Oct 13, 2026

ਵੱਖ-ਵੱਖ ਸੂਬਿਆਂ ਦੀਆਂ ਲੋਕ-ਕਲਾਵਾਂ ਤੇ ਸੰਗੀਤ ਰਾਹੀਂ ਭਾਰਤੀ ਵਿਰਾਸਤ ਦੀ ਝਲਕ; ਸਭਿਆਚਾਰਕ ਸਾਂਝ ਅਤੇ ਏਕਤਾ ਦਾ ਸੁਨੇਹ
ਸੁਰਿੰਦਰ ਮਾਵੀ,

ਵਿੰਨੀਪੈੱਗ-ਹਿੰਦੂ ਸੁਸਾਇਟੀ ਆਫ਼ ਮੈਨੀਟੋਬਾ (ਐੱਚ ਐੱਸ ਐੱਮ) ਵੱਲੋਂ ਸ਼ਨੀਵਾਰ ਨੂੰ ਆਰ.ਬੀ.ਸੀ. ਕਨਵੈੱਨਸ਼ਨ ਸੈਂਟਰ ਵਿਖੇ ਕਰਵਾਏ ਗਏ ਦੀਵਾਲੀ ਮੇਲੇ ਵਿੱਚ ਭਾਰਤੀ ਸੱਭਿਆਚਾਰ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲੇ। ਮੇਲੇ ਦੇ ਸਭਿਆਚਾਰਕ ਪ੍ਰੋਗਰਾਮ ਦੌਰਾਨ ਪੰਜਾਬੀ ਭੰਗੜੇ ਸਮੇਤ ਵੱਖ-ਵੱਖ ਸੂਬਿਆਂ ਦੇ ਲੋਕ-ਨਾਚਾਂ, ਰਵਾਇਤੀ ਸੰਗੀਤ ਅਤੇ ਆਧੁਨਿਕ ਕਲਾਤਮਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਰੰਗ-ਬਿਰੰਗੇ ਪਹਿਰਾਵਿਆਂ ਅਤੇ ਤਾਲਬੱਧ ਪੇਸ਼ਕਾਰੀਆਂ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ।

ਇਸ ਸਾਲ ਮੇਲੇ ਦਾ ਵਿਸ਼ਾ ‘ਯਾਤਰਾ ਕਲਾ ਤਤਰ ਸ਼ਕਤੀ’ ਰੱਖਿਆ ਗਿਆ, ਜਿਸ ਰਾਹੀਂ ਕਲਾ ਦੀ ਤਾਕਤ ਅਤੇ ਸਭਿਆਚਾਰਕ ਵਿਰਾਸਤ ਦੀ ਮਹੱਤਤਾ ਨੂੰ ਉਭਾਰਿਆ ਗਿਆ। ਮੇਲੇ ਦੇ ਦਰਵਾਜ਼ੇ ਸ਼ਾਮ ਚਾਰ ਵਜੇ ਖੁੱਲ੍ਹੇ। ਇਸ ਦੌਰਾਨ ਕੋਲਮ, ਮੰਡਲਾ ਪੇਂਟਿੰਗ, ਗਣੇਸ਼ ਮੂਰਤੀ ਨਿਰਮਾਣ, ਚੂੜੀਆਂ ਅਤੇ ਗਾਰ ਲੈਂਡ ਬਣਾਉਣ ਸਮੇਤ ਕਈ ਰਚਨਾਤਮਿਕ ਵਰਕਸ਼ਾਪਾਂ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਵਿੱਚ ਬੱਚਿਆਂ ਅਤੇ ਬਾਲਗਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਮਰਾਠੀ ਮੰਡਲ ਆਫ਼ ਮੈਨੀਟੋਬਾ ਦੀ ਅਗਵਾਈ ਹੇਠ ਲਾਜ਼ੀਮ ਅਤੇ ਢੋਲ ਦੀ ਤਾਲ ’ਤੇ ਕੱਢੀ ਗਈ ਸ਼ੋਭਾ ਯਾਤਰਾ ਮੇਲੇ ਦਾ ਮੁੱਖ ਆਕਰਸ਼ਣ ਰਹੀ। ਉਦਘਾਟਨੀ ਸਮਾਰੋਹ ਦੌਰਾਨ ਪ੍ਰਾਰਥਨਾ ਕੀਤੀ ਗਈ ਅਤੇ ਦੀਵਾ ਜਗਾਉਣ ਦੀ ਰਸਮ ਨਿਭਾਈ ਗਈ। ਐੱਚ ਐੱਸ ਐੱਮ ਦੀ ਪ੍ਰਧਾਨ ਅਨੀਤਾ ਰਾਏ ਨੇ ਜ਼ਮੀਨੀ ਸਨਮਾਨ ਪੇਸ਼ ਕੀਤਾ, ਜਦਕਿ ਬਜ਼ੁਰਗ ਡੇਵਿਡ ਡੇਨੀਅਲਸ ਨੇ ਦੇਸੀ ਪ੍ਰਾਰਥਨਾ ਕੀਤੀ। ਮੇਲਾ ਕਮੇਟੀ ਦੀ ਚੇਅਰਪਰਸਨ ਰੀਨਾ ਵਾਲੀਆ ਨੇ ਮਹਿਮਾਨਾਂ ਦਾ ਸਵਾਗਤ ਕੀਤਾ।

ਸਭਿਆਚਾਰਕ ਪ੍ਰੋਗਰਾਮ ਵਿੱਚ ਵੈਦਿਕ ਸ਼ਲੋਕਾਂ, ਤਰਾਨਾ, ਥਿਰੂਵਾਥਿਰਾ, ਕੋਲੱਟਮ, ਰਾਜਸਥਾਨੀ ਲੋਕ-ਨਾਚ, ਬੰਗਾਲੀ ਧੁਨੂਚੀ ਨਾਚ ਅਤੇ ਮਹਾਰਾਸ਼ਟਰ ਦੀ ਲਾਉਣੀ ਪੇਸ਼ ਕੀਤੀ ਗਈ। ਗਰਬੇ ਅਤੇ ਬਾਲੀਵੁੱਡ ਨਾਚ ਦੇ ਸੁਮੇਲ ਨੇ ਰਵਾਇਤੀ ਤੇ ਆਧੁਨਿਕ ਕਲਾ ਦੀ ਸਾਂਝ ਨੂੰ ਦਰਸਾਇਆ। ‘ਮਾਂ ਕਾਲੀ—ਦ ਡਿਵਾਈਨ ਐਮਬਾਡੀਮੈਂਟ ਆਫ਼ ਸ਼ਕਤੀ’ ਵਰਗੀਆਂ ਪੇਸ਼ਕਾਰੀਆਂ ਰਾਹੀਂ ਭਾਰਤੀ ਅਧਿਆਤਮਿਕਤਾ ਅਤੇ ਕਲਾਤਮਕ ਵਿਰਾਸਤ ਨੂੰ ਮੰਚ ’ਤੇ ਉਜਾਗਰ ਕੀਤਾ ਗਿਆ। ਸਮਾਗਮ ਨੂੰ ਮੈਨੀਟੋਬਾ ਸਰਕਾਰ ਦੀ ਮੰਤਰੀ ਨੇਲੀ ਕੈਨੇਡੀ, ਸੰਸਦੀ ਸਕੱਤਰ ਕੇਵਿਨ ਲੈਮੁਰੂ , ਵਿਨੀਪੈਗ ਦੇ ਮੇਅਰ ਸਕਾਟ ਗਿਲਿੰਗਹੈਮ ਅਤੇ ਆਰ.ਬੀ.ਸੀ. ਦੇ ਖੇਤਰੀ ਉਪ ਪ੍ਰਧਾਨ ਸਟੀਫਨ ਕੋਂਟਜ਼ੀ ਨੇ ਵੀ ਸੰਬੋਧਨ ਕੀਤਾ।

ਮੇਲੇ ਵਿੱਚ ਪੰਜਾਬੀ ਅਤੇ ਹੋਰ ਭਾਰਤੀ ਪਕਵਾਨਾਂ ਦੇ ਸਟਾਲਾਂ ਤੋਂ ਇਲਾਵਾ ਰਵਾਇਤੀ ਵਸਤਾਂ, ਸਜਾਵਟੀ ਸਮਾਨ ਅਤੇ ਹੱਥੀਂ ਬਣੀਆਂ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਅੰਤ ਵਿੱਚ ਮੇਲਾ ਕਮੇਟੀ ਦੇ ਸਹਿ-ਚੇਅਰ ਅਭਿਨੰਦਨ ਪਾਟਿਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਰੈਫਲ ਪੁਰਸਕਾਰਾਂ ਦਾ ਐਲਾਨ ਕੀਤਾ।ਵਿਦੇਸ਼ੀ ਧਰਤੀ ’ਤੇ ਅਜਿਹੇ ਸਮਾਗਮ ਭਾਰਤੀ ਮੂਲ ਦੀ ਨਵੀਂ ਪੀੜ੍ਹੀ ਨੂੰ ਆਪਣੀਆਂ ਸਭਿਆਚਾਰਕ ਜੜ੍ਹਾਂ ਨਾਲ ਜੋੜਨ ਦੇ ਨਾਲ-ਨਾਲ ਵੱਖ-ਵੱਖ ਭਾਈਚਾਰਿਆਂ ਵਿਚਾਲੇ ਆਪਸੀ ਸਾਂਝ, ਸਮਝ ਅਤੇ ਸਦਭਾਵਨਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

Leave a Reply

Your email address will not be published. Required fields are marked *