Nov 15, 2026

ਕੰਸਰਵੇਟਿਵ ਨੂੰ 64, ਐਨਡੀਪੀ ਨੂੰ 27 ਤੇ ਗਰੀਨ ਪਾਰਟੀ ਨੂੰ 2 ਸੀਟਾਂ- ਲੌਰਨ ਡੌਰਕਸਨ ਹੋਣਗੇ ਨਵੇਂ ਪ੍ਰੀਮੀਅਰ-

ਡੇਵਿਡ ਈਬੀ ਨੇ ਹਾਰ ਕਬੂਲਦਿਆਂ ਅਸਤੀਫਾ ਦੇਣ ਦਾ ਕੀਤਾ ਐਲਾਨ-

ਵੈਨਕੂਵਰ ( ਦੇ ਪ੍ਰ ਬਿ)-ਬ੍ਰਿਟਿਸ਼ ਕੋਲੰਬੀਆ ਵਿਚ ਪ੍ਰੀਮੀਅਰ ਤੇ ਐਨ ਡੀ ਪੀ ਆਗੂ ਡੇਵਿਡ ਈਬੀ ਵਲੋਂ ਸਮੇਂ ਤੋਂ ਪਹਿਲਾਂ ਅਚਨਚੇਤ ਚੋਣਾਂ ਕਰਵਾਉਣ ਦਾ ਖਮਿਆਜ਼ਾ ਪੂਰੀ ਪਾਰਟੀ ਨੂੰ ਭੁਗਤਣਾ ਪਿਆ। ਅੱਜ ਰਾਤ ਆਏ ਚੋਣ ਨਤੀਜਿਆਂ ਵਿਚ ਐਨ ਡੀ ਪੀ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂਕਿ ਬੀ ਸੀ ਕੰਸਰਵੇਟਿਵ ਪਾਰਟੀ ਨੇ 93 ਮੈਂਬਰੀ ਵਿਧਾਨ ਸਭਾ ਵਿਚ 64 ਸੀਟਾਂ ਜਿੱਤਕੇ ਪੂਰਨ ਬਹੁਮਤ ਪ੍ਰਾਪਤ ਕਰ ਲਿਆ ਜਦੋਂਕਿ ਐਨ ਡੀ ਪੀ 27 ਸੀਟਾਂ ਤੇ ਸੀਮਤ ਹੋ ਗਈ। ਗਰੀਨ ਪਾਰਟੀ ਨੂੰ ਦੋ ਸੀਟਾਂ ਮਿਲੀਆਂ। ਨਵੀਆਂ ਬਣੀਆਂ ਪਾਰਟੀਆਂ ਸੈਂਟਰ ਬੀਸੀ ਅਤੇ ਵੰਨ ਬੀਸੀ ਨੂੰ ਕੋਈ ਵੀ ਸੀਟ ਹਾਸਲ ਨਾ ਹੋ ਸਕੀ।

ਬੀ ਸੀ ਕੰਸਰਵੇਟਿਵ ਪਾਰਟੀ ਨੇ ਜਿਥੇ ਸੂਬੇ ਭਰ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਉਥੇ ਸਰੀ ਦੀਆਂ ਸਾਰੀਆਂ 10 ਸੀਟਾਂ ਜਿੱਤਕੇ ਐਨ ਡੀ ਪੀ ਦਾ ਇਥੋਂ ਪੂਰਾ ਸਫਾਇਆ ਕਰ ਦਿੱਤਾ।

ਕੰਸਰਵੇਟਿਵ ਦੀ ਜਿੱਤ ਨਾਲ ਬ੍ਰਿਟਿਸ਼ ਕੋਲੰਬੀਆ ਨੇ ਲਗਭਗ ਇੱਕ ਸਦੀ ਵਿੱਚ ਪਹਿਲੀ ਵਾਰ ਕੰਸਵੇਟਿਵ ਬਹੁਮਤ ਵਾਲੀ ਸਰਕਾਰ ਚੁਣੀ ਹੈ। ਇਹ ਉਹੀ ਕੰਸਰਵੇਟਿਵ ਪਾਰਟੀ ਹੈ ਜੋ ਕੁਝ ਸਮਾਂ ਪਹਿਲਾਂ ਅੰਦਰੂਨੀ ਲੜਾਈ ਦਾ ਸ਼ਿਕਾਰ ਸੀ ਤੇ ਭਾਰੀ ਵਿਰੋਧ ਕਾਰਣ ਪਾਰਟੀ ਆਗੂ ਨੂੰ ਅਸਤੀਫਾ ਦੇਣਾ ਪਿਆ ਸੀ। ਪਾਰਟੀ ਵਲੋਂ ਅਜੇ ਲੌਰਨ ਡੌਰਕਸਨ ਨੂੰ ਅੰਤਰਿਮ ਆਗੂ ਬਣਾਇਆ ਸੀ ਕਿ ਪ੍ਰੀਮੀਅਰ ਡੇਵਿਡ ਈਬੀ ਨੇ ਵਿਰੋਧੀ ਧਿਰ ਦੇ ਬਿਖਰੀ ਹੋਣ ਦਾ ਲਾਭ ਲੈਣ ਦੇ ਲਾਲਚ ਵਿਚ ਅਚਨਚੇਤ ਚੋਣਾਂ ਦਾ ਐਲਾਨ ਕਰ ਦਿੱਤਾ। ਚੋਣਾਂ ਦਾ ਐਲਾਨ ਹੁੰਦਿਆਂ ਬਿਖਰੀ ਹੋਈ ਕੰਸਰਵੇਟਿਵ ਮੁੜ ਇਕੱਠੀ ਹੋ ਗਈ ਤੇ ਲੌਰਨ ਡੌਰਕਸਨ ਦੀ ਯੋਗ ਅਗਵਾਈ ਨੇ ਜਿਥੇ ਲੋਕਾਂ ਦਾ ਭਰੋਸਾ ਜਿੱਤਣ ਵਿਚ ਸਫਲਤਾ ਪ੍ਰਾਪਤ ਕੀਤੀ ਉਥੇ ਸੂਬੇ ਦੇ ਲੋਕਾਂ ਨੇ ਵੀ ਪਾਰਟੀ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਨਵੀ ਸਰਕਾਰ ਬਣਾਉਣ ਦੇ ਕਾਬਲ ਬਣਾ ਦਿੱਤਾ। ਹੁਣ ਅੰਤਰਿਮ ਲੀਡਲ ਲੌਰਨ ਡੌਰਕਸਨ ਸੂਬੇ ਦੇ ਨਵੇਂ ਪ੍ਰੀਮੀਅਰ ਹੋਣਗੇ। ਲੌਰਨ ਡੌਰਕਸਨ ਜੋ ਕਿ ਪੇਸ਼ੇ ਵਜੋਂ ਇਕ ਸਥਾਨਕ ਪੱਤਰਕਾਰ ਰਹੇ ਹਨ, 2020 ਵਿਚ ਪਹਿਲੀ ਵਾਰ ਕੈਰੀਬੂ ਤੋਂ ਵਿਧਾਇਕ ਬਣੇ ਸਨ ਤੇ ਹੁਣ ਉਹ ਇਸੇ ਹਲਕੇ ਤੋਂ ਤੀਸਰੀ ਵਾਰ ਜਿੱਤੇ ਹਨ।

ਇਸੇ ਦੌਰਾਨ ਡੇਵਿਡ ਐਬੀ ਨੇ  ਪਾਰਟੀ ਦੀ ਹਾਰ ਲਈ ਇਖਲਾਕੀ ਜਿੰਮੇਵਾਰੀ ਕਬੂਲ ਕਰਦਿਆਂ ਐਨਡੀਪੀ ਦੇ ਨੇਤਾ ਵਜੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਸਮੇਂ ਤੋਂ ਦੋ ਸਾਲ ਪਹਿਲਾਂ ਐਲਾਨੀ ਗਈ ਚੋਣ ਦੇ ਨਤੀਜੇ ਦੀ ਜ਼ਿੰਮੇਵਾਰੀ ਸਵੀਕਾਰ ਕਰਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਉਮੀਦ ਨਹੀ ਸੀ। ਉਹਨਾਂ ਭਰੇ ਮਨ ਨਾਲ ਪਾਰਟੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਨਵਾਂ ਆਗੂ ਚੁਣਨ ਦਾ ਸਮਾਂ ਆ ਗਿਆ ਹੈ। ਜ਼ਿਕਰਯੋਗ ਹੈ ਕਿ ਡੇਵਿਡ ਈਬੀ ਨੇ ਅਮਰੀਕਾ ਨਾਲ ਵਪਾਰਕ ਜੰਗ ਦੇ ਬਹਾਨੇ ਇਕ ਮਜ਼ਬੂਤ ਫਤਵੇ ਲਈ ਸਨੈਪ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ।

ਸਰੀ ਦੀਆਂ ਸਾਰੀਆਂ 10 ਸੀਟਾਂ ਤੋਂ ਕੰਸਰਵੇਟਿਵ ਉਮੀਦਵਾਰ ਜੇਤੂ-

ਕੰਸਰਵੇਟਿਵ ਪਾਰਟੀ ਦੀ ਚੱਲੀ ਬਲਿਊ ਲਹਿਰ ਦਾ ਅਸਰ ਹਰ ਪਾਸੇ ਵੇਖਣ ਨੂੰ ਮਿਲਿਆ। ਖਾਸ ਗੱਲ ਇਹ ਰਹੀ ਕਿ ਸੂਬੇ ਦੀ ਸਿਆਸਤ ਵਿਚ ਸਰੀ ਦੀਆਂ 10 ਸੀਟਾਂ ਦਾ ਹਮੇਸ਼ਾ ਮਹੱਤਵਪੂਰਣ ਰੋਲ ਰਿਹਾ ਹੈ। ਕੰਸਰਵੇਟਿਵ  ਪਾਰਟੀ ਦੇ ਸਰੀ ਤੋਂ ਸਾਰੇ ਉਮੀਦਵਾਰਾਂ ਨੇ ਐਨ ਡੀ ਪੀ ਉਮੀਦਵਾਰਾਂ ਨੂੰ ਕਰਾਰੀ ਹਾਰ ਦਿੰਦਿਆਂ ਜਿੱਤ ਹਾਸਲ ਕੀਤੀ। ਲੰਬੇ ਸਮੇਂ ਤੋਂ ਐਨ ਡੀ ਪੀ ਦਾ ਗੜ ਰਹੇ ਸਰੀ ਨਿਊਟਨ ਹਲਕੇ ਤੋਂ ਪਹਿਲੀ ਵਾਰ ਚੋਣ ਲੜਨ ਵਾਲੇ ਕੰਸਰਵੇਟਿਵ ਉਮੀਦਵਾਰ ਹਰਜ ਧਾਲੀਵਾਲ ਜੇਤੂ ਰਹੇ। ਉਹਨਾਂ ਐਨ ਡੀ ਪੀ ਦੀ ਉਮੀਦਵਾਰ ਜੈਸੀ ਸੁੰਨੜ ਨੂੰ ਹਰਾ ਦਿੱਤਾ।

ਸਰੀ ਸਿਟੀ ਸੈਂਟਰ:- ਆਮਨਾ ਸ਼ਾਹ (5318 ਵੋਟਾਂ) ਨਾਲ ਸਖ਼ਤ ਮੁਕਾਬਲੇ ਤੋਂ ਬਾਅਦ, ਕੰਸਰਵੇਟਿਵ ਉਮੀਦਵਾਰ ਜ਼ੀਸ਼ਾਨ ਵਾਹਲਾ (5713 ਵੋਟਾਂ) 47.4% ਵੋਟਾਂ ਨਾਲ ਜੇਤੂ ਰਹੇ। ਜਿੱਤ ਦਾ ਅੰਤਰ: 382 ਵੋਟਾਂ ਰਿਹਾ।
ਸਰੀ ਨੌਰਥ: ਕੰਸਰਵੇਟਿਵ ਉਮੀਦਵਾਰ ਮਨਦੀਪ ਸਿੰਘ ਧਾਲੀਵਾਲ ( 7535 ਵੋਟਾਂ)  57.8% ਵੋਟਾਂ ਨਾਲ ਐਨ ਡੀ ਪੀ ਦੇ ਸਾਹਿਬ ਥਿੰਦ ( 4280 ਵੋਟਾਂ) ਨੂੰ ਹਰਾਕ ਜੇਤੂ ਰਹੇ।
ਸਰੀ-ਕਲੋਵਰਡੇਲ: ਕੰਸਰਵੇਟਿਵ ਉਮੀਦਵਾਰ ਨਿਕੋਲਸ ਕਾਰਟਮੈਲ ( 9151 ਵੋਟਾਂ) 51.7% ਵੋਟਾਂ ਨਾਲ ਐਨ ਡੀ ਪੀ ਉਮੀਦਵਾਰ ਡੂਲੀ (5318 ਵੋਟਾਂ) ਜੇਤੂ ਰਹੇ।
ਸਰੀ-ਫਲੀਟਵੁੱਡ: ਕੰਸਰਵੇਟਿਵ ਉਮੀਦਵਾਰ ਗੈਰੀ ਪੁਰੇਵਾਲ (8691 ਵੋਟਾਂ) 50.7% ਵੋਟਾਂ ਨਾਲ ਐਨ ਡੀ ਪੀ ਦੇ ਜਗਰੂਪ ਬਰਾੜ (6522 ਵੋਟਾਂ) ਨੂੰ ਹਰਾਕੇ ਜੇਤੂ ਰਹੇ।
ਸਰੀ-ਗਿਲਡਫੋਰਡ: ਕੰਸਰਵੇਟਿਵ  ਗੈਰੀ ਥਿੰਦ (7741 ਵੋਟਾਂ)  50.6% ਵੋਟਾਂ ਨਾਲ ਐਨ ਡੀ ਪੀ ਦੇ ਗੈਰੀ ਬੈਗ (6269 ਵੋਟਾਂ) ਨੂੰ ਹਰਾਕੇ ਜੇਤੂ ਰਹੇ।
ਸਰੀ-ਨਿਊਟਨ: ਕੰਸਰਵੇਟਿਵ ਉਮੀਦਵਾਰ ਹਰਜ ਧਾਲੀਵਾਲ ( 7334 ਵੋਟਾਂ) 54.4% ਵੋਟਾਂ ਨਾਲ ਐਨ ਡੀ ਪੀ ਦੀ ਉਮੀਦਵਾਰ ਜੈਸੀ ਸੁੰਨੜ (5476 ਵੋਟਾਂ) ਨੂੰ ਹਰਾਕੇ ਜੇਤੂ ਰਹੇ।
ਸਰੀ-ਪੈਨੋਰਮਾ: ਕੰਸਰਵੇਟਿਵ ਉਮੀਦਵਾਰ ਬ੍ਰਾਇਨ ਟੈਪਰ ( 8599 ਵੋਟਾਂ ) 58.7% ਵੋਟਾਂ ਨਾਲ ਐਨ ਡੀ ਪੀ ਉਮੀਦਵਾਰ ਜਿੰਨੀ ਸਿਮਸ ( 4899 ਵੋਟਾਂ) ਨੂੰ ਹਰਾਕੇ ਜੇਤੂ ਰਹੇ।
ਸਰੀ-ਸਰਪੈਂਟਾਈਨ ਰਿਵਰ: ਕੰਸਰਵੇਟਿਵ ਉਮੀਦਵਾਰ ਜੈਸੀ ਸਹੋਤਾ (10,114 ਵੋਟਾਂ) 58.1% ਵੋਟਾਂ ਨਾਲ ਐਨ ਡੀ ਪੀ ਉਮੀਦਵਾਰ ਸਿਕੰਦਰ ਕੰਗ (5679 ਵੋਟਾਂ) ਨੂੰ ਹਰਾਕੇ ਜੇਤੂ ਰਹੇ।
ਸਰੀ-ਵਾਈਟ ਰੌਕ: ਕੰਸਰਵੇਟਿਵ  ਉਮੀਦਵਾਰ ਟ੍ਰੇਵਰ ਹੈਲਫੋਰਡ (14386 ਵੋਟਾਂ) 58.2% ਵੋਟਾਂ ਨਾਲ ਜੇਤੂ ਰਹੇ।

ਸਰੀ ਸਾਉਥ  ਕੰਸਰਵੇਟਿਵ ਮੈਗਨ ਵਾਈਟ (12557 ਵੋਟਾਂ) ਨਾਲ ਐਨ ਡੀ ਪੀ ਉਮੀਦਵਾਰ ਤਾਰਕ ਤਲਹਨ ( 4535 ਵੋਟਾਂ) ਤੋਂ ਜੇਤੂ ਰਹੀ।

ਇਸੇ ਤਰਾਂ ਡੈਲਟਾ ਨੌਰਥ ਤੋਂ ਕੰਸਰਵੇਟਿਵ ਉਮੀਦਵਾਰ ਮੋਨਿਕਾ ਮੋਹਨ ( 9796 ਵੋਟਾਂ), ਲੈਂਗਲੀ ਵਿਲੋਬਰੁਕ ਤੋਂ ਜੋਡੀ ਤੂਰ (9975 ਵੋਟਾਂ) ਲੈਂਗਲੀ ਐਬਸਫੋਰਡ ਤੋਂ ਹਰਮਨ ਭੰਗੂ ( 13474 ਵੋਟਾਂ) ਜੇਤੂ ਰਹੇ।

ਵੈਨਕੂਵਰ ਫਰੇਜਰਵਿਊ ਤੋਂ ਕੰਸਰਵੇਟਿਵ ਉਮੀਦਵਾਰ ਦੀਪ ਸੰਧੂ ( 7156 ਵੋਟਾਂ) ਐਨ ਡੀ ਪੀ ਉਮੀਦਵਾਰ ਅਮਨਦੀਪ ਸਿੰਘ ਤੋਂ  (6769 ਵੋਟਾਂ)  ਜੇਤੂ ਰਹੇ। ਰਿਚਮੰਡ ਕੁਵੀਨਜਬਰੋ ਤੋਂ ਸਟੀਵ ਕੂਨਰ ਦੂਸਰੀ ਵਾਰ ਜੇਤੂ ਰਹੇ। ਉਹਨਾਂ ਨੂੰ 9642 ਵੋਟ ਮਿਲੇ ਜਦੋਂਕਿ ਐਨ ਡੀ ਪੀ ਦੇ ਉਮੀਦਵਾਰ ਧਰ ਗਰੇਵਾਲ ਨੂੰ 5453 ਵੋਟ ਮਿਲੇ। ਕਲੋਨਾ ਲੇਕ ਕੰਟਰੀ ਤੋਂ ਕੰਸਰਵੇਟਿਵ ਉਮੀਦਵਾਰ ਪਵਨੀਤ ਸਿੰਘ 10,566 ਵੋਟਾਂ ਲੈਕੇ ਐਨ ਡੀ ਪੀ ਦੇ ਬਿੰਨੀ ਬੋਪਾਰਾਏ ਨੂੰ ( 7255 ਵੋਟਾਂ) ਹਰਾਉਣ ਵਿਚ ਕਾਮਯਾਬ ਰਹੇ।

ਐ ਡੀ ਪੀ ਦੀ ਤਰਫੋਂ ਰਾਜ ਚੌਹਾਨ, ਰਵੀ ਪਰਮਾਰ,ਨਿੱਕੀ ਸ਼ਰਮਾ ਤੇ ਰੋਹਣੀ ਅਰੋੜਾ ਜੇਤੂ ਰਹੇ-

ਐਨ ਡੀ ਪੀ ਦੀ ਤਰਫੋਂ ਪੰਜਾਬੀ ਮੂਲ ਦੇ ਉਮੀਦਵਾਰ ਤੇ ਸਾਬਕਾ ਸਪੀਕਰ ਰਾਜ ਚੌਹਾਨ ਬਰਨਬੀ ਵੈਸਟ ਨਿਊਮਿਨਸਟਰ ਤੋਂ 7748 ਵੋਟਾਂ ਨਾਲ ਜੇਤੂ ਰਹੇ। ਬਰਨਬੀ ਈਸਟ ਤੋਂ ਰੋਹਣੀ ਅਰੋੜਾ 7759 ਵੋਟਾਂ ਨਾਲ ਜੇਤੂ ਰਹੇ। ਉਹਨਾਂ ਦੇ ਵਿਰੋਧੀ ਕੰਸਰਵੇਟਿਵ ਉਮੀਦਵਾਰ ਪੀਟਰ ਸੀ ਨੂੰ 7518 ਵੋਟ ਮਿਲੇ। ਸਾਬਕਾ ਅਟਾਰਨੀ ਜਰਨਰ ਨਿੱਕੀ ਸ਼ਰਮਾ ਵੈਨਕੂਵਰ ਹੇਸਟਿੰਗਜ਼ ਤੋਂ 9707 ਵੋਟਾਂ ਨਾਲ ਮੁੜ ਜੇਤੂ ਰਹੇ। ਸਾਬਕਾ ਮੰਤਰੀ ਰਵੀ ਪਰਮਾਰ ਲੈਂਗਫੋਰਡ ਹਾਈਲੈਂਡ ਤੋਂ 8737 ਵੋਟਾਂ ਨਾਲ ਜੇਤੂ ਰਹੇ। ਉਹਨਾਂ ਕੰਸਰਵੇਟਿਵ ਉਮੀਦਵਾਰ ਸਿੰਡੀ ਸਕੌਟ ਨੂੰ ( 7588 ਵੋਟਾਂ) ਹਰਾਇਆ।

ਪੰਜਾਬੀਆਂ ਦੀ ਜ਼ਿਕਰਯੋਗ ਵਸੋਂ ਵਾਲੇ ਹਲਕਿਆਂ ਐਬਸਫੋਰਡ  ਵੈਸਟ ਤੋਂ ਕੰਸਰਵੇਟਿਵ ਉਮੀਦਵਾਰ ਬਰੂਸ ਬੈਨਮੈਨ, ਐਬਸਫੋਰਡ ਮਿਸ਼ਨ ਤੋਂ ਕੰਸਰਵੇਟਿਵ ਡੈਰਿਲ ਕਰੌਪ 11,848 ਵੋਟਾਂ ਨਾਲ ਐ ਡੀਪੀ ਦੀ ਪੈਮ ( 7489 ਵੋਟਾਂ) ਤੋਂ ਜੇਤੂ ਰਹੇ। ਸੈਂਟਰ ਬੀ ਸੀ ਦੀ ਉਮੀਦਵਾਰ ਲਖਵਿੰਦਰ ਕੌਰ ਝੱਜ ਨੂੰ 735 ਵੋਟ ਮਿਲੇ। ਐਬਸਫੋਰਡ ਵੈਸਟ ਤੋਂ ਕੋਰਕੀ ਨਿਊਫੈਲਡ ਮੁੜ ਜੇਤੂ ਰਹੇ। ਇਥੋਂ ਸੈਂਟਰ ਬੀ ਸੀ ਦੇ ਗੁਰਪ੍ਰੀਤ ਸਿੰਘ ਚਾਹਲ ਨੂੰ 1442 ਵੋਟ ਮਿਲੇ।

ਮਨਦੀਪ ਧਾਲੀਵਾਲ- ਸਰੀ ਨੌਰਥ

ਸਰੀ-ਗਿਲਫੋਰਡ- ਗੈਰੀ ਥਿੰਦ

ਸਰੀ ਸਰਪੈਨਟਾਈਨ- ਜੈਸੀ ਸਹੋਤਾ

ਡਾ ਹਰਜ ਧਾਲੀਵਾਲ- ਸਰੀ ਨਿਊਟਨ

ਗੈਰੀ ਪੁਰੇਵਾਲ- ਸਰੀ ਫਲੀਟਵੁੱਡ

ਜੀਸ਼ਾਨ ਵਾਹਲਾ- ਸਰੀ ਸਿਟੀ ਸੈਂਟਰ

ਸਰੀ ਪੈਨੋਰਾਮਾ- ਬਰਾਇਨ ਟੈਪਰ

ਸਰੀ ਕਲੋਵਰਡੇਲ- ਨਿਕੋਲਸ ਕਾਰਟਮਲ

ਸਰੀ ਵਾਈਟਰੌਕ-ਟਰੈਵਰ ਹੈਲਫੋਰਡ

ਸਰੀ ਸਾਉਥ- ਮੈਗਨ ਵਾਈਟ

ਲੈਂਗਲੀ ਵਿਲੋਬਰੁੱਕ- ਜੋਡੀ ਤੂਰ

ਲੈਂਗਲੀ-ਐਬਸਫੋਰਡ- ਹਰਮਨ ਭੰਗੂ

ਡੈਲਟਾ ਨੌਰਥ- ਮੋਨਿਕਾ ਮੋਹਨ

ਵੈਨਕੂਵਰ ਫਰੇਜਰਵਿਊ- ਦੀਪ ਸੰਧੂ

ਰਿਚਮੰਡ ਕੁਵੀਨਜ਼ਬਰੋ- ਸਟੀਵ ਕੂਨਰ

ਕਲੋਨਾ ਲੇਕ ਕੰਟਰੀ-ਪਵਨੀਤ ਸਿੰਘ

ਐਬਸਫੋਰਡ ਸਾਉਥ- ਬਰੂਸ ਬੈਨਮੈਨ

ਐਬਸਫੋਰਡ ਵੈਸਟ- ਕੋਰਕੀ ਨਿਊਫੈਲਡ

ਐਬਸਫੋਰਡ-ਮਿਸ਼ਨ- ਡੈਰਿਲ ਕਰੌਪ

ਬਰਨਬੀ ਨਿਊ ਵੈਸਟਮਿਨਸਟਰ- ਰਾਜ ਚੌਹਾਨ ( ਐਨ ਡੀ ਪੀ)

ਵੈਨਕੂਵਰ ਹੈਸਟਿੰਗਜ਼- ਨਿੱਕੀ ਸ਼ਰਮਾ ( ਐਨ ਡੀ ਪੀ)

ਬਰਨਬੀ ਈਸਟ- ਰੋਹਣੀ ਅਰੋੜਾ ( ਐਨ ਡੀ ਪੀ)

ਲੈਂਗਫੋਰਡ ਹਾਈਲੈਂਡ- ਰਵੀ ਪਰਮਾਰ ( ਐਨ ਡੀ ਪੀ)

 

 

Leave a Reply

Your email address will not be published. Required fields are marked *