ਪ੍ਰਿੰ. ਸਰਵਣ ਸਿੰਘ–
ਪ੍ਰਿੰਸੀਪਲੀ ਤੋਂ ਰਿਟਾਇਰ ਹੋ ਕੇ ਮੈਂ 7 ਮਹੀਨੇ ਕੈਨੇਡਾ ਤੇ ਪੰਜ ਮਹੀਨੇ ਪੰਜਾਬ `ਚ ਬਿਤਾਉਂਦਾ ਆ ਰਿਹਾਂ। ਉਹਦਾ ਕਾਰਨ ਹੈ ਮੇਰੇ ਵੱਡੇ ਪੁੱਤਰ ਦਾ ਰੁਜ਼ਗਾਰ ਪੰਜਾਬ ਵਿਚ ਹੋਣਾ ਤੇ ਛੋਟੇ ਦਾ ਕੈਨੇਡਾ `ਚ। ਮੇਰਾ ਪਾਸਪੋਰਟ ਭਾਰਤੀ ਹੈ ਤੇ ਰਹਾਇਸ਼ੀ ਕਾਰਡ ਕੈਨੇਡੀਅਨ। ਕੈਨੇਡਾ `ਚ ਪੰਜਾਬ ਤੋਂ ਆਏ ਬਹੁਤੇ ਬਾਬਿਆਂ ਦੀ ਇਹੋ ਸਥਿਤੀ ਹੈ। ਅਸੀਂ ਗਰਮੀਆਂ `ਚ ਕੈਨੇਡਾ ਆ ਜਾਂਦੇ ਹਾਂ ਤੇ ਸਰਦੀਆਂ `ਚ ਪੰਜਾਬ ਚਲੇ ਜਾਂਨੇ ਆਂ। ਮੈਂ 2001 ਤੋਂ ਹੁਣ ਤਕ 26 ਪੱਤਝੜਾਂ ਵੇਖ ਲਈਆਂ। ਪੰਜਾਬ ਦੀਆਂ ਬਹਾਰਾਂ ਵੀ ਮਾਣੀਆਂ ਨੇ ਤੇ ਕੈਨੇਡਾ ਦੀਆਂ ਪਤਝੜਾਂ ਵੀ। ਅਕਤੂਬਰ `ਚ ਇਥੋਂ ਦੀ ਪਤਝੜ ਦੇ ਕਿਆ ਕਹਿਣੇ! ਉਹਦੇ ਬਦਲਦੇ ਰੰਗ ਵੇਖ ਕੇ ਕੌਣ ਐ ਜੋ ਕੁਦਰਤ ਦੇ ਬਲਿਹਾਰੇ ਨਾ ਜਾਵੇ? ਮੂੰਹੋਂ ਆਮੁਹਾਰੇ ਬੋਲ ਨਿਕਲਣਗੇ, ਸੁਭਾਨ ਤੇਰੀ ਕੁਦਰਤ!
ਕੈਨੇਡਾ ਦੀ ਪੱਤਝੜ ਦੇ ਨਜ਼ਾਰੇ ਬੇਹੱਦ ਹੁਸੀਨ ਹੁੰਦੇ ਨੇ। ਛਹਿਬਰ ਲੱਗ ਜਾਂਦੀ ਐ ਰੰਗਾਂ ਦੀ। ਕੁਦਰਤ ਦੀ ਰੰਗਲੀ ਲੀਲ੍ਹਾ! ਪਤਝੜ ਦੇ ਰੰਗ ਬਹਾਰ ਦੇ ਰੰਗਾਂ ਨੂੰ ਵੀ ਮਾਤ ਪਾ ਦਿੰਦੇ ਨੇ। ਰੰਗਾਂ ਦਾ ਜਲੌਅ ਵੀ ਚੜ੍ਹਦੇ ਤੋਂ ਚੜ੍ਹਦਾ, ਸ਼ੋਖ ਤੋਂ ਸ਼ੋਖ ਤੇ ਸੋਹਣੇ ਤੋਂ ਸੋਹਣਾ। ਮੈਂ ਅਕਤੂਬਰ ਦੀਆਂ ਸ਼ਾਮਾਂ ਨੂੰ ਛਿਪਦੇ ਸੂਰਜ ਦੀ ਲਾਲੀ `ਚ ਪਾਰਕਾਂ ਤੇ ਰੱਖਾਂ ਦੀਆਂ ਪਹੀਆਂ `ਤੇ ਸੈਰ ਕਰਦਾਂ ਤਾਂ ਰੁੱਖਾਂ/ਝਾੜੀਆਂ ਉੱਤੇ ਅਤੇ ਹੇਠਾਂ ਧਰਤੀ `ਤੇ ਰਚੀ ਰੰਗਾਂ ਦੀ ਅਪਾਰ ਲੀਲ੍ਹਾ ਵੇਖਦਾਂ। ਅਨੇਕ ਰੰਗ ਹੁੰਦੇ ਨੇ ਪੱਤਿਆਂ, ਝਾੜੀਆਂ, ਫਲਾਂ-ਫੁੱਲਾਂ, ਘਾਹ-ਫੂਸ, ਰੁੱਖਾਂ-ਬੂਟਿਆਂ ਤੇ ਆਲੇ-ਦੁਆਲੇ ਰੰਗ ਵਟਾ ਰਹੀ ਬਨਸਪਤੀ ਦੇ। ਹੈਰਾਨੀ ਹੁੰਦੀ ਐ ਐਨੇ ਰੰਗ! ਖੜ੍ਹ-ਖੜ੍ਹ ਵੇਖੀਦੈ ਤੇ ਵੇਖ-ਵੇਖ ਤੁਰੀਦੈ। ਕੁਦਰਤ ਦੇ ਬਲਿਹਾਰੇ ਜਾਈਦੈ। ਖਿੜਣ ਵੇਲੇ ਤਾਂ ਰੰਗਾਂ ਨੇ ਟਹਿਕਣਾ ਹੀ ਹੋਇਆ, ਇਹ ਤਾਂ ਮੁਰਝਾਉਣ ਲੱਗੇ ਵੀ ਟਹਿਕਦੇ ਨੇ!
ਧਰਤੀ ਦੇ ਰੰਗ ਵੇਖਦਿਆਂ ਕਦੇ-ਕਦੇ ਨਿਗ੍ਹਾ ਅੰਬਰ ਵੱਲ ਵੀ ਉਠਦੀ ਐ। ਅੰਬਰ `ਚ ਤੈਰਦੀਆਂ ਤਿੱਤਰ-ਖੰਭੀਆਂ ਬੱਦਲੀਆਂ ਕਦੇ ਬੱਗੀਆਂ, ਕਾਲੀਆਂ ਤੇ ਕਦੇ ਸਾਂਵਲੀਆਂ ਹੋ ਜਾਂਦੀਆਂ ਨੇ। ਕਦੇ ਸੂਰਜ ਦੀ ਲਿਸ਼ਕੋਰ `ਚ ਸੰਤਰੀ ਭਾਅ ਮਾਰਦੀਆਂ। ਲੱਗਦੈ ਜਿਵੇਂ ਬੱਦਲੀਆਂ ਦੀਆਂ ਕੰਨੀਆਂ ਨੂੰ ਗੁਲਾਨਾਰੀ ਗੋਟਾ-ਕਿਨਾਰੀ ਲੱਗੀ ਹੋਵੇ। ਉਡਦੇ ਪੰਖੇਰੀਆਂ ਦੇ ਖੰਭ ਪਲ-ਪਲ ਰੰਗ ਵਟਾਉਂਦੇ ਲੱਗਦੇ ਨੇ। ਕਦੇ ਕਾਲੇ, ਚਿੱਟੇ, ਕੇਸਰੀ ਤੇ ਕਦੇ ਕਪਾਹੀ ਦਿਸਦੇ ਹਨ। ਕਦੇ ਉੱਘੜਵੇਂ, ਮੱਧਮ, ਨਿੱਖਰੇ ਤੇ ਕਦੇ ਘਸਮੈਲੇ। ਹੇਠਾਂ ਰੁੱਖਾਂ ਤੇ ਵੇਲਾਂ `ਤੇ ਰੰਗ ਖੇਡਦੇ ਨੇ, ਉੱਤੇ ਬੱਦਲਾਂ ਅਤੇ ਪੰਛੀਆਂ ਦੇ ਖੰਭਾਂ `ਤੇ ਰੰਗ ਕਲੋਲਾਂ ਕਰਦੇ ਨੇ।
ਮੈਨੂੰ ਪੰਜਾਬ ਦੇ ਧਰਤ-ਦ੍ਰਿਸ਼ ਵੀ ਚੇਤੇ ਆਉਣ ਲਗਦੇ ਨੇ। ਰੰਗ ਵਟਾਉਂਦੀ ਪ੍ਰਕਿਰਤੀ ਮੈਨੂੰ ਹਮੇਸ਼ਾਂ ਸਰਸ਼ਾਰ ਕਰਦੀ ਰਹੀ ਐ। ਪੰਜਾਬ ਦੀਆਂ ਪੈਲੀਆਂ ਦੇ ਰੰਗ ਵੀ ਕਮਾਲ ਦੇ ਨੇ। ਦੂਰ-ਦਿਸਹੱਦਿਆਂ ਤਕ ਝੋਨਿਆਂ ਦੀ ਹਰਿਆਵਲ ਦਾ ਲਹਿਲਹਾਉਣਾ, ਬੰਬੀਆਂ ਦੀਆਂ ਚਾਂਦੀ-ਰੰਗੀਆਂ ਧਾਰਾਂ ਦਾ ਵਹਿਣਾ, ਚਰ੍ਹੀਆਂ ਦੀ ਵਾਸ਼ਨਾ, ਬਾਜਰੇ ਦੇ ਗੁੰਦਵੇਂ ਸਿੱਟੇ, ਮੱਕੀਆਂ ਦੇ ਬੁੰਬਲਦਾਰ ਬਾਵੂ, ਹਰੇ ਭਰੇ ਲੂਸਣ, ਬਰਸੀਮ, ਗਿੱਲੀ ਮਿੱਟੀ ਦੀ ਮਹਿਕ, ਸੁਨਹਿਰੀ ਕਣਕਾਂ ਦਾ ਝੂੰਮਣਾ ਤੇ ਸੂਰਜਮੁਖੀ ਦੇ ਫੁੱਲਾਂ ਦਾ ਦਗਦੇ ਸੁਨਹਿਰੇ ਰੰਗਾਂ ਨਾਲ ਮੂੰਹ ਵਿਖਾਉਣਾ ਮੈਨੂੰ ਕਦੇ ਨਹੀਂ ਭੁੱਲਿਆ। ਸਰਵ੍ਹਾਂ ਦੇ ਪੀਲੇ ਫੁੱਲਾਂ ਦੀ ਬਹਾਰ ਦਾ ਆਪਣਾ ਰੰਗ ਹੈ ਤੇ ਤਿਲਾਂ ਦੇ ਚਿੱਟੇ ਅਤੇ ਅਲਸੀ ਦੇ ਅਲਸਾਏ ਫੁੱਲਾਂ ਦਾ ਆਪਣਾ। ਤਦੇ ਤਾਂ ਲੋਕ ਗੀਤ ਜੁੜਿਆ: ਨਣਦ ਚੱਲੀ ਮੁਕਲਾਵੇ ਅਲਸੀ ਦੇ ਫੁੱਲ ਵਰਗੀ। ਮੈਂ ਵੀ ਕਦੇ ਸਿਰੇ ਦੇ ਸ਼ੌਂਕੀ ਅਥਲੀਟ ਮਹਿੰਦਰ ਸਿੰਘ ਗਿੱਲ ਦੇ ਰੇਖਾ ਚਿੱਤਰ ਦਾ ਨਾਂ ‘ਅਲਸੀ ਦਾ ਫੁੱਲ’ ਹੀ ਰੱਖਿਆ ਸੀ।
ਮੈਨੂੰ ਉਹ ਦ੍ਰਿਸ਼ ਮੁੜ-ਮੁੜ ਦਿਖਾਈ ਦਿੰਦੇ ਨੇ ਜਦੋਂ ਟਿੱਬਿਆਂ ਤੋਂ ਦੀ ਛਿਪਦਾ ਸੰਧੂਰੀ ਸੂਰਜ ਕਿਸੇ ਰੁੱਖ ਦੇ ਦੁਸਾਂਗ ਉੱਤੇ ਠੋਡੀ ਰੱਖ ਕੇ ਝਾਤ ਕਰਦਾ ਤੇ ਸਵੇਰਸਾਰ ਸੁਨਹਿਰੀ ਕਿਰਨਾਂ ਦਾ ਛੱਟਾ ਦਿੰਦਾ ਫਿਰ ਹਾਜ਼ਰ ਹੋ ਜਾਂਦਾ। ਉਹਦੀਆਂ ਲਿਸ਼ਕਦੀਆਂ ਕਿਰਨਾਂ ਵਿੱਚ ਕਣਕਾਂ ਦੇ ਹਰੇ ਕਚੂਰ ਪੱਤਿਆਂ ਨਾਲ ਲਟਕਦੇ ਤ੍ਰੇਲ ਤੁਪਕੇ ਅਨੇਕਾਂ ਰੰਗਾਂ `ਚ ਚਮਕਦੇ। ਕਦੇ ਉਹ ਹੀਰੇ ਮੋਤੀ ਬਣ ਜਾਂਦੇ ਤੇ ਉਨ੍ਹਾਂ `ਚ ਪਈਆਂ ਸੱਤਰੰਗੀਆਂ ਪੀਂਘਾਂ ਦੇ ਹੁਲ੍ਹਾਰੇ ਨੱਚਦੇ ਦਿਸਦੇ। ਨ੍ਹਾਤੇ ਧੋਤੇ ਪੱਤਿਆਂ `ਤੇ ਮੋਰ ਦੀ ਧੌਣ ਤੇ ਕਲਗੀ ਵਰਗੀ ਸਾਵੀ-ਸੁਨਹਿਰੀ ਭਾਅ ਲਿਸ਼ਕਦੀ। ਲਵੀਆਂ ਕਣਕਾਂ ਤੋਤੇਰੰਗੀ ਸ਼ਨੀਲ ਦੀ ਭਾਅ ਮਾਰਦੀਆਂ। ਸੂਰਜ ਦੀ ਲਿਸ਼ਕੋਰ ਵਿੱਚ ਇਹ ਭਾਅ ਮੇਰੇ ਨਾਲ-ਨਾਲ ਤੁਰੀ ਜਾਂਦੀ।
ਪੰਜਾਬ ਤੋਂ ਕੈਨੇਡਾ ਆ ਕੇ ਜਦੋਂ ਮੈਂ ਕੈਨੇਡਾ ਦੀ ਪਤਝੜ ਦੇ ਅਨੰਤ ਰੰਗ ਵੇਖਣ ਲੱਗਾ ਹਾਂ ਤਾਂ ਕੁਦਰਤ ਦੇ ਹੋਰ ਵੀ ਬਲਿਹਾਰੇ ਜਾਣ ਨੂੰ ਜੀਅ ਕਰਦੈ। ਬਾਬੇ ਦੀ ਬਾਣੀ ਵੀ ਕਹਿੰਦੀ ਹੈ: ਬਲਿਹਾਰੀ ਕੁਦਰਤ ਵੱਸਿਆ, ਤੇਰਾ ਅੰਤ ਨਾ ਜਾਈ ਲੱਖਿਆ। ਏਥੇ ਕਿਸੇ ਉੱਚੇ ਥਾਂ ਖੜ੍ਹ ਕੇ ਹੇਠਾਂ ਪਸਰੀਆਂ ਰੱਖਾਂ ਤੇ ਢਲਵਾਣਾਂ `ਤੇ ਝਾਤ ਮਾਰਦਾਂ ਤਾਂ ਰੰਗਾਂ ਦੀ ਦਿਵਾਲੀ ਜਗਦੀ ਜਾਪਦੀ ਐ। ਅਨੇਕ ਰੰਗਾਂ ਦੀਆਂ ਫੁੱਲਝੜੀਆਂ ਚੱਲਦੀਆਂ ਮਲੂਮ ਹੁੰਦੀਆਂ। ਰੰਗਾਂ ਦੀ ਆਤਸ਼ਬਾਜ਼ੀ, ਉਪਰ ਆਕਾਸ਼ `ਚ ਨਹੀਂ ਧਰਤੀ `ਤੇ ਹੋ ਰਹੀ ਲੱਗਦੀ ਐ। ਕਦੇ-ਕਦੇ ਮੈਂ ਰੁੱਖਾਂ ਬੂਟਿਆਂ ਤੇ ਫੁੱਲਾਂ ਝਾੜੀਆਂ ਕੋਲ ਖੜ੍ਹ ਕੇ ਉਨ੍ਹਾਂ ਦੇ ਰੰਗ ਨਿਹਾਰਦਾ ਹੈਰਾਨ ਹੁੰਨਾਂ ਕਿ ਕੁਦਰਤ ਨੇ ਏਨੇ ਰੰਗ ਬਖਸ਼ੇ ਕਿਥੋਂ ਨੇ? ਕਿਹਾ ਜਾਂਦੈ ਕਿ ਕਾਲਾ, ਚਿੱਟਾ, ਹਰਾ, ਲਾਲ ਤੇ ਨੀਲਾ ਮੁੱਖ ਰੰਗ ਹਨ। ਓਲੰਪਿਕ ਖੇਡਾਂ ਦੇ ਝੰਡੇ `ਤੇ ਵੀ ਇਨ੍ਹਾਂ ਰੰਗਾਂ ਦੇ ਈ ਚੱਕਰ ਪਰੋਏ ਨੇ। ਇਹ ਵੀ ਕਿਹਾ ਜਾਂਦੈ ਕਿ ਸਾਰੇ ਰੰਗ ਇਨ੍ਹਾਂ ਦੇ ਘੁਲਣ ਮਿਲਣ `ਚੋਂ ਹੀ ਨਿਕਲੇ ਹਨ। ਤੇ ਉਹ ਏਨੇ ਰੰਗ ਬਣ ਗਏ ਨੇ ਕਿ ਗਿਣਤੀ ਹੀ ਕੋਈ ਨਹੀਂ। ਹਰ ਬੋਲੀ `ਚ ਇਨ੍ਹਾਂ ਰੰਗਾਂ ਦੇ ਵੱਖ-ਵੱਖ ਨਾਂ ਰੱਖੇ ਗਏ ਨੇ। ਰੰਗਾਂ ਦੀ ਸ਼ਨਾਖ਼ਤ ਕਰਨ `ਚ ਪੰਜਾਬੀ ਬੋਲੀ ਵੀ ਕਿਸੇ ਤੋਂ ਘੱਟ ਨਹੀਂ।
ਸੈਰ ਕਰਦਾ ਮੈਂ ਵੇਖਦਾਂ ਕਿਸੇ ਪੱਤੇ/ਪੱਤੀ, ਫਲ/ਫੁੱਲ ਤੇ ਝਾੜ/ਝਾੜੀ ਦਾ ਰੰਗ ਸੁਰਮਈ ਹੈ, ਕਿਸੇ ਦਾ ਅੰਗੂਰੀ, ਕਿਸੇ ਦਾ ਦਾਖੀ, ਕਿਸੇ ਦਾ ਅੰਬਰੀ ਤੇ ਕਿਸੇ ਦਾ ਕਥਈ। ਕੋਈ ਬਲੰਭਰੀ ਹੈ, ਕੋਈ ਦਾਲਚੀਨੀ, ਕੋਈ ਮੂੰਗੀਆ, ਕੋਈ ਫਿਰੋਜ਼ੀ ਤੇ ਕੋਈ ਅੰਡਰਈ। ਕਿਸੇ ਦਾ ਗੁਲਾਬਾਸੀ, ਦੂਧੀਆ, ਰਾਣੀ ਕਲਰ, ਕਰੀਮ ਕਲਰ, ਕੱਚਾ ਪੀਲਾ, ਪੱਕਾ ਪੀਲਾ, ਸ਼ਬਨਮੀ, ਸੰਦਲੀ, ਲੂਸਣੀ, ਲਾਖਾ, ਸਾਵਾ, ਬੱਗਾ, ਬੂਰਾ, ਚਿਤਕਬਰਾ, ਮਟਮੈਲਾ, ਘਸਮੈਲਾ ਤੇ ਕੋਈ ਅਰਬੀ ਐ। ਕਿਸੇ ਦਾ ਰੰਗ ਮੋਰਪੰਖੀਆ, ਗੁਲਮੋਹਰੀ, ਯਾਕੂਤੀ ਤੇ ਕਿਸੇ ਦਾ ਸ਼ਰਬਤੀ!
ਖਿਲਰੇ ਪੱਤਿਆਂ ਤੇ ਖਿੜੇ ਫੁੱਲਾਂ ਦੀਆਂ ਪੱਤੀਆਂ ਦੇ ਰੰਗ, ਫਲਾਂ ਦੇ ਰੰਗ, ਰਾਹ ਜਾਂਦਿਆਂ ਨੂੰ ਰੋਕਦੇ ਨੇ। ਕਿਤੇ ਗੂੜ੍ਹੇ ਰੰਗਾਂ ਦੇ ਪੱਕੇ ਫਲ ਦਿਸਦੇ ਨੇ ਤੇ ਕਿਤੇ ਹਲਕੇ ਰੰਗਾਂ ਦੇ ਕੱਚੇ ਫਲ। ਕਿਸੇ ਫਲ ਦਾ ਰੰਗ ਅਨਾਰੀ ਹੈ, ਬਦਾਮੀ, ਬਿਸਕੁਟੀ, ਗਾਜਰੀ ਤੇ ਕਿਸੇ ਦਾ ਸੰਤਰੀ। ਮਧਰੀਆਂ ਝਾੜੀਆਂ ਨੂੰ ਲੱਗੇ ਮਲ੍ਹਿਆਂ ਦੇ ਬੇਰਾਂ ਵਰਗੇ ਨਿੱਕੇ ਸੁਰਖ਼ ਫਲ ਖਾਣ ਨੂੰ ਜੀਅ ਕਰਦੈ। ਸੰਧੂਰੀ ਅੰਬੀਆਂ ਵਰਗੇ ਰੱਤੇ ਸੇਬ ਲੱਗੇ ਹੁੰਦੇ ਨੇ। ਕਦੇ-ਕਦੇ ਤੋੜ ਵੀ ਬਹੀਦੈ। ਝਾੜੀਆਂ ਦੇ ਪੱਤੇ ਭਾਵੇਂ ਨਿੱਕੇ ਹੁੰਦੇ ਨੇ ਪਰ ਉਨ੍ਹਾਂ ਦੇ ਰੰਗਾਂ ਦਾ ਵੀ ਅੰਤ ਨਹੀਂ। ਟਾਹਣੀਓਂ ਟੁੱਟ ਕੇ ਤਾਂ ਉਹ ਹੋਰ ਹੀ ਰੰਗ ਵਟਾ ਲੈਂਦੇ ਨੇ। ਕਿਸੇ ਦਾ ਪੱਤੀ ਦਾ ਰੰਗ ਮੋਤੀਆ, ਬਡਮੋਤੀਆ, ਕੱਦੂਮੋਤੀਆ, ਕਪੂਰੀ, ਘਿਉਕਪੂਰੀ, ਕਿਸੇ ਦਾ ਪਿਆਜ਼ੀ ਤੇ ਕਿਸੇ ਦਾ ਹਵਾਪਿਆਜ਼ੀ। ਸ਼ਾਮ ਨੂੰ ਕਈ ਸੱਜਣ ਉਂਜ ਹੀ ਹਵਾਪਿਆਜ਼ੀ ਹੋਏ ਮਿਲਦੇ ਨੇ!
ਕੈਨੇਡਾ ਦਾ ਰਾਜਰੁੱਖ ਮੇਪਲ ਟ੍ਰੀ ਐ। ਮੇਪਲ ਦਾ ਪੱਤਾ ਕੈਨੇਡਾ ਦੇ ਰਾਸ਼ਟਰੀ ਝੰਡੇ `ਤੇ ਅੰਕਿਤ ਐ। ਕੈਨੇਡਾ `ਚ ਉਂਜ ਵੀ ਮੇਪਲ ਰੁੱਖਾਂ ਦੀ ਭਰਮਾਰ ਐ। ਰੁੱਖ ਭਾਵੇਂ ਕੋਈ ਵੀ ਐ ਪੱਤੇ ਉਹਦੇ ਮੇਪਲ ਵਰਗੇ ਹੀ ਲੱਗਦੇ ਨੇ। ਪੱਤਝੜ `ਚ ਮੇਪਲ ਦੇ ਪੱਤੇ ਵੀ ਅਨੇਕ ਰੰਗ ਵਟਾਉਂਦੇ ਨੇ। ਮੇਪਲ ਜਦੋਂ ਹਰਿਆ ਭਰਿਆ ਹੋਵੇ ਤਾਂ ਤੋਤੇਰੰਗਾ ਹੁੰਦੈ ਜਿਨ੍ਹਾਂ `ਚ ਤੋਤੇ ਲੁਕ ਵੀ ਸਕਦੇ ਨੇ। ਇਹਦੇ ਪੱਤੇ ਕਦੇ ਤਰਬੂਜ਼ੀਆ, ਬੈਂਗਣੀ, ਜਾਮਣੀ, ਮਹਿੰਦੀਰੰਗੇ, ਨਸਵਾਰੀ ਤੇ ਕਦੇ ਲਾਜਵਰੀ ਰੰਗਾਂ `ਚ ਰੰਗੇ ਜਾਂਦੇ ਨੇ। ਪੱਤਝੜ ਦੀ ਰੁੱਤੇ ਪੱਤੇ ਤੇ ਫੁੱਲ, ਰੁੱਖਾਂ ਤੇ ਬੂਟਿਆਂ ਉੱਤੇ ਹੀ ਰੰਗ ਵਟਾਉਂਦੇ ਰਹਿੰਦੇ ਨੇ। ਰੁੱਖ ਇੰਜ ਲੱਗਦੇ ਨੇ ਜਿਵੇਂ ਰੰਗ ਬਰੰਗੀਆਂ ਚੀਨੀ/ਜਪਾਨੀ ਛਤਰੀਆਂ ਤਾਣੀਆਂ ਹੋਣ। ਜਦੋਂ ਪਤਝੜ ਪੱਤੇ ਝਾੜਨ `ਤੇ ਆਉਂਦੀ ਐ ਤਾਂ ਪੱਤੇ ਧਰਤੀ `ਤੇ ਡਿੱਗ ਕੇ ਹੋਰ ਵੀ ਰੰਗ ਵਟਾਉਂਦੇ ਨੇ। ਧਰਤੀ `ਤੇ ਡਿੱਗੇ ਪਏ ਪੱਤਿਆਂ ਤੇ ਫੁੱਲ-ਪੱਤੀਆਂ `ਤੇ ਝਾਤ ਮਾਰੀਏ ਤਾਂ ਇਉਂ ਲੱਗਦੈ ਜਿਵੇਂ ਰੰਗੀਨ ਫੁਲਕਾਰੀਆਂ ਵਿਛਾ ਰੱਖੀਆਂ ਹੋਣ। ਉਨ੍ਹਾਂ `ਚ ਅਸਮਾਨੀ ਰੰਗ ਵੀ ਹੁੰਦੇ ਨੇ, ਸਰ੍ਹੋਂ-ਫੁੱਲੇ ਵੀ, ਊਦੇ ਵੀ, ਮੋਰਪੰਖੀਏ ਵੀ, ਗਿੱਦੜਰੰਗੇ ਵੀ ਤੇ ਘੁੱਗੀਰੰਗੇ ਵੀ। ਕਿਸੇ ਪੱਤੇ ਦਾ ਰੰਗ ਕਾਸ਼ਨੀ ਹੁੰਦੈ, ਭਗਵਾਂ, ਗੇਰੂਆ, ਗੁਲਾਨਾਰੀ, ਉਨਾਭੀ, ਜਾਮਣੀ, ਗੁਲਾਬੀ, ਕਬੂਤਰੀ ਤੇ ਕਿਸੇ ਦਾ ਕਿਰਮਚੀ।
ਇੱਕ ਦਿਨ ਬੱਦਲ ਛਾਏ ਹੋਏ ਸਨ। ਮੈਂ ਬਾਰੀ `ਚੋਂ ਬਾਹਰ ਵੇਖਿਆ, ਅੰਬਰ ਸੁਰਮਈ/ਸਲੇਟੀ ਹੋਇਆ ਪਿਆ ਸੀ। ਗੂੜ੍ਹੇ ਬੱਦਲਾਂ `ਤੇ ਕਾਲੋਂ ਫਿਰੀ ਹੋਈ ਸੀ। ਬੱਦਲ ਖਿੰਡੇ ਤਾਂ ਚੁਫੇਰੇ ਚਿੱਟਾ/ਸਫੈਦ ਚਾਨਣ ਹੋ ਗਿਆ। ਸੂਰਜ ਦੀਆਂ ਧੁਪੀਲੀਆਂ ਕਿਰਨਾਂ ਨਾਲ ਬਨਸਪਤੀ ਦੇ ਰੰਗ ਫਿਰ ਜਗ ਪਏ। ਪੌਣਾਂ `ਚ ਵੀ ਜਿਵੇਂ ਮਹਿਕਾਂ ਘੁਲ ਗਈਆਂ ਹੋਣ। ਲੱਗਾ ਜਿਵੇਂ ਹਵਾ ਬਾਰੀਆਂ `ਚੋਂ ਬਣ ਠਣ ਕੇ ਲੰਘਦੀ ਹੋਵੇ। ਮੈਨੂੰ ਬਾਰੀ `ਚੋਂ ਅੰਬਰ ਦੇ ਅਸਮਾਨੀ ਰੰਗਾਂ ਹੇਠਾਂ ਬਨਸਪਤੀ ਦੇ ਕਿਧਰੇ ਜੋਗੀਆ, ਅੰਬਰਸੀਆ, ਗਾਜਰੀ, ਲਸੂੜੀਆ, ਨਾਸ਼ਪਾਤੀ ਤੇ ਕਿਧਰੇ ਕਾਸ਼ਨੀ ਰੰਗਾਂ ਦੇ ਦਰਸ਼ਨ ਹੋਏ। ਸੁੱਕੀ ਭੋਇੰ ਦਾਖੀ ਤੇ ਖਾਕੀ ਜਿਹੀ ਸੀ। ਛੰਭ ਦਾ ਪਾਣੀ ਭਾਵੇਂ ਸਾਂਵਲਾ ਸੀ ਪਰ ਝੀਲ ਦਾ ਪਾਣੀ ਨੀਲਾ ਤੇ ਨਿਰਮਲ ਸੀ। ਫੁਹਾਰਿਆਂ `ਚੋਂ ਚਾਂਦੀਰੰਗੇ, ਤਾਂਬੇਰੰਗੇ ਤੇ ਸੋਨਰੰਗੇ ਪਾਣੀ ਦੀਆਂ ਬੁਛਾੜਾਂ ਪੈ ਰਹੀਆਂ ਸਨ। ਧੁੱਪ ਗੋਰੀ ਸੀ ਤੇ ਛਾਂ ਸਾਂਵਲੀ। ਲੰਮ ਸਲੰਮੀਆਂ ਝਾੜੀਆਂ ਹਰੀਆਂ ਚੁੰਨੀਆਂ ਲਈ ਘੁੰਡ ਕੱਢੀ ਖੜ੍ਹੀਆਂ ਸਨ। ਪੱਤਿਆਂ `ਚ ਟਹਿਕ ਸੀ, ਫੁੱਲਾਂ `ਚ ਮਹਿਕ।
ਕੈਨੇਡਾ ਦੀਆਂ ਚਾਰ ਰੁੱਤਾਂ `ਚੋਂ ਸਭ ਤੋਂ ਸਖਤ ਰੁੱਤ ਸਰਦੀ ਦੀ ਗਿਣੀ ਜਾਂਦੀ ਐ। ਬਾਹਰ ਨਿਕਲਦਿਆਂ ਹੱਡ ਪੈਰ ਠਰਨ ਲੱਗਦੇ ਨੇ। ਉਦੋਂ ਬਾਰੀਆਂ `ਚੋਂ ਬਾਹਰ ਬਰਫ਼ਾਂ ਦਾ ਸਫ਼ੈਦ ਰੰਗ ਦਿਸਦੈ ਜਾਂ ਸੁੱਕੇ ਰੁੱਖਾਂ ਤੇ ਨੰਗੀਆਂ ਟਾਹਣੀਆਂ ਦਾ ਭੂਰਾ ਭੂਸਲਾ। ਰੰਗ ਬਹਾਰ `ਚ ਉਗਮਦੇ ਨੇ ਤੇ ਗਰਮੀਆਂ `ਚ ਪੱਕਦੇ ਨੇ। ਬਹਾਰ ਸੋਹਣੀ ਐ ਤੇ ਗਰਮੀ ਸੁਖਾਵੀਂ। ਪਰ ਪਤਝੜ ਵੀ ਕਿਸੇ ਤੋਂ ਘੱਟ ਨਹੀਂ। ਤਦੇ ਤਾਂ ਸ਼ੁਰੂ `ਚ ਕਿਹਾ ਸੀ ਕਿ ਕੈਨੇਡਾ ਦੀ ਪਤਝੜ ਦੇ ਨਜ਼ਾਰੇ ਵੀ ਹੁਸੀਨ ਹੁੰਦੇ ਹਨ। ਕਹਿਣ ਵਾਲਾ ਤਾਂ ਇਹ ਵੀ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ `ਚ ਰੰਗਾਂ ਦੇ ਨਾਂ ਰੱਖਣ ਵਾਲਿਆਂ ਦੇ ਵੀ ਕਿਆ ਕਹਿਣੇ! ਰੰਗਾਂ ਦੇ ਸੌ ਕੁ ਨਾਂ ਤਾਂ ਰੱਖੇ ਹੀ ਗਏ ਨੇ ਤੇ ਹੋਰ ਵੀ ਰੱਖੇ ਜਾ ਰਹੇ ਨੇ। ਮੈਂ ਕੈਨੇਡਾ ਦੀ ਪੱਤਝੜ ਨੂੰ ਸਿਰ ਨਿਵਾਉਂਦਾ ਹਾਂ ਜਿਸ ਨੇ ਮੈਨੂੰ ਮੇਰੀ ਮਾਂ-ਬੋਲੀ ਪੰਜਾਬੀ ਦੇ ਭੁੱਲ ਰਹੇ ਰੰਗ ਮੁੜ ਚੇਤੇ ਕਰਾ ਦਿੱਤੇ ਨੇ।
principalsarwansingh@gmail.com
