ਕੰਸਰਵੇਟਿਵ ਵਲੋਂ 16 ਵਾਰ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਗਈ- ਜਗਰੂਪ ਬਰਾੜ
ਇੰਡੋ ਕੈੇਨੇਡੀਅਨ ਭਾਈਚਾਰੇ ਲਈ ਐਨ ਡੀ ਪੀ ਹੀ ਬੇਹਤਰ ਪਾਰਟੀ-ਰਾਜ ਚੌਹਾਨ-
ਸਰੀ ( ਦੇ ਪ੍ਰ ਬਿ)– ਬੀਸੀ ਵਿਚ ਅਚਨਚੇਤ ਚੋਣਾਂ ਉਪਰੰਤ ਸਰੀ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਨ ਡੀ ਪੀ ਆਗੂ ਡੇਵਿਡ ਈਬੀ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਚ ਜਦੋਂ ਕੈਨੇਡਾ ਅਤੇ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਨੂੰ ਟਰੰਪ ਦੀ ਟਰੇਡ ਜੰਗ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਦੂਸਰੇ ਸੂਬੇ ਦੀ ਮੁੱਖ ਵਿਰੋਧੀ ਪਾਰਟੀ ਕੰਸਰਵੇਟਿਵ ਵਲੋਂ ਵਾਰ ਵਾਰ ਲੈਜਿਸਲੇਚਰ ਵਿਚ ਅੜਿਕੇ ਖੜੇ ਕਰਨ ਅਤੇ ਸਰਕਾਰ ਨੂੰ ਵਾਰ ਵਾਰ ਡੇਗਣ ਦੀਆਂ ਕੋਸ਼ਿਸ਼ਾਂ ਕਾਰਣ ਉਹਨਾਂ ਨੂੰ ਨਵੀਆਂ ਚੋਣਾਂ ਕਰਵਾਉਣ ਲਈ ਮਜਬੂਰ ਹੋਣਾ ਪਿਆ ਹੈ। ਉਹਨਾਂ ਨੂੰ ਸੂਬੇ ਦੇ ਲੋਕਾਂ ਦੀ ਬੇਹਤਰੀ ਅਤੇ ਵਿਕਾਸ ਕਾਰਜਾਂ ਲਈ ਇਕ ਮਜਬੂਤ ਤੇ ਭਰੋਸੋਯੋਗ ਫਤਵੇ ਦੀ ਲੋੜ ਹੈ। ਇਸ ਮੌਕੇ ਉਹਨਾਂ ਐਨ ਡੀ ਪੀ ਸਰਕਾਰ ਵਲੋਂ ਹੁਣ ਤੱਕ ਸੂਬੇ ਅਤੇ ਖਾਸ ਕਰਕੇ ਸਰੀ ਲਈ ਕੀਤੇ ਗਏ ਕੰਮਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਹਨਾਂ ਹੋਰ ਕਿਹਾ ਕਿ ਸਰੀ ਸੂਬੇ ਦੀ ਆਰਥਿਕਤਾ ਅਤੇ ਸਿਆਸਤ ਦਾ ਧੁਰਾ ਹੈ। ਸਰੀ ਦੇ ਸਰਬਪੱਖੀ ਵਿਕਸਾ ਅਤੇ ਲੋਕਾਂ ਦੀ ਸਹੂਲਤਾਂ ਲਈ ਐਨ ਡੀ ਪੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸਿਹਤ ਸਹੂਲਤਾਂ ਲਈ ਪਹਿਲਾਂ ਹੀ ਕਲੋਵਰਡੇਲ ਵਿਚ ਹਸਪਤਾਲ ਉਸਾਰੀ ਅਧੀਨ ਹੈ। ਸਰੀ ਦੇ ਲੋਕਾਂ ਦੀ ਭਾਵਨਾਵਾਂ ਮੁਤਾਬਿਕ ਫੈਸਲੇ ਲਏ ਜਾਣਗੇ। ਇਸ ਮੌਕੇ ਉਹਨਾਂ ਨਾਲ ਸਾਬਕਾ ਸਪੀਕਰ ਤੇ ਬਰਨਬੀ ਵੈਸਮਿਨਸਟ ਤੋਂ ਉਮੀਦਵਾਰ ਰਾਜ ਚੌਹਾਨ, ਸਾਬਕਾ ਮੰਤਰੀ ਤੇ ਸਰੀ ਫਲੀਟਵੁੱਡ ਤੋਂ ਉਮੀਦਵਾਰ ਜਗਰੂਪ ਸਿੰਘ ਬਰਾੜ, ਸਾਬਕਾ ਮੰਤਰੀ ਤੇ ਸਰੀ ਨਿਊਟਨ ਤੋਂ ਉਮੀਦਵਾਰ ਜੈਸੀ ਸੁੰਨੜ, ਸਰੀ ਸਰਪੈਨਟਾਈਨ ਤੋਂ ਉਮੀਦਵਾਰ ਸਿਕੰਦਰ ਸਿੰਘ ਕੰਗ, ਬਰਨਬੀ ਤੋਂ ਰੋਹਣੀ ਅਰੋੜਾ ਹਾਜ਼ਰ ਸਨ। ਇਸ ਮੌਕੇ ਜਗਰੂਪ ਬਰਾੜ ਨੇ ਦੇਸ ਪ੍ਰਦੇਸ ਵਲੋਂ ਸਰਕਾਰ ਦੀ ਅਚਾਨਕ ਚੋਣਾਂ ਕਰਵਾਏ ਜਾਣ ਦੀ ਮਜ਼ਬੂਰੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਵੇਂਕਿ ਐ ਡੀ ਪੀ ਦੀ ਸਰਕਾਰ ਪਿਛਲੇ ਦੋ ਸਾਲ ਤੋਂ ਚਲਦੀ ਆ ਰਹੀ ਸੀ ਪਰ ਇਸ ਦੌਰਾਨ ਘੱਟ ਗਿਣਤੀ ਸਰਕਾਰ ਹੋਣ ਕਾਰਣ ਲੈਜਿਸਲੇਚਰ ਵਿਚ ਕੋਈ ਵੀ ਬਿਲ ਪਾਸ ਕਰਵਾਉਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹਨਾਂ ਦੱਸਿਆ ਕਿ ਬੀ ਸੀ ਕੰਸਰਵੇਟਿਵ ਵਲੋਂ ਪਿਛਲੇ ਸਮੇਂ ਦੌਰਾਨ 16 ਵਾਰ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਐਨ ਡੀ ਪੀ ਨੂੰ ਆਪਣੀ ਇਕ ਕੈਂਸਰ ਨਾਲ ਪੀੜਤ ਮੈਂਬਰ ਅਤੇ ਇਕ ਜੱਚਾ ਬੱਚਾ ਲਈ ਛੁੱਟੀ ਤੇ ਗਈ ਮੈਂਬਰ ਦੀ ਐਮਰਜੈਂਸੀ ਵੋਟ ਦੇ ਪ੍ਰਬੰਧ ਕਰਨੇ ਪਏ। ਇਸ ਮੌਕੇ ਉਹਨਾਂ ਐਨ ਡੀ ਪੀ ਦੀਆਂ ਨੀਤੀਆਂ ਦੀ ਗੱਲ ਕਰਦਿਆਂ ਕਿਹਾ ਕਿ ਇਹ ਲੋਕ ਹਿੱਤੂ ਅਤੇ ਸਮਾਜ ਨੂੰ ਜੋੜਨ ਵਾਲੀ ਪਾਰਟੀ ਹੈ ਜਦੋਂਕਿ ਕੰਸਰਵੇਟਿਵ ਦੀ ਸੋਚ ਪਿਛਾਂਹਖਿਚੂ ਤੇ ਸਮਾਜ ਵਿਚ ਵੰਡੀਆਂ ਪਾਉਣ ਵਾਲੀ ਹੈ। ਉਹਨਾਂ ਕੈਨੇਡਾ ਅਤੇ ਬੀਸੀ ਵਿਚ ਪਰਵਾਸੀ ਭਾਈਚਾਰੇ ਦੇ ਹੱਕਾਂ ਅਤੇ ਹਿੱਤਾਂ ਲਈ ਐਨ ਡੀ ਪੀ ਦੇ ਯੋਗਦਾਨ ਅਤੇ ਇਸ ਪਾਰਟੀ ਨਾਲ ਮਿਲਕੇ ਸਾਡੇ ਬਜੁਰਗਾਂ ਵਲੋਂ ਕੀਤੇ ਗਏ ਕਾਰਜਾਂ ਦਾ ਹਵਾਲਾ ਦਿੱਤਾ। ਉਹਨਾਂ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੀ ਵੱਡੀ ਵਸੋਂ ਵਾਲੇ ਸਰੀ ਸ਼ਹਿਰ ਦੀ ਗੱਲ ਕਰਦਿਆਂ ਕਿਹਾ ਕਿ ਐਨ ਡੀ ਪੀ ਵਲੋਂ ਸਰੀ ਵਾਸੀਆਂ ਅਤੇ ਇਲਾਕੇ ਦੇ ਵਿਕਾਸ ਲਈ ਜੋ ਵਿਕਾਸ ਕਾਰਜ ਕੀਤੇ ਗਏ ਹਨ ਉਹਨਾਂ ਦਾ ਆਪਣਾ ਇਕ ਇਤਿਹਾਸ ਹੈ। ਇਸ ਮੌਕੇ ਸਾਬਕਾ ਸਪੀਕਰ ਰਾਜ ਚੌਹਾਨ ਨੇ ਕਿਹਾ ਕਿ ਇੰਡੋ ਕੈਨੇਡੀਅਨ ਤੇ ਪੰਜਾਬੀ ਭਾਈਚਾਰੇ ਦੇ ਹਿੱਤਾਂ ਲਈ ਕੰਮ ਕਰਨ ਵਾਲੀ ਸਭ ਤੋਂ ਬੇਹਤਰ ਪਾਰਟੀ ਐਨ ਡੀ ਪੀ ਹੀ ਹੈ। ਇਸ ਮੌਕੇ ਪ੍ਰੀਮੀਅਰ ਅਤੇ ਉਹਨਾਂ ਦੇ ਸਾਥੀਆਂ ਨੂੰ ਪੱਤਰਕਾਰਾਂ ਨੇ ਆਰਥਿਕ ਅਤੇ ਸਮਾਜਿਕ ਹਾਲਤਾਂ ਤੋਂ ਇਲਾਵਾ ਵਿਦੇਸ਼ੀ ਦਖਲਅੰਦਾਜੀ ਅਤੇ ਗੁਰੂ ਨਾਨਕ ਜਹਾਜ਼ ਨੂੰ ਮਾਨਤਾ ਦਿੱਤੇ ਜਾਣ ਤੇ ਪੈਦਾ ਹੋਏ ਵਿਵਾਦ ਬਾਰੇ ਵੀ ਸਵਾਲ ਪੁੱਛੇ। ਜਿਹਨਾਂ ਦੇ ਉਹਨਾਂ ਨੇ ਆਪਣੀ ਸਮਝ ਅਤੇ ਪਾਰਟੀ ਨੀਤੀ ਮੁਤਾਬਿਕ ਜਵਾਬ ਦਿੱਤੇ।


