ਐਬਟਸਫੋਰਡ (ਦੇ ਪ੍ਰ ਬਿ)–ਤਿੰਨ ਨਵੰਬਰ ਨੂੰ ਐਬਟਸਫੋਰਡ ਸਿਟੀ ਕੌਂਸਲ ਦੇ 2026-2030 ਕਾਰਜਕਾਲ ਲਈ ਪਹਿਲੀ ਮੀਟਿੰਗ ਹੋਈ ਜਿਥੇ ਨਵੇਂ ਚੁਣੇ ਗਏ ਕੌਂਸਲਰ ਅਮਰੀਕ ਨਾਰੰਗ , ਦੇਵ ਸਿੱਧੂ , ਲੇਸ ਬਾਰਕਮੈਨ, ਪਟਰੀਸੀਆ ਡਰੀਸਨ, ਪਟਰੀਸੀਆ ਰੌਸ, ਕਾਰਮੈਨ ਹਾਲੈਟ, ਕ੍ਰਿਸਟੀ ਮਿਲਜ਼ ਅਤੇ ਰਿਕ ਥੀਸਨ ਨੇ ਸਹੁੰ ਚੁੱਕੀ ਤੇ ਜੱਜ ਪਰਬੀਨ ਮਾਨ ਵਲੋਂ ਸਹੁੰ ਚੁਕਾਈ ਗਈ। ਇਹ ਇਕ ਮਾਣ ਵਾਲਾ ਪਲ ਸੀ ਅਤੇ ਕਮਿਊਨਿਟੀ ਵਲੋਂ ਮੈਂਬਰਾਂ ’ਤੇ ਜਤਾਏ ਗਏ ਭਰੋਸੇ ’ਤੇ ਸਨਮਾਨਿਤ ਮਹਿਸੂਸ ਕੀਤਾ ਗਿਆ। ਮੈਂਬਰਾਂ ਨੇ ਅਕਤੂਬਰ ਦੀਆਂ ਮਿਉਂਸਪਲ ਚੋਣਾਂ ਵਿਚ ਹਿੱਸਾ ਲੈਣ ਵਾਲੇ ਸਾਰੇ ਵੋਟਰਾਂ, ਚੋਣ ਅਮਲੇ ਤੇ ਉਮੀਦਵਾਰਾਂ ਦਾ ਧੰਨਵਾਦ ਕੀਤਾ ਹੈ। ਮੀਟਿੰਗ ਵਿਚ ਮੇਅਰ ਸੀਅਨਜ਼ ਨੇ ਆਪਣਾ ਉਦਘਾਟਨੀ ਭਾਸ਼ਣ ਦਿੱਤਾ ਜਿਸ ਵਿਚ ਜਨਤਕ ਸੁਰੱਖਿਆ, ਸੁਚਾਰੂ ਢੰਗ ਨਾਲ ਯੋਜਨਾਬੱਧ ਵਿਕਾਸ, ਹੜ੍ਹਾਂ ਤੋਂ ਬਚਾਅ ਲਈ ਲੰਬੇ ਸਮੇਂ ਦੇ ਉਪਾਵਾਂ, ਘਰਾਂ, ਮਨੋਰੰਜਨ ਅਤੇ ਚੰਗੇ ਪ੍ਰਸ਼ਾਸਨ ਦੀ ਮਹੱਤਤਾ ’ਤੇ ਰੋਸ਼ਨੀ ਪਾਈ ਗਈ। ਉਨ੍ਹਾਂ ਦੱਸਿਆ ਕਿ ਜਨਤਕ ਸੁਰੱਖਿਆ ਕਿਵੇਂ ਮਜ਼ਬੂਤ ਕਮਿਊਨਿਟੀ ਦੀ ਨੀਂਹ ਹੈ। ਉਨ੍ਹਾਂ ਨੇ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਦੇਣ ਵਾਲਿਆਂ ਦੀ ਲਗਾਤਾਰ ਸਹਾਇਤਾ ਕਰਨ ’ਤੇ ਜ਼ੋਰ ਦਿੱਤਾ। ਮੇਅਰ ਨੇ ਮਕਾਨਾਂ ਨੂੰ ਆਪਣੀ ਮੁੱਖ ਚੁਣੌਤੀਆਂ ਵਿਚੋਂ ਇਕ ਦੱਸਿਆ ਅਤੇ ਕਿਹਾ ਕਿ ਅਸੀਂ ਪ੍ਰਕਿਰਿਆਵਾਂ ਵਿਚ ਸੁਧਾਰ ਕਰਨ, ਘਰਾਂ ਦੇ ਵਧੇਰੇ ਵਿਕਲਪਾਂ ਦੀ ਸਹਾਇਤਾ ਕਰਨ ਅਤੇ ਅਧਿਕਾਰਤ ਕਮਿਊਨਿਟੀ ਯੋਜਨਾ ਦੀ ਵਰਤੋਂ ਕਰਕੇ ਇਹ ਯਕੀਨੀ ਬਣਾਉਣ ਲਈ ਕੰਮ ਕਰਾਂਗੇ ਕਿ ਵਿਕਾਸ ਟਿਕਾਊ ਹੋਵੇ ਅਤੇ ਇਸ ਨੂੰ ਲੋੜੀਂਦੇ ਬੁਨਿਆਦੀ ਢਾਂਚੇ ਦੀ ਸਹਾਇਤਾ ਮਿਲੇ।
