜ਼ਰ ਰਹੇ, ਜਿਨ੍ਹਾਂ ਬਾਰੇ ਪਤਾ ਲੱਗਾ ਕਿ ਉਹ ਉਹ ਦਿੱਲੀ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਲ ਸਨ। ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਪਰਗਟ ਸਿੰਘ ਦਿੱਲੀ ਤੋਂ ਸਿੱਧੇ ਅੰਮ੍ਰਿਤਸਰ ਪਹੁੰਚੇ ਸਨ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ। ਹਵਾਈ ਅੱਡੇ ’ਤੇ ਉਨ੍ਹਾਂ ਦਾ ਢੋਲ ਢਮੱਕੇ ਨਾਲ ਸਵਾਗਤ ਕੀਤਾ ਗਿਆ। ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਪਰਗਟ ਸਿੰਘ ਨੇ ਹਰਿਮੰਦਰ ਸਾਹਿਬ ਵਿਖੇ ਕੋਈ ਵੀ ਸਿਆਸੀ ਗੱਲ ਕਰਨ ਤੋਂ ਗੁਰੇਜ਼ ਕੀਤਾ ਅਤੇ ਆਖਿਆ ਕਿ ਉਹ ਇੱਕ ਦੋ ਦਿਨਾਂ ਬਾਅਦ ਖੁੱਲ੍ਹ ਕੇ ਸਿਆਸੀ ਗੱਲਾਂ ਕਰਨਗੇ। ਉਨ੍ਹਾਂ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਤੇ ਸੇਂਟ ਪਾਲ ਚਰਚ ਅਤੇ ਇਤਿਹਾਸਿਕ ਰਾਮ ਤੀਰਥ ਮੰਦਰ ਵਿਖੇ ਵੀ ਗਏ।ਇਸੇ ਦੌਰਾਨ ਉਨ੍ਹਾਂ ਅੰਮ੍ਰਿਤਸਰ ਦੀ ਮਸ਼ਹੂਰ ਗਿਆਨੀ ਟੀ ਸਟਾਲ ’ਤੇ ਚਾਹ ਦੀਆਂ ਚੁਸਕੀਆਂ ਵੀ ਲਈਆਂ। ਇਸ ਮੌਕੇ ਸਚਿਨ ਪਾਇਲਟ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਾਲ ਪੰਜਾਬ ਅਤੇ ਨੌਜਵਾਨ ਪੀੜ੍ਹੀ ਲਈ ਬਿਹਤਰ ਭਵਿੱਖ ਲੈ ਕੇ ਆਉਣਗੇ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਇੱਕਜੁੱਟ ਹੋ ਕੇ ਲੜੇਗੀ ਅਤੇ ਬਹੁਮਤ ਹਾਸਲ ਕਰਕੇ ਪੰਜਾਬ ਵਿੱਚ ਸਰਕਾਰ ਬਣਾਏਗੀ।

ਜੋਸ਼ੀ ਤੇ ਸਾਥੀਆਂ ਵਲੋਂ ਭਰਵਾਂ ਸਵਾਗਤ-

ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਅਨਿਲ ਜੋਸ਼ੀ ਤੇ ਉਹਨਾਂ ਦੇ ਸਾਥੀਆਂ ਨੇ ਸ ਪਰਗਟ ਸਿੰਘ ਦੇ ਸ੍ਰੀ ਅੰਮ੍ਰਿਤਸਰ ਪੁੱਜਣ ਤੇ ਭਾਰੀ ਸਵਾਗਤ ਕੀਤਾ। ਫੁੱਲਾਂ ਦੀ ਵਰਖਾ ਕੀਤੀ ਤੇ ਸਵਾਗਤੀ ਨਾਅਰੇ ਲਗਾਏ। ਇਸ ਦੌਰਾਨ ਸ੍ਰੀ ਜੋਸ਼ੀ ਨੇ ਕਿਹਾ ਕਿ ਸ ਪਰਗਟ ਸਿੰਘ ਵਰਗੀ ਕੌਮਾਂਤਰੀ ਪੱਧਰ ਦੀ ਸ਼ਖਸੀਅਤ ਦੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨਾ ਹਰ ਪੰਜਾਬੀ ਤੇ ਪੰਜਾਬ ਦਾ ਭਲਾ ਚਾਹੁਣ ਵਾਲੇ ਲੋਕਾਂ ਲਈ ਇਕ ਸ਼ੁਭ ਇਤਿਹਾਸਕ ਘਟਨਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਸ ਪਰਗਟ ਸਿੰਘ ਪੰਜਾਬ ਕਾਂਗਰਸ ਦੀ ਸੁਚੱਜੀ ਅਗਵਾਈ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਸੰਕਟ ਵਿਚੋ ਕੱਢਕੇ ਖੁਸ਼ਾਹਾਲੀ ਦਾ ਇਕ ਨਵਾਂ ਰਸਤਾ ਵਿਖਾਉਣਗੇ।

ਅਹੁਦਾ ਸੰਭਾਲ ਸਮਾਰੋਹ 11 ਅਕਤੂਬਰ ਨੂੰ-

ਇਸੇ ਦੌਰਾਨ ਪੰਜਾਬ ਕਾਂਗਰਸ  ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਨਵ ਨਿਯੁਕਤ ਪ੍ਰਧਾਨ ਸ ਪਰਗਟ ਸਿੰਘ ਪੰਜਾਬ ਕਾਂਗਰਸ ਭਵਨ ਚੰਡੀਗੜ ਵਿਖੇ 11 ਅਕਤੂਬਰ ਨੂੰ ਅਹੁਦਾ ਸੰਭਾਲਣਗੇ। ਇਸ ਸਬੰਧੀ 11 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪੰਜਾ੍ਬ ਕਾਂਗਰਸ ਭਵਨ ਚੰਡੀਗੜ ਵਿਖੇ ਵਿਸ਼ੇਸ਼ ਅਹੁਦਾ ਸੰਭਾਲ ਪ੍ਰੋਗਰਾਮ ਉਲੀਕਿਆ ਗਿਆ ਹੈ।

 

Leave a Reply

Your email address will not be published. Required fields are marked *

error: Content is protected !!