Oct 13, 2026

● ਬਰੈਂਡਾ ਲੌਕ ਦੀ ਵੱਡੀ ਜਿੱਤ ਦੀ ਕੀਤੀ ਭਵਿੱਖਬਾਣੀ– ਹੋਣਵੀਰ ਰੰਧਾਵਾ ਦੀ ਕਾਰਗੁਜਾਰੀ ਕਾਬਿਲੇ ਤਾਰੀਫ-

 

*ਮਨਿੰਦਰ ਸਿੰਘ ਗਿੱਲ—

ਸਰੀ – ਸਰੀ ਸ਼ਹਿਰ ਨੇੜ ਭਵਿੱਖ ਵਿੱਚ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਵੱਡਾ ਸ਼ਹਿਰ ਬਣਨ ਜਾ ਰਿਹਾ ਹੈ। ਜਿੱਥੇ ਸਰੀ ਵੈਨਕੂਵਰ ਨੂੰ ਆਬਾਦੀ ਪੱਖੋਂ ਪਛਾੜ ਦੇਵੇਗਾ। ਸੂਬੇ ਦਾ ਸਭ ਤੋਂ ਵੱਡਾ ਸ਼ਹਿਰ ਬਣਨ ਦੇ ਨਾਲ ਨਾਲ ਬਦਲ ਰਹੀਆਂ ਜੀਓ ਪੋਲੀਟੀਕਲ ਪ੍ਰਸਥਿਤੀਆਂ ਨੇ ਸਰੀ ਨੂੰ ਪ੍ਰਸ਼ਾਂਤ ਮਹਾਸਾਗਰ ਵਿੱਚ ਇੰਡੋਪੈਸੇਫਿਕ ਖਿੱਤੇ ਨਾਲ ਕੈਨੇਡਾ ਨੂੰ ਜੋੜਨ ਵਾਲੀ ਕੜੀ ਵੀ ਬਣਾ ਦਿੱਤਾ ਹੈ। ਅਜਿਹੇ ਮਹੱਤਵਪੂਰਨ ਅਤੇ ਵਿਸ਼ਾਲ ਸ਼ਹਿਰ ਦੀ ਵਾਗਡੋਰ ਵੀ ਮਜ਼ਬੂਤ ਅਤੇ ਤਜ਼ਰਬੇਕਾਰ ਹੱਥਾਂ ਵਿੱਚ ਹੋਣੀ ਬਹੁਤ ਜਰੂਰੀ ਹੈ ਕਿਉਂਕਿ ਇਤਿਹਾਸ ਦੇ ਇਸ ਨਾਜੁਕ ਮੋੜ ਤੇ ਇੱਕ ਛੋਟੀ ਜਿਹੀ ਸਿਆਸੀ ਗਲਤੀ ਸਰੀ ਸ਼ਹਿਰ ਨੂੰ ਦਹਾਕਿਆਂ ਪਿੱਛੇ ਲੈ ਕੇ ਜਾ ਸਕਦੀ ਹੈ। ਸਰੀ ਵਰਗੇ ਵਿਸ਼ਾਲ ਸ਼ਹਿਰ ਦੀ ਰਾਜਨੀਤੀ ਵੀ ਬੜੀ ਵਿਸ਼ਾਲ ਹੈ। ਹੁਣ ਨੈਤਿਕਤਾ ਵਿੱਚ ਵੀ ਵਿਸ਼ਾਲ ਹੈ ਕਿ ਨਹੀਂ ਇਸ ਦਾ ਫੈਸਲਾ ਤੁਸੀਂ ਆਪ ਕਰਨਾ ਹੈ ਪਰ ਅੰਕੜਿਆ ਵਿੱਚ ਬੜੀ ਵਿਸ਼ਾਲਤਾ ਹੈ। ਸਰੀ ਸ਼ਹਿਰ ਦੀਆਂ ਚੱਲ ਰਹੀਆਂ ਕੌਂਸਲ ਚੋਣਾਂ ‘ਚ ਛੇ ਸਲੇਟਾਂ ਆਹਮਣੋ ਸਾਹਮਣੇ ਕਿਸਮਤ ਅਜ਼ਮਾ ਰਹੀਆਂ ਹਨ ਉੱਥੇ ਬਹੁਤ ਸਾਰੇ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ। ਚੋਣਾਂ ਦੇ ਵਿੱਚ ਘਮਸਾਨ ਇਸ ਕਰਕੇ ਵੀ ਵੱਧ ਗਿਆ ਹੈ ਕਿਉਂਕਿ ਸੂਬਾਈ ਚੋਣਾਂ ਵੀ ਬਰਾਬਰ ਆਣਕੇ ਖਲੋਅ  ਗਈਆਂ ਹਨ। ਸਰੀ ਦੀ ਮੇਅਰ ਬਰੈਂਡਾ ਲੌਕ ਇੱਕ ਸਥਾਪਿਤ ਤੇ ਕਾਮਯਾਬ ਲੀਡਰ ਦੀ ਛਵੀ ਪੇਸ਼ ਕਰ ਰਹੀ ਹੈ, ਜਿਸ ਨੇ ਪਿਛਲੇ ਚਾਰ ਸਾਲਾਂ ਤੋਂ ਸਰੀ ਵਿੱਚ ਦਰਪੇਸ਼ ਹਰ ਇੱਕ ਸਮੱਸਿਆ ਦੇ ਨਾਲ ਸਿੱਧੇ ਮੱਥੇ ਟੱਕਰ ਲਈ ਹੈ। ਜਦੋਂ ਫਿਰੌਤੀਆਂ ਦਾ ਦੈਂਤ ਸਰੀ ਦੇ ਕਾਰੋਬਾਰੀਆਂ ਨੂੰ ਡਰਾ ਰਿਹਾ ਸੀ ਤਾਂ ਬਰੈਂਡਾ ਲੌਕ ਇੱਕ ਦਲੇਰ ਅਤੇ ਸਿਰੜੀ ਲੀਡਰ ਵਾਂਗੂ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਈ। ਹਰ ਹਿੰਸਾ ਦੇ ਸ਼ਿਕਾਰ ਪਰਿਵਾਰ ਦੀ ਉਸਨੇ ਸਾਰ ਲਈ। ਜਦੋਂ ਕੋਈ ਵੀ ਸਿਆਸੀ ਆਗੂ ਅੱਗੇ ਆ ਕੇ ਪੰਜਾਬੀ ਭਾਈਚਾਰੇ ਦੀ ਆਵਾਜ਼ ਨਹੀਂ ਸੀ ਬਣ ਰਿਹਾ ਤਾਂ ਬਰੈਂਡਾ ਲੌਕ ਨੇ ਪੰਜਾਬੀਆਂ ਲਈ ਹਾਅ ਦਾ ਨਾਅਰਾ ਮਾਰਿਆ। ਅਸੀਂ ਸਭ ਨੇ ਆਪਣੇ ਅੱਖੀਂ ਦੇਖਿਆ ਕਿ ਬਰੈਂਡਾ ਲੌਕ ਦੀ ਮੰਗ ਤੇ ਫਿਰੌਤੀਆਂ ਲਈ ਜਿੰਮੇਵਾਰ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਵੀ ਐਲਾਨਿਆ ਗਿਆ ਅਤੇ ਐਫ.ਬੀ.ਆਈ ਦੇ ਆਪਰੇਸ਼ਨ ‘ਹਾਰਡਬਾਲ’ ਨੇ ਫਰੌਤੀਆਂ ਅਤੇ ਨਸ਼ੇ ਦੇ ਗੋਰਖ ਧੰਦੇ ਉੱਪਰ ਵੀ ਨੱਥ ਪਾਈ। ਬਰੈਂਡਾ ਲੌਕ ਨੇ ਸਰੀ ਸ਼ਹਿਰ ਦੀ ਨੁਹਾਰ ਵੀ ਬਦਲੀ ਹੈ ਜਿਸ ਤਰ੍ਹਾਂ 128, 132 ਸਟਰੀਟ 80 ਐਵਨਿਊ, 140 ਸਟਰੀਟ, 64 ਐਵਨਿਊ, 72 ਐਵਨਿਊ ਦਾ ਵਿਸਥਾਰ ਅਤੇ ਇਸਨੂੰ ਨੂੰ ਚੌੜਾ ਕਰਨ ਅਤੇ 152 ਸਟਰੀਟ ਨੂੰ ਹਾਈ ਵੇਅ-10 ਤੋਂ ਸਾਊਥ ਸਰੀ ਤੱਕ ਡਬਲ ਲੇਨ ਕਰਨ ਦਾ ਕੰਮ ਕਰਕੇ ਵਿਖਾਏ ਹਨ ਜਿਸ ਸਦਕਾ ਸ਼ਹਿਰ ਵਾਸੀਆਂ ਨੂੰ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੀ ਵੀ ਹੈ ਤੇ ਜਲਦ ਹੋਰ ਰਾਹਤ ਮਿਲਣ ਜਾ ਰਹੀ ਹੈ। ਜਿਹੜੀ ਸਭ ਤੋਂ ਵੱਡੀ ਪ੍ਰਾਪਤੀ ਸਰੀ ਨੂੰ ਹੋਣ ਜਾ ਰਹੀ ਹੈ ਉਹ ਹੈ 10 ਹਜ਼ਾਰ ਸੀਟਾਂ ਵਾਲਾ ਸਟੇਡੀਅਮ (ਕੌਂਸਰਟ ਹਾਲ)। ਜਦੋਂਕਿ ਇਸਤੋਂ ਪਹਿਲਾਂ ਹੋਣ ਵਾਲੇ ਸਾਰੇ ਵੱਡੇ ਸਮਾਗਮਾਂ ‘ਚ ਸ਼ਰੀਕ ਹੋਣ ਲਈ ਸਰੀ ਵਾਸੀਆਂ ਨੂੰ ਵੈਨਕੂਵਰ ਭੱਜਣਾ ਪੈਂਦਾ ਸੀ। ਇਸਤੋਂ ਇਲਾਵਾ ਪਾਰਕਾਂ ਵਿੱਚ ਬਜ਼ੁਰਗਾਂ ਲਈ ਪਖਾਨੇ, ਬੈਂਚ ਅਤੇ ਪਿਕਨਿਕ ਸ਼ੈਲਟਰ ਬਣਾਏ ਗਏ ਹਨ। ਨਿਊਟਨ ਵਿੱਚ ਲਗਭਗ 2 ਲੱਖ ਵਰਗ ਫੁੱਟ ਵਿੱਚ ਨਵਾਂ ਕਮਿਊਨਟੀ ਸੈਂਟਰ ਬਣਾਇਆ ਜਾ ਰਿਹਾ, ਕਲੋਵਰਡੇਲ ਵਿੱਚ ਬਿਹਤਰੀਨ ਪਾਰਕ ਅਤੇ ਖੇਡ ਸੁਵਿਧਾਵਾਂ ਬਣ ਕੇ ਤਿਆਰ ਹਨ। ਬਰੈਂਡਾ ਲੌਕ ਦੇ ਠੋਸ ਕੰਮਾਂ ਦੇ ਮੁਕਾਬਲੇ ਸਾਬਕਾ ਮੇਅਰ ਡੱਗ ਮਕੈਲਮ ਦੇ ਚੋਣ ਜੁਮਲੇ ਬੜੇ ਖੋਖਲੇ ਤੇ ਤਰਕਹੀਣ ਜਾਪ ਰਹੇ ਹਨ। 83 ਸਾਲਾ ਬਜ਼ੁਰਗ ਆਗੂ ਡੱਗ ਮਕੈਲਮ ਸ਼ਾਇਦ ਸੂਬੇ ਅਤੇ ਸਿਟੀ ਦੀਆਂ ਤਾਕਤਾਂ ਵਿਚਲਾ ਅੰਤਰ ਭੁੱਲ ਗਏ ਹਨ। ਕੋਈ ਮਿਹਣਾ ਨਹੀਂ ਹੈ ਉਮਰ ਦੇ ਇਸ ਪੜਾਅ ਦੇ ਵਿੱਚ ਅਕਸਰ ਬਜ਼ੁਰਗ ਭੁੱਲਣ ਦੀ ਗੰਭੀਰ ਬਿਮਾਰੀ ਦੇ ਸ਼ਿਕਾਰ ਹੋ ਹੀ ਜਾਇਆ ਕਰਦੇ ਐ। ਅਜਿਹੇ ਹਾਲਾਤ ਵਿੱਚ ਤਾਂ ਬਜ਼ੁਰਗ ਬੰਦੇ ਨੂੰ ਕੋਈ ਕੱਚ ਦੇ ਗਿਲਾਸ ਵਿੱਚ ਪਾਣੀ ਨਹੀਂ ਫੜਾਉਂਦਾ ਬਈ ਕਿਤੇ ਭੰਨ ਨਾ ਦੇਵੇ ਪਰ ਅੰਧ ਭਗਤ 7 ਲੱਖ ਸਰੀ ਵਾਸੀਆਂ ਦਾ ਭਵਿੱਖ ਇਸ 83 ਸਾਲਾ ਬਜ਼ੁਰਗ ਹੱਥ ਦੇਣ ਦੀ ਵਕਾਲਤ ਕਰ ਰਹੇ ਹਨ ਫੇਰ ਅਸੀਂ ਕਿਵੇਂ ਬਰਦਾਸ਼ਤ ਕਰ ਲਈਏ ? ਇਸੇ ਉਧੇੜ ਬੁਣ ‘ਚ ਹੀ ਡਗ ਮਕੈਲਮ ਨਿਊਟਨ ਵਿੱਚ ਹਸਪਤਾਲ ਬਣਵਾਉਣ ਦਾ ਵਾਅਦਾ ਕਰ ਬੈਠੇ  ਜੋ ਕਿ ਸਿਟੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੀ ਨਹੀਂ ਅਤੇ ਨਾ ਹੀ ਸਿਟੀ ਦੇ ਕੋਲ ਇਸ ਲਈ ਲੋੜੀਂਦਾ ਪੈਸਾ ਜਾਂ ਫਿਰ ਤਾਕਤ ਹੁੰਦੀ ਹੈ। ਪਰ ਜਦੋਂ ਡਗ ਦੇ ਅੰਧ ਭਗਤਾਂ ਦੇ ਅੱਗੇ ਇਹ ਤੱਥ ਰੱਖੇ ਜਾਂਦੇ ਐ ਤਾਂ ਉਹ ਅੱਗੋਂ ਜਵਾਬ ਦਿੰਦੇ ਆ ਕਿ ਡੱਗ ਨੇ ਕਿਹਾ ਹੈ ਤਾਂ ਠੀਕ ਹੀ ਕਿਹਾ ਹੋਊਗਾ। ਡਗ ਦੇ ਅੰਧ ਭਗਤ ਜਿਸ ਦੇ ਵਿੱਚ ਕੌਂਸਲਰ ਵੀ ਸ਼ਾਮਿਲ ਹਨ ਇਹ ਜਵਾਬ ਨਹੀਂ ਦਿੰਦੇ ਕਿ ਹਸਪਤਾਲ ਬਣਾਉਣ ਲਈ ਲੋੜੀਂਦਾ ਫੰਡ ਦਾ ਬਜਟ ਕਿੱਥੇ ਹੈ ਸਗੋਂ ਉਹ ਅੱਗਿਓਂ ਆਖ ਛੱਡਦੇ ਐ ਕਿ ਸਾਨੂੰ ਬਜਟ ਦਾ ਤਾਂ ਨਹੀਂ ਪਤਾ ਪਰ ਡੱਗ ਨੇ ਕਿਹਾ ਹੈ ਤਾਂ ਠੀਕ ਹੀ ਕਿਹਾ ਹੋਊਗਾ। ਅੰਧ ਭਗਤਾਂ ਕੋਲ ਇਸ ਗੱਲ ਦਾ ਵੀ ਕੋਈ ਜੁਆਬ ਨਹੀਂ ਕਿ ਜਦੋਂ ਡਗ ਮਕੈਲਮ ਸਕਾਈ ਟਰੇਨ ਦੇ ਮੁੱਦੇ ਤੇ ਨਿਊਟਨ ਵਾਸੀਆਂ ਨਾਲ ਫਰਾਡ ਕਰਕੇ ਭਰੋਸਾ ਤੋੜ ਚੁੱਕੇ ਹਨ ਤਾਂ ਫਿਰ ਹੁਣ ਦੋਬਾਰਾ ਉਹੀ ਪੁਰਾਣੇ ਵਾਅਦੇ ਦਾ ਦੋਹਰਾਅ ਕਰਕੇ ਨਿਊਟਨ ਵਾਸੀਆਂ ਦੇ ਸਬਰ ਦੀ ਪਰਖ ਕਿਉਂ ਕਰਨਾ ਚਾਹੁੰਦੇ ਹਨ। ਭਾਰਤ ਦੇ ਵਿੱਚ ਵੀ ਇੱਕ ਆਗੂ ਦੇ ਪਿੱਛੇ ਅਜਿਹੇ ਹੀ ਅੰਧ ਭਗਤਾਂ ਦੀ ਭੀੜ ਹੈ ਜੋ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ। ਡਗ ਸਾਹਿਬ ਸ਼ਾਇਦ ਇਸ ਵਾਰ ਇਲੈਕਸ਼ਨ ਖੁਦ ਲਈ ਨਹੀਂ ਸਗੋਂ ਆਪਣੇ ਖਾਸ ਡਿਵੈਲਪਰ ਯਾਰ ਲਈ ਹੀ ਲੜ ਰਹੇ ਆ ਨਹੀਂ ਤਾਂ ਉਹ ਹੁਣ ਨੂੰ ਤੀਰਥ ਯਾਤਰਾ ਤੇ ਹੁੰਦੇ। ਜਿਸ ਤਰ੍ਹਾਂ ਪੰਜਾਬੀਆਂ ਦੀ ਕਹਾਵਤ ਹੈ ਕਿ “ਰੰਡੀ ਤਾਂ ਰੰਡੇਪਾ ਕੱਟ ਲੈਂਦੀ ਪਰ ਮਸ਼ਟੰਡੇ ਨਹੀਂ ਕੱਟਣ ਦਿੰਦੇ” ਬਾਕੀ ਸਲੇਟਾਂ ਜਿਹਦੇ ਵਿੱਚ ਲਿੰਡਾ ਐਨਸ ਅਤੇ ਮਾਈਕ ਸਟਾਰਚੱਕ ਦੀ ਸਲੇਟ ਹੈ ਉਹ ਕਾਫੀ ਪਛੜ ਚੁੱਕੀਆਂ ਹਨ ਪਰ ਨੌਜਵਾਨ ਵਕੀਲ ਹੋਨਵੀਰ ਰੰਧਾਵਾ ਦੀ ਕਾਰਗੁਜ਼ਾਰੀ ਕਾਬਲੇ ਤਾਰੀਫ ਹੈ। ਮੈਂ ਰੰਧਾਵਾ ਦੀ ਕਿਰਦਾਰ ਕੁਸ਼ੀ ਕਰਨ ਦੀਆਂ ਹੋ ਰਹੀਆਂ ਕੋਝੀਆਂ ਚਾਲਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹਾਂ। ਹੁਣ ਸਰੀ ਸ਼ਹਿਰ ਦੇ ਲੋਕਾਂ ਦੀ ਦਿਲਚਸਪੀ ਇਸ ਗੱਲ ਵੱਲ ਹੈ ਕਿ 17 ਤਰੀਕ ਨੂੰ ਕੌਣ ਬਾਜੀ ਮਾਰੇਗਾ ? ਕਿਉਂਕਿ ਸਾਡੇ ਬਹੁਤ ਸਾਰੇ ਲੋਕ ਆਖਰੀ ਸਮੇਂ ਤੱਕ ਇਹ ਵਾਚਦੇ ਰਹਿੰਦੇ ਹਨ ਕਿ ਤਕਦੀਰ ਕਿਸ ਦੇ ਮੱਥੇ ਦੇ ਤਾਜ ਰੱਖੇਗੀ ? ਇਸ ਸਵਾਲ ਦਾ ਜਵਾਬ ਪ੍ਰਸਿੱਧ ਮੀਡੀਆ ਅਦਾਰਾ ਵੈਨਕੂਵਰ ਸਨ ਵੱਲੋਂ ਪੋਸਟ ਮੀਡੀਆ ਦੇ ਨਸ਼ਰ ਕੀਤੇ ਇੱਕ ਸਰਵੇ ਨੇ ਦੇ ਦਿੱਤਾ ਹੈ, ਜਿਸ ਵਿੱਚ ਬਰੈਂਡਾ ਲੌਕ ਆਪਣੇ ਸਭ ਤੋਂ ਨੇੜਲੇ ਵਿਰੋਧੀ ਡਗ ਮਕੈਲਮ ਤੋਂ 12% ਦੇ ਫਰਕ ਦੇ ਨਾਲ ਅੱਗੇ ਚੱਲ ਰਹੀ ਹੈ। 24% ਉੱਤੇ ਬਰੈਂਡਾ ਲੌਕ ਹੈ ਤੇ 12% ਸਮਰਥਨ ਹਾਸਲ ਕਰਕੇ ਡਗ ਮਕੈਲਮ ਚੱਲ ਰਹੇ ਹਨ। ਇਹ ਅੱਧੋ ਅੱਧ ਦਾ ਫਰਕ ਸਥਿਤੀ ਨੂੰ ਆਪਣੇ ਆਪ ਸਪਸ਼ਟ ਕਰਦਾ ਹੈ। ਬਾਕੀ ਗੱਲ ਬਾਤ 17 ਤਰੀਕ ਨੂੰ ਸਾਫ ਹੋ ਜਾਊਗੀ। ਜੇਕਰ ਤੁਸੀਂ ਏਆਈ (ਅਰਟੀਫਿਸ਼ੀਲ ਇੰਟੈਲੀਜੈਂਸ) ਤੋਂ ਵੀ ਪੁਛੋਗੇ ਕਿ ਸਰੀ ਦੀ ਚੋਣ ਕੌਣ ਜਿੱਤ ਰਿਹਾ ਤਾਂ ਏਆਈ ਵੀ ਬਰੈਂਡਾ ਲੌਕ ਦੇ ਨਾਮ ਦੀ ਭਵਿੱਖਬਾਣੀ ਕਰ ਰਹੀ ਹੈ। ਇਹਨਾਂ ਤੱਥਾਂ ਤੋਂ ਇਹ ਲੱਗਦਾ ਹੈ ਕਿ ਸਰੀ ਦੇ ਸੂਝਵਾਨ ਵੋਟਰ 17 ਤਰੀਕ ਨੂੰ ਬਰੈਂਡਾ ਲੌਕ ਨੂੰ ਚੁਣ ਕੇ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ਼ ਕਰਨਗੇ ਅਤੇ ਸਰੀ ਸ਼ਹਿਰ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ।

ਮੈਨਜਿੰਗ ਡਾਇਰੈਕਟਰ,
ਰੇਡੀਓ ਇੰਡੀਆ, ਸਰੀ (ਬੀਸੀ)

Leave a Reply

Your email address will not be published. Required fields are marked *