Screenshot
ਵੈਨਕੂਵਰ ( ਦੇ ਪ੍ਰ ਬਿ )- ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਚੋਣ ਗਠਜੋੜ ਦੇ ਐਲਾਨ ਦਾ ਐਨ ਆਰ ਆਈ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਇਥੇ ਅਕਾਲੀ ਦਲ ਐਨ ਆਰ ਆਈ ਵਿੰਗ ਦੇ ਸੀਨੀਅਰ ਆਗੂ ਜਥੇਦਾਰ ਗੁਰਚਰਨ ਸਿੰਘ ਖੱਖ ਨੇ ਅਕਾਲੀ-ਭਾਜਪਾ ਗਠਜੋੜ ਦੇ ਐਲਾਨ ਦਾ ਭਰਵਾਂ ਸਵਾਗਤ ਕਰਦਿਆਂ ਇਸਨੂੰ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਬੇਹਤਰ ਦਸਦਿਆਂ ਉਮੀਦ ਪ੍ਰਗਟਾਈ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਗਠਜੋੜ ਨੂੰ ਲੋਕ ਭਰਵਾਂ ਹੁੰਗਾਰਾ ਦੇਣਗੇ। ਉਹਨਾਂ ਹੋਰ ਕਿਹਾ ਕਿ ਪਿਛਲਾ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਅਕਾਲੀ -ਭਾਜਪਾ ਗਠਜੋੜ ਨਾਲ ਜਿਥੇ ਸੂਬੇ ਵਿਚ ਫਿਰਕੂ ਸਦਭਾਵਨਾ ਅਤੇ ਚੰਗੇਰਾ ਮਾਹੌਲ ਬਣਿਆ ਉਥੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਕੰਮ ਕੀਤੇ ਗਏ ਜੋ ਹੋਰ ਕੋਈ ਵੀ ਸਰਕਾਰ ਨਹੀ ਕਰ ਸਕੀ। ਕਿਸਾਨ ਅੰਦੋਲਨ ਮੌਕੇ ਅਕਾਲੀ ਦਲ ਨੇ ਭਾਜਪਾ ਨਾਲ ਕਿਸਾਨ ਮੁੱਦਿਆਂ ਉਪਰ ਤੋੜ ਵਿਛੋੜਾ ਕਰ ਲਿਆ ਸੀ। ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਬਿਲ ਵਾਪਿਸ ਲੈਣ ਤੇ ਅਕਾਲੀ ਦਲ ਦਾ ਸਟੈਂਡ ਦਰੁਸਤ ਸਾਬਿਤ ਹੋਇਆ। ਹੁਣ ਆਗਾਮੀ ਚੋਣਾਂ ਲਈ ਚੋਣ ਗਠਜੋੜ ਕਰਦਿਆਂ ਦੋਵਾਂ ਪਾਰਟੀਆਂ ਨੇ ਕਿਸਾਨ ਮੁੱਦਿਆਂ ਦੇ ਨਾਲ ਸਿੱਖ ਮਸਲਿਆਂ ਉਪਰ ਵੀ ਮਿਲ ਬੈਠਕੇ ਏਂਜੰਡਾ ਤੈਅ ਕਰਨ ਅਤੇ ਪੰਜਾਬ ਦੇ ਭਲੇ ਲਈ ਇਕਜੁੱਟ ਹੋਕੇ ਕੰਮ ਕਰਨ ਦਾ ਅਹਿਦ ਲਿਆ ਹੈ, ਜਿਸਦਾ ਹਰ ਤਰਾਂ ਸਵਾਗਤ ਕਰਨਾ ਬਣਦਾ ਹੈ। ਸ ਖੱਖ ਦੇ ਨਾਲ ਸੀਨੀਅਰ ਪਰਵਾਸੀ ਆਗੂ ਜੋਗਾ ਸਿੰਘ ਲੱਲੀ, ਗੁਰਬਖਸ਼ ਸਿੰਘ ਬਾਗੀ ਸੰਘੇੜਾ, ਕੁਲਦੀਪ ਸਿੰਘ ਦੌਲਤਪੁਰਾ, ਪਵਨ ਗਰੋਵਰ ਅਜੀਤਵਾਲ, ਮਨਜਿੰਦਰ ਸਿੰਘ ਰਾਣਾ ਕੁਲਥਮ, ਸੁਰਿੰਦਰ ਸਿੰਘ ਔਲਖ, ਕਮਲਜੀਤ ਸਿੰਘ ਮੋਗਾ, ਪ੍ਰੋ ਗੁਰਦੇਵ ਸਿੰਘ ਤੇ ਹੋਰਾਂ ਨੇ ਅਕਾਲੀ-ਭਾਜਪਾ ਗਠਜੋੜ ਦਾ ਸਵਾਗਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੀਨੀਅਰ ਮੀਤ ਪ੍ਰਧਾਨ ਡਾ ਦਲਜੀਤ ਸਿੰਘ ਚੀਮਾ ਤੇ ਸੀਨੀਅਰ ਲੀਡਰਸ਼ਿਪ ਨੂੰ ਵਧਾਈ ਸੰਦੇਸ਼ ਭੇਜੇ ਹਨ।
ਇਸੇ ਦੌਰਾਨ ਕੈਲਗਰੀ ਤੋਂ ਉਘੇ ਬਿਜਨਸਮੈਨ ਅਤੇ ਕਮਿਊਨਿਟੀ ਆਗੂ ਅਮਰਪ੍ਰੀਤ ਸਿੰਘ ਬੈਂਸ, ਗੁਰਪ੍ਰੀਤ ਸਿੰਘ ਰਾਣਾ ਸਿੱਧੂ ਨੇ ਵੀ ਅਕਾਲੀ ਭਾਜਪਾ ਗਠਜੋੜ ਦੇ ਐਲਾਨ ਦਾ ਨਿੱਘਾ ਸਵਾਗਤ ਕੀਤਾ ਹੈ।
