ਐਬਸਫੋਰਡ ( ਦੇ ਪ੍ਰ ਬਿ)- ਐਬਸਫੋਰਡ ਸਿਟੀ ਕੌਂਸਲ ਲਈ ਮੌਜੂਦਾ ਮੇਅਰ ਰੌਸ ਸੀਮੈਨਜ ਮੁੜ ਚੁਣੇ ਗਏ ਹਨ। ਉਹਨਾਂ ਨੇ ਆਪਣੇ ਨਿਕਟ ਵਿਰੋਧੀ ਤੇ ਪੰਜਾਬੀ ਨੌਜਵਾਨ ਸੁੱਖੀ ਧਾਮੀ ਨੂੰ 10 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਰੌਸ ਸੀਮੈਨਜ ਨੂੰ ਕੁਲ 19418 ਵੋਟਾਂ ਮਿਲੀਆਂ ਜਦੋਂ ਸੁਖੀ ਧਾਮੀ ਨੂੰ 9114 ਵੋਟਾਂ ਮਿਲੀਆਂ। ਚੋਣ ਮੁਹਿੰਮ ਦੌਰਾਨ ਸੁੱਖੀ ਧਾਮੀ ਨੂੰ ਭਾਰੀ ਹੁੰਗਾਰਾ ਮਿਲਦਾ ਪ੍ਰਤੀਤ ਹੋਇਆ ਸੀ ਪਰ ਉਹ ਇਸ ਹੁੰਗਾਰੇ ਨੂੰ ਆਪਣੇ ਵੋਟ ਸਮਰਥਨ ਵਿਚ ਤਬਦੀਲ ਕਰਨ ਵਿਚ ਅਸਫਲ ਰਹੇ। ਮੇਅਰ ਲਈ ਦੋ ਹੋਰ ਮੇਅਰ ਉਮੀਦਵਾਰਾਂ ਵਿਚ ਸ਼ਾਮਿਲ ਪੌਲ ਮਾਹਲ ਨੂੰ 1739 ਵੋਟ ਤੇ ਡੇਵ ਪੈਲੀਕਨ ਨੂੰ 990 ਵੋਟ ਮਿਲੇ। ਐਬਸਫੋਰਡ ਸ਼ਹਿਰ ਦੀਆਂ ਕੁੱਲ 1 ਲੱਖ 4410 ਵੋਟਾਂ ਚੋਂ 31,757 ਵੋਟਾਂ ( 30.42 ਪ੍ਰਤੀਸ਼ਤ) ਪੋਲ ਹੋਈਆਂ।
ਆਪਣੀ ਜਿੱਤ ਉਪਰੰਤ ਮੇਅਰ ਰੌਸ ਸੀਮੈਨਜ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਦਾ ਬਹੁਤ ਸਾਰਾ ਕੰਮ ਕਰਨ ਵਾਲਾ ਹੈ। ਉਸਨੇ ਦੁਬਾਰਾ ਚੋਣ ਲੜਨ ਦਾ ਫੈਸਲਾ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਕੁਝ ਮਹੀਨੇ ਪਹਿਲਾਂ ਲਿਆ ਸੀ ਕਿਉਂਕਿ ਸ਼ਹਿਰ ਦੇ ਵਧੇਰੇ ਰੁਝੇਵੇਂ ਹੋਣ ਕਾਰਣ ਪਰਿਵਾਰ ਨੂੰ ਸਮਾਂ ਦੇਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਆਰਥਿਕ ਮੰਦਵਾੜੇ ਵਾਲੀ ਸਥਿਤੀ ਵਿਚ ਕਈ ਮੁਸ਼ਕਲਾਂ ਆ ਸਕਦੀਆਂ ਹਨ ਪਰ ਉਹ ਸ਼ਹਿਰ ਦੇ ਕੰਮਾਂ ਲਈ ਹੋਰ ਮਿਹਨਤ ਕਰਨਗੇ।
ਐਬਸਫੋਰਡ ਵਿਚ ਦੋ ਪੰਜਾਬੀ ਦੇਵ ਸਿੱਧੂ ਤੇ ਅਮਰੀਕ ਨਾਰੰਗ ਕੌਂਸਲਰ ਬਣੇ-
ਸਿਟੀ ਕੌਂਸਲ ਲਈ ਪੰਜਾਬੀ ਨੌਜਵਾਨ ਦੇਵ ਸਿੱਧੂ ਮੁੜ ਕੌਂਸਲਰ ਚੁਣੇ ਗਏ ਹਨ। ਉਹਨਾਂ ਨੇ ਸਭ ਤੋਂ ਵੱਧ 14210 ਵੋਟਾਂ ਹਾਸਲ ਕੀਤੀਆਂ। ਉਘੇ ਵਕੀਲ ਅਮਰੀਕ ਨਾਰੰਗ ਪਹਿਲੀ ਵਾਰ ਸਿਟੀ ਕੌਂਸਲਰ ਬਣਨ ਲਈ ਸਫਲ ਹੋਏ ਹਨ। ਉਹਨਾਂ ਨੇ 10272 ਵੋਟ ਹਾਸਲ ਕੀਤੇ। ਹੋਰਨਾਂ ਵਿਚ ਪਟਰੀਸ਼ੀਆ ਡਰੀਸ਼ਨ, ਲੇਸ ਬਾਰਕਮੈਨ, ਕ੍ਰਿਸਟੀ ਮਿਲਜ, ਪਟਰੀਸ਼ੀਆ ਰੌਸ, ਫਾਸਟ ਹੋਲਟ ਤੇ ਰਿਕ ਥੀਸਨ ਕੌਂਸਲਰ ਚੁਣੇ ਗਏ ਹਨ। ਪੰਜਾਬੀ ਕੌਂਸਲਰ ਉਮੀਦਵਾਰਾਂ ਵਿਚ ਸਾਬਕਾ ਸਕੂਲ ਟਰੱਸਟੀ ਪ੍ਰੀਤ ਰਾਏ ( 7309 ਵੋਟਾਂ) , ਪਹਿਲਵਾਨ ਜਸਮੀਤ ਫੂਲਕਾ (8777 ਵੋਟਾਂ), ਰੀਐਲਟਰ ਜੈਗ ਸਿੱਧੂ (7629 ਵੋਟਾਂ) ਤੇ ਰੂਪੀ ਕੰਡਾ (5592 ਵੋਟਾਂ) ਸ਼ਾਮਿਲ ਸਨ ਜੋ ਸਫਲ ਨਹੀ ਹੋ ਸਕੇ।
ਅਰਸ਼ ਕਲੇਰ ਸਕੂਲ ਟਰੱਸਟੀ ਬਣੇ-
ਐਬਸਫੋਰਡ ਸਕੂਲ ਟਰੱਸਟੀਆਂ ਦੀ ਚੋਣ ਵਿਚ ਇਕੋ ਇਕ ਪੰਜਾਬੀ ਨੌਜਵਾਨ ਅਰਸ਼ ਕਲੇਰ ਸਫਲ ਹੋਏ ਹਨ। ਉਹਨਾਂ 10965 ਵੋਟਾਂ ਹਾਸਲ ਕੀਤੀਆਂ। ਹੋਰ ਸਕੂਲ ਟਰੱਸਟੀ ਉਮੀਦਵਾਰਾਂ ਵਿਚ ਪੰਜਾਬੀ ਮੂਲ ਦੇ ਅੰਮ੍ਰਿਤ ਮੰਡ (9867 ਵੋਟਾਂ), ਵਿਨੈ ਵੜੈਚ (5044 ਵੋਟਾਂ), ਰਾਜਵਿੰਦਰ ਸਿੰਘ ਸੰਧੂ (5694 ਵੋਟਾਂ), ਰੁਪਿੰਦਰ ਬਰਾੜ (4720 ਵੋਟਾਂ), ਤੇਜਵੀਰ ਪੰਧੇਰ (6904 ਵੋਟਾਂ), ਅਮਨਦੀਪ ਸਿੰਘ (4062 ਵੋਟਾਂ) ਤੇ ਰਾਜ ਪਤਾਰਾ (4988 ਵੋਟਾਂ) ਸ਼ਾਮਿਲ ਸਨ ਜੋ ਸਫਲ ਨਹੀ ਹੋ ਸਕੇ।




