ਚਿਲਾਵੈਕ ( ਹਰਕੀਰਤ ਕੌਰ ਚਾਹਲ)- ਬੀਤੀ 10 ਅਕਤੂਬਰ ਦੀ ਸ਼ਾਮ ਕੰਵਰ ਫਾਰਮਜ਼ ਤੇ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਪੰਜਾਬੀ ਨਾਟਕਕਾਰੀ, ਦੇ ਸਿਰਮੌਰ ਕਲਾਕਾਰ ਡਾ ਸਾਹਿਬ ਸਿੰਘ ਦੇ ਨਾਟਕ ‘ਤੂੰ ਅਗਲਾ ਵਰਕਾ ਫੋਲ’ ਨੂੰ ਮਾਣਿਆ। ਇੱਕ ਘੰਟਾ 40 ਮਿੰਟ ਠੰਡੀਆਂ ਸੀਤ ਹਵਾਵਾਂ ਤੋਂ ਉਹ ਸੁੰਨ ਨਾ ਚਾੜ੍ਹ ਹੋਇਆ ਜੋ ਡਾ ਸਾਹਿਬ ਦੀ ਅਦਾਕਾਰੀ ਤੇ ਲਿਖਤ ਨੇ ਸੁੰਨ ਵਰਤਾਈ।
ਇੱਕ ਮਾਂ ਦੀ ਉਡੀਕ, ਇੱਕ ਪਿਤਾ ਦੀ ਟੁੱਟਦੀ ਆਸ, ਇੱਕ ਧੀ ਦੀ ਦਬਾਈ ਹੋਈ ਇੱਛਾ ਅਤੇ ਇੱਕ ਨੌਜਵਾਨ ਦੀ ਅੰਦਰੂਨੀ ਬੇਚੈਨੀ—ਜਦੋਂ ਇਹ ਸਭ ਮੰਚ ਉੱਤੇ ਸਾਕਾਰ ਹੁੰਦੇ ਹਨ, ਤਾਂ ਦਰਸ਼ਕ ਸਿਰਫ਼ ਕਹਾਣੀ ਨਹੀਂ ਵੇਖਦਾ; ਉਹ ਆਪਣੇ ਆਲੇ-ਦੁਆਲੇ ਦੇ ਸਮਾਜ ਨੂੰ ਪਛਾਣਨ ਲੱਗਦਾ ਹੈ। ਭਾਵੁਕ ਹੋਏ ਦਰਸ਼ਕਾਂ ਨੇ ਅਨੇਕਾਂ ਵਾਰ ਕੋਸੇ ਹੰਝੂਆਂ ਤੇ ਸਿਸਕੀਆਂ ਭਰਦਿਆਂ ਤਾੜੀਆਂ ਮਾਰ ਮਾਰ ਚੌਗਿਰਦਾ ਗੂੰਜਣ ਲਾ ਦਿੱਤਾ।
ਪਰਬਤਾਂ ਓਹਲੇ ਛਿਪਦੇ ਸੂਰਜ ਦੀ ਲਾਲੀ ਵੀ ਇੰਝ ਲੱਗਿਆ ਜਿਵੇਂ ਅੱਜ ਦੇ ਮਨੁੱਖ ਨੂੰ ਬੰਦਾ ਬਣਨ ਲਈ ਪੁਕਾਰਦੀ ਹੋਵੇ।
ਡਾ ਸਾਹਿਬ ਸਿੰਘ ਦੀ ਕਲਾ ਦੀ ਸਿਖ਼ਰ ਨੂੰ ਸਲਾਮ ਕਰਦਿਆਂ ਅੰਬਰ ਨੇ ਵੀ ਬੱਦਲ਼ੀਆਂ ਦੇ ਕਾਫ਼ਲੇ ਨੂੰ ਸੱਦ ਕੇ ਚੰਦੋਆ ਤਾਣ ਦਿੱਤਾ।
ਡਾ ਸਾਹਿਬ ਸਿੰਘ ਦੀ ਬਾਕਾਮਾਲ ਲਿਖਤ ਅਤੇ ਅਦਾਕਾਰੀ ਨਾਲ਼ ਭਰਪੂਰ ਇਸ ਨਾਟਕ ਨੇ ਸਿੱਧ ਕਰ ਦਿੱਤਾ ਕਿ ਜੇ ਸੱਚ ਬੋਲਣ ਦੀ ਜੁਰਅਤ ਕਲਾ ਵਿੱਚ ਆ ਜਾਵੇ, ਤਾਂ ਮੰਚ ਸਾਹਮਣੇ ਬੈਠਾ ਹਰ ਦਰਸ਼ਕ ਆਪਣਾ ਚਿਹਰਾ ਪਛਾਣ ਸਕਦਾ ਹੈ।
ਮਹਿਫ਼ਿਲ ਦੀ ਸ਼ੁਰੂਆਤ ਅੰਕੇਸ਼ਵਰ, ਸ਼ਸ਼ੀ ਲਤਾ ਵਿਰਕ ਅਤੇ ਜੈਸਮੀਨ ਨੇ ਸੁਰਾਂ ਨੂੰ ਪਰੋਅ ਕੇ ਕੀਤੀ। ਅੰਤ ਵਿੱਚ ਦਰਸ਼ਕਾਂ ਦਾ ਸ਼ੁਕਰਾਨਾ ਕਰਦਿਆਂ ਡਾ ਸਾਹਿਬ ਸਿੰਘ ਨੇ ਜਦੋਂ ਇਹ ਨਾਟਕ ਡਾ ਕੰਵਰਨੈਨ ਸਿੰਘ ਚਹਿਲ ਨੂੰ ਸਮਰਪਿਤ ਹੋਣ ਬਾਰੇ ਦੱਸਿਆ ਤਾਂ ਹਰ ਅੱਖ ਨਮ ਹੋਣੋਂ ਨਾ ਰਹਿ ਸਕੀ।ਵੱਡੀ ਗਿਣਤੀ ਵਿੱਚ ਕਲਾ ਪ੍ਰੇਮੀਆਂ, ਰਾਜਨੀਤਕ ਹਸਤੀਆਂ, ਨਵੀਂ ਪੀੜ੍ਹੀ ਦੇ ਬੱਚੇ, ਅਤੇ ਮੀਡੀਆ ਕਰਮੀਆਂ ਨੇ ਹਾਜਰੀ ਭਰੀ ਤੇ ਡਾ ਸਾਹਿਬ ਸਿੰਘ ਦੀ ਜੀਵੰਤ ਕਲਾਕਾਰੀ ਨੂੰ ਦਾਦ ਦਿੱਤੀ।
ਵਿਚਾਰਾਂ ਅਤੇ ਵਿਸਮਾਦ ਨਾਲ਼ ਭਰੇ ਦਰਸ਼ਕਾਂ ਨੇ ਰਾਤ ਦੇ ਖਾਣੇ ਦਾ ਲੁਤਫ਼ ਮਾਣਿਆ। ਡਾ ਕੁਲਦੀਪ ਸਿੰਘ ਚਾਹਲ ਦੀ ਮਹਿਮਾਨ ਨਿਵਾਜ਼ੀ ਦਾ ਸਭ ਨੇ ਆਨੰਦ ਮਾਣਿਆ ਤੇ ਚਾਹਲ ਪਰਿਵਾਰ ਦਾ ਚਿਲਾਵੈਕ ਦੇ ਖੁਬਸੂਰਤ ਪਹਾੜਾਂ ਵਿਚਾਲੇ ਪੰਜਾਬੀ ਸਾਹਿਤ ਤੇ ਕਲਾ ਦੀ ਮਸ਼ਾਲ ਜਗਾਈ ਰੱਖਣ ਲਈ ਧੰਨਵਾਦ ਕੀਤਾ।






