ਅਮਰਿੰਦਰ ਬੌਬੀ, ਮੈਨੀ ਡੀ ਤੇ ਮਨਜੀਤ ਰੂਪੋਵਾਲੀਆ ਦੀ ਨਵੀਂ ਪੇਸ਼ਕਸ਼ ‘ਰਮਜ਼ਾਂ ਇਸ਼ਕ ਦੀਆਂ’ ਨੇ ਖਿੱਚਿਆ ਸੰਗੀਤ ਪ੍ਰੇਮੀਆਂ ਦਾ ਧਿਆਨ-
ਕੈਲਗਰੀ (ਦਲਵੀਰ ਜੱਲੋਵਾਲੀਆ ):-ਕੈਲਗਰੀ ਵਿੱਚ ਪੰਜਾਬੀ ਸੰਗੀਤ ਪ੍ਰੇਮੀਆਂ ਲਈ ਨਵੀਂ ਪੇਸ਼ਕਸ਼ ‘ਰਮਜ਼ਾਂ ਇਸ਼ਕ ਦੀਆਂ’ ਗੀਤ ਦਾ ਪੋਸਟਰ ਅਤੇ ਗੀਤ ਰਿਲੀਜ਼ ਕਰਨ ਸਬੰਧੀ ਵਿਸ਼ੇਸ਼ ਸਮਾਗਮ ਬੀਤੇ ਦਿਨੀਂ ਕਰਵਾਇਆ ਗਿਆ। ਇਹ ਸਮਾਗਮ ਰੀਅਲ ਅਸਟੇਟ ਕਾਰੋਬਾਰੀ ਟਿੰਮੀ ਸ਼ਰਮਾ ਦੇ ਦਫ਼ਤਰ ਵਿਖੇ ਹੋਇਆ, ਜਿਸ ਵਿੱਚ ਕੈਲਗਰੀ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਅਤੇ ਕਲਾਕਾਰਾਂ ਨੇ ਸ਼ਿਰਕਤ ਕੀਤੀ।
ਸੋਨਿਕ ਲੈਬ ਵੱਲੋਂ ਪੇਸ਼ ਕੀਤੇ ਗਏ ਇਸ ਗੀਤ ਵਿੱਚ ਅਮਰਿੰਦਰ ਬੌਬੀ, ਮੈਨੀ ਡੀ ਅਤੇ ਮਨਜੀਤ ਰੂਪੋਵਾਲੀਆ ਨੇ ਆਪਣੀ ਕਲਾਤਮਕ ਸਾਂਝ ਪੇਸ਼ ਕੀਤੀ ਹੈ। ਗੀਤ ਦੇ ਪੋਸਟਰ ਉੱਤੇ ਇਸ ਨੂੰ ‘ਰਮਜ਼ਾਂ ਇਸ਼ਕ ਦੀਆਂ’ ਦੇ ਨਾਂ ਹੇਠ ਪੇਸ਼ ਕੀਤਾ ਗਿਆ ਹੈ। ਇਸ ਮੌਕੇ ਗੀਤ ਦੀ ਪੇਸ਼ਕਾਰੀ ਅਤੇ ਇਸ ਦੇ ਪੋਸਟਰ ਨੂੰ ਲੋਕ ਅਰਪਣ ਕਰਦਿਆਂ ਕਲਾਕਾਰਾਂ ਨੇ ਆਪਣੇ ਇਸ ਨਵੇਂ ਉਪਰਾਲੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਸਮਾਗਮ ਦੌਰਾਨ ਟਿੰਮੀ ਸ਼ਰਮਾ, ਜਿੰਮੀ ਸ਼ਰਮਾ, ਜਸਵੰਤ ਰਾਏ ਸ਼ਰਮਾ, ਹਰਮਿੰਦਰਪਾਲ ਸਿੰਘ ਰਿੱਕੀ ਗਿੱਲ ਅਤੇ ਜੱਸੀ ਨਈਅਰ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਰਹੇ। ਇਸ ਤੋਂ ਇਲਾਵਾ ਗਾਇਕ ਮਨਜੀਤ ਰੂਪੋਵਾਲੀਆ ਅਤੇ ਮੈਨੀ ਡੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਹਾਜ਼ਰ ਸ਼ਖ਼ਸੀਅਤਾਂ ਨੇ ਕਲਾਕਾਰਾਂ ਦੇ ਇਸ ਨਵੇਂ ਉਪਰਾਲੇ ਦੀ ਸ਼ਲਾਘਾ ਕਰਦਿਆਂ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਨੂੰ ਵਿਦੇਸ਼ੀ ਧਰਤੀ ’ਤੇ ਪ੍ਰਫੁੱਲਤ ਕਰਨ ਲਈ ਅਜਿਹੇ ਯਤਨਾਂ ਨੂੰ ਮਹੱਤਵਪੂਰਨ ਦੱਸਿਆ।
ਜ਼ਿਕਰਯੋਗ ਹੈ ਕਿ ‘ਰਮਜ਼ਾਂ ਇਸ਼ਕ ਦੀਆਂ’ ਗੀਤ ਸੰਗੀਤ ਪ੍ਰੇਮੀਆਂ ਲਈ ਨਵੀਂ ਪੇਸ਼ਕਸ਼ ਹੈ ਅਤੇ ਇਸ ਨੂੰ ਸਪੌਟੀਫਾਈ, ਆਈਟਿਊਨਜ਼, ਯੂਟਿਊਬ ਮਿਊਜ਼ਿਕ ਅਤੇ ਐਮਾਜ਼ਾਨ ਮਿਊਜ਼ਿਕ ਸਮੇਤ ਵੱਖ-ਵੱਖ ਸੰਗੀਤਕ ਮੰਚਾਂ ’ਤੇ ਸੁਣਿਆ ਜਾ ਸਕਦਾ ਹੈ।

