ਸਰੀ (ਜੋਗਿੰਦਰ ਸਿੰਘ)- ਕੰਜ਼ਰਵਟਿਵ ਬੀਸੀ ਉਮੀਦਵਾਰਾਂ ਨੇ ਸਰਕਾਰ ਬਣਦੇ ਸਾਰ ਗੁਰੂ ਨਾਨਕ ਜਹਾਜ਼ ਦਾ ਸਹੀ ਇਤਿਹਾਸ ਲਾਗੂ ਕਰਨ ਦੀ ਚੁੱਕੀ ਜ਼ਿੰਮੇਵਾਰੀ
ਸਰੀ (ਜੋਗਿੰਦਰ ਸਿੰਘ, ਸੁਖਮਿੰਦਰ ਸਿੰਘ ਬਰਾੜ ਭਗਤ ਭਾਈ ਕਾ)- ਗੁਰੂ ਨਾਨਕ ਜਹਾਜ਼ ਐਲਾਨਨਾਮੇ ਦਾ ਵਿਸ਼ਾ 1914 ਦੀ ਇਤਿਹਾਸਕ ਚੜ੍ਹਦੀ ਕਲਾ ਦੀ ਯਾਤਰਾ ਨਾਲ ਜੁੜਿਆ ਹੋਇਆ ਹੈ, ਗੁਰੂ ਨਾਨਕ ਜਹਾਜ਼ (ਜਿਸ ਦਾ ਅਸਲ ਨਾਂ ਯਾਤਰੀਆਂ ਵੱਲੋਂ ‘ਗੁਰੂ ਨਾਨਕ ਜਹਾਜ਼’ ਰੱਖਿਆ ਗਿਆ ਸੀ, ਜੋ ਕਿ ਕਾਮਾਗਾਟਾਮਾਰੂ ਸਟੀਮਸ਼ਿਪ ਕੰਪਨੀ ਤੋਂ ਛੇ ਮਹੀਨੇ ਲਈ ਕਿਰਾਏ ਤੇ ਲਿਆ ਗਿਆ ਸੀ) ਨੂੰ ਵੈਨਕੂਵਰ ਬੰਦਰਗਾਹ ‘ਤੇ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਬੀ.ਸੀ. ਸਰਕਾਰ ਵੱਲੋਂ ਇਸ ਬਾਰੇ ਜਾਰੀ ਕੀਤੇ ਗਏ ਐਲਾਨਨਾਮੇ ਵਿੱਚੋਂ ‘ਗੁਰੂ ਨਾਨਕ ਜਹਾਜ਼’ ਨਾਂ ਨੂੰ ਬਿਨਾਂ ਕਿਸੇ ਜਨਤਕ ਨੋਟਿਸ ਜਾਂ ਸਪੱਸ਼ਟੀਕਰਨ ਦੇ ਚੁੱਪ-ਚੁਪੀਤੇ ਹਟਾਉਣ ਦੇ ਮੁੱਦੇ ‘ਤੇ ਗਦਰ ਮੈਮੋਰੀਅਲ ਸੁਸਾਇਟੀ, ਕੈਨੇਡਾ ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਬੀਸੀ ਕੈਨੇਡਾ, ਵਣਜਾਰਾ ਨੋਮੈਡ ਕੁਲੈਕਸਨਜ, ਸਥਾਨਕ ਸਭਿਆਚਾਰਕ, ਸਾਹਿਤਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਡੂੰਘੀਆਂ ਵਿਚਾਰਾਂ ਹੋਈਆਂ। ਇਸ ਮੌਕੇ ਤੇ ਬੀਸੀ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿਖੇਧੀ ਕੀਤੀ ਗਈ, ਜਿਸ ਵਿੱਚ ਉਹਨਾਂ ਗੁਰੂ ਨਾਨਕ ਜਹਾਜ਼ ਸ਼ਬਦ ਹਟਾ ਕੇ ਐਲਾਨਨਾਮਾ ਵਾਪਸ ਕੀਤਾ।
ਇਸ ਮੌਕੇ ‘ਤੇ ਬੋਲਦਿਆਂ ਮੌਜੂਦਾ ਸੂਬਾਈ ਚੋਣ ਵਿੱਚ ਸਰੀ ਨੌਰਥ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਐਮਐਲਏ ਮਨਦੀਪ ਸਿੰਘ ਧਾਲੀਵਾਲ ਨੇ ਜ਼ਿੰਮੇਵਾਰੀ ਚੁੱਕਦਿਆਂ ਕਿਹਾ ਕੰਸਰਵਟਿਵ ਬੀਸੀ ਦੀ ਸਰਕਾਰ ਬਣਦੇ ਸਾਰ ਹੀ ਉਹ ਨਾ ਸਿਰਫ ਇਹ ਐਲਾਨਨਾਮਾ ਹੀ ਜਾਰੀ ਕਰਨਗੇ, ਬਲਕਿ ਵਿਦਿਆ ਖੇਤਰ ਵਿੱਚ ਵੀ ਗੁਰੂ ਨਾਨਕ ਜਹਾਜ਼ ਦੇ ਸਹੀ ਇਤਿਹਾਸ ਨੂੰ ਲਾਗੂ ਕਰਵਾਉਣ ਲਈ ਦ੍ਰਿੜ ਹੋਣਗੇ। ਸਰੀ ਨਿਊਟਨ ਤੋਂ ਕੰਸਰਵਟਿਵ ਪਾਰਟੀ ਦੇ ਉਮੀਦਵਾਰ ਡਾ ਹਰਜ ਧਾਲੀਵਾਲ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਬਣਦਿਆਂ ਹੀ ਜਿੱਥੇ ਗੁਰੂ ਨਾਨਕ ਜਹਾਜ਼ ਦਾ ਸਹੀ ਇਤਿਹਾਸ ਲਾਗੂ ਕੀਤਾ ਜਾਵੇਗਾ, ਉਥੇ ਸਾਡੇ ਇਤਿਹਾਸ ਨਾਲ ਸਬੰਧਤ ਸਾਰੇ ਪਹਿਲੂਆਂ ਨੂੰ ਸੱਚ ਦੀ ਕਸੌਟੀ ਅਨੁਸਾਰ ਮਾਨਤਾ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਉਹ ਇਹ ਗੱਲ ਵਿਧਾਨ ਸਭਾ ਚ ਲੈ ਕੇ ਜਾਣਗੇ ਤੇ ਜੇਕਰ ਉਹਨਾਂ ਨੂੰ ਵਿਧਾਇਕ ਚੁਣਿਆ ਗਿਆ, ਤਾਂ ਉਹ ਹਰ ਹਾਲ ਵਿੱਚ ਗੁਰੂ ਨਾਨਕ ਜਹਾਜ਼ ਐਲਾਨਨਾਮਾ ਜਾਰੀ ਕਰਵਾਉਣਗੇ।
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਦੇ ਵੱਲੋਂ ਡਾ ਗੁਰਵਿੰਦਰ ਸਿੰਘ ਧਾਲੀਵਾਲ ਨੇ ਇਤਿਹਾਸ ਬਾਰੇ ਪ੍ਰਮਾਣਾਂ ਸਹਿਤ ਗੱਲਬਾਤ ਕਰਦਿਆਂ ਭੁਲੇਖੇ ਦੂਰ ਕੀਤੇ ਅਤੇ ਗੁਰੂ ਨਾਨਕ ਜਹਾਜ਼ ਦੇ ਸਹੀ ਬਿਰਤਾਂਤ ਨੂੰ ਬਹਾਲ ਕਰਨ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਉਹਨਾਂ ਪੰਜਾਬ ਵਿੱਚ ਇਸ ਮੁੱਦੇ ਤੇ ਵਿਸੇਸ਼ ਕਰਕੇ ਅਕਾਲ ਤਖਤ ਸਾਹਿਬ ਦਾ ਧੰਨਵਾਦ ਕੀਤਾ, ਜਿੱਥੋਂ ਗੁਰੂ ਨਾਨਕ ਜਹਾਜ ਦੀ ਨਾਂ ਅਤੇ ਇਤਿਹਾਸ ਦੀ ਬਹਾਲੀ ਲਈ ਸੰਦੇਸ਼ ਦਿੱਤਾ ਗਿਆ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਗੁਰੂ ਨਾਨਕ ਜਹਾਜ਼ ਦੇ ਸ਼ਹੀਦੀ ਸਾਕੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਅਰਦਾਸ ਕੀਤੀ ਗਈ। ਗ਼ਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਵੱਲੋਂ ਡਾ ਸੁਰਿੰਦਰਜੀਤ ਸਿੰਘ ਭੇਲਾ਼ ਨੇ ਕਿਹਾ ਕਿ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਨੂੰ ਕਾਮਾਗਾਟਾਮਾਰੂ ਦਾ ਇਤਿਹਾਸ ਦੱਸਦਿਆਂ ਕਈ ਇਤਿਹਾਸਕਾਰਾਂ ਅਤੇ ਸੰਸਥਾਵਾਂ ਨੇ ਧਰੋਹ ਕਮਾਇਆ ਗਿਆ ਹੈ ਅਤੇ ਇਸ ਦੀ ਸੋਧ ਹਰ ਹਾਲ ਵਿੱਚ ਹੋਣੀ ਚਾਹੀਦੀ ਹੈ, ਜਦਕਿ ਬੀਸੀ ਸਰਕਾਰ ਨੇ ਗੁਰੂ ਨਾਨਕ ਜਹਾਜ਼ ਐਲਾਨਨਾਮਾ ਰੱਦ ਕਰਕੇ ਵੱਡੀ ਗਲਤੀ ਕੀਤੀ ਹੈ।
ਵਣਜਾਰਾ ਨੋਮੈਡ ਕੁਲੈਕਸ਼ਨਜ਼ ਤੋਂ ਰਾਜ ਸਿੰਘ ਭੰਡਾਲ ਨੇ ਬੀਸੀ ਸਰਕਾਰ ਵੱਲੋਂ ਗੁਰੂ ਨਾਨਕ ਜਹਾਜ਼ ਨਾਂ ਉੱਪਰ ਐਲਾਨਨਾਮਾ ਪਹਿਲਾਂ ਜਾਰੀ ਕਰਨ ਅਤੇ ਫਿਰ ਆਪੇ ਹੀ ਇਸ ਨੂੰ ਰੱਦ ਕਰਨ ਦੀ ਸਾਰੀ ਪ੍ਰਕਿਰਿਆ ਤੇ ਗੰਭੀਰ ਸਵਾਲ ਉਠਾਏ ਅਤੇ ਗਲਤੀ ਇਸ ਖ਼ਿਲਾਫ਼ ਮੁਹਿੰਮ ਜਾਰੀ ਰੱਖਣ ਅਤੇ ਚੋਣਾਂ ਵਿੱਚ ਇਸ ਮੁੱਦੇ ਨੂੰ ਹਰ ਪੱਧਰ ਤੇ ਉਠਾ ਕੇ, ਸਰਕਾਰ ਨੂੰ ਜਵਾਬ ਦੇਹ ਬਣਾਉਣ ਦਾ ਪ੍ਰਣ ਦੁਹਰਾਇਆ। ਕੈਨੇਡਾ ਦੀ ਫੈਡਰਲ ਮਾਫ਼ੀ ਵਿੱਚ ਸੋਧ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਤੌਰ ‘ਤੇ ਨਾਂ ਗੁਰੂ ਨਾਨਕ ਜਹਾਜ਼ ਕਰਨ ਲਈ ਆਵਾਜ਼ ਉਠਾਉਂਦੇ ਹੋਏ ਉਹਨਾ ਸਮੂਹ ਹਾਜ਼ਰੀਨ ਤੋਂ ਪ੍ਰਵਾਨਗੀ ਲਈ। ਸ ਜਗਰੂਪ ਸਿੰਘ ਖੇੜਾ ਨੇ ਇਸ ਵਿਸ਼ੇਸ਼ ਇਕੱਤਰਤਾ ਸ਼ਾਮਿਲ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਜਿਸ ਤਰ੍ਹਾਂ ਕਿਸੇ ਬੋਇੰਗ ਕੰਪਨੀ ਦਾ ਜਹਾਜ਼ ਲੀਜ਼ ਜਾਂ ਕਰਾਏ ਤੇ ਲੈਣ ਮਗਰੋਂ, ਪਛਾਣ ਬੋਇੰਗ ਕੰਪਨੀ ਦੀ ਨਹੀਂ, ਲੈਣ ਵਾਲੇ ਦੀ ਹੁੰਦੀ ਹੈ, ਇਸੇ ਤਰ੍ਹਾਂ ਗੁਰੂ ਨਾਨਕ ਜਹਾਜ਼ ਬਾਬਾ ਗੁਰਦਿੱਤ ਸਿੰਘ ਅਤੇ ਸਾਥੀਆਂ ਵੱਲੋਂ ਕਿਰਾਏ ਤੇ ਲੈ ਕੇ, ਇਸ ਦਾ ਗੁਰੂ ਨਾਨਕ ਜਹਾਜ਼ ਨਾਂ ਰੱਖਣ ਦੇ ਵਿਸ਼ੇ ‘ਤੇ ਕੋਈ ਦੁਬਿਧਾ ਜਾਂ ਭੁਲੇਖਾ ਰਹਿਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਇੱਥੇ ਜ਼ਿਕਰ ਯੋਗ ਹੈ ਕਿ 25 ਤੋਂ ਵੱਧ ਧਾਰਮਿਕ, ਸਮਾਜਿਕ, ਸਭਿਆਚਾਰ, ਸਾਹਿਤਕ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਗੁਰੂ ਨਾਨਕ ਜਹਾਜ਼ ਨਾਂ ਦੀ ਬਹਾਲੀ ਲਈ ਬਚਨਵੱਧਤਾ ਪ੍ਰਗਟਾਉਂਦਿਆਂ, ਇਸ ਇਤਿਹਾਸ ਨੂੰ ਸੋਧਣ ਦੀ ਜ਼ੋਰਦਾਰ ਸ਼ਬਦਾਂ ਵਿੱਚ ਵਕਾਲਤ ਕੀਤੀ ਹੈ। ਹੋਰਨਾਂ ਬੁਲਾਰਿਆਂ ਵਿੱਚ ਗੁਰਮੁਖ ਸਿੰਘ ਦਿਓਲ, ਕੁਲਦੀਪ ਸਿੰਘ ਚਾਹਲ, ਬਲਬੀਰ ਸਿੰਘ ਸੰਘਾ, ਸੁਰਿੰਦਰ ਸਿੰਘ ਬੜਿੰਗ, ਬੀਬੀ ਸੁਖਵਿੰਦਰ ਕੌਰ, ਸ ਬਲਕਾਰ ਸਿੰਘ ਦੁਸਾਂਝ, ਕੇਸਰ ਸਿੰਘ ਕੂਨਰ, ਗਗਨ ਸਿੰਘ ਅਤੇ ਗੁਰਪ੍ਰੀਤ ਸਿੰਘ ਤਲਵੰਡੀ ਵਲੋਂ ਵਿਚਾਰ ਸਾਂਝੇ ਕੀਤੇ ਗਏ। ਹਾਜ਼ਰ ਸ਼ਖਸੀਅਤਾਂ ਵਿੱਚ ਸਰੀ ਦੇ ਨਾਮਜ਼ਦ ਡਿਪਟੀ ਮੇਅਰ ਮਨਦੀਪ ਸਿੰਘ ਨਾਗਰਾ ਦੇ ਪਿਤਾ ਸ ਜਗੀਰ ਸਿੰਘ ਨਾਗਰਾ, ਸੋਨੀ ਝਾਵਰ, ਭੁਪਿੰਦਰ ਸਿੰਘ ਘੱਗ, ਸਤਨਾਮ ਸਿੰਘ, ਹਰਪ੍ਰੀਤ ਸਿੰਘ, ਪੱਤਰਕਾਰ ਗੁਰਪ੍ਰੀਤ ਸਿੰਘ ਲੱਕੀ ਸਹੋਤਾ, ਅਮਰਪਾਲ ਸਿੰਘ, ਸੰਤੋਖ ਸਿੰਘ ਮੰਡੇਰ, ਨਿਰੰਜਨ ਸਿੰਘ ਲੇਹਲ, ਗੁਰਪ੍ਰੀਤ ਸਿੰਘ ਸੰਘੇੜਾ ਤਲਵੰਡੀ, ਮਨਪ੍ਰੀਤ ਸਿੰਘ, ਮਲਕੀਅਤ ਸਿੰਘ, ਰਵੀ ਕਾਂਤ, ਸਰਬਰਾਜ ਸਿੰਘ ਕਾਹਲੋਂ, ਪਰਮਿੰਦਰ ਸਿੰਘ ਥਿੰਦ, ਤੀਰਥ ਸਿੰਘ ਖਾਬੜਾ ਤੇ ਮਹਿੰਦਰਪਾਲ ਸਿੰਘ ਸੇਠੀ ਸਮੇਤ ਉੱਘੀਆਂ ਹਸਤੀਆਂ ਸ਼ਾਮਿਲ ਹੋਈਆਂ।
ਸਮਾਗਮ ਦਾ ਸੰਚਾਲਨ ਡਾਕਟਰ ਜਸਜੋਤ ਸਿੰਘ ਮਾਨ ਨੇ ਬਾਖੂਬੀ ਨਿਭਾਇਆ । ਸਮੁੱਚੇ ਰੂਪ ‘ਚ ਇਹ ਸਮਾਗਮ ਬੀਸੀ ਸਰਕਾਰ ਵੱਲੋਂ ਗੁਰੂ ਨਾਨਕ ਜਹਾਜ਼ ਐਲਾਨਨਾਮਾ ਵਾਪਸ ਕੀਤੇ ਜਾਣ ਦੇ ਗਲਤ ਫੈਸਲੇ ਨੂੰ ਰੱਦ ਕਰਨ ਅਤੇ ਲੋਕਾਂ ਨੂੰ ਸੁਚੇਤ ਕਰਨ ਵਿੱਚ ਸਫਲ ਰਿਹਾ।


