Nov 17, 2026

ਗਿੱਧੇ, ਭੰਗੜੇ, ਚੀਨੀ ‘ਲਾਇਨ ਡਾਂਸ’ ਅਤੇ ਹਿੰਦੀ ਗੀਤਾਂ ਨੇ ਬੰਨ੍ਹਿਆ ਰੰਗ–

ਐਡਮਿੰਟਨ (ਦੀਪਾ ਬੰਡਾਲਾ,ਗੁਰਪ੍ਰੀਤ ਸਿੰਘ ) — ਹਿੰਦੂ ਸੋਸਾਇਟੀ ਆਫ਼ ਬਿਊਮੌਂਟ ਵੱਲੋਂ 15 ਨਵੰਬਰ ਨੂੰ ਬਿਊਮੌਂਟ ਕਮਿਊਨਿਟੀ ਸੈਂਟਰ ਵਿਖੇ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਸੋਸਾਇਟੀ ਦੇ ਪ੍ਰਧਾਨ ਯਸ਼ ਸ਼ਰਮਾ ਅਤੇ ਖ਼ਜ਼ਾਨਚੀ ਸ਼ੇਖਰ ਦੇਸਾਈਗੌਡਰ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਪਰਿਵਾਰਾਂ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਦੀ ਜਿੰਮੇਵਾਰੀ ਸੁਪਰਨਾ ਗੁਪਤਾ ਨੇ ਬਾਖੂਬੀ ਨਿਭਾਈ।
ਬਿਊਮੌਂਟ ਦੀ ਮੇਅਰ ਲੀਜ਼ਾ ਵੈਂਡਰਕਵਾਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਲਿਡੂਕ–ਬਿਊਮੌਂਟ ਹਲਕੇ ਦੇ ਵਿਧਾਇਕ ਬ੍ਰੈਂਡਨ ਲੰਟੀ ਅਤੇ ਬਿਊਮੌਂਟ ਦੇ ਕੌਂਸਲਰ ਪਾਲ ਹਾਈਡੇ ਤੇ ਫਿਲਿਪ ਪੈਨਰੌਡ ਵੀ ਹਾਜ਼ਰ ਸਨ। ਪ੍ਰਬੰਧਕਾਂ ਨੇ ਮੇਅਰ ਲੀਜ਼ਾ ਵੈਂਡਰਕਵਾਕ ਅਤੇ ਵਿਧਾਇਕ ਬ੍ਰੈਂਡਨ ਲੰਟੀ ਨੂੰ ਰਵਾਇਤੀ ਪੱਗੜੀਆਂ ਨਾਲ ਸਨਮਾਨਿਤ ਕੀਤਾ।
ਸੱਭਿਆਚਾਰਕ ਪ੍ਰੋਗਰਾਮ ਦੌਰਾਨ ‘ਪੰਜਾਬ ਹੈਰੀਟੇਜ ਐਂਡ ਫੋਕ’ ਦੀਆਂ ਟੀਮਾਂ ਨੇ ਗਿੱਧਾ ਤੇ ਭੰਗੜਾ ਪੇਸ਼ ਕੀਤਾ, ਜਦਕਿ ਚੀਨੀ ਕਲਾਕਾਰਾਂ ਦੇ ਇੱਕ ਗਰੁੱਪ ਨੇ ਰਵਾਇਤੀ ‘ਲਾਇਨ ਡਾਂਸ’ ਪੇਸ਼ ਕੀਤਾ। ਆਰਕੇ ਬ੍ਰਦਰਜ਼ ਨੇ ਹਿੰਦੀ ਗੀਤਾਂ ਨਾਲ ਮਹਿਫ਼ਲ ਦਾ ਰੰਗ ਬੰਨ੍ਹਿਆ। ਹੋਰ ਗਾਇਕਾਂ ਨੇ ਵੀ ਹਿੰਦੀ ਗੀਤ ਪੇਸ਼ ਕੀਤੇ ਅਤੇ ਕੁੜੀਆਂ ਸਮੇਤ ਕਈ ਕਲਾਕਾਰਾਂ ਨੇ ਮੰਚ ’ਤੇ ਨਾਚ ਦੀਆਂ ਪੇਸ਼ਕਾਰੀਆਂ ਦਿੱਤੀਆਂ। ਦਰਸ਼ਕਾਂ ਨੇ ਤਾੜੀਆਂ ਨਾਲ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਗੀਤਾਂ ਦੀ ਧੁਨ ’ਤੇ ਮੇਅਰ ਅਤੇ ਕੌਂਸਲਰ ਵੀ ਕੁਝ ਦੇਰ ਥਿਰਕੇ।
ਸਮਾਗਮ ਵਿੱਚ ਮਨਦੀਪ ਬੱਲ, ਜਸਵਿੰਦਰ ਸੋਹਲ, ਦਵਿੰਦਰ ਦੀਪਤੀ, ਲਿਟੋ ਵੇਲਾਸਕੋ ਅਤੇ ਹੋਰ ਕਈ ਸਖਸ਼ੀਅਤਾਂ ਵੀ ਮੌਜੂਦ ਸਨ। ਪ੍ਰਬੰਧਕਾਂ ਵੱਲੋਂ ਰਾਤ ਦੇ ਖਾਣੇ ਦਾ ਵਧੀਆ ਇੰਤਜ਼ਾਮ  ਕੀਤਾ ਗਿਆ। ਪਰਿਵਾਰਾਂ ਨੇ ਪੇਸ਼ਕਾਰੀਆਂ ਦਾ ਖ਼ੂਬ ਆਨੰਦ ਮਾਣਿਆ ਅਤੇ ਇਕੱਠੇ ਬੈਠ ਕੇ ਦੀਵਾਲੀ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਵੱਖ-ਵੱਖ ਭਾਈਚਾਰਿਆਂ ਦੀ ਸ਼ਮੂਲੀਅਤ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।

Leave a Reply

Your email address will not be published. Required fields are marked *