Nov 6, 2026

ਮਾਂ-ਧੀ ਦੀ ਦਰਦਨਾਕ ਮੌਤ ਮਗਰੋਂ ਲੋਕਾਂ ‘ਚ ਸਹਿਮ-
ਪਿਛਲੇ ਸਾਲਾਂ ਦੌਰਾਨ ਹੋਰਨਾਂ ਇਲਾਕਿਆਂ ਵਿੱਚ ਵੀ ਵਾਪਰੀਆਂ ਸਨ ਅਜਿਹੀਆਂ ਘਟਨਾਵਾਂ–
-ਮਲਕੀਤ ਸਿੰਘ-
ਬੇਲਾ ਕੂਲਾ (ਕੈਨੇਡਾ), 4 ਨਵੰਬਰ-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜੰਗਲੀ ਇਲਾਕਿਆਂ ਵਿੱਚ ਕੁਝ ਖਤਰਨਾਕ ਰਿੱਛਾਂ ਵੱਲੋਂ ਪਿਛਲੇ ਸਮੇਂ ਦੌਰਾਨ ਮਨੁੱਖਾਂ ਉੱਤੇ ਕੀਤੇ ਗਏ ਲਗਾਤਾਰ ਕਈ ਗੰਭੀਰ ਹਮਲਿਆਂ ਨੇ ਲੋਕਾਂ ਵਿੱਚ ਡਰ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਸੂਬੇ ਦੇ ਕੇਂਦਰੀ ਸਮੁੰਦਰੀ ਤੱਟੀ ਇਲਾਕੇ ਬੈਲਾ ਕੂਲਾ ਨੇੜੇ ਇੱਕ ਮਾਂ ਅਤੇ ਉਸ ਦੀ ਨੌਜਵਾਨ ਧੀ ਦੀ ਸ਼ੱਕੀ ਰਿੱਛ ਹਮਲੇ ਵਿੱਚ ਮੌਤ ਹੋਣ ਦੀ ਤਾਜ਼ਾ ਘਟਨਾ ਨੇ ਜੰਗਲਾਂ ਨੇੜੇ ਵੱਸਦੇ ਲੋਕਾਂ ਦੇ ਨਾਲ ਨਾਲ ਸੈਲਾਨੀਆਂ ਅਤੇ ਜੰਗਲੀ ਰਸਤਿਆਂ ਰਾਹੀਂ ਲੰਘਣ ਵਾਲੇ  ਰਾਹਗੀਰਾਂ ਦੀ ਸੁਰੱਖਿਆ ਸਬੰਧੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।
ਇਸ ਦੁਖਾਂਤਕ ਘਟਨਾ ਨੇ ਨਵੰਬਰ 2025 ਵਿੱਚ ਇਸੇ ਬੈਲਾ ਕੂਲਾ ਇਲਾਕੇ ਵਿੱਚ ਵਾਪਰੇ ਇੱਕ ਹੋਰ ਭਿਆਨਕ ਹਮਲੇ ਦੀਆਂ ਯਾਦਾਂ ਤਾਜ਼ਾ ਕਰ ਦਿੱਤੀਆਂ ਹਨ। ਉਸ ਸਮੇਂ 20 ਨਵੰਬਰ ਨੂੰ ਇੱਕ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਉਪਰ ਅਚਾਨਕ ਇੱਕ ਗ੍ਰਿਜ਼ਲੀ ਰਿੱਛ ਨੇ  ਹਮਲਾ ਕਰ ਦਿੱਤਾ ਸੀ। ਇਸ ਹਮਲੇ ਦੌਰਾਨ ਕੁੱਲ 11 ਵਿਅਕਤੀ ਜ਼ਖ਼ਮੀ ਹੋਏ ਸਨ
ਉਕਤ  ਘਟਨਾ ਤੋਂ ਬਾਅਦ ਜੰਗਲੀ ਜੀਵ ਅਧਿਕਾਰੀਆਂ ਨੇ ਹਮਲਾਵਰ ਰਿੱਛ ਦੀ ਭਾਲ ਲਈ ਵੱਡੀ ਮੁਹਿੰਮ ਚਲਾਈ ਸੀ, ਪਰ ਜ਼ਿੰਮੇਵਾਰ ਰਿੱਛ ਫੜਿਆ ਨਹੀਂ ਜਾ ਸਕਿਆ। ਹੁਣ ਲਗਭਗ ਇੱਕ ਸਾਲ ਬਾਅਦ ਉਸੇ ਇਲਾਕੇ ਵਿੱਚ ਮਾਂ-ਧੀ ਦੀ ਮੌਤ ਨੇ ਸਥਾਨਕ ਵਸਨੀਕਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।
ਇਸੇ ਤਰ੍ਹਾਂ  ਅਕਤੂਬਰ 2025 ਵਿੱਚ ਪ੍ਰਿੰਸ ਜਾਰਜ ਦੇ ਉੱਤਰ-ਪੂਰਬ ਵੱਲ ਮੈਕਗ੍ਰੈਗਰ ਪਹਾੜੀ ਇਲਾਕੇ ਵਿੱਚ ਵੀ 2 ਸੈਲਾਨੀਆਂ ਉੱਤੇ ਗ੍ਰਿਜ਼ਲੀ ਰਿੱਛ ਨੇ ਹਮਲਾ ਕਰ ਦਿੱਤਾ ਸੀ। ਦੋਵੇਂ ਗੰਭੀਰ ਜ਼ਖ਼ਮੀ ਹੋਏ ਸਨ। ਜਾਂਚ ਦੌਰਾਨ ਪਤਾ ਲੱਗਿਆ ਸੀ ਕਿ ਸੈਲਾਨੀ ਭੁਲੇਖੇ ਨਾਲ ਅਚਾਨਕ  ਮਾਦਾ ਰਿੱਛ ਦੇ ਨੇੜੇ ਪਹੁੰਚ ਗਏ ਸਨ। ਅਧਿਕਾਰੀਆਂ ਨੇ ਇਸ ਨੂੰ ਬਚਾਅ ਲਈ ਕੀਤਾ ਗਿਆ ਹਮਲਾ ਮੰਨਿਆ ਸੀ। ਘਟਨਾ ਤੋਂ ਬਾਅਦ ਇਲਾਕੇ ਦੀਆਂ ਪਗਡੰਡੀਆਂ ਬੰਦ ਕਰ ਦਿੱਤੀਆਂ ਗਈਆਂ ਸਨ।
ਇਸੇ ਤਰ੍ਹਾਂ
ਅਕਤੂਬਰ 2025 ਨੂੰ ਵਾਪਰੀ ਇੱਕ ਹੋਰ ਘਟਨਾ ਦੌਰਾਨ  ਫੋਰਟ ਸਟੀਲ ਨੇੜੇ ਸ਼ਿਕਾਰ ਕਰਨ ਗਏ ਜੋਅ. ਪੈਂਡਰੀ ਨਾਮ ਦੇ ਇੱਕ ਵਿਅਕਤੀ ਤੇ  ਵੀ ਗ੍ਰਿਜ਼ਲੀ ਰਿੱਛ ਨੇ ਹਮਲਾ ਕਰ ਦਿੱਤਾ ਸੀ। ਹਮਲੇ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਕਈ ਹਫ਼ਤਿਆਂ ਤੱਕ ਜ਼ਿੰਦਗੀ ਅਤੇ ਮੌਤ ਵਿਚਕਾਰ ਸੰਘਰਸ਼ ਕਰਨ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ।
ਮਈ 2024 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਇੱਕ ਹੋਰ ਪਹਾੜੀ ਇਲਾਕੇ ਵਿੱਚ ਸ਼ਿਕਾਰ ਕਰਨ ਗਏ ਇੱਕ ਵਿਅਕਤੀ ਤੇ ਗ੍ਰਿਜ਼ਲੀ ਰਿੱਛ ਨੇ ਹਮਲਾ ਕਰ ਦਿੱਤਾ ਸੀ। ਹਮਲੇ ਦੌਰਾਨ ਉਸ ਵਿਅਕਤੀ ਦੀਆਂ ਕਈ ਹੱਡੀਆਂ ਟੁੱਟ ਗਈਆਂ ਸਨ ਜ਼ਖ਼ਮੀ ਵਿਅਕਤੀ ਨੇ ਆਪਣੀ ਜਾਨ ਬਚਾਉਣ ਲਈ ਰਿੱਛ ਉੱਤੇ ਗੋਲੀ ਵੀ ਚਲਾਈ ਸੀ। ਉਸ ਨੂੰ ਹਵਾਈ ਰਸਤੇ ਹਸਪਤਾਲ ਪਹੁੰਚਾਇਆ ਗਿਆ ਸੀ।
ਇਸ ਤੋਂ ਪਹਿਲਾਂ ਜੁਲਾਈ 2023 ਵਿੱਚ ਟੰਬਲਰ ਰਿੱਜ ਨੇੜੇ 21 ਸਾਲਾ ਮੁਟਿਆਰ ਜੰਗਲੀ ਰਿੱਛ ਦੇ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋ ਗਈ ਸੀ। ਉਸ ਨੂੰ ਵੀ ਹਵਾਈ ਰਸਤੇ ਹਸਪਤਾਲ ਲਿਜਾਣਾ ਪਿਆ ਸੀ।  ਇਨ੍ਹਾਂ ਘਟਨਾਵਾਂ ਤੋਂ ਇਹੀ ਸਿੱਟਾ ਕੱਢਿਆ ਜਾ ਸਕਿਆ  ਹੈ ਕਿ ਜੰਗਲੀ ਇਲਾਕਿਆਂ ਵਿੱਚ ਰਿੱਛ ਨਾਲ ਅਚਾਨਕ ਸਾਹਮਣਾ ਹੋਣਾ  ਖ਼ਤਰਨਾਕ ਸਾਬਤ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਕੁਦਰਤੀ ਖੂਬਸੂਰਤੀ ਨਾਲ ਭਰਪੂਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਜਿਆਦਾਤਰ ਇਲਾਕਾ ਪੁਰਾਤਨ ਜੰਗਲਾਂ ਅਤੇ ਉੱਚੀਆਂ ਟੀਸੀਆਂ ਵਾਲੇ ਹਰਿਆਵਲੇ  ਪਹਾੜਾਂ ਨਾਲ ਘਿਰਿਆ ਹੋਇਆ ਹੈ  ਇਥੋਂ ਦੇ ਜੰਗਲਾਂ ਅਤੇ ਪਹਾੜਾਂ ਵਿੱਚ
ਰਿੱਛਾਂ ਦੀ ਗਿਣਤੀ ਲਗਭਗ 10 ਹਜ਼ਾਰ ਤੋਂ 13 ਹਜ਼ਾਰ ਦੇ ਵਿਚਕਾਰ ਹੋਣੀ ਕਿਆਸੀ ਗਈ ਹੈ । ਸੂਬੇ ਦੇ ਵਿਸ਼ਾਲ ਜੰਗਲ, ਪਹਾੜੀ ਇਲਾਕੇ, ਦਰਿਆ ਅਤੇ ਕੁਦਰਤੀ ਖੁਰਾਕ ਵਾਲੇ ਖੇਤਰ ਇਨ੍ਹਾਂ ਰਿੱਛਾਂ ਦੇ ਰਹਿਣ ਲਈ ਢੁਕਵੇਂ ਮੰਨੇ ਜਾਂਦੇ ਹਨ। ਪ੍ਰੰਤੂ  ਪਤਝੜ ਦੇ ਮੌਸਮ ਵਿੱਚ ਰਿੱਛ ਸਰਦੀਆਂ ਤੋਂ ਪਹਿਲਾਂ ਵੱਧ ਖੁਰਾਕ ਇਕੱਠੀ ਕਰਨ ਲਈ ਸਰਗਰਮ ਹੋ ਜਾਂਦੇ ਹਨ ਅਤੇ ਭੋਜਨ ਦੀ ਭਾਲ ਵਿੱਚ ਅਕਸਰ ਹੀ ਰਿਹਾਇਸ਼ੀ ਇਲਾਕਿਆਂ ਵਿੱਚ ਆ ਵੜਦੇ ਹਨ
ਸੂਬੇ ਵਿੱਚ ਮਨੁੱਖਾਂ ਅਤੇ ਗ੍ਰਿਜ਼ਲੀ ਰਿੱਛਾਂ ਵਿਚਕਾਰ ਟਕਰਾਅ ਸਬੰਧੀ ਮਿਲੀਆਂ ਸ਼ਿਕਾਇਤਾਂ ਦੇ ਅੰਕੜਿਆਂ ਅਨੁਸਾਰ  ਸਾਲ 2025 ਦੇ ਜਨਵਰੀ ਤੋਂ ਅਗਸਤ ਤੱਕ ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਨੂੰ  ਰਿੱਛਾਂ ਨਾਲ ਟਕਰਾਅ ਦੀਆਂ ਤਕਰੀਬਨ 400 ਦੇ ਕਰੀਬ ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਵਿੱਚੋਂ 81 ਮਾਮਲਿਆਂ ਵਿੱਚ ਅਧਿਕਾਰੀਆਂ ਨੂੰ ਮੌਕੇ ਤੇ ਪਹੁੰਚ ਕੇ 15 ਰਿੱਛਾਂ ਨੂੰ ਮਾਰਨਾ ਪਿਆ ਸੀ
ਜੰਗਲੀ ਜੀਵ ਮਾਹਿਰਾਂ ਅਨੁਸਾਰ ਆਮ ਤੌਰ ਤੇ ਰਿੱਛ ਮਨੁੱਖਾਂ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਪਰ ਜੇਕਰ ਕੋਈ ਵਿਅਕਤੀ ਅਚਾਨਕ ਰਿੱਛ ਦੇ ਬਹੁਤ ਨੇੜੇ ਪਹੁੰਚ ਜਾਵੇ ਤਾਂ ਮਾਦਾ ਰਿੱਛ  ਜਦੋਂ ਆਪਣੇ ਬੱਚਿਆਂ ਦੀ ਰੱਖਿਆ ਕਰ ਰਹੀ ਹੋਵੇ ਜਾਂ ਰਿੱਛ ਆਪਣੀ ਖੁਰਾਕ ਦੀ ਰਾਖੀ ਕਰ ਰਿਹਾ ਹੋਵੇ ਤਾਂ ਹਮਲੇ ਦਾ ਖ਼ਤਰਾ ਵਧ ਸਕਦਾ ਹੈ
ਜੰਗਲਾਤ ਵਿਭਾਗ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੰਗਲਾਂ ਵਿੱਚ ਇਕੱਲੇ ਜਾਣ ਤੋਂ ਬਚਿਆ ਜਾਵੇ, ਸਮੂਹਾਂ ਵਿੱਚ ਸੈਰ ਕੀਤੀ ਜਾਵੇ ਅਤੇ ਰਿੱਛਾਂ ਨੂੰ ਦੂਰ ਰੱਖਣ ਵਾਲਾ ਵਿਸ਼ੇਸ਼ ਛਿੜਕਾਅ ਆਪਣੇ ਨਾਲ ਰੱਖਿਆ ਜਾਵੇ। ਜੇਕਰ ਅਚਾਨਕ ਰਿੱਛ ਸਾਹਮਣੇ ਆ ਜਾਵੇ ਤਾਂ ਦੌੜਨ ਦੀ ਬਜਾਏ ਸ਼ਾਂਤ ਰਹਿ ਕੇ ਹੌਲੀ-ਹੌਲੀ ਪਿੱਛੇ ਹਟਿਆ ਜਾਵੇ
ਪਿਛਲੇ ਕੁਝ ਸਾਲਾਂ ਦੌਰਾਨ ਸਾਹਮਣੇ ਆਈਆਂ ਇਨ੍ਹਾਂ ਗੰਭੀਰ ਘਟਨਾਵਾਂ ਨੇ ਜੰਗਲੀ ਇਲਾਕਿਆਂ ਵਿੱਚ ਮਨੁੱਖੀ ਸੁਰੱਖਿਆ ਅਤੇ ਜੰਗਲੀ ਜੀਵਾਂ ਦੀ ਸੰਭਾਲ ਵਿਚਕਾਰ ਸੰਤੁਲਨ ਬਣਾਈ ਰੱਖਣ ਦੀ ਲੋੜ ਨੂੰ ਮੁੜ ਉਭਾਰਿਆ ਹੈ। ਭਾਵੇਂ ਉਪਲਬਧ ਅੰਕੜਿਆਂ ਤੋਂ ਹਰ ਸਾਲ ਰਿੱਛਾਂ ਦੇ ਹਮਲਿਆਂ ਵਿੱਚ ਲਗਾਤਾਰ ਵਾਧਾ ਹੋਣ ਦੀ ਪੁਸ਼ਟੀ ਨਹੀਂ ਹੁੰਦੀ, ਪਰ ਬੈਲਾ ਕੁਲਾ ਇਲਾਕੇ ਵਿੱਚ ਮਾਵਾਂ ਧੀਆਂ ਦੀ ਹੋਈ ਦਰਦਨਾਕ ਮੌਤ ਉਪਰੰਤ ਜੰਗਲਾਂ ਨੇੜਿਓਂ ਲੰਘਣ ਵਾਲੇ  ਲੋਕਾਂ ਦੀ ਸੁਰੱਖਿਆ ਪ੍ਰਣਾਲੀ ਤੇ ਇੱਕ ਤਰ੍ਹਾਂ ਨਾਲ ਸਵਾਲੀਆ ਚਿੰਨ ਲੱਗ ਗਿਆ
ਮਹਿਸੂਸ ਕੀਤਾ ਜਾ ਸਕਦਾ ਹੈ

ਕੈਪਸ਼ਨ- ਜੰਗਲੀ ਰਿੱਛ ਦੀ ਇੱਕ ਤਸਵੀਰ

Leave a Reply

Your email address will not be published. Required fields are marked *