Oct 21, 2026
ਮਿਸ਼ਨ ਤੋਂ ਜੈਗ ਗਿੱਲ ਬਿਨਾਂ ਮੁਕਾਬਲਾ ਮੇਅਰ ਬਣੇ- ਦੋ ਪੰਜਾਬੀ ਕੈਨ ਹੇਅਰ ਤੇ ਸ਼ਰਨ ਸੰਧੂ ਕੌਂਸਲਰ ਚੁਣੇ ਗਏ-
ਐਬਸਫੋਰਡ- ਮਿਸ਼ਨ ਤੋਂ ਪੰਜਾਬੀ ਮੂਲ ਦੇ ਜੈਗ ਗਿੱਲ ਦੇ ਬਿਨਾਂ ਮੁਕਾਬਲਾ ਮੇਅਰ ਚੁਣੇ ਜਾਣ ਦੇ ਨਾਲ ਵਿਲੀਅਮ ਲੇਕ ਤੋਂ ਸੁਰਿੰਦਰਪਾਲ ਰਾਠੌਰ ਮੁੜ ਮੇਅਰ ਚੁਣੇ ਗਏ ਹਨ। ਇਸਤੋਂ ਇਲਾਵਾ ਬੀਸੀ ਦੇ ਇਕ ਹੋਰ ਸ਼ਹਿਰ ਫਰਨੀ ਤੋਂ ਭਾਰਤੀ ਮੂਲ ਦੇ ਹਰਸ਼ਨ ਰਾਮਦਾਸ ਵੀ ਮੇਅਰ ਚੁਣੇ ਗਏ ਹਨ।
ਵਿਲੀਅਮ ਲੇਕ ਵਿਚ ਰਾਠੌਰ ਨੇ ਆਪਣੇ ਵਿਰੋਧੀ ਅਤੇ ਸਾਬਕਾ ਮੇਅਰ ਵਾਲਟ ਕੋਬ ਨੂੰ ਹਰਾਕੇ ਦੁਬਾਰਾ ਮੇਅਰ ਬਣਨ ਦਾ ਮਾਣ ਹਾਸਲ ਕੀਤਾ ਹੈ। ਰਾਠੌਰ 20 ਸਾਲਾਂ ਤੋਂ ਵੱਧ ਸਮੇਂ ਤੱਕ ਸਿਟੀ ਕੌਂਸਲਰ ਵਜੋਂ ਸੇਵਾ ਨਿਭਾਉਣ ਤੋਂ ਬਾਅਦ, 2022 ਵਿੱਚ ਮੇਅਰ ਚੁਣੇ ਗਏ ਸਨ।  ਰਾਠੌਰ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅਸੀਂ ਜਿੱਤ ਗਏ ਹਾਂ। ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਖੁਸ਼ੀ ਜਾਹਰ ਕਰਦਿਆਂ  ਫੇਸਬੁੱਕ ‘ਤੇ ਇੱਕ ਪੋਸਟ ਵੀ  ਸਾਂਝੀ ਕੀਤੀ ਹੈ । ਉਨ੍ਹਾਂ ਆਪਣੀ ਪੋਸਟ ਵਿਚ ਲਿਖਿਆ ਹੈ ਕਿ  “ਤੁਹਾਡੇ ਮੇਅਰ ਵਜੋਂ ਸੇਵਾ ਜਾਰੀ ਰੱਖਣ ਲਈ ਮੇਰੇ ‘ਤੇ ਭਰੋਸਾ ਕਰਨ ਲਈ ਤੁਹਾਡਾ ਧੰਨਵਾਦ।  ਸਾਲ 2014 ਅਤੇ 2018 ਵਿੱਚ, ਇਸ ਅਹੁਦੇ ਲਈ ਰਾਠੌਰ ਨੂੰ ਵਾਲਟ ਕੋਬ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤਾਜ਼ਾ ਨਤੀਜਿਆਂ ਵਿਚ ਰਾਠੌਰ ਨੇ ਕੁੱਲ 2,116 ਵੋਟਾਂ ਪ੍ਰਾਪਤ ਕੀਤੀਆਂ, ਜਦਕਿ ਵਾਲਟ ਕੋਬ ਨੂੰ ਕੁੱਲ 1,026 ਵੋਟਾਂ ਮਿਲੀਆਂ।
ਫਰਨੀ ਸਿਟੀ ਕੌਂਸਲ ਤੋਂ ਹਰਸ਼ਨ ਰਾਮਦਾਸ ਮੇਅਰ ਬਣੇ-
ਫਰਨੀ ਸਿਟੀ ਕੌਂਸਲ ਲਈ ਭਾਰਤੀ ਮੂਲ ਦੇ  ਹਰਸ਼ਨ ਰਾਮਦਾਸ ਨੂੰ  ਮੇਅਰ ਚੁਣਿਆ ਗਿਆ ਹੈ। ਉਨ੍ਹਾਂ ਨੇ ਕਾਇਲ ਹੈਮਿਲਟਨ ਨੂੰ 1,524 ਦੇ ਮੁਕਾਬਲੇ 1,194 ਵੋਟਾਂ ਨਾਲ ਹਰਾਇਆ।
ਉਹਨਾਂ ਤੋ ਇਲਾਵਾ ਟ੍ਰੇਸੀ ਔਡੀਆ ਕੈਲੀ, ਟੈਡ ਸ਼ੂਸਮਿਥ, ਸਕਾਟ ਟਿਬਾਲਸ, ਫਿਲ ਇਡਨ, ਕੈਥਲੀਨ ਡੋਲਨ ਅਤੇ ਜੋਸ਼ ਗਾਵਰੀਲੁਕ ਨੂੰ ਫਰਨੀ ਸਿਟੀ ਕੌਂਸਲ ਲਈ ਚੁਣਿਆ ਗਿਆ ਹੈ। ਨਵੀਂ ਕੌਂਸਲ ਰਿਹਾਇਸ਼ ਦੀ ਕਿਫਾਇਤੀ ਦਰ, ਬੁਨਿਆਦੀ ਢਾਂਚੇ ਵਿੱਚ ਨਿਵੇਸ਼, ਮਿਉਂਸਪਲ ਵਿੱਤ, ਭਾਈਚਾਰਕ ਵਿਕਾਸ, ਆਵਾਜਾਈ ਅਤੇ ਮਨੋਰੰਜਨ ਸੇਵਾਵਾਂ ਬਾਰੇ ਫੈਸਲੇ ਲਵੇਗੀ। ਨਵੀਂ ਕੌਂਸਲ ਦੀ ਪਹਿਲੀ ਮੀਟਿੰਗ 3 ਨਵੰਬਰ, 2026 ਨੂੰ ਹੋਣੀ ਤੈਅ ਹੋਈ ਹੈ।
ਮਿਸ਼ਨ ਤੋਂ ਪੰਜਾਬੀ ਮੂਲ ਦੇ ਕੈਨ ਹੇਅਰ ਤੇ ਸ਼ਰਨ ਸੰਧੂ ਕੌਂਸਲਰ ਬਣੇ-
ਮਿਸ਼ਨ ਸ਼ਹਿਰ ਤੋਂ ਪੰਜਾਬੀ ਮੂਲ ਦੇ ਕੈਨ ਹੇਅਰ ਮੁੜ ਕੌਂਸਲਰ ਚੁਣੇ ਗਏ ਹਨ ਜਦੋਂਕਿ ਸ਼ਰਨ ਸੰਧੂ ਪਹਿਲੀ ਵਾਰ ਕੌਂਸਲਰ ਚੁਣੀ ਗਈ ਹੈ। ਕੈਨ ਹੇਅਰ ਨੂੰ ਕੁਲ 3177 ਵੋਟ ਮਿਲੇ ਜਦੋਂਕਿ ਸ਼ਰਨ ਸੰਧੂ ਨੂੰ 2834 ਵੋਟਾਂ ਮਿਲੀਆਂ।ਮਿਸ਼ਨ ਵਿਚ ਚੁਣੇ ਗਏ 6 ਕੌਂਸਲਰਾਂ ਵਿਚ ਆਖਰੀ ਕੌਂਸਲਰ ਮਾਰਕ ਡੇਵੀਸ ਨੂੰ 2519 ਮਿਲੀਆਂ। ਇਥੋਂ ਕਈ ਹੋਰ ਪੰਜਾਬੀ ਉਮੀਦਵਾਰ ਮੈਦਾਨ ਵਿਚ ਸਨ ਪਰ ਨਵੇਂ ਉਮੀਦਵਾਰਾਂ ਚੋ ਕੇਵਲ ਸ਼ਰਨ ਸੰਧੂ ਹੀ ਕਾਮਯਾਬ ਰਹੀ। ਸ਼ਿਵ ਰਾਏ ਸਕੂਲ ਟਰੱਸਟੀ ਲਈ ਉਮੀਦਵਾਰ ਸੀ ਉਸਨੂੰ 1581 ਵੋਟ ਮਿਲੇ ਪਰ ਸਫਲ ਨਾ ਹੋ ਸਕੀ।
ਕੈਨ ਹੇਅਰ
ਸ਼ਰਨ ਸੰਧੂ

Leave a Reply

Your email address will not be published. Required fields are marked *