* 400 ਤੋਂ ਵੱਧ ਲੋਕਾਂ ਨੇ ਕੀਤੀ ਸ਼ਿਰਕਤ-
* ਸਿੱਖਿਆ ਤੇ ਸਮਾਜ ਸ਼ਾਸਤਰ ਦੇ ਖੇਤਰ ਨਾਲ ਜੁੜੇ ਡਾ. ਗੁਰਬਚਨ ਸਿੰਘ ਪੌਲ ਅਤੇ ਫੁੱਟਬਾਲ ਖਿਡਾਰਨ ਅਨੂਪ ਕੌਰ ਜੋਸਨ ਦਾ ਵਿਸ਼ੇਸ਼ ਸਨਮਾਨ-
ਐਡਮਿੰਟਨ, (ਦੀਪਾ ਬੰਡਾਲਾ, ਗੁਰਪ੍ਰੀਤ ਸਿੰਘ, ਹਰਜੀਤ ਸੰਧੂ, ਬਲਵਿੰਦਰ ਬਾਲਮ, ਦੀਪਤੀ )-ਮਾਝਾ ਪੀਪਲਜ਼ ਐਸੋਸੀਏਸ਼ਨ ਆਫ਼ ਅਲਬਰਟਾ ਵੱਲੋਂ ਬੀਤੇ ਸ਼ੁੱਕਰਵਾਰ ਦੀ ਸ਼ਾਮ ਐਡਮਿੰਟਨ ਦੇ ‘ਦ ਰਾਇਲ ਪੈਲੇਸ’ ਵਿਖੇ 23ਵੀਂ ਮਾਝਾ ਮਿਲਣੀ ਕਰਵਾਈ ਗਈ। ‘ਮਾਝਾ ਪੀਪਲਜ਼ ਗੈੱਟ ਟੂਗੈਦਰ’ ਨਾਂਅ ਹੇਠ ਹੋਏ ਇਸ ਸਾਲਾਨਾ ਸਮਾਗਮ ਵਿੱਚ ਪਰਿਵਾਰਾਂ ਸਮੇਤ 400 ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ।
ਮਾਝਾ ਪਾਰਟੀ ਦੀ ਸ਼ੁਰੂਆਤ ਨੂੰ 25 ਸਾਲ ਹੋ ਗਏ ਹਨ। ਇਸ ਸਮਾਗਮ ਦਾ ਮੁੱਖ ਉਦੇਸ਼ ਪੰਜਾਬੀ ਖੇਤਰ ਮਾਝੇ ਦੇ ਨਾਲ-ਨਾਲ ਪੂਰੇ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਆ ਕੇ ਇੱਥੇ ਵੱਸੇ ਲੋਕਾਂ ਨੂੰ ਇਕੱਠੇ ਹੋਣ ਅਤੇ ਇੱਕ-ਦੂਜੇ ਨਾਲ ਜਾਣ-ਪਛਾਣ ਕਰਨ ਅਤੇ ਮੇਲ ਮਿਲਾਪ ਵਧਾਉਣਾ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸਿੱਖਿਆ ਅਤੇ ਸਮਾਜ ਸ਼ਾਸਤਰ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਡਾ. ਗੁਰਬਚਨ ਸਿੰਘ ਪੌਲ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਉਨ੍ਹਾਂ ਨੇ 1965 ਵਿੱਚ ਕੈਨਮੋਰ, ਅਲਬਰਟਾ ਦੇ ਇੱਕ ਹਾਈ ਸਕੂਲ ਤੋਂ ਆਪਣਾ ਅਧਿਆਪਨ ਸਫ਼ਰ ਸ਼ੁਰੂ ਕੀਤਾ ਅਤੇ 1969 ਤੋਂ 1980 ਤੱਕ ਯੂਨੀਵਰਸਿਟੀ ਆਫ਼ ਅਲਬਰਟਾ ਵਿੱਚ ਸਮਾਜ ਸ਼ਾਸਤਰ ਪੜ੍ਹਾਇਆ। ਸਨਮਾਨ ਪੱਤਰ ਵਿੱਚ ਮਾਝੇ ਨਾਲ ਸਬੰਧਤ ਡਾ. ਪੌਲ ਵੱਲੋਂ ਭਾਰਤੀ ਮੂਲ ਦੇ ਅਧਿਆਪਕਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਪੱਧਰਾ ਕਰਨ ਵਿੱਚ ਪਾਏ ਯੋਗਦਾਨ ਦਾ ਵੀ ਜ਼ਿਕਰ ਕੀਤਾ ਗਿਆ। ਇਸ ਤੋਂ ਬਾਅਦ ਐਸੋਸੀਏਸ਼ਨ ਵੱਲੋਂ ਫੁੱਟਬਾਲ ਖਿਡਾਰਨ ਅਨੂਪ ਕੌਰ ਜੋਸਨ ਨੂੰ ਖੇਡਾਂ ਵਿੱਚ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਭਾਈਚਾਰੇ ਦੀ ਸੇਵਾ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਸਨਮਾਨ ਪੱਤਰ ਮੁਤਾਬਕ, ਜੋਸਨ ਨੇ 2008 ਵਿੱਚ ਚਿੱਲੀ ਵਿਖੇ ਹੋਏ ਫੀਫਾ ਅੰਡਰ-20 ਮਹਿਲਾ ਵਿਸ਼ਵ ਕੱਪ ਵਿੱਚ ਕੈਨੇਡਾ ਦੀ ਨੁਮਾਇੰਦਗੀ ਕੀਤੀ। ਉਹ ਕੈਨੇਡਾ ਵੱਲੋਂ ਮੈਚ ਦੀ ਸ਼ੁਰੂਆਤ ਕਰਨ ਵਾਲੀਆਂ 11 ਖਿਡਾਰਨਾਂ ਵਿੱਚ ਸ਼ਾਮਲ ਸੀ ਅਤੇ ਮਿਡਫੀਲਡਰ ਵਜੋਂ ਖੇਡੀ।
ਸਮਾਗਮ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵਿੱਚ ਪੰਜਾਬੀ ਹੈਰੀਟੇਜ ਫਾਊਂਡੇਸ਼ਨ, ਡਿਵਾਈਨ ਭੰਗੜਾ ਅਤੇ ਰਿਦਮ ਪੰਜਾਬ ਫੋਕ ਆਰਟ ਅਕੈਡਮੀ ਵੱਲੋਂ ਬੱਚਿਆਂ ਦੀਆਂ ਟੀਮਾਂ ਨੇ ਭੰਗੜਾ, ਗਿੱਧਾ ਅਤੇ ਪੰਜਾਬੀ ਸੱਭਿਆਚਾਰ ਦੀਆਂ ਹੋਰ ਵੰਨਗੀਆਂ ਪੇਸ਼ ਕੀਤੀਆਂ। ਮਸ਼ਹੂਰ ਪੰਜਾਬੀ ਗਾਇਕ ਪ੍ਰਭ ਊਭੀ ਨੇ ਢੋਲ ਦੀ ਥਾਪ ’ਤੇ ਬੋਲੀਆਂ ਪਾਈਆਂ ਅਤੇ ਬੱਚਿਆਂ ਨੇ ਉਨ੍ਹਾਂ ਦੀਆਂ ਬੋਲੀਆਂ ’ਤੇ ਭੰਗੜਾ ਪਾਇਆ।
ਦਰਸ਼ਕਾਂ ਲਈ ਇੱਕ ਇਨਾਮੀ ਡਰਾਅ ਵੀ ਕੱਢਿਆ ਗਿਆ। ਬੱਚਿਆਂ ਕੋਲੋਂ ਚਾਰ ਪਰਚੀਆਂ ਕਢਵਾਈਆਂ ਗਈਆਂ ਅਤੇ ਚਾਰ ਜੇਤੂਆਂ ਨੂੰ ਤੋਹਫੇ ਦਿੱਤੇ ਗਏ। ਮੰਚ ਦੀਆਂ ਪੇਸ਼ਕਾਰੀਆਂ ਤੋੰ ਬਾਅਦ ਵੀ ਡਾਂਸ ਫਲੋਰ ’ਤੇ ਰੌਣਕ ਬਣੀ ਰਹੀ। ਔਰਤਾਂ ਨੇ ਗਿੱਧਾ ਪਾਇਆ ਅਤੇ ਅਖ਼ੀਰ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਹਾਜ਼ਰ ਲੋਕਾਂ ਨੇ ਡੀਜੇ ਦੀਆਂ ਧੁਨਾਂ ’ਤੇ ਨੱਚ ਕੇ ਸਮਾਗਮ ਦਾ ਆਨੰਦ ਮਾਣਿਆ। ਬੱਚਿਆਂ ਦੀਆਂ ਪੇਸ਼ਕਾਰੀਆਂ ਅਤੇ ਪਰਿਵਾਰਾਂ ਦੀ ਸ਼ਮੂਲੀਅਤ ਨੇ ਸਾਰਿਆਂ ਨੂੰ ਇਕੱਠਿਆਂ ਪੰਜਾਬੀ ਲੋਕ-ਨਾਚ ਦਾ ਆਨੰਦ ਲੈਣ ਦਾ ਮੌਕਾ ਦਿੱਤਾ।
ਇਸ ਮੌਕੇ ਐਮ ਪੀ ਜਗਸ਼ਰਨ ਸਿੰਘ ਮਾਹਲ, ਵਿਧਾਇਕ ਜਸਵੀਰ ਦਿਓਲ, ਵਿਧਾਇਕ ਗੁਰਤੇਜ ਸਿੰਘ ਬਰਾੜ ਅਤੇ ਫੋਰਟ ਸਸਕੈਚਵਨ ਦੇ ਕੌਂਸਲਰ ਅਰਜਨ ਰੰਧਾਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਸੀਨੀਅਰ ਪੱਤਰਕਾਰ ਤੇ ਲੇਖਕ ਲਾਟ ਭਿੰਡਰ, ਮਨਜੀਤ ਸਿੰਘ ਫੇਰੂਮਾਨ, ਬਲਰਾਜ ਸੰਧੂ, ਸੁਖਰਾਜ ਰਾਏ, ਡਾ. ਹਰਿੰਦਰ ਪਾਲ ਸਿੰਘ, ਤੇਜਿੰਦਰਪਾਲ ਸਿੰਘ ਰਿਆੜ, ਹਰਪਿੰਦਰ ਸੰਧੂ, ਅਮਰੀਕ ਹੰਜਰਾ, ਸੁਖਰਮਨ ਸਿੰਘ, ਰਸ਼ਪਾਲ ਸਿੰਘ ਖਹਿਰਾ, ਸਤਕਾਰ ਸਿੰਘ ਸੰਧੂ, ਗੁਲਵੰਤ ਸਿੰਘ ਗਿੱਲ, ਸੋਨੀ ਭੁੱਲਰ, ਅਮਰੀਕ ਸਿੰਘ ਹੰਜਰਾ, ਸੁਖਰਾਜ ਸਿੰਘ ਰਾਏ, ਹਰਪਿੰਦਰ ਸਿੰਘ ਸੰਧੂ, ਮੰਗਵਿੰਦਰ ਸਿੰਘ ਖਹਿਰਾ, ਮਨਰਾਜ ਸਿੰਘ, ਕਰਨੈਲ ਸਿੰਘ ਦਿਓਲ, ਹਰਪ੍ਰੀਤ ਗਿੱਲ, ਪ੍ਰਿਤਪਾਲ ਸਿੰਘ ਬਿੱਟੂ, ਹਰਵਿੰਦਰ ਧਾਲੀਵਾਲ, ਕਾਬਲ ਰੰਧਾਵਾ ਅਤੇ ਫ਼ਰਿਆਦ ਪੰਨੂ ਸਮੇਤ ਕਈ ਪਤਵੰਤੇ ਸੱਜਣਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਸਮਾਗਮ ਦੇ ਪ੍ਰਬੰਧਾਂ ਵਿੱਚ ਸਪਾਂਸਰਾਂ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ। ਸਮਾਗਮ ਦੇ ਪ੍ਰਬੰਧਾਂ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਮਿੰਟੂ ਕਾਹਲੋਂ, ਮੀਤ ਪ੍ਰਧਾਨ ਹਰਜੀਤ ਸੰਧੂ ਅਤੇ ਖ਼ਜ਼ਾਨਚੀ ਜਸਵੀਰ ਸਿੰਘ ਗਿੱਲ ਨੇ ਇਸ ਮਾਝਾ ਮਿਲਣੀ ਦੇ ਸਮਾਗਮ ਦੀ ਸਫਲਤਾ ਅਤੇ ਸਹਿਯੋਗ ਲਈ ਸਾਰੇ ਸਪਾਂਸਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਸਮਾਗਮ ਦਾ ਮੰਚ ਸੰਚਾਲਨ ਹਰਜੀਤ ਸੰਧੂ ਨੇ ਬਾਖੂਬੀ ਨਿਭਾਇਆ।












