Nov 5, 2026

ਕੈਲਗਰੀ ਵੁਮੈਨ ਕਲਚਰ ਐਸੋਸੀਏਸ਼ਨ ਦਾ 11ਵਾਂ ਸਾਲਾਨਾ ਸਮਾਗਮ ਸ਼ਾਨੋ-ਸ਼ੌਕਤ ਨਾਲ ਸੰਪੰਨ-

ਕੈਲਗਰੀ (ਦਲਵੀਰ ਜਲੋਵਾਲੀਆ):ਕੈਲਗਰੀ ਵੁਮੈਨ ਕਲਚਰ ਐਸੋਸੀਏਸ਼ਨ ਵੱਲੋਂ ਡਾ. ਬਲਵਿੰਦਰ ਕੌਰ ਬਰਾੜ ਅਤੇ ਗੁਰਚਰਨ ਕੌਰ ਥਿੰਦ ਦੀ ਸੁਚੱਜੀ ਅਗਵਾਈ ਹੇਠ ਕਰਵਾਇਆ ਗਿਆ 11ਵਾਂ ਸਾਲਾਨਾ ਸਮਾਗਮ ਬੇਹੱਦ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਹੋ ਨਿਬੜਿਆ। ਬੀਤੇ ਦਿਨੀਂ ਟੈਂਪਲ ਕਮਿਊਨਿਟੀ ਹਾਲ ਵਿਖੇ ਹੋਏ ਇਸ ਸਮਾਗਮ ਦਾ ਮੁੱਖ ਵਿਸ਼ਾ ‘ਲੋਕ ਕੀ ਕਹਿਣਗੇ?’ ਰਿਹਾ, ਜਿਸ ਤਹਿਤ ਸਮਾਜ ਵਿੱਚ ਮੌਜੂਦ ਨਸਲੀ ਵਿਤਕਰੇ ਅਤੇ ਘੱਟ ਗਿਣਤੀਆਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸੰਸਥਾ ਵੱਲੋਂ ਹਰ ਸਾਲ ‘ਲੋਕ ਕੀ ਕਹਿਣਗੇ?’ ਦੇ ਵਿਲੱਖਣ ਬੈਨਰ ਹੇਠ ਸਮਾਜ ਦੇ ਭਖਦੇ ਮੁੱਦਿਆਂ ਨੂੰ ਉਭਾਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਉਪਰਾਲਾ ਕੀਤਾ ਜਾਂਦਾ ਹੈ। ਸਮਾਗਮ ਦੀ ਸ਼ੁਰੂਆਤ ਡਾ. ਬਲਵਿੰਦਰ ਕੌਰ ਬਰਾੜ ਵੱਲੋਂ ਹਾਜ਼ਰ ਮਹਿਮਾਨਾਂ ਦੇ ਨਿੱਘੇ ਸਵਾਗਤ ਨਾਲ ਹੋਈ। ਇਸ ਉਪਰੰਤ ਲੈਂਡ ਅਕਨੌਲੇਜਮੈਂਟ ਅਤੇ ਕੈਨੇਡਾ ਦਾ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ।
ਇਸ ਮੌਕੇ ਵਾਰਡ ਨੰਬਰ 5 ਦੇ ਕੌਂਸਲਰ ਰਾਜ ਧਾਲੀਵਾਲ ਨੇ ਸੰਬੋਧਨ ਕਰਦਿਆਂ ਕੈਨੇਡਾ ਦੇ ਮੂਲ ਨਿਵਾਸੀਆਂ ਨਾਲ ਹੋਏ ਇਤਿਹਾਸਕ ਨਸਲੀ ਵਿਤਕਰੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ਐਮ.ਐਲ.ਏ. ਇਰਫਾਨ ਸਾਬਰ, ਐਮ.ਐਲ.ਏ. ਗੁਰਿੰਦਰ ਬਰਾੜ ਅਤੇ ਚੈਸਟਰਮੇਅਰ ਦੀ ਕੌਂਸਲਰ ਕਿਰਨ ਰੰਧਾਵਾ ਦੀ ਵਿਸ਼ੇਸ਼ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਵਧਾਈ।
ਸਮਾਗਮ ਦਾ ਮੁੱਖ ਆਕਰਸ਼ਣ ਮਾਹਿਰਾਂ ਦਾ ਪੈਨਲ ਰਿਹਾ, ਜਿਸ ਵਿੱਚ ਸ਼ਾਨ ਅਲੀ, ਲਲਿਤਾ ਸਿੰਘ ਅਤੇ ਡਾ. ਰਮਨ ਗਿੱਲ ਨੇ ਆਪਣੇ ਵਿਚਾਰਾਂ ਰਾਹੀਂ ਦਰਸ਼ਕਾਂ ਨੂੰ ਨਸਲੀ ਵਿਤਕਰੇ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ। ਬੁਲਾਰਿਆਂ ਨੇ ਘੱਟ ਗਿਣਤੀ ਭਾਈਚਾਰਿਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ, ਆਪਣੇ ਅਧਿਕਾਰਾਂ ਦੀ ਜਾਣਕਾਰੀ ਰੱਖਣ ਅਤੇ ਸਮਾਜ ਵਿੱਚ ਬਰਾਬਰੀ ਤੇ ਸਨਮਾਨ ਨਾਲ ਰਹਿਣ ਲਈ ਪ੍ਰੇਰਿਤ ਕੀਤਾ।
ਸੱਭਿਆਚਾਰਕ ਪੇਸ਼ਕਾਰੀਆਂ ਨੇ ਵੀ ਸਮਾਗਮ ਨੂੰ ਯਾਦਗਾਰੀ ਬਣਾਇਆ। ਗੁਰਦੀਸ਼ ਕੌਰ ਗਰੇਵਾਲ, ਬਲਵੀਰ ਕੌਰ ਗਰੇਵਾਲ ਅਤੇ ਸੂਬੇਦਾਰ ਮਸਕੀਨ ਸਿੰਘ ਨੇ ਆਪਣੀਆਂ ਦਿਲਕਸ਼ ਪੇਸ਼ਕਾਰੀਆਂ ਰਾਹੀਂ ਸਰੋਤਿਆਂ ਦਾ ਮਨ ਮੋਹ ਲਿਆ। ਇਸੇ ਤਰ੍ਹਾਂ ‘ਕੈਲਗਰੀ ਯੰਗ ਵੁਮੈਨ ਗਰੁੱਪ’ ਦੀ ਸ਼ਾਨਦਾਰ ਪੇਸ਼ਕਾਰੀ ਨੇ ਸਮਾਗਮ ਵਿੱਚ ਨਵਾਂ ਜੋਸ਼ ਭਰ ਦਿੱਤਾ ਅਤੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ।
ਸਮਾਗਮ ਦੇ ਅੰਤ ਵਿੱਚ ਗੁਰਚਰਨ ਕੌਰ ਥਿੰਦ ਨੇ ਹਾਜ਼ਰ ਮਹਿਮਾਨਾਂ, ਬੁਲਾਰਿਆਂ, ਕਲਾਕਾਰਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *