Oct 10, 2026

ਸੁਖਵਿੰਦਰ ਸਿੰਘ ਚੋਹਲਾ–

ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦੀ ਪ੍ਰਕਿਰਿਆ ਨੂੰ ਸ਼ੁਰੂ ਕਰਨ ਬਾਰੇ ਰਾਇਸ਼ੁਮਾਰੀ ਲਈ 19 ਅਕਤੂਬਰ ਦੀ ਮਿਤੀ ਤੋਂ ਪਹਿਲਾਂ ਅਲਬਰਟਾ ਵੱਖਵਾਦੀ ਆਗੂਆਂ ਦੀ ਅਸਲੀਅਤ ਬਾਰੇ ਜੋ ਖੁਲਾਸਾ ਹੋਇਆ ਹੈ, ਉਸਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਲਬਰਟਾ ਵਿਚ ਵੱਖਵਾਦ ਦੀ ਮੁਹਿੰਮ ਚਲਾਉਣ ਵਾਲੇ ਲੋਕ ਕੌਣ ਹਨ ਤੇ ਉਹਨਾਂ ਦੇ ਮਨਾਂ ਵਿਚ ਕੀ ਹੈ। ਕੈਨੇਡਾ ਤੋਂ ਆਜਾਦੀ ਦੇ ਨਾਮ ਹੇਠ ਅਮਰੀਕਾ ਨੂੰ ਅਲਬਰਟਾ ਦੇ ਕੁਦਰਤੀ ਸਾਧਨ ਵੇਚਣ ਦੀਆਂ ਯੋਜਨਾਵਾਂ ਬਣਾਉਣ ਵਾਲੇ ਅਤੇ ਅਲਬਰਟਾ ਨੂੰ ਅਮਰੀਕਾ ਦੀ 51ਵੀਂ ਸਟੇਟ ਬਣਾਉਣ ਦਾ ਪੱਖ ਪੂਰਨ ਵਾਲੇ ਇਹ ਲੋਕ ਜੇ ਕੈਨੇਡਾ ਪ੍ਰਤੀ ਵਫਾਦਾਰ ਨਹੀ ਤਾਂ ਇਹ ਅਲਬਰਟਾ ਪ੍ਰਤੀ ਵੀ ਸੁਹਿਰਦ ਨਹੀਂ। ਅਲਬਰਟਾ ਵੱਖਵਾਦੀ ਮੁਹਿੰਮ ਦਾ ਸਭ ਤੋਂ ਦੁਖਦਾਈ ਪਹਿਲੂ ਇਹ ਹੈ ਕਿ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਇਹਨਾਂ ਨਾਲ ਘਿਊ ਖਿਚੜੀ ਦਿਖਾਈ ਦੇ ਰਹੀ ਹੈ। ਰਿਪੋਰਟਾਂ ਜਾਹਰ ਕਰਦੀਆਂ ਹਨ ਕਿ ਕਿਵੇ ਤਤਕਾਲੀ ਵਾਈਲਡ ਰੋਜ਼ ਪਾਰਟੀ ਅਤੇ ਯੂ ਸੀ ਪੀ ਦੀਆਂ ਮੀਟਿੰਗਾਂ ਵਿਚ ਵੱਖਵਾਦੀ ਆਗੂ, ਉਹਨਾਂ ਦੀ ਬਗਲ ਵਿਚ ਬੈਠ ਕੇ ਅਲਬਰਟਾ ਦੀ ਆਜਾਦੀ ਦੀ ਨਾਅਰੇ ਲਗਾਉਂਦੇ ਰਹੇ ਹਨ। ਇਹ ਡੈਨੀਅਲ ਸਮਿਥ ਦਾ ਅਜਿਹੇ ਲੋਕਾਂ ਨਾਲ ਅੰਦਰਖਾਤੇ ਕੀਤਾ ਗਿਆ ਸਮਝੌਤਾ ਹੀ ਹੈ ਕਿ ਅੱਜ ਅਲਬਰਟਾ ਨੂੰ 130 ਮਿਲੀਅਨ ਦੀ ਲਾਗਤ ਵਾਲੀ ਮਹਿੰਗੀ ਰਾਇਸ਼ੁਮਾਰੀ ਵੋਟਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਲਬਰਟਾ ਦੇ ਬਹੁਗਿਣਤੀ ਲੋਕਾਂ ਦੀ ਵਿਰੋਧਤਾ ਦਾ ਸਾਹਮਣਾ ਹੋਣ ਦੀ ਸੂਰਤ ਵਿਚ ਸਟੇਜ ਤੇ ਮੱਗਰਮੱਛ ਵਾਲੇ ਅਥਰੂ ਸੁਟਣ ਵਾਲੀ ਪ੍ਰੀਮੀਅਰ ਕੋਲ ਇਸ ਗੱਲ ਦਾ ਕੋਈ ਜਵਾਬ ਨਹੀ ਕਿ ਉਹ ਕੈਨੇਡਾ ਨੁੰ ਤੋੜਨ ਦੀਆਂ ਸਾਜਿਸ਼ਾਂ ਵਿਚ ਸ਼ਾਮਿਲ ਹੋਣ ਦੇ ਬਾਵਜੂਦ ਅਲਬਰਟਾ ਤੇ ਅਲਬਰਟਾ ਦੇ ਲੋਕਾਂ ਦੀ ਭਲਾਈ ਦੇ ਦਾਅਵੇ ਕਿਵੇਂ ਕਰ ਰਹੀ ਹੈ। ਵਿਰੋਧੀ ਪਾਰਟੀ ਐਨ ਡੀ ਪੀ ਦੇ ਆਗੂ ਨੇ ਪ੍ਰੀਮੀਅਰ ਡੈਨੀਅਲ ਸਮਿਥ ਦੀ ਵੱਖਵਾਦੀ ਮੁਹਿੰਮ ਦਾ ਤਿੱਖਾ ਵਿਰੋਧ ਕਰਦਿਆਂ ਜਿਥੇ ਸੂਬੇ ਦਾ ਭਾਰੀ ਨੁਕਸਾਨ ਕਰਨ ਲਈ ਘੇਰਿਆ ਹੈ ਉਥੇ ਕਿਹਾ ਹੈ ਕਿ ਰਾਇਸ਼ੁਮਾਰੀ ਤੇ ਪੈਸਾ ਅਜਾਈਂ ਜਾਣ ਦੀ ਥਾਂ ਇਸ ਪੈਸੇ ਨਾਲ ਅਲਬਰਟਾ ਦੇ ਲੋਕਾਂ ਲਈ 150 ਫੈਮਲੀ ਡਾਕਟਰ,188 ਸਕੂਲ ਅਧਿਆਪਕ ਅਤੇ ਦੋ ਨਵੇਂ ਸਕੂਲ ਉਸਾਰੇ ਜਾ ਸਕਦੇ ਸਨ। ਰਾਇਸ਼ੁਮਾਰੀ ਲਈ 60,000 ਵਰਕਰ ਭਰਤੀ ਕਰਕੇ, ਇਸ਼ਤਿਹਾਰੀਬਾਜੀ ਲਈ 3.5 ਲੱਖ ਡਾਲਰ ਅਤੇ ਵੱਖਵਾਦ ਦੇ ਪ੍ਰਭਾਵ  ਬਾਰੇ ਕੈਲਗਰੀ ਯੂਨੀਵਰਸਿਟੀ ਤੋਂ ਸਰਵੇਖਣ ਲਈ 1.5 ਮਿਲੀਅਨ ਦਾ ਖਰਚਾ ਕਰਕੇ ਪ੍ਰੀਮੀਅਰ ਕਿਸ ਸੂਬੇ ਅਤੇ ਕਿਹੜੇ ਲੋਕਾਂ ਦੀ ਸੇਵਾ ਕਰ ਰਹੀ ਹੈ। ਪਰ ਹੁਣ ਦਾ ਗਲੋਬ ਐਂਡ ਮੇਲ ਦੀ ਇਕ ਰਿਪੋਰਟ ਵਿਚ ਇਹ ਖੁਲਾਸਾ ਕਿ ਅਲਬਰਟਾ ਵੱਖਵਾਦੀ ਮੁਹਿੰਮ ਦੇ ਆਗੂ ਅਮਰੀਕਾ ਨਾਲ ਮਿਲੇ ਹੋਏ ਹਨ ਤੇ ਅਮਰੀਕਾ ਨੂੰ ਅਲਬਰਟਾ ਦੀ ਮੁਹਿੰਮ ਵਿਚ ਸਹਾਇਤਾ ਬਦਲੇ ਸੂਬੇ ਦੇ ਕੁਦਰਤੀ ਸਾਧਨਾਂ ਉਪਰ ਕਬਜਾ ਕਰਵਾਉਣ ਦੀਆਂ ਗੋਂਦਾ ਗੁੰਦ ਰਹੇ ਹਨ, ਨੇ ਵੱਖਵਾਦੀ ਮੁਹਿੰਮ ਪਿੱਛੇ ਅਮਰੀਕਾ ਤੇ ਵੱਖਵਾਦੀਆਂ ਦੀ ਵੱਡੀ ਸਾਜਿਸ਼ ਨੂੰ ਬੇਨਕਾਬ ਕਰ ਦਿੱਤਾ ਹੈ। ਅਲਬਰਟਾ ਵੱਖਵਾਦੀਆਂ ਦੇ ਇਸ ਲੁਕਵੇਂ ਤੇ ਦੇਸ਼ ਵਿਰੋਧੀ ਏਜੰਡੇ ਬਾਰੇ ਦਾ ਗਲੋਬ ਐਂਡ ਮੇਲ ਦੇ ਕਾਲਮ ਨਵੀਸ ਟਾਇਲਰ ਡਾਸਨ ਦੇ ਵਿਚਾਰ ਪੜਨਯੋਗ ਹਨ-

ਇਹ ਸ਼ਾਇਦ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਕਿ ਅਲਬਰਟਾ ਦੀ ਵੱਖਵਾਦੀ ਲਹਿਰ ਦੇ ਕੁਝ ਲੋਕ ਸੂਬੇ ਨੂੰ ਵੇਚਣ ਲਈ ਤਿਆਰ ਹਨ। ਉਹ ਕੈਨੇਡੀਅਨ ਸਰਕਾਰ ਦੇ ਅਧਿਕਾਰ ਨੂੰ ਛੱਡ ਕੇ ਅਮਰੀਕਾ ਵਿੱਚ ਮੈਗਾ (ਮੇਕ ਅਮੈਰੀਕਾ ਗਰੇਟ ਅਗੇਨ) ਵਿਚਾਰਧਾਰਾ ਵਾਲੇ ਆਕਾਵਾਂ ਦੀ ਅਧੀਨਗੀ ਕਬੂਲਣ ਲਈ ਤਿਆਰ ਹਨ। ਆਖਰਕਾਰ, ਕੈਨੇਡਾ ਪ੍ਰਤੀ ਉਨ੍ਹਾਂ ਦੀ ਕੋਈ ਵਫ਼ਾਦਾਰੀ ਨਹੀਂ ਹੈ। ਪਰ ਕੋਈ ਵੀ ਸੋਚੇਗਾ ਕਿ ਇੱਕ ਆਦਰਸ਼ ਸੰਸਾਰ ਵਿੱਚ, ਉਨ੍ਹਾਂ ਦੀ ਅਲਬਰਟਾ  ਅਤੇ ਅਲਬਰਟਾ ਦੇ ਲੋਕਾਂ  ਪ੍ਰਤੀ ਕੁਝ ਵਫ਼ਾਦਾਰੀ ਤਾਂ ਹੋਵੇਗੀ ਹੀ। ਜੇਕਰ ਤੁਸੀਂ ਇੱਕ ਸੁਤੰਤਰ ਅਲਬਰਟਾ ਲਈ ਲੜਨ ਜਾ ਰਹੇ ਹੋ, ਤਾਂ ਤੁਹਾਨੂੰ ਘੱਟੋ-ਘੱਟ ਸੁਤੰਤਰਤਾ ਲਈ ਲੜਨਾ ਚਾਹੀਦਾ ਹੈ, ਨਾ ਕਿ ਆਪਣੇ ਗੁਆਂਢੀ ਦੇ ਗੁਲਾਮ ਬਣਨ ਲਈ।

ਪਰ ਮੀਡੀਆ ਰਿਪੋਰਟ ਦਰਸਾਉਂਦੀ ਹੈ ਕਿ ਕੁਝ ਵੱਖਵਾਦੀਆਂ ਨੇ ਬਿਲਕੁਲ ਅਜਿਹਾ ਹੀ ਕਰਨ ਦਾ ਵਾਅਦਾ ਕੀਤਾ ਹੈ। ਪਿਛਲੇ ਸਾਲ ਅਮਰੀਕੀ ਵਿਦੇਸ਼ ਵਿਭਾਗ ਦੇ ਮੁੱਖ ਦਫ਼ਤਰ ਵਾਲੀ ਇਮਾਰਤ ਵਿੱਚ ਹੋਈਆਂ ਮੀਟਿੰਗਾਂ ਦੌਰਾਨ, ਵੱਖਵਾਦੀਆਂ ਨੇ ਜਾਪਦਾ ਹੈ ਕਿ ਅਮਰੀਕਾ ਨੂੰ ਇੱਕ ਸੁਤੰਤਰ ਅਲਬਰਟਾ ਤੋਂ ਮਿਲਣ ਵਾਲੇ ਲਾਭਾਂ ਬਾਰੇ ਜਾਣੂ ਕਰਵਾਇਆ ਹੈ। ਉਨ੍ਹਾਂ ਸੁਝਾਅ ਦਿੱਤਾ ਹੈ ਕਿ ਅਲਬਰਟਾ ਆਪਣੇ ਕੈਨੇਡੀਅਨ ਡਾਲਰਾਂ ਨੂੰ ਅਮਰੀਕੀ ਡਾਲਰ ਵਿੱਚ ਬਦਲ ਸਕਦਾ ਹੈ, ਜਿਸ ਦੀ ਅਦਾਇਗੀ ਸੰਭਾਵਤ ਤੌਰ ‘ਤੇ ਅਲਬਰਟਾ ਦੇ ਕੱਚੇ ਤੇਲ ‘ਤੇ ਰਾਇਲਟੀ ਰਾਹੀਂ ਜਾਂ ਅਲਾਸਕਾ ਤੱਕ ਰੇਲਵੇ ਲਾਈਨ ਲਈ ਅਮਰੀਕੀਆਂ ਨੂੰ ਜ਼ਮੀਨ ਦਾ ਇੱਕ ਹਿੱਸਾ ਦੇ ਕੇ ਕੀਤੀ ਜਾ ਸਕਦੀ ਹੈ। ਵੱਖਵਾਦੀ ਸਮੂਹ ‘ਅਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ‘ ਦੇ ਸੰਸਥਾਪਕਾਂ ਵਿੱਚੋਂ ਇੱਕ ਡੈਨਿਸ ਮੋਡਰੀ ਨੇ ਪ੍ਰਗਟਾਵਾ ਕੀਤਾ ਹੈ  ਕਿ ਉਨ੍ਹਾਂ ਨੇ ਅਲਬਰਟਾ ਦੇ ਸਾਫ ਪਾਣੀ ਤੱਕ ਪਹੁੰਚ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ।

ਭਾਵੇਂ ਵੱਖਵਾਦੀਆਂ ਦਾ ਅਮਰੀਕਾ ਨਾਲ ਕੋਈ ਸਮਝੌਤਾ ਨਹੀਂ ਹੋਇਆ, ਪਰ ਇਹ ਤੱਥ ਕਿ ਅਜਿਹੀ ਪੇਸ਼ਕਸ਼ ਕੀਤੀ ਗਈ ਸੀ ਜੋ ਅਲਬਰਟਾ ਨੂੰ ਪੂਰੀ ਤਰ੍ਹਾਂ ਵੇਚਣ ਦੀ ਸਾਜ਼ਿਸ਼ ਵਿੱਚ ਸ਼ਮੂਲੀਅਤ ਵੱਲ ਇਸ਼ਾਰਾ ਕਰਦੇ ਹਨ। ਇਸਦਾ ਮਤਲਬ ਹੈ ਕਿ ਜਿਵੇਂ-ਜਿਵੇਂ 19 ਅਕਤੂਬਰ ਨੂੰ ਅਲਬਰਟਾ ਦੇ ਵੱਖ ਹੋਣ ਦੀ ਪ੍ਰਕਿਰਿਆ ਸ਼ੁਰੂ ਕਰਨ ਬਾਰੇ ਵੋਟਿੰਗ ਨੇੜੇ ਆ ਰਹੀ ਹੈ, ਅਲਬਰਟਾ ਦੇ ਲੋਕਾਂ ਨੂੰ ਇਸ ਗੱਲ ‘ਤੇ ਬਹੁਤ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਇੱਕ ਸੁਤੰਤਰ ਰਾਜ ਵਜੋਂ ਉਨ੍ਹਾਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਖਾਸ ਕਰਕੇ ਜਦੋਂ ਅਜਿਹੇ ਲੋਕ ਨਵੇਂ ਸੁਤੰਤਰ ਅਲਬਰਟਾ ਵਿੱਚ ਪ੍ਰਭਾਵਸ਼ਾਲੀ ਅਹੁਦਿਆਂ ‘ਤੇ ਹੋਣਗੇ। ਅਲਬਰਟਾ ਦੇ ਉਹ ਲੋਕ ਜੋ ਸ਼ਾਇਦ ਝਿਜਕਦੇ ਹੋਏ ਵੱਖਵਾਦ ਦੇ ਸਮਰਥਕ ਹਨ, ਜਾਂ ‘ਵਿਕਲਪ ਦੋ‘ ( ਵੱਖਰੇ ਹੋਣ ਲਈ ਪ੍ਰਕ੍ਰਿਆ ਬਾਰੇ ਸਹਿਮਤੀ) ਲਈ ਵੋਟ ਪਾਉਣ ਬਾਰੇ ਵਿਚਾਰ ਕਰ ਰਹੇ ਹਨ, ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕੀ ਵੱਖਵਾਦੀ ਮੁਹਿੰਮ ਦੀ ਕੁਝ ਲੀਡਰਸ਼ਿਪ ਅਸਲ ਵਿੱਚ ਉਨ੍ਹਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਰਹੀ ਹੈ ਜਾਂ ਨਹੀਂ।

ਬੇਸ਼ੱਕ, ਅਲਬਰਟਾ ਨੂੰ ਟੁਕੜਿਆਂ ਵਿੱਚ ਅਮਰੀਕਾ ਨੂੰ ਵੇਚਣ ਦਾ ਵਿਚਾਰ ਸਾਰੇ ਅਲਬਰਟਾ ਵੱਖਵਾਦੀਆਂ ਦਾ ਨਹੀਂ ਹੈ। ਪਰ ਜੈਫਰੀ ਰਾਥ, ਜੋ ਵੱਖਵਾਦੀ ਲਹਿਰ ਦੇ ਮੁੱਖ ਬੁਲਾਰਿਆਂ ਵਿੱਚੋਂ ਇੱਕ ਹੈ. ਜਿਸਨੇ ਅਮਰੀਕੀ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਪ੍ਰਬੰਧ ਕੀਤਾ ਸੀ, ਨੇ ਘਟਨਾਵਾਂ ਬਾਰੇ  ਮੋਡਰੀ ਦੇ ਬਿਆਨ ਨੂੰ ਰੱਦ ਕੀਤਾ ਹੈ। ਅਮਰੀਕਾ ਵਿੱਚ ਰਲੇਵੇਂ ਦੇ ਪੂਰੀ ਤਰ੍ਹਾਂ ਹਮਾਇਤੀ ਲੋਕ, ਸੂਬੇ ਦੇ ਕੁੱਲ ਵੱਖਵਾਦੀਆਂ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਹਨ। ਪਰ ਇਹ ਖਬਰ ਇਸ ਗੱਲ ਵਿੱਚ ਬਹੁਤ ਘੱਟ ਸ਼ੱਕ ਛੱਡਦੀ ਹੈ ਕਿ ਅਲਬਰਟਾ ਅਤੇ ਇਸਦਾ ਜਨਮਤ ਸੰਗ੍ਰਹਿ ਅਮਰੀਕਾ ਦੀ ਨਜ਼ਰ ਵਿੱਚ ਹੈ ਅਤੇ ਵੱਖਵਾਦੀ ਲੰਬੇ ਸਮੇਂ ਤੋਂ ਇਸ ਗੱਲ ‘ਤੇ ਜ਼ੋਰ ਦਿੰਦੇ ਆਏ ਹਨ ਕਿ ਇੱਕ ਸੁਤੰਤਰ ਅਲਬਰਟਾ ਨੂੰ ਆਪਣੇ ਭਵਿੱਖ ਦੀ ਗਾਰੰਟੀ ਲਈ ਅਮਰੀਕਾ ਤੋਂ ਇੱਕ ਪ੍ਰਭੂਸੱਤਾ ਸੰਪੰਨ ਰਾਜ ਵਜੋਂ ਮਾਨਤਾ ਪ੍ਰਾਪਤ ਕਰਨ ਦੀ ਲੋੜ ਹੈ। ਇੱਕ ਸੁਤੰਤਰ ਅਲਬਰਟਾ ਦੇ ਅਮਰੀਕਾ ਨਾਲ ਬਹੁਤ ਹੀ ਨੇੜਲੇ ਅਤੇ ਸ਼ਾਇਦ ਬੇਚੈਨੀ ਭਰੇ ਸਬੰਧ ਹੋਣੇ ਲਗਭਗ ਲਾਜ਼ਮੀ ਹੋਣਗੇ।

ਹੁਣ ਅਮਰੀਕੀ ਅਤੇ ਕੈਨੇਡੀਅਨ ਸਿਆਸੀ ਕਾਰਕੁਨਾਂ ਅਤੇ ਸਿਆਸੀ ਉਦੇਸ਼ਾਂ ਵਿਚਾਲੇ ਆਪਸੀ ਤਾਲਮੇਲ ਜਾਂ ਪ੍ਰਭਾਵ ਕੋਈ ਬਹੁਤੀ ਅਨੋਖੀ ਗੱਲ ਨਹੀਂ ਹੈ। ਡੈਮੋਕ੍ਰੇਟਿਕ ਪਾਰਟੀ ਦਾ ਇਕ ਕਾਰਕੁੰਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸਲਾਹਕਾਰਾਂ ਵਿਚ ਵੀ ਸ਼ਾਮਲ ਹੈ। 1995 ਵਿੱਚ ਕਿਊਬਿਕ ਦੇ ਵੱਖ ਹੋਣ ਬਾਰੇ ਰਾਇਸ਼ੁਮਾਰੀ ਦੌਰਾਨ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਸੰਸਦ ਵਿੱਚ ਭਾਸ਼ਣ ਦਿੱਤਾ ਸੀ ਅਤੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਸੰਗਠਿਤ ਕੈਨੇਡਾ ਦੇ ਪ੍ਰੋਜੈਕਟ ਦੀ ਹਮਾਇਤ ਵਜੋਂ ਦੇਖਿਆ ਗਿਆ ਸੀ। ਪਰ ਇਹ ਗੱਲਾਂ ਮੁਕਾਬਲਤਨ ਛੋਟੀਆਂ ਹਨ। ਹੁਣ ਅਮਰੀਕੀ ਰਣਨੀਤੀਕਾਰਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਵੱਲੋਂ ਕੈਨੇਡਾ ਦੇ ਪ੍ਰੋਜੈਕਟ ਨੂੰ ਤੋੜਨ ਲਈ ਕੀਤੇ ਜਾ ਰਹੇ ਕੰਮਾਂ ਦੇ ਮੁਕਾਬਲੇ ਇਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਹੈ।

‘ਦਿ ਗਲੋਬ‘ ਦੀ ਖਬਰ ਹੈ ਕਿ ਮਿਸ਼ੀਗਨ ਆਧਾਰਿਤ ਇੱਕ ਵੱਖਵਾਦੀ ਸਮੂਹ  ਨੇ ਪਿਛਲੇ ਜਨਵਰੀ ਵਿੱਚ ਅਲਬਰਟਾ ਦੇ ਵੱਖਵਾਦੀਆਂ ਨਾਲ ਮੁਲਾਕਾਤ ਕੀਤੀ ਸੀ ਤੇ ਆਪਣੇ ਵਲੋਂ ਈਜਾਦ ਕੀਤੇ ਗਏ (10X Votes) ਫਾਰਮੂਲੇ ਨੂੰ ਸੈਂਚੁਰੀਅਨ ਪ੍ਰੋਜੈਕਟ ਦੁਆਰਾ ਅਲਬਰਟਾ ਲਿਆਂਦਾ ਗਿਆ ਸੀ, ਜਿਸਦੀ ਸਥਾਪਨਾ ਡੇਵਿਡ ਪਾਰਕਰ ਦੁਆਰਾ ਕੀਤੀ ਗਈ ਸੀ, ਜੋ ਕਿ ਸੂਬੇ ਵਿੱਚ ਲੰਬੇ ਸਮੇਂ ਤੋਂ ਰੂੜੀਵਾਦੀ ਵਿਚਾਰਧਾਰਾ ਦਾ ਪ੍ਰਚਾਰਕ ਸੀ। ਹਾਲਾਂਕਿ, ਇਸਦੇ ਡੇਟਾ ਲਈ, ਉਨ੍ਹਾਂ ਨੇ ਕਥਿਤ ਤੌਰ ‘ਤੇ ਅਲਬਰਟਾ ਦੇ ਵੋਟਰ ਸੂਚੀ ਦੀ ਇੱਕ ਲੀਕ ਹੋਈ ਕਾਪੀ ਦੀ ਵਰਤੋਂ ਕੀਤੀ, ਜਿਸ ਕਾਰਨ ਪਿਛਲੇ ਦਿਨੀਂ ਇੱਕ ਵੱਡਾ ਵਿਵਾਦ ਹੋਇਆ, ਕਿਉਂਕਿ ਇਹ ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਸਰਕਾਰੀ ਭੇਦ ਗੁਪਤ ਰੱਖਣ ਦੇ ਅਸੂਲ ਦੀ ਉਲੰਘਣਾ ਵਿੱਚੋਂ ਇੱਕ ਸੀ।

ਇੱਥੇ ਦੋ ਬੁਨਿਆਦੀ ਗੱਲਾਂ ਹਨ। ਪਹਿਲਾ ਇਹ ਹੈ ਕਿ ਅਲਬਰਟਾ ਦੀ ਰਾਇਸ਼ੁਮਾਰੀ ਦਾ ਹਮਾਇਤੀ ਵੱਖਵਾਦ ਪੱਖੀ ਅਮਰੀਕੀਆਂ ਦਾ ਇੱਕ ਸਮੂਹ ਹੈ ਜੋ ਵਿਦੇਸ਼ੀ ਪ੍ਰਭਾਵ ਤਹਿਤ ਸਰਗਰਮ ਹੈ। ਦੂਜਾ ਇਹ ਹੈ ਕਿ ਅਲਬਰਟਾ ਵੱਖਵਾਦੀ ਲਹਿਰ ਦੇ ਅੰਦਰ ਕੁਝ ਲੋਕ ਅਮਰੀਕੀ ਦੀ ਅਧੀਨਗੀ ਨੂੰ ਬਰਦਾਸ਼ਤ ਕਰਦਿਆਂ 51ਵੀਂ ਸਟੇਟ ਬਣਨ ਲਈ ਵੀ ਤਿਆਰ ਹਨ।

ਹੁਣ ਵੱਡਾ ਸਵਾਲ ਇਹ ਹੈ ਕਿ ਕੀ, ਲੋਕਾਂ ਨੂੰ ਰਾਇਸ਼ੁਮਾਰੀ ਲਈ ਵੋਟ ਤੋਂ ਪਹਿਲਾਂ  ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ, ਕਿ ਕੀ ਉਹ ਵੱਖਵਾਦ ਲਈ ਵੋਟ ਪਾ ਕੇ ਉਕਤ ਜੋਖਮ ਲੈਣ ਲਈ ਤਿਆਰ ਹਨ ?

Leave a Reply

Your email address will not be published. Required fields are marked *