Nov 6, 2026

featured-img

ਸੰਗਰੂਰ-ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ‘ਸੰਗਰੂਰ ਰੈਲੀ’ ਨੇ ਪੰਜਾਬ ਦਾ ਸਿਆਸੀ ਮਾਹੌਲ ਭਖਾ ਦਿੱਤਾ ਹੈ। ਪੰਜਾਬ ਕਾਂਗਰਸ ਦੀ ਪਹਿਲੀ ਰੈਲੀ ਹੈ, ਜਿਸ ’ਚ ਏਕਤਾ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦੀ ਅਗਵਾਈ ਵਾਲੀ ਇਹ ਸ਼ੁਰੂਆਤੀ ਸਿਆਸੀ ਰੈਲੀ ਹੈ। ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਸੰਗਰੂਰ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਆਗਾਜ਼ ਕੀਤਾ ਹੈ। ਰਾਹੁਲ ਗਾਂਧੀ ਦੀ ਰੈਲੀ ਮਗਰੋਂ ਦੂਸਰੀਆਂ ਸਿਆਸੀ ਧਿਰਾਂ ਵੀ ਇਸ ਰੈਲੀ ’ਤੇ ਮੋੜਵਾਂ ਵਾਰ ਕਰਨ ਲਈ ਵੱਡੇ ਪ੍ਰੋਗਰਾਮ ਉਲੀਕਣ ਲੱਗੀਆਂ ਹਨ।

ਰਾਹੁਲ ਨੇ ਕਿਸਾਨੀ ਅਤੇ ਨਸ਼ਿਆਂ ਤੋਂ ਇਲਾਵਾ ਅਮਨ-ਕਾਨੂੰਨ ਦੀ ਸਥਿਤੀ ਨੂੰ ਸੰਗਰੂਰ ਰੈਲੀ ’ਚ ਉਭਾਰਿਆ ਹੈ। ਕਾਂਗਰਸ ਨੂੰ ਮਾਲਵਾ ਖ਼ਿੱਤੇ ’ਚੋਂ 2022 ’ਚ ਗਿੱਦੜਬਾਹਾ ਤੇ ਅਬੋਹਰ ਸੀਟ ’ਤੇ ਹੀ ਜਿੱਤ ਹਾਸਲ ਮਿਲੀ ਸੀ, ਜੋ ਕਾਂਗਰਸ ਲਈ ਵੱਡੀ ਸਿਆਸੀ ਸੱਟ ਸੀ। 2017 ਦੀਆਂ ਚੋਣਾਂ ’ਚ ਕਾਂਗਰਸ ਨੇ ਮਾਲਵੇ ’ਚੋਂ 40 ਸੀਟਾਂ ਅਤੇ 2012 ’ਚ ਕਰੀਬ 32 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਹੁਣ ਕਾਂਗਰਸ ਨੇ ਮੁੜ ਮਾਲਵਾ ’ਤੇ ਧਿਆਨ ਦੇਣਾ ਸ਼ੁਰੂ ਕੀਤਾ ਹੈ। ਹਾਲਾਂਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵੀ ਹੁਣ ਦੋਆਬਾ ਖੇਤਰ ਕੋਲ ਹੈ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਦੋ ਰੈਲੀਆਂ ਬਠਿੰਡਾ ਅਤੇ ਪਟਿਆਲਾ ’ਚ ਕਰਾਉਣ ਦੀ ਵਿਉਂਤ ਬਣਾਈ ਗਈ ਹੈ ਜਦੋਂ ਕਿ ਸ਼੍ੋਮਣੀ ਅਕਾਲੀ ਦਲ ਵੀ ਆਪਣਾ ਰਵਾਇਤੀ ਗੜ੍ਹ ਬਚਾਉਣ ਲਈ ਮਾਲਵੇ ’ਤੇ ਹੀ ਜ਼ਿਆਦਾ ਜ਼ੋਰ ਲਗਾ ਰਿਹਾ ਹੈ। ਅਕਾਲੀ ਦਲ (ਵਾਰਿਸ ਪੰਜਾਬ) ਦੇ ਵੱਲੋਂ ਮਾਝੇ ਤੋਂ ਬਾਅਦ ਹੁਣ ਮਾਲਵੇ ’ਚ ਗੇੜੇ ਵਧਾਏ ਗਏ ਹਨ। ਆਮ ਆਦਮੀ ਪਾਰਟੀ ਵੀ ਮਾਨਸਾ ਦੇ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਨੂੰ ਨਿਬੇੜਨ ਮਗਰੋਂ ਮਾਲਵੇ ’ਚ ਨਵੇਂ ਸਿਆਸੀ ਪ੍ਰੋਗਰਾਮ ਉਲੀਕੇਗੀ। ਆਮ ਆਦਮੀ ਪਾਰਟੀ ਮਾਲਵੇ ’ਚ ਨਹਿਰੀ ਪਾਣੀ ਨੂੰ ਵੱਡੀ ਪ੍ਰਾਪਤੀ ਦੇ ਤੌਰ ’ਤੇ ਉਭਾਰੇਗੀ ਜਦੋਂ ਕਿ ਵਿਰੋਧੀ ਧਿਰਾਂ ਨਸ਼ਿਆਂ ਦੇ ਮੁੱਦੇ ਨੂੰ ਕੇਂਦਰ ਬਿੰਦੂ ’ਚ ਰੱਖਣਗੀਆਂ ਕਿਉਂਕਿ ਨਸ਼ਿਆਂ ਤੋਂ ਮਾਲਵੇ ਦਾ ਕੋਈ ਕੋਨਾ ਨਹੀਂ ਬਚਿਆ।

ਸੰਗਰੂਰ ਰੈਲੀ ਵਿਚ ਰਾਹੁਲ ਨੇ ਚੋਣ ਬਿਗਲ ਵਜਾਇਆ-

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਆਗਾਮੀ ਪੰਜਾਬ ਅਸੈਂਬਲੀ ਚੋਣਾਂ ਲਈ ਬਿਗਲ ਵਜਾਉਂਦਿਆਂ ਸੂਬੇ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਕਈ ਮੋਰਚਿਆਂ ’ਤੇ ਘੇਰਿਆ। ਉਨ੍ਹਾਂ ਪੰਜਾਬ ਵਿੱਚ ‘ਚਿੱਟੇ’ (ਨਸ਼ਾ) ਨੂੰ ਵੱਡਾ ਮੁੱਦਾ ਦੱਸਿਆ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਹੋਈ ਆਪਣੀ ਗੱਲਬਾਤ ਨੂੰ ਯਾਦ ਕੀਤਾ। ਉਹ ਇਥੇ ਇਨਸਾਫ਼ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਗਾਂਧੀ ਨੇ ਪੰਜਾਬ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਕਿਹਾ, ‘‘ਕਈ ਸਾਲ ਪਹਿਲਾਂ ਮੈਂ ਕਿਹਾ ਸੀ ਕਿ ਪੰਜਾਬ ਵਿੱਚ ਨਸ਼ੇ ਫੈਲ ਰਹੇ ਹਨ। ਉਦੋਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ। ਅੱਜ ‘ਚਿੱਟਾ’ (ਮਿਲਾਵਟੀ ਹੈਰੋਇਨ) ਸੂਬੇ ਵਿੱਚ ਵੱਡਾ ਮੁੱਦਾ ਹੈ।’’ ਉਨ੍ਹਾਂ ਕਿਹਾ, ‘‘ਲੋਕਾਂ ਨੂੰ ਅਜਿਹੀ ਸਰਕਾਰ ਦੀ ਲੋੜ ਹੈ, ਜੋ ਪੰਜਾਬ ਲਈ ਕੰਮ ਕਰੇ। ‘ਆਪ’ ਜਿਹੀ ਸਰਕਾਰ ਦੀ ਨਹੀਂ, ਜੋ ਦਿੱਲੀ ਤੋਂ ਚਲਦੀ ਹੈ; ਇਸ ਸਮੇਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ, ਲੁੱਟ-ਖੋਹ ਅਤੇ ਗੈਂਗਸਟਰਵਾਦ ਨੇ ਜਕੜ ਰੱਖਿਆ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ ਇਨ੍ਹਾਂ ਅਲਾਮਤਾਂ ਨੂੰ ਰੋਕਣ ਵਿੱਚ ਨਾਕਾਮ ਹੋ ਚੁੱਕੀ ਹੈ।’’ ਉਨ੍ਹਾਂ ਇਕੱਠ ਨੂੰ ਅਪੀਲ ਕੀਤੀ ਕਿ ਉਹ ਰੁਜ਼ਗਾਰ ਅਤੇ ਨਸ਼ਾ ਮੁਕਤ ਪੰਜਾਬ ਲਈ ਕਾਂਗਰਸ ਨੂੰ ਵੋਟ ਦੇਣ। ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ, ‘‘ਉਹ ਸੰਸਦ ਵਿੱਚ ਚਰਚਾ ਦੀ ਗੱਲ ਕਰਦੇ ਹਨ, ਪਰ ਤੁਸੀਂ ਮੇਰੇ ਮਾਈਕ ਬੰਦ ਕਰ ਦਿੱਤੇ; ਤੁਸੀਂ ਮੈਨੂੰ ਸੰਸਦ ਵਿੱਚ ਬੋਲਣ ਨਹੀਂ ਦਿੰਦੇ।’’ ਗਾਂਧੀ ਨੇ ਭਾਸ਼ਣ ਰੋਕ ਕੇ ਸਟੇਜ ’ਤੇ ਬੈਠੇ, ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਆਪਣੇ ਕੋਲ ਬੁਲਾਇਆ। ਉਨ੍ਹਾਂ ਗਾਇਕ ਨੂੰ ਯਾਦ ਕਰਦਿਆਂ ਕਿਹਾ, ‘‘ਉਸ ਦੇ ਗੀਤਾਂ ਵਿੱਚ ਪੰਜਾਬ ਦੀ ਆਵਾਜ਼ ਝਲਕਦੀ ਸੀ, ਜਿਨ੍ਹਾਂ ਨੂੰ ਮੈਂ ਬਾਅਦ ਵਿੱਚ ਸੁਣਿਆ। ਉਸ ਦੀ ਸੁਰੱਖਿਆ ਹਟਾ ਦਿੱਤੀ ਗਈ ਅਤੇ ਦਿਨ-ਦਿਹਾੜੇ ਉਸ ਦਾ ਕਤਲ ਕਰ ਦਿੱਤਾ ਗਿਆ। ‘ਆਪ’ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨਾਕਾਮੀਆਂ ਕਰ ਕੇ ਮੂਸੇਵਾਲਾ ਵਰਗੇ ਨੌਜਵਾਨ ਸਾਥੋਂ ਖੋਹੇ ਜਾ ਰਹੇ ਹਨ।’’ ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਇਕਜੁੱਟ ਹੋ ਕੇ ਚੋਣ ਮੈਦਾਨ ਵਿੱਚ ਡਟਣ ਦਾ ਸੱਦਾ ਦਿੱਤਾ।

Leave a Reply

Your email address will not be published. Required fields are marked *