ਚੰਡੀਗੜ ( ਭੁੱਲਰ) – ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਵੱਲੋਂ ਬੀਤੇ ਦਿਨ ਪੰਜਾਬ ਫੇਰੀ ਮੌਕੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪ੍ਰਤੀ ਦਿਖਾਏ ਸਨੇਹ ਨਾਲ ਸਿਆਸੀ ਚਰਚਾ ਛਿੜ ਗਈ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ’ਚੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਬਾਹਰ ਕੀਤਾ ਹੈ। ਉਸ ਮਗਰੋਂ ਸ਼ਿਵਰਾਜ ਚੌਹਾਨ ਤੇ ਗੁਰਮੀਤ ਖੁੱਡੀਆਂ ਦੀ ਇਹ ਪਹਿਲੀ ਮਿਲਣੀ ਸੀ।
ਭਾਜਪਾ ਆਗਾਮੀ ਵਿਧਾਨ ਚੋਣਾਂ ਦੇ ਮੱਦੇਨਜ਼ਰ ਗੁਰਸਿੱਖ ਅਤੇ ਚੰਗੇ ਰਸੂਖ਼ ਵਾਲੇ ਚਿਹਰਿਆਂ ਦੀ ਤਲਾਸ਼ ਵਿੱਚ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਦੂਜੀ ਸੂਚੀ ’ਚੋਂ ਬਾਹਰ ਕੀਤੇ ਜਾਣ ਮਗਰੋਂ ਖੁੱਡੀਆਂ ’ਤੇ ਅੱਖ ਰੱਖੀ ਹੋਈ ਹੈ। ਹਾਲਾਂਕਿ ਖੇਤੀ ਮੰਤਰੀ ਖੁੱਡੀਆਂ ਨੇ ਪਾਰਟੀ ਦੀ ਟਿਕਟ ਵੰਡ ’ਤੇ ਤਸੱਲੀ ਜ਼ਾਹਰ ਕੀਤੀ ਹੈ ਅਤੇ ਕੋਈ ਵੱਖਰਾ ਰਾਹ ਅਖ਼ਤਿਆਰ ਕਰਨ ਦੇ ਰੌਂਅ ’ਚ ਨਹੀਂ ਹਨ। ਖੁੱਡੀਆਂ ਪੰਜਾਬ ਕੈਬਨਿਟ ’ਚ ਇਕਲੌਤੇ ਗੁਰਸਿੱਖ ਚਿਹਰੇ ਹਨ ਜਿਨ੍ਹਾਂ ਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ।ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਅੱਜ ਖੇਤੀ ਮੰਤਰੀ ਖੁੱਡੀਆਂ ਦੇ ਨਾਮ ’ਤੇ ਮਨਜ਼ੂਰੀ ਪੱਤਰ ਲੈ ਕੇ ਆਏ ਜਿਸ ਤਹਿਤ ਪੰਜਾਬ ਨੂੰ 352.64 ਕਰੋੜ ਦਾ ਵਿੱਤੀ ਪੈਕੇਜ ਦਿੱਤਾ ਗਿਆ ਹੈ। ਚੌਹਾਨ ਨੇ ਮੁਹਾਲੀ ਦੇ ਪਿੰਡ ਬਦਰਪੁਰ ਵਿੱਚ ‘ਖੇਤ ਬਚਾਓ ਅਭਿਆਨ’ ਪ੍ਰੋਗਰਾਮ ਦੌਰਾਨ ਖੁੱਡੀਆਂ ਨੂੰ ਇਹ ਪੱਤਰ ਸੌਂਪਿਆ। ਸੂਤਰਾਂ ਅਨੁਸਾਰ ਅੱਜ ਜਦੋਂ ਚੌਹਾਨ ਇੱਥੇ ਹਵਾਈ ਅੱਡੇ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਕੁਝ ਸਮਾਂ ਹਵਾਈ ਅੱਡੇ ’ਤੇ ਖੁੱਡੀਆਂ ਦੀ ਉਡੀਕ ਕੀਤੀ। ਉਹ ਹਵਾਈ ਅੱਡੇ ’ਤੇ ਸਵਾਗਤ ਲਈ ਪਹੁੰਚੇ ਤਾਂ ਚੌਹਾਨ ਉਨ੍ਹਾਂ ਨੂੰ ਆਪਣੀ ਗੱਡੀ ’ਚ ਨਾਲ ਲੈ ਕੇ ਪਿੰਡ ਬਦਰਪੁਰ ਲਈ ਰਵਾਨਾ ਹੋਵੇ। ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਗੱਡੀ ’ਚ ਸਨ। ਬਦਰਪੁਰ ਦੇ ਕਿਸਾਨ ਭੁਪਿੰਦਰ ਸਿੰਘ ਦੇ ਘਰ ਮੰਜਿਆਂ ’ਤੇ ਬੈਠ ਕੇ ਸ਼ਿਵਰਾਜ ਚੌਹਾਨ ਤੇ ਗੁਰਮੀਤ ਖੁੱਡੀਆਂ ਨੇ ਦੁਪਹਿਰ ਦਾ ਖਾਣਾ ਖਾਧਾ। ਚੌਹਾਨ ਨੇ ਕਿਹਾ ਕਿ ਜਦੋਂ ਵੀ ਖੁੱਡੀਆਂ ਨੇ ਪੰਜਾਬ ਦੀ ਖੇਤੀ ਲਈ ਕੁਝ ਮੰਗਿਆ, ਉਨ੍ਹਾਂ ਨੇ ਫ਼ੌਰੀ ਦਿੱਤਾ। ਚੌਹਾਨ ਆਪਣੇ ਪਰਿਵਾਰਕ ਸਮਾਗਮਾਂ ਵਿੱਚ ਵੀ ਉਚੇਚੇ ਤੌਰ ’ਤੇ ਖੁੱਡੀਆਂ ਨੂੰ ਬੁਲਾਉਂਦੇ ਰਹੇ ਹਨ। ( ਪੰਜਾਬੀ ਟ੍ਰਿਬਿਊਨ ਧੰਨਵਾਦ ਸਹਿਤ)
