– ਸੁਖਵੰਤ ਹੁੰਦਲ-
25 ਅਕਤੂਬਰ ਨੂੰ ਬੀ ਸੀ ਦੀ ਇਲੈਕਸ਼ਨ ਵਿੱਚ ਬੀ ਸੀ ਕੰਜ਼ਰਵੇਟਿਵ ਪਾਰਟੀ ਦੀ ਹੋਈ ਵੱਡੀ ਜਿੱਤ ਤੋਂ ਇਕ ਦਿਨ ਬਾਅਦ, 26 ਅਕਤੂਬਰ ਐਤਵਾਰ, ਨੂੰ ਬੀ ਸੀ ਦੀ ਅਸੰਬਲੀ ਦੀ ਇਮਾਰਤ ਦੀਆਂ ਪੌੜੀਆਂ ਉੱਤੇ ਲੌਇਲਿਸਟ ਪਾਈਨੀਅਰਜ਼ ਨਾਂ ਦੇ ਇਕ ਨਸਲਵਾਦੀ ਗਰੁੱਪ ਦੇ ਮੈਂਬਰਾਂ ਨੇ ਆਪਣਾ ਝੰਡਾ ਲਹਿਰਾਇਆ। ਇਸ ਝੰਡੇ `ਤੇ ਲਿਖਿਆ ਸੀ “ਰੀਮਾਈਗ੍ਰੇਸ਼ਨ ਸੇਵਜ਼ ਅਵਰ ਨੇਸ਼ਨ” ਭਾਵ ਦੇਸ਼ ਵਿੱਚੋਂ ਇੰਮੀਗ੍ਰੈਂਟ ਲੋਕਾਂ ਨੂੰ ਕੱਢਣ ਨਾਲ ਸਾਡੇ ਦੇਸ਼ ਦਾ ਬਚਾਅ ਹੁੰਦਾ ਹੈ। ਚਿੱਟੇ ਨਸਲਵਾਦੀ ਗਰੁੱਪ ਕੈਨੇਡਾ ਵਿੱਚੋਂ ਵੱਡੇ ਪੱਧਰ `ਤੇ ਇੰਮੀਗ੍ਰੈਂਟ ਲੋਕਾਂ ਨੂੰ ਕੱਢਣ ਦੀ ਵਕਾਲਤ ਕਰਨ ਲਈ ਇਸ ਨਾਹਰੇ ਦੀ ਵਰਤੋਂ ਕਰਦੇ ਹਨ।
ਆਨਲਾਈਨ ਨਿਊਜ਼ ਸਾਈਟ ਟਾਈ (thetyee.ca) `ਤੇ 26 ਅਕਤੂਬਰ ਨੂੰ ਛਪੀ ਰਿਪੋਰਟ ਅਨੁਸਾਰ ਵਿਕਟੋਰੀਆ ਦੀ ਰਹਿਣ ਵਾਲੀ ਜੂਲੀ ਬੈਟਜ਼ ਨੇ ਸਵੇਰ ਦੇ ਅੱਠ ਵਜੇ ਕੰਮ`ਤੇ ਜਾਂਦੇ ਸਮੇਂ ਇਹਨਾਂ ਆਦਮੀਆਂ ਨੂੰ ਬੀ ਸੀ ਦੀ ਅਸੰਬਲੀ ਅੱਗੇ ਦੇਖਿਆ। ਇਹਨਾਂ ਆਦਮੀਆਂ ਨੇ ਕਾਲੇ ਨਕਾਬ (ਮਾਸਕ) ਅਤੇ ਕਾਲੇ ਕੱਪੜੇ ਪਾਏ ਹੋਏ ਸਨ। ਜੂਲੀ ਬੈਟਜ਼ ਨੇ ਇਹਨਾਂ ਆਦਮੀਆਂ ਦਾ ਪਿੱਛਾ ਕੀਤਾ ਅਤੇ ਉਹਨਾਂ ਦੀਆਂ ਫੋਟੋਆਂ ਖਿੱਚੀਆਂ। ਇਸ ਗਰੁੱਪ ਦੀ ਇਕ ਫੋਟੋ ਕਿਸੇ ਨੇ ਵਿਕਟੋਰੀਆ ਦੇ ਰੈਡਿਟ ਗਰੁੱਪ `ਤੇ ਵੀ ਪੋਸਟ ਕੀਤੀ ਹੈ।
ਟਾਈ ਨਿਊਜ਼ ਦੀ ਰਿਪੋਰਟਰ ਜੈਨ ਸੇਂਟ ਡਿਨੀਸ ਨਾਲ ਗੱਲ ਕਰਦਿਆਂ ਬੈਟਜ਼਼ ਨੇ ਕਿਹਾ, “ਕਾਲੇ ਕੱਪੜਿਆਂ ਵਿੱਚ ਨਕਾਬਾਂ ਵਾਲੇ ਆਦਮੀਆਂ ਨੂੰ ਇਸ ਤਰ੍ਹਾਂ ਦੇਖਣਾ ਬਹੁਤ ਹੈਰਾਨ ਕਰਨ ਵਾਲਾ ਸੀ, ਅਤੇ ਇਸ ਨੇ ਮੈਨੂੰ ਅਮਰੀਕਾ ਦੇ ਪੈਟਰੀਅਟ ਫਰੰਟ ਵਰਗੇ ਕੁੱਝ ਗਰੁੱਪਾਂ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਮੈਂ ਸੋਚਿਆ ਕਿ ਇਸ ਦਾ ਸਮਾਂ ਵੀ ਬਹੁਤ ਦਿਲਚਸਪ ਸੀ — ਚੋਣਾਂ ਤੋਂ ਅਗਲੀ ਸਵੇਰ। ਸਪੱਸ਼ਟ ਤੌਰ ‘ਤੇ ਉਹ ਚੋਣਾਂ ਤੋਂ ਬਾਅਦ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਰਹੇ ਹਨ ਕਿ ਇਹ ਕਿਸੇ ਨਵੇਂ ਰਾਜ ਜਾਂ ਦੌਰ ਦੀ ਸ਼ੁਰੂਆਤ ਹੈ।”
ਅਤਿਵਾਦ ਬਾਰੇ ਅਧਿਐਨ ਕਰਨ ਵਾਲੀ ਸੰਸਥਾ “ਇੰਸਟੀਚਿਊਟ ਫਾਰ ਸਟ੍ਰੈਟੀਜਕ ਡਾਇਲਾਗ” ਦੇ ਖੋਜੀਆਂ ਅਨੁਸਾਰ ਲੌਇਲਿਸਟ ਪਾਈਨੀਅਰਜ਼ ਐਕਟਿਵ ਕਲੱਬ ਮੂਵਮੈਂਟ ਜਾਂ “ਵਾਈਟ ਨੈਸ਼ਨਲਿਜ਼ਮ 3.0 ਭਾਵ ਚਿੱਟੇ ਕੌਮਵਾਦੀ 3.0 ਦਾ ਹਿੱਸਾ ਹੈ। ਇੰਸਟੀਚਿਊਟ ਫਾਰ ਸਟ੍ਰੈਟੀਜਕ ਡਾਇਲਾਗ ਦੀ ਮਾਰਚ ਦੀ ਰਿਪੋਰਟ ਅਨੁਸਾਰ, “ਇਹ ਮਾਡਲ ਮਰਦਾਂ ਦੀ ਭਾਈਚਾਰਕ ਸਾਂਝ, ਸਰੀਰਕ ਤੰਦਰੁਸਤੀ ਅਤੇ ਸਰੀਰਕ ਸੰਪਰਕ ਬਣਾ ਕੇ ਖੇਡਣ ਵਾਲੀਆਂ ਖੇਡਾਂ (ਕੰਬੈਟ ਸਪੋਰਟਸ) ਨੂੰ ਵਾਈਟ ਸੁਪਰਾਮਾਸਿਸਟ (ਚਿੱਟੇ ਲੋਕਾਂ ਨੂੰ ਸਭ ਤੋਂ ਵਧੀਆ ਮੰਨਣ) ਦੀਆਂ ਸਰਗਰਮੀਆਂ ਅਤੇ ਹਿੰਸਾ ਲਈ ਇਕ ਸਾਧਨ ਵਜੋਂ ਉਤਸ਼ਾਹਿਤ ਕਰਨ ਵਾਲੀਆਂ ਅਖੌਤੀ ‘ਐਕਟਿਵ ਕਲੱਬਾਂ’ ਦੇ ਵਿਕੇਂਦਰਤ (ਡੀਸੈਂਟਰਲਾਈਜ਼ਡ) ਗਲੋਬਲ ਨੈੱਟਵਰਕ ਲਈ ਇੱਕ ਜਥੇਬੰਦਕ ਆਧਾਰ ਵਜੋਂ ਕੰਮ ਕਰਦਾ ਹੈ।”
ਟਾਈ ਦੀ ਰਿਪੋਰਟ ਮੁਤਾਬਕ ਅਤਿਵਾਦ `ਤੇ ਖੋਜ ਕਰਨ ਵਾਲੇ ਸੈਕਿੰਡ ਸਨਜ਼ ਆਫ ਕੈਨੇਡਾ ਨੂੰ ਵੀ ਐਕਟਿਵ ਕਲੱਬ ਮੂਵਮੈਂਟ ਦਾ ਹਿੱਸਾ ਸਮਝਦੇ ਹਨ। ਸੈਕਿੰਡ ਸਨਜ਼ ਆਫ ਕੈਨੇਡਾ ਨੇ 27 ਸਤੰਬਰ ਨੂੰ ਕੈਮਲੂਪਸ ਵਿੱਚ ਇਕ ਪ੍ਰਦਰਸ਼ਨ ਕੀਤਾ ਸੀ, ਜਿਸ ਵਿੱਚ ਨਕਾਬਾਂ ਅਤੇ ਕਾਲੀਆਂ ਵਰਦੀਆਂ ਵਾਲੇ ਆਦਮੀਆਂ ਨੇ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਬੱਚਿਆਂ ਦੀਆਂ ਹੋਈਆਂ ਮੌਤਾਂ ਬਾਰੇ ਅਪਮਾਨਜਨਕ ਸੁਨੇਹਿਆਂ ਦਾ ਪ੍ਰਦਰਸ਼ਨ ਕੀਤਾ ਸੀ।
ਬੈਟਜ਼ ਨੇ ਟਾਈ ਮੈਗਜ਼ੀਨ ਨੂੰ ਦੱਸਿਆ ਕਿ ਬੀ ਸੀ ਦੀ ਅਸੰਬਲੀ ਅੱਗੇ ਨਕਾਬ ਪਾ ਕੇ ਖੜ੍ਹੇ ਇਹਨਾਂ ਆਦਮੀਆਂ ਨੂੰ ਦੇਖ ਕੇ ਉਸ ਨੂੰ ਕੈਮਲੂਪਸ ਦੀ ਘਟਨਾ ਯਾਦ ਆ ਗਈ। ਉਸ ਨੇ ਕਿਹਾ, “ਮੇਰੇ ਪਰਿਵਾਰ ਵਿੱਚ ਅਜਿਹੇ ਲੋਕ ਹਨ ਜੋ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਤੋਂ ਪ੍ਰਭਾਵਤ ਹੋਏ ਸਨ, ਇਸ ਲਈ ਮੈਂ ਇਸ ਬਾਰੇ ਬਹੁਤ ਤੀਬਰਤਾ ਨਾਲ ਮਹਿਸੂਸ ਕਰਦੀ ਹਾਂ।”
26 ਅਕਤੂਬਰ ਨੂੰ ਬੀ ਸੀ ਵਿੱਚ ਕੰਜਰਵੇਟਿਵ ਸਰਕਾਰ ਦੇ ਨਵੇਂ ਬਣਨ ਜਾ ਰਹੇ ਪ੍ਰੀਮੀਅਰ ਲੋਰਨ ਡੋਰਕਸਨ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਬੀ ਸੀ ਦੀ ਅਸੰਬਲੀ ਸਾਹਮਣੇ ਵਾਪਰੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਸ ਨੇ ਕਿਹਾ, “ਇਹ ਬਦਕਿਸਮਤੀ ਵਾਲੀ ਗੱਲ ਹੈ। ਮੈਨੂੰ ਇਹ ਸੁਣ ਕੇ ਦੁੱਖ ਹੋਇਆ ਹੈ। ਮੈਂ ਅੱਜ ਸਵੇਰੇ ਅਜੇ ਤੱਕ ਇਹ ਨਹੀਂ ਸੁਣਿਆ ਸੀ, ਅਤੇ ਸ਼ਾਇਦ ਅਜਿਹੇ ਸ਼ਬਦ ਹਨ ਜੋ ਮੈਂ ਹੁਣ ਨਹੀਂ ਕਹਿ ਸਕਦਾ। ਪਰ ਮੈਂ ਘੱਟੋ-ਘੱਟ ਇਹ ਕਹਾਂਗਾ ਕਿ ਇਹ ਬਹੁਤ ਹੀ ਨਿਰਾਸ਼ਾਜਨਕ ਹੈ। ਅਤੇ ਅਸੀਂ ਆਪਣੇ ਨਾਗਰਿਕਾਂ ਨੂੰ ਇਸ ਤਰ੍ਹਾਂ ਦੀ ਨਫ਼ਰਤ ਤੋਂ ਬਚਾਉਣ ਲਈ ਕਾਨੂੰਨ ਦੇ ਹਰ ਸੰਭਵ ਹਿੱਸੇ ਨਾਲ ਕਾਰਵਾਈ ਕਰਾਂਗੇ।”
ਇੱਥੇ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਡੋਰਕਸਨ ਨੇ 27 ਸਤੰਬਰ ਨੂੰ ਕੈਮਲੂਪਸ ਵਿੱਚ ਵਾਪਰੀ ਘਟਨਾ ਦੀ ਵੀ ਨਿਖੇਧੀ ਕੀਤੀ ਸੀ।
ਬੈਟਜ਼ ਦਾ ਕਹਿਣਾ ਹੈ ਕਿ ਉਹ ਸਿਆਸਤਦਾਨਾਂ ਤੋਂ ਇਹ ਜਾਣਨਾ ਚਾਹੁੰਦੀ ਹੈ ਕਿ ਉਹ ਬੀ ਸੀ ਦੀ ਅਸੰਬਲੀ ਦੇ ਲਾਅਨ ਵਿਖੇ ਪ੍ਰਗਟਾਏ ਗਏ ਇਹਨਾਂ ਅਤਿਵਾਦੀ ਸੁਨੇਹਿਆਂ ਨਾਲ ਕਿਵੇਂ ਨਜਿੱਠਣਗੇ। ਟਾਈ ਦੀ ਰਿਪੋਰਟਰ ਨਾਲ ਗੱਲ ਕਰਦਿਆਂ ਉਸ ਨੇ ਕਿਹਾ, “ਮੈਂ ਅਸੰਬਲੀ ਵਲੋਂ, ਅਸਲ ਵਿੱਚ ਸਾਰੀਆਂ ਪਾਰਟੀਆਂ ਵਲੋਂ, ਇਸ ਦਾ ਜ਼ੋਰਦਾਰ ਵਿਰੋਧ ਦੇਖਣਾ ਚਾਹੁੰਦੀ ਹਾਂ, ਕਿਉਂਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਹਨ, ਖਾਸ ਕਰ ਕੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਸੰਬੰਧ ਵਿੱਚ। ਮੈਂ ਸਾਰੀਆਂ ਪਾਰਟੀਆਂ ਵਲੋਂ ਇਹ ਸੁਣਨਾ ਚਾਹੁੰਦੀ ਹਾਂ ਕਿ ਇਹ ਬਿਲਕੁਲ ਹੀ ਪ੍ਰਵਾਨਯੋਗ ਨਹੀਂ ਹੈ।”
(ਇਹ ਰਿਪੋਰਟ ਆਨਲਾਈਨ ਨਿਊਜ਼ ਸਾਈਟ ਟਾਈ `ਤੇ 26 ਅਕਤੂਬਰ, 2026 ਨੂੰ ਜੈਨ ਸੇਂਟ ਡਿਨੀਸ ਦੀ ਰਿਪੋਰਟ `ਤੇ ਆਧਾਰਿਤ ਹੈ।)

