Nov 14, 2026

featured-img

ਡੈਡੀ ਯੈਂਕੀ ਦੀ ਮਾਂ ਦੇ ਪੈਰੀ ਹੱਥ ਲਗਾਉਣ ਦੀ ਪੂਰੀ ਦੁਨੀਆ ਵਿਚ ਚਰਚਾ-

ਲਾਸ ਵੇਗਾਸ- ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਅਮਰੀਕਾ ਦੇ ਲਾਸ ਵੇਗਾਸ ਵਿੱਚ ਹੋਏ ‘2026 ਲਾਤੀਨੀ ਗ੍ਰੈਮੀ ਐਵਾਰਡਜ਼’ ਦੌਰਾਨ ਆਪਣੀ ਨਿਮਰਤਾ ਅਤੇ ਪੰਜਾਬੀ ਵਿਰਸੇ ਦੀ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਦੀ ਪੂਰੀ ਦੁਨੀਆ ਵਿੱਚ ਸ਼ਲਾਘਾ ਹੋ ਰਹੀ ਹੈ। ਸਮਾਗਮ ਦੌਰਾਨ ਪਿਊਰਟੋ ਰੀਕਨ ਸੰਗੀਤ ਜਗਤ ਦੇ ਦਿੱਗਜ ਸਿਤਾਰੇ ਡੈਡੀ ਯੈਂਕੀ ਦੀ ਮਾਤਾ ਰੋਜ਼ਾ ਰੌਡਰਿਗਜ਼ ਨੂੰ ਮਿਲਣ ਵੇਲੇ ਦਿਲਜੀਤ ਨੇ ਝੁਕ ਕੇ ਉਨ੍ਹਾਂ ਦੇ ਪੈਰੀਂ ਹੱਥ ਲਾਏ ਅਤੇ ਆਸ਼ੀਰਵਾਦ ਲਿਆ। ਇਸ ਭਾਵੁਕ ਪਲ ਦੀ ਬੈਕਸਟੇਜ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਦਿਲਜੀਤ ਦੀ ਮੁਲਾਕਾਤ ਡੈਡੀ ਯੈਂਕੀ ਦੀ ਮਾਂ ਰੋਜ਼ਾ ਰੌਡਰਿਗਜ਼ ਨਾਲ ਕਰਵਾਈ ਜਾਂਦੀ ਹੈ, ਤਾਂ ਉਹ ਬਿਨਾਂ ਕਿਸੇ ਝਿਜਕ ਦੇ ਭਾਰਤੀ ਅਤੇ ਪੰਜਾਬੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਮੁਤਾਬਕ ਉਨ੍ਹਾਂ ਦੇ ਚਰਨ ਛੂਹ ਲੈਂਦੇ ਹਨ। ਦਿਲਜੀਤ ਦੇ ਇਸ ਸਤਿਕਾਰ ਭਰੇ ਅੰਦਾਜ਼ ਨੂੰ ਦੇਖ ਕੇ ਜਿੱਥੇ ਰੋਜ਼ਾ ਬੇਹੱਦ ਭਾਵੁਕ ਨਜ਼ਰ ਆਏ, ਉੱਥੇ ਹੀ ਡੈਡੀ ਯੈਂਕੀ ਨੇ ਵੀ ਮੁਸਕਰਾਉਂਦੇ ਹੋਏ ਉਤਸ਼ਾਹ ਨਾਲ ਦਿਲਜੀਤ ਦਾ ਨਾਮ ਲਿਆ। ਪ੍ਰਸ਼ੰਸਕ ਕੌਮਾਂਤਰੀ ਮੰਚ ’ਤੇ ਵੀ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਦਿਲਜੀਤ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ।ਦਿਲਜੀਤ ਦੋਸਾਂਝ ਲਈ ਇਹ ਸ਼ਾਮ ਇਤਿਹਾਸਕ ਹੋ ਨਿੱਬੜੀ, ਕਿਉਂਕਿ ਉਹ ਵੱਕਾਰੀ ਲਾਤੀਨੀ ਗ੍ਰੈਮੀ ਐਵਾਰਡਜ਼ ਵਿੱਚ ਲਾਈਵ ਪੇਸ਼ਕਾਰੀ ਦੇਣ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ। ਲਾਸ ਵੇਗਾਸ ਦੇ ਐੱਮਜੀਐੱਮ ਗ੍ਰੈਂਡ ਗਾਰਡਨ ਐਰੀਨਾ ਵਿੱਚ 12 ਨਵੰਬਰ ਨੂੰ ਕਰਵਾਏ ਗਏ ਐਵਾਰਡਜ਼ ਦੇ 27ਵੇਂ ਐਡੀਸ਼ਨ ਦੌਰਾਨ ਦਿਲਜੀਤ ਨੇ ਡੈਡੀ ਯੈਂਕੀ ਨਾਲ ਸਟੇਜ ਸਾਂਝੀ ਕਰਦਿਆਂ ਆਪਣੇ ਨਵੇਂ ਸਾਂਝੇ ਗੀਤ ‘ਪੋਕੀਟੋ’ ’ਤੇ ਜ਼ਬਰਦਸਤ ਪੇਸ਼ਕਾਰੀ ਦਿੱਤੀ, ਜਿਸ ਨੇ ਪੰਜਾਬੀ ਅਤੇ ਲਾਤੀਨੀ ਸੰਗੀਤਕ ਰਵਾਇਤਾਂ ਨੂੰ ਇੱਕ ਮੰਚ ’ਤੇ ਇਕੱਠਾ ਕਰ ਦਿੱਤਾ।

Leave a Reply

Your email address will not be published. Required fields are marked *