ਉਜਾਗਰ ਸਿੰਘ—-
ਅਮਰੀਕਾ ਵਿੱਚ ਪ੍ਰਤੀਨਿਧੀ ਸਭਾ ਅਤੇ ਸੈਨਟ ਦੀਆਂ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਪਾਰਟੀ ਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ। ਇਥੋਂ ਤੱਕ ਕਿ ਡੋਨਾਲਡ ਟਰੰਪ ਦੇ ਆਪਣੇ ਖੇਤਰ ਵਿੱਚ ਵੀ ਬੁਰੀ ਤਰ੍ਹਾਂ ਸੂਫੜਾ ਸਾਫ਼ ਹੋ ਗਿਆ। ਅਮਰੀਕਾ ਦੇ ਲੋਕ ਦੇਸ਼ ਵਿੱਚ ਰੋਜ਼ ਮਰ੍ਹਾ ਦਾ ਜੀਵਨ ਨਿਰਬਾਹ ਕਰਨ ਲਈ ਵਧੀ ਹੋਈ ਮਹਿੰਗਾਈ ਨੇ ਸਤਾਏ ਹੋਏ ਸਨ। ਇਸ ਤੋਂ ਇਲਾਵਾ ਤੇਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਅਤੇ ਇਰਾਨ ਦੀ ਜੰਗ ਨਾਲ ਪੈਦਾ ਹੋਏ ਆਰਥਿਕ ਸੰਕਟ ਨੇ ਅਮਰੀਕੀਆਂ ਦਾ ਜਿਓਣਾ ਦੁੱਭਰ ਕੀਤਾ ਹੋਇਆ ਸੀ। ਡੋਨਾਲਡ ਟਰੰਪ ਦੀ ਹਓਮੈ ਦਾ ਭਾਂਡਾ ਫੁੱਟ ਗਿਆ ਹੈ। ਅਮਰੀਕਾ ਦੇ ਲੋਕਾਂ ਨੇ ਆਪਣੀ ਨਰਾਜ਼ਗੀ ਦਰਜ ਕਰਦਿਆਂ ਡੋਨਾਲਡ ਟਰੰਪ ਦੀ ਹੈਂਕੜ ਤੋੜ ਦਿੱਤੀ ਹੈ। ਪਰਜਾਤੰਤਰ ਵਿੱਚ ਸੱਤਾ ਦੀ ਡੋਰ ਲੋਕਾਂ ਦੇ ਹੱਥ ਹੁੰਦੀ ਹੈ। ਡੋਨਾਲਡ ਟਰੰਪ ਲੋਕਾਂ ਨੂੰ ਟਿੱਚ ਸਮਝਦੇ ਸਨ, ਜਿਸ ਕਰਕੇ ਡੈਮੋਕਰੈਟਿਕ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਹੈ। ਦੂਜੀ ਵਾਰ ਚੋਣ ਜਿੱਤਣ ਤੋਂ ਬਾਅਦ ਡੋਨਾਲਡ ਟਰੰਪ ਮਨਮਾਨੀਆਂ ਕਰ ਰਹੇ ਸਨ। ਉਹ ਹਰ ਰੋਜ਼ ਨਵੇਂ-ਨਵੇਂ ਐਲਾਨ ਕਰਦੇ ਸਨ, ਜਿਨ੍ਹਾਂ ਦਾ ਆਮ ਜਨਤਾ ‘ਤੇ ਮਾਰੂ ਪ੍ਰਭਾਵ ਪੈਂਦਾ ਸੀ। ਉਹ ਆਪਣੀਆਂ ਆਪ ਹੁਦਰੀਆਂ ‘ਤੇ ਉਤਰ ਆਏ ਸਨ, ਕਿਸੇ ਦੀ ਪ੍ਰਵਾਹ ਨਹੀਂ ਕਰਦੇ ਸਨ। ਰਾਸ਼ਟਰਪਤੀ ਦੀ ਚੋਣ ਤੋਂ ਦੋ ਸਾਲ ਬਾਅਦ 3 ਨਵੰਬਰ 2026 ਨੂੰ ਹੋਈਆਂ ਪ੍ਰਤੀਨਿਧੀ ਸਭਾ ਅਤੇ ਸੈਨਟ ਦੀਆਂ ਮੱਧਕਾਲੀ ਚੋਣਾਂ ਵਿੱਚ ਅਮਰੀਕਾ ਦੇ ਵੋਟਰਾਂ ਨੇ ਟਰੰਪ ਦੀਆਂ ਨੀਤੀਆਂ ਨੂੰ ਨਕਾਰ ਦਿੱਤਾ ਹੈ। ਇੱਕ ਕਿਸਮ ਨਾਲ ਇਹ ਚੋਣਾਂ ਰਾਸ਼ਟਰਪਤੀ ਟਰੰਪ ਦਾ ਇਮਤਿਹਾਨ ਸਨ। ਇਸ ਇਮਤਿਹਾਨ ਵਿੱਚੋਂ ਰਾਸ਼ਟਰਪਤੀ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਹੈ। ਡੈਮੋਕਰੈਟਿਕ ਪਾਰਟੀ ਨੂੰ ਅਮਰੀਕੀ ਕਾਂਗਰਸ ਦੇ ਦੋਵੇਂ ਸਦਨਾ ਵਿੱਚ ਬਹੁਮਤ ਮਿਲ ਗਿਆ ਹੈ। ਅਮਰੀਕਾ ਦੇ ਪ੍ਰਤੀਨਿਧੀ ਸਭਾ ਦੀਆਂ 435 ਸੀਟਾਂ ਹਨ, ਬਹੁਮਤ ਲਈ 218 ਸੀਟਾਂ ਦੀ ਲੋੜ ਹੁੰਦੀ ਹੈ। ਪ੍ਰਤੀਨਿਧੀ ਸਭਾ ਦੀਆਂ 435 ਸੀਟਾਂ ਵਿੱਚੋਂ ਡੈਮੋਕਰੈਟਿਕ ਪਾਰਟੀ 253 ਸੀਟਾਂ ਜਿੱਤ ਗਈ ਹੈ, ਜਦੋਂਕਿ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਸਿਰਫ਼ 157 ਸੀਟਾਂ ‘ਤੇ ਜਿੱਤ ਪ੍ਰਾਪਤ ਕਰ ਸਕੀ ਹੈ, 25 ਸੀਟਾਂ ਦਾ ਨਤੀਜਾ ਆਉਣਾ ਬਾਕੀ ਹੈ। ਅਮਰੀਕੀ ਸੈਨਟ ਦੇ 100 ਮੈਂਬਰ ਹੁੰਦੇ ਹਨ, ਸੈਨਟ ਦੇ ਲਗਪਗ ਇੱਕ ਤਿਹਾਈ ਮੈਂਬਰਾਂ ਦੀ ਚੋਣ ਹਰ ਦੋ ਸਾਲ ਬਾਅਦ ਹੁੰਦੀ ਹੈ। ਸੈਨਟ ਦੀਆਂ 35 ਸੀਟਾਂ ਦੀ ਚੋਣ ਹੋਈ ਹੈ। ਬਹੁਮਤ ਲਈ 51 ਸੀਟਾਂ ਦੀ ਲੋੜ ਹੁੰਦੀ ਹੈ। ਡੈਮੋਕਰੈਟਿਕ ਪਾਰਟੀ ਅਤੇ ਉਸਦੇ ਹਮਾਇਤੀ ਆਜ਼ਾਦ 54 ਮੈਂਬਰ ਚੋਣ ਜਿੱਤ ਗਏ ਹਨ, ਜਦੋਂ ਕਿ ਰਿਪਬਲਿਕਨ ਪਾਰਟੀ ਦੇ 44 ਮੈਂਬਰ ਚੋਣ ਜਿੱਤੇ ਹਨ, ਦੋ ਸੀਟਾਂ ਦਾ ਨਤੀਜਾ ਆਉਣਾ ਬਾਕੀ ਹੈ। ਇਹ ਨਤੀਜੇ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਵੱਡਾ ਸਿਆਸੀ ਝਟਕਾ ਮੰਨੇ ਜਾ ਰਹੇ ਹਨ। ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਈ ਮਹੱਤਵਪੂਰਨ ਤੇ ਵਾਦਵਿਵਾਦ ਵਾਲੇ ਫ਼ੈਸਲਿਆਂ ਦੀ ਜਾਂਚ ਅਰਥਾਤ ਪੁਨਰ ਵਿਚਾਰ ਹੋ ਸਕਦਾ ਹੈ। ਰਾਸ਼ਟਰਪਤੀ ਨੂੂੰ ਕੁਝ ਅਜਿਹੇ ਅਧਿਕਾਰ ਹਨ ਕਿ ਉਹ ਬਹੁਤ ਅਹਿਮ ਅਹੁਦਿਆਂ ‘ਤੇ ਨਿਯੁਕਤੀਆਂ ਕਰ ਸਕਦਾ ਹੈ, ਪ੍ਰੰਤੂ ਉਸਦੀ ਪ੍ਰਵਾਨਗੀ ਸੈਨਟ ਤੋਂ ਲੈਣੀ ਪੈਂਦੀ ਹੈ। ਅਜਿਹੇ ਹਾਲਾਤ ਵਿੱਚ ਡੋਨਾਲਡ ਟਰੰਪ ਲਈ ਆਪਣੀਆਂ ਨੀਤੀਆਂ ਅਤੇ ਕਾਨੂੰਨੀ ਪ੍ਰਸਤਾਵਾਂ ਨੂੰ ਪਾਸ ਕਰਵਾਉਣੇ ਅਸੰਭਵ ਹੋ ਜਾਣਗੇ।
ਰਾਸ਼ਟਰਪਤੀ ਦੀ ਚੋਣ ਚਾਰ ਸਾਲ ਬਾਅਦ ਹੁੰਦੀ ਹੈ, ਜਦੋਂਕਿ ਕਾਂਗਰਸ ਦੀਆਂ ਮੱਧਕਾਲੀ ਚੋਣਾਂ ਰਾਸ਼ਟਰਪਤੀ ਦੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ਉਪਰੰਤ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਨੂੰ ਮੱਧਕਾਲੀ ਚੋਣਾਂ ਇਸ ਲਈ ਕਿਹਾ ਜਾਂਦਾ ਹੈ, ਕਿਉਂਕਿ ਇਹ ਰਾਸ਼ਟਰਪਤੀ ਦੇ ਚਾਰ ਸਾਲਾਂ ਦੇ ਕਾਰਜਕਾਲ ਦੇ ਵਿਚਕਾਰ ਹੁੰਦੀਆਂ ਹਨ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਰਾਸ਼ਟਰਪਤੀ ‘ਤੇ ਕੋਈ ਅਸਰ ਨਹੀਂ ਹੁੰਦਾ, ਪ੍ਰੰਤੂ ਜੇਕਰ ਰਾਸ਼ਟਰਪਤੀ ਦੀ ਪਾਰਟੀ ਨੂੰ ਦੋਹਾਂ ਸਦਨਾ ਵਿੱਚ ਬਹੁਮੱਤ ਨਾ ਮਿਲੇ ਤਾਂ ਸਰਕਾਰ ਚਲਾਉਣ ਵਿੱਚ ਮੁਸ਼ਕਲਾਂ ਪੈਦਾ ਹੋ ਜਾਂਦੀਆਂ ਹਨ। ਭਾਵ ਰਾਸ਼ਟਰਪਤੀ ਦੀ ਮਨਮਰਜ਼ੀ ਨਹੀਂ ਚਲਦੀ।
ਮੱਧਕਾਲੀ ਚੋਣਾਂ ਤੋਂ ਪਹਿਲਾਂ ਦੋਵਾਂ ਸਦਨਾ ਵਿੱਚ ਰਿਪਬਲਿਕਨ ਪਾਰਟੀ ਦਾ ਬਹੁਮਤ ਸੀ। ਡੈਮੋਕਰੈਟਿਕ ਪਾਰਟੀ ਦਾ ਮੁੱਖ ਮੰਤਵ ਦੋਵਾਂ ਸਦਨਾ ਵਿੱਚ ਬਹੁਮਤ ਪ੍ਰਾਪਤ ਕਰਕੇ ਸਰਕਾਰ ਦੀਆਂ ਨੀਤੀਆਂ ਉਤੇ ਸੰਸਦੀ ਨਿਗਰਾਨੀ ਵਧਾਉਣਾ ਸੀ, ਜਿਸ ਵਿੱਚ ਉਹ ਸਫਲ ਹੋ ਗਏ ਹਨ। ਲੋਕਾਂ ਦੇ ਫਤਬੇ ਨੇ ਡੋਨਾਲਡ ਟਰੰਪ ਦੀਆਂ ਨੀਤੀਆਂ ਨੂੰ ਨਾਮਨਜ਼ੂਰ ਕਰ ਦਿੱਤਾ ਹੈ। ਅਮਰੀਕਾ ਵਿੱਚ ਮਹਿੰਗਾਈ, ਜੀਵਨ ਨਿਰਬਾਹ ਦੀ ਵੱਧਦੀ ਲਾਗਤ, ਰੋਜ਼ਗਾਰ, ਸਿਹਤ ਸਹੂਲਤਾਂ, ਇਮੀਗ੍ਰੇਸ਼ਨ, ਆਰਥਿਕ ਨੀਤੀਆਂ ਅਤੇ ਈਰਾਨ ਨਾਲ ਜੰਗ ਵਰਗੇ ਮੁੱਦਿਆਂ ਨੂੰ ਲੋਕਾਂ ਨੇ ਪਸੰਦ ਨਹੀਂ ਕੀਤਾ। ਅਮਰੀਕਾ ਦੇ ਲੋਕਾਂ ਨੇ ਰਿਪਬਲਿਕਨ ਪਾਰਟੀ ਨੂੰ ਸੰਸਦ ਵਿੱਚ ਆਪਣੀ ਮਰਜ਼ੀ ਨਾਲ ਫ਼ੈਸਲੇ ਕਰਨ ਦੀ ਖੁਲ੍ਹ ‘ਤੇ ਰੋਕ ਲਗਾ ਦਿੱਤੀ ਹੈ। ਇਸ ਪ੍ਰਕਾਰ ਹੁਣ ਸੱਤਾ ਦੇ ਦੋ ਕੇਂਦਰ ਬਣ ਜਾਣਗੇ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਡੈਮੋਕਰੈਟਿਕ ਪਾਰਟੀ ਦੀ ਸਲਾਹ ਅਨੁਸਾਰ ਚਲਣਾ ਪਵੇਗਾ। ਇਹ ਮੱਧਕਾਲੀ ਚੋਣਾਂ ਸਿਰਫ਼ ਪ੍ਰਤੀਨਿਧੀ ਸਭਾ ਅਤੇ ਸੈਨਟ ਦੀਆਂ ਸੀਟਾਂ ਹਾਸਲ ਕਰਨ ਦੀ ਲੜਾਈ ਨਹੀਂ ਸਨ, ਸਗੋਂ ਇਨ੍ਹਾਂ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸ਼ਾਸਨ, ਨੀਤੀਆਂ ਅਤੇ ਲੋਕਪ੍ਰਿਯਤਾ ਬਾਰੇ ਲੋਕਾਂ ਦੇ ਰੁੱਖ ਨੂੰ ਸਮਝਣ ਦਾ ਇੱਕ ਮਹੱਤਵਪੂਰਨ ਸਿਆਸੀ ਮਾਪ ਦੰਡ ਵੀ ਮੰਨਿਆਂ ਜਾਂਦਾ ਹੈ।
ਅਮਰੀਕਾ ਦੁਨੀਆਂ ਦਾ ਸਭ ਤੋਂ ਪ੍ਰਭਾਵਸ਼ਾਲੀ ਲੋਕਤੰਤਰੀ ਦੇਸ਼ ਮੰਨਿਆਂ ਜਾਂਦਾ ਹੈ, ਉਥੋਂ ਦੇ ਚੋਣ ਨਤੀਜਿਆਂ ਦਾ ਅਸਰ ਕੇਵਲ ਅਮਰੀਕੀ ਰਾਜਨੀਤੀ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਵਿਸ਼ਵ ਅਰਥਚਾਰੇ, ਅੰਤਰਰਾਸ਼ਟਰੀ ਸੰਬੰਧਾਂ, ਵਿਓਪਾਰ, ਸੁਰੱਖਿਆ ਅਤੇ ਹੋਰ ਦੇਸ਼ਾਂ ਦੀਆਂ ਵਿਦੇਸ਼ ਨੀਤੀਆਂ ਉਤੇ ਵੀ ਪੈਂਦਾ ਹੈ। ਇਸ ਕਰਕੇ ਸੰਸਾਰ ਭਰ ਵਿੱਚ ਇਨ੍ਹਾਂ ਚੋਣਾਂ ਨੂੰ ਵਿਸ਼ੇਸ਼ ਦਿਲਚਸਪੀ ਨਾਲ ਵੇਖਿਆ ਜਾਂਦਾ ਸੀ। ਇਨ੍ਹਾਂ ਚੋਣ ਨਤੀਜਿਆਂ ਨੇ ਅਮਰੀਕੀ ਰਾਜਨੀਤੀ ਵਿੱਚ ਨਵਾਂ ਮੋੜ ਲੈ ਆਂਦਾ ਹੈ।
ਮੱਧਕਾਲੀ ਚੋਣਾਂ ਦਾ ਦਿਲਚਸਪ ਪਹਿਲੂ ਇਹ ਰਿਹਾ ਹੈ ਕਿ ਡੈਮੋਕਰੈਟਿਕ ਪਾਰਟੀ ਨੇ ਉਨ੍ਹਾਂ ਰਾਜਾਂ ਵਿੱਚ ਵੀ ਸਫਲਤਾ ਪ੍ਰਾਪਤ ਕੀਤੀ ਹੈ, ਜਿਨ੍ਹਾਂ ਨੂੰ ਰਵਾਇਤੀ ਤੌਰ ‘ਤੇ ਰਿਪਬਲਿਕਨ ਪਾਰਟੀ ਦਾ ਮਜ਼ਬੂਤ ਗੜ੍ਹ ਸਮਝਿਆ ਜਾਂਦਾ ਰਿਹਾ ਹੈ। ਕੰਸਾਸ ਵਿੱਚ ਲਗਪਗ ਇੱਕ ਸਦੀ ਤੋਂ ਬਾਅਦ ਡੈਮੋਕਰੈਟਿਕ ਪਾਰਟੀ ਦਾ ਸੈਨੇਟਰ ਚੁਣਿਆਂ ਗਿਆ ਹੈ। ਟੈਕਸਾਸ, ਦੱਖਣੀ ਕੋਰੇਲੀਨਾ, ਆਇਓਵਾ, ਨਾਰਥ ਕੈਰੋਲਿਨਾ, ਓਹਾਈਓ ਅਤੇ ਮੇਨ ਵਿੱਚ ਡੈਮੋਕਰੈਟਿਕ ਨੇ ਝੰਡੇ ਗੱਡ ਦਿੱਤੇ ਹਨ। ਇਨ੍ਹਾਂ ਰਾਜਾਂ ਵਿੱਚ 2024 ਵਿੱਚ ਰਿਪਬਲਿਕਨ ਨੇ ਜਿੱਤ ਪ੍ਰਾਪਤ ਕੀਤੀ ਸੀ। ਵਰਤਮਾਨ ਇਨ੍ਹਾਂ ਜਿੱਤਾਂ ਨੇ ਅਮਰੀਕੀ ਰਾਜਨੀਤੀ ਵਿੱਚ ਪਾਰਟੀਗਤ ਸਮੀਕਰਨਾਂ ਨੂੰ ਬਦਲ ਦਿੱਤਾ ਹੈ। ਖਾਸ ਕਰਕੇ ਟੈਕਸਾਸ ਵਰਗੇ ਰਾਜ ਵਿੱਚ ਡੈਮੋਕਰੈਟਿਕ ਜਿੱਤ ਮਹੱਤਵਪੂਰਨ ਸਿਆਸੀ ਘਟਨਾ ਵਜੋਂ ਵੇਖਿਆ ਜਾ ਰਿਹਾ ਹੈ।
ਦੋਵਾਂ ਸਦਨਾ ਵਿੱਚ ਬਹੁਮਤ ਗੁਆਉਣ ਤੋਂ ਬਾਅਦ ਡੋਨਾਲਡ ਟਰੰਪ ਦੀ ਸਰਕਾਰ ਸਾਹਮਣੇ ਨਵੀਂਆਂ ਸੰਸਦੀ ਚੁਣੌਤੀਆਂ ਪੈਦਾ ਹੋਣਗੀਆਂ। ਨਵੇਂ ਕਾਨੂੰਨ ਬਣਾਉਣ ਲਈ ਕਾਂਗਰਸ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈ, ਪ੍ਰੰਤੂ ਬਹੁਮਤ ਨਾ ਹੋਣ ਕਰਕੇ ਅੜਚਣਾ ਪੈਦਾ ਹੋਣਗੀਆਂ ਜਾਂ ਕਾਨੂੰਨ ਡੈਮੋਕਰੈਟਿਕ ਅਨੁਸਾਰ ਬਣਾਉਣੇ ਪੈਣਗੇ। ਹੁਣ ਡੈਮੋਕਰੈਟਿਕ ਪਾਰਟੀ ਹਾਊਸ ਅਤੇ ਸੈਨਟ ਦੀਆਂ ਕਮੇਟੀਆਂ ਦਾ ਕੰਟਰੋਲ ਸੰਭਾਲੇਗੀ। ਉਹ ਕਮੇਟੀਆਂ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਕੰਮ ਕਾਜ਼ ਦੀ ਜਾਂਚ ਕਰ ਸਕਦੀਆਂ ਹਨ। ਅਧਿਕਾਰੀ ਕਮੇਟੀਆਂ ਸਾਹਮਣੇ ਜਵਾਬਦੇਹ ਹੋਣਗੇ। ਇਸ ਤੋਂ ਇਲਾਵਾ ਅਮਰੀਕਾ ਦੇ 50 ਗਵਰਨਰਾਂ ਵਿੱਚ ਚੋਣਾਂ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਦੇ 26 ਅਤੇ ਡੈਮੋਕਰੈਟਿਕ ਦੇ 24 ਗਵਰਨਰ ਸਨ, ਪ੍ਰੰਤੂ ਨਵੰਬਰ 2026 ਦੀਆਂ ਚੋਣਾਂ ਵਿੱਚ 36 ਗਵਰਨਰਾਂ ਦੀ ਚੋਣ ਹੋਈ। ਡੈਮੋਕਰੈਟ ਦੇ 28 ਅਤੇ ਰਿਪਬਲਿਕਨ ਦੇ 20 ਗਵਰਨਰ ਹਨ। ਡੈਮੋਕਰੈਟ ਨੇ ਰਿਪਬਲਿਕਨ ਪਾਰਟੀ ਤੋਂ 6 ਰਾਜਾਂ ਅਲਾਸਕਾ, ਜਾਰਜੀਆ, ਆਇਓਵਾ, ਨੇਵਾਡਾ, ਓਹਾਇਓ ਅਤੇ ਟੈਕਸਸ ਖੋਹ ਲਏ ਹਨ। ਟੈਕਸਾਸ ਅਤੇ ਜਾਰਜੀਆ ਰਿਪਬਲਿਕਨਾਂ ਦਾ ਗੜ੍ਹ ਸਨ। 16 ਸਾਲਾਂ ਤੋਂ ਬਾਅਦ ਡੈਮੋਕਰੈਟਿਕ ਪਾਰਟੀ ਨੇ ਪਹਿਲੀ ਵਾਰ ਗਵਰਨਰਾਂ ਦੀ ਬਹੁ ਗਿਣਤੀ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ਦਾ ਅਸਰ ਅਮਰੀਕਾ ਦੀ ਵਿਦੇਸ਼ ਨੀਤੀ ਉਤੇ ਵੀ ਪੈ ਸਕਦਾ ਹੈ। ਅਮਰੀਕਾ ਦੁਨੀਆਂ ਦੇ ਕਈ ਖੇਤਰਾਂ ਵਿੱਚ ਸਿਆਸੀ, ਆਰਥਿਕ ਅਤੇ ਫ਼ੌਜੀ ਪ੍ਰਭਾਵ ਰੱਖਦਾ ਹੈ। ਯੂਕਰੇਨ, ਰੂਸ, ਇਰਾਨ, ਇਜ਼ਰਾਈਲ, ਚੀਨ ਅਤੇ ਮੱਧ ਪੂਰਵ ਦੇ ਦੇਸ਼ਾਂ ਨਾਲ ਸੰਬੰਧਾਂ ਬਾਰੇ ਅਮਰੀਕੀ ਨੀਤੀ ਵਿਸ਼ਵ ਰਾਜਨੀਤੀ ਨੂੰ ਪ੍ਰਭਾਵਿਤ ਕਰਦੀ ਹੈ।
ਭਾਰਤ ਲਈ ਅਮਰੀਕਾ ਦੀਆਂ ਨੀਤੀਆਂ ਬਹੁਤ ਮਹੱਤਵਪੂਰਨ ਹਨ। ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ, ਵਿਓਪਾਰ, ਤਕਨਾਲੋਜੀ, ਸਿੱਖਿਆ ਅਤੇ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਦੇ ਮੁੱਦੇ ਆਪਸ ਵਿੱਚ ਜੁੜੇ ਹੋਏ ਹਨ। ਕਾਂਗਰਸ ਵਿੱਚ ਡੈਮੋਕਰੈਟਿਕ ਬਹੁਮਤ ਹੋਣ ਨਾਲ ਇਨ੍ਹਾਂ ਖੇਤਰਾਂ ਵਿੱਚ ਵਿਚਾਰ ਵਟਾਂਦਰੇ ਦਾ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ, ਪ੍ਰੰਤੂ ਇਹ ਮੰਨਣਾ ਠੀਕ ਨਹੀਂ ਹੋਵੇਗਾ ਕਿ ਸਰਕਾਰ ਦੀ ਵਿਦੇਸ਼ ਨੀਤੀ ਤੁਰੰਤ ਬਦਲ ਜਾਵੇਗੀ, ਕਿਉਂਕਿ ਵਿਦੇਸ਼ ਨੀਤੀ ਬਣਾਉਣ ਵਿੱਚ ਰਾਸ਼ਟਰਪਤੀ ਅਤੇ ਕਾਰਜਕਾਰੀ ਪ੍ਰਸ਼ਾਸਨ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਹਾਲਾਂ ਕਿ ਨਵੰਬਰ 2026 ਦੀਆਂ ਮੱਧਕਾਲੀ ਚੋਣਾਂ ਦੇ ਨਤੀਜਿਆਂ ਨੂੰ 2028 ਦੀਆਂ ਰਾਸ਼ਟਰਪਤੀ ਚੋਣਾਂ ਦਾ ਨਤੀਜਾ ਨਹੀਂ ਮੰਨਿਆਂ ਜਾ ਸਕਦਾ, ਪ੍ਰੰਤੂ ਡੈਮੋਕਰੈਟਿਕ ਪਾਰਟੀ ਨੂੰ ਦੋਵਾਂ ਸਦਨਾ ਵਿੱਚ ਮਿਲੀ ਸਫ਼ਲਤਾ ਨੇ ਉਸਦੇ ਆਗੂਆਂ ਅਤੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਦੂਜੇ ਪਾਸੇ ਰਿਪਬਲਿਕਨ ਪਾਰਟੀ ਦੇ ਵਰਕਰਾਂ ਵਿੱਚ ਨਿਰਾਸ਼ਾ ਜ਼ਰੂਰ ਹੋਵੇਗੀ, ਇਸ ਲਈ ਰਿਪਬਲਿਕਨ ਪਾਰਟੀ ਨੂੰ ਆਪਣੀਆਂ ਤਰਜੀਹਾਂ ਬਦਲਣੀਆਂ ਪੈਣਗੀਆਂ। ਇਹ ਨਤੀਜੇ ਅਮਰੀਕੀ ਰਾਜਨੀਤੀ ਵਿੱਚ ਸੱਤਾ ਦੇ ਸੰਤੁਲਨ ਨੂੰ ਬਦਲਣ ਲਈ ਅਹਿਮ ਘਟਨਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਰਾਸ਼ਟਰਪਤੀ ਭਾਵੇਂ ਕਿਤਨਾ ਹੀ ਤਾਕਤਵਰ ਕਿਉਂ ਨਾ ਹੋਵੇ, ਉਸ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਬਾਰੇ ਲੋਕਾਂ ਨੂੰ ਆਪਣੀ ਰਾਏ ਦੇਣ ਦਾ ਅਧਿਕਾਰ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

