Oct 3, 2026

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ-
ਸਰੀ (ਮਹੇਸ਼ਇੰਦਰ ਸਿੰਘ ਮਾਂਗਟ) — ਕੈਨੇਡਾ ਦੇ ਸ਼ਹਿਰ ਸਰੀ ਤੋਂ ਐਮ ਐਲ ਏ ਮਨਦੀਪ ਸਿੰਘ ਧਾਲੀਵਾਲ, ਜੋ ਕਿ ਇਨ੍ਹਾਂ ਦਿਨੀਂ ਆਪਣੇ ਭਾਰਤ ਦੌਰੇ ’ਤੇ ਹਨ, ਨੇ ਆਪਣੀ ਜਨਮ ਭੂਮੀ ਪੰਜਾਬ ਪਹੁੰਚ ਕੇ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਅਸਥਾਨ ਠੰਡੇ ਬੁਰਜ ਵਿੱਚ ਨਤਮਸਤਕ ਹੋ ਕੇ ਦਰਸ਼ਨ ਕੀਤੇ।
ਇਸ ਪਵਿੱਤਰ ਅਸਥਾਨ ’ਤੇ ਗੁਰੂ ਸਾਹਿਬ ਦੇ ਨਿਮਾਣੇ ਸਿੱਖ ਦੇ ਰੂਪ ਵਿੱਚ ਮੱਥਾ ਟੇਕ ਕੇ ਉਨ੍ਹਾਂ ਨੂੰ ਜੋ ਅੰਦਰੂਨੀ ਸਕੂਨ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਹੋਈ, ਉਹ ਸ਼ਬਦਾਂ ਤੋਂ ਪਰੇ ਅਤੇ ਅੱਖਰਾਂ ਵਿੱਚ ਬਿਆਨ ਤੋਂ ਉਪਰ ਹੈ।
ਐਮ ਐਲ ਏ ਮਨਦੀਪ ਸਿੰਘ ਧਾਲੀਵਾਲ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਾਲਾਂ ਅਤੇ ਮਾਤਾ ਗੁਜਰ ਕੌਰ ਜੀ ਦੀ ਅਟੱਲ ਸ਼ਹਾਦਤ ਨੂੰ ਨਮਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਮਹਾਨ ਆਤਮਾਵਾਂ ਨੇ ਜ਼ਾਲਮ ਹਾਕਮ ਦੀ ਈਨ ਨਾ ਮੰਨਦੇ ਹੋਏ ਧਰਮ ਅਤੇ ਸੱਚ ਦੀ ਰੱਖਿਆ ਲਈ ਅਡੋਲ ਰਹਿ ਕੇ ਇਤਿਹਾਸ ਰਚਿਆ।
ਉਨ੍ਹਾਂ ਕਿਹਾ ਕਿ ਆਪਣੇ ਵਤਨ ਦੌਰੇ ਦੌਰਾਨ ਇਸ ਪਵਿੱਤਰ ਧਰਤੀ ’ਤੇ ਪਹੁੰਚ ਕੇ ਸਾਹਿਬਜ਼ਾਦਿਆਂ ਦੇ ਦਰਸ਼ਨ ਕਰਨਾ ਉਨ੍ਹਾਂ ਲਈ ਇਕ ਨਾ ਭੁੱਲਣਯੋਗ ਅਤੇ ਆਤਮਿਕ ਤੌਰ ’ਤੇ ਸ਼ਕਤੀ ਪ੍ਰਦਾਨ ਕਰਨ ਵਾਲਾ ਅਨੁਭਵ ਹੈ।
ਅੰਤ ਵਿੱਚ ਉਨ੍ਹਾਂ ਅਰਦਾਸ ਕੀਤੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਦਾ ਸੰਗਤ ਦੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਅਤੇ ਸਾਨੂੰ ਜ਼ੁਲਮ ਤੇ ਜ਼ਬਰ ਦੇ ਖ਼ਿਲਾਫ਼ ਸੱਚ ਦੇ ਪੱਖ ਵਿੱਚ ਖੜ੍ਹੇ ਰਹਿਣ ਦਾ ਬਲ ਬਖ਼ਸ਼ਣ।

error: Content is protected !!