ਸੁਰਜੀਤ ਸਿੰਘ ਭੁੱਲਰ -( 1-602-715-2828)-
ਸਮਕਾਲੀ ਪੰਜਾਬੀ ਕਵਿਤਾ ਦੇ ਪਿਛਲੇ ਦੋ ਦਹਾਕਿਆਂ ਵਿੱਚ ਨਿੱਜੀ ਅਨੁਭਵਾਂ ਅਤੇ ਸਮਾਜਿਕ ਚੇਤਨਾਦਾ ਅੰਤਰ-ਸੰਬੰਧ ਵਿਸ਼ੇਸ਼ ਤੌਰ ’ਤੇ ਪ੍ਰਗਟ ਹੋਇਆ ਹੈ। ਇਸ ਪ੍ਰਵਿਰਤੀ ਅੰਦਰ ‘ਸੰਨੀ ਧਾਲੀਵਾਲ’ ਐਡਮਿੰਟਨ ਦੀ ਪੁਸਤਕ “ਚੂੰਢੀ” ਇੱਕ ਮਹੱਤਵਪੂਰਨ ਕਾਵਿ-ਕ੍ਰਿਤੀ ਵਜੋਂ ਸਾਹਮਣੇ ਆਉਂਦੀ ਹੈ, ਜੋ ਮਨੁੱਖੀ ਅਸਤਿਤਵ ਦੇ ਬਹੁ-ਪੱਖੀ ਪਹਿਲੂਆਂ—ਨਾਰੀ-ਅਸੀਮਤਾ, ਪ੍ਰੇਮ ਅਤੇ ਵਿਛੋੜਾ,ਪ੍ਰਵਾਸੀ ਵਿਸਥਾਪਨ-(Displacement),ਅਧਿਆਤਮਿ
ਨੂੰ ਗਹਿਰਾਈ ਨਾਲ ਛੂੰਹਦੀ ਹੈ, ਜਿਸ ਕਾਰਨ ਸੰਗ੍ਰਹਿ ਕੇਵਲ ਭਾਵਾਂ ਦੀ ਅਭਿਵਯਕਤੀ ਨਹੀਂ, ਸਗੋਂ ਅਨੁਭਵ ਦੀ ਦਾਰਸ਼ਨਿਕ ਵਿਆਖਿਆ ਦਾ ਦਰਪਣ ਦਿਖਾਈ ਦਿੰਦਾ ਹੈ।
ਭਾਸ਼ਾ ਅਤੇ ਸ਼ੈਲੀ ਭਾਸ਼ਾਈ ਪੱਖੋਂ, ਇਹ ਸੰਗ੍ਰਹਿ ਗੱਲਬਾਤੀ ਲਹਿਜ਼ੇ ਅਤੇ ਪ੍ਰਤੀਕਾਤਮਕ ਗਹਿਰਾਈ ਦਾ ਸੁੰਦਰ ਸੰਯੋਗ ਹੈ। ਦੁਹਰਾਵ, ਸੰਵਾਦ ਅਤੇ ਸਾਦਗੀ ਇਸ ਦੀ ਤਾਕਤ ਹਨ। ਕਵੀ ਵੱਡੇ ਅਲੰਕਾਰਿਕ ਜਾਲ ਨਹੀਂ ਬੁਣਦਾ; ਉਹ ਸਧਾਰਨ ਸ਼ਬਦਾਂ ਵਿੱਚ ਅਸਧਾਰਨ ਅਰਥ ਪੈਦਾ ਕਰਦਾ ਹੈ। ਇਸ ਵਿਚਾਰਕ ਆਧਾਰ ‘ਤੇ, ਮੈਂ ਕੁੱਝ ਕਵਿਤਾਵਾਂ ਦੇ ਸੰਬਧਤ ਵਿਸ਼ਿਆਂ ਵਿਚਲੇ ਭਾਵਾਂ ਅਤੇ ਹੋਰ ਸਮੱਗਰੀ ਦਾ ਵਿਆਪਕ ਮੁਲਾਂਕਣ ਕਰਨ ਦੀ ਕੋਸ਼ਿਸ਼ ਕੀਤੀ ਹੈ।
1- ਨਾਰੀ– ਅਸਮੀਤਾ ਦਾ ਪ੍ਰਤੀਕਾਤਮਕ ਵਿਸ਼ਲੇਸ਼ਣ
ਸੰਗ੍ਰਹਿ ਵਿੱਚ ਕੁੱਝ ਨਜ਼ਮਾਂ ਸਭਿਆਚਾਰ, ਰਿਵਾਜ, ਪਹਿਰਾਵੇ, ਭਾਸ਼ਾ ਜਾਂ ਪਿੰਡ-ਸ਼ਹਿਰ ਦੇ ਟਕਰਾਅ ਨਾਲ ਜੁੜੀਆਂ ਹੋਈਆ ਹਨ, ਜੋ ਉਨ੍ਹਾਂ ਦੇ ਸਿਰਲੇਖ ਇੱਕ ਸਭਿਆਚਾਰਕ ਸੰਕੇਤ ਦਿੰਦੇ ਹਨ। ਇਨ੍ਹਾਂ ਕਵਿਤਾਵਾਂ ਵਿੱਚ ਕਵੀ ਕੇਵਲ ਇੱਕ ਦ੍ਰਿਸ਼ ਨਹੀਂ ਰਚਦਾ, ਸਗੋਂ ਸਭਿਆਚਾਰਕ ਬਦਲਾਅ ਦੀ ਅੰਦਰੂਨੀ ਚੋਟ ਨੂੰ ਉਜਾਗਰ ਕਰਦਾ ਹੈ। ਰਿਵਾਜ ਅਤੇ ਆਧੁਨਿਕਤਾ ਦੇ ਟਕਰਾਅ ਵਿੱਚ ਮਨੁੱਖ ਦੀ ਪਛਾਣ ਕਿਵੇਂ ਖਿਸਕਦੀ ਹੈ ਜੋ ਇਨ੍ਹਾਂ ਕਵਿਤਾਵਾਂ ਦਾ ਕੇਂਦਰੀ ਬਿੰਦੂ ਬਣਦਾ ਹੈ,ਜਿਵੇਂ—‘ਚੂੰਢੀ’, ‘’ਦਹੀਂ ਵਰਗੀ ਚਿੱਟੀ ਗੋਰੀ ਕੁੜੀ’, ‘ਓ ਮੇਰੇ ਪਿਆਰੇ ਪਿੰਡ’, ‘ਕੁੜੀ ਨੂੰ ਵੀ ਕਹੋ’, ‘ਤੌੜੇ ਜਿੱਡਾ ਢਿੱਡ’, ’ਤੀਆਂ ਤੇ ਚੱਲੀ ਆਂ’, ’ਅੱਖਾਂ ਵਿੱਚ ਅੱਖਾਂ’, ‘ਅੱਜ ਤੋਂ ਬਾਅਦ’, ‘ਮੈਂ ਅੰਗਰੇਜ਼ੀ ਬੋਲੀ ਬੋਲਦੀ ਹਾਂ’ ਅਤੇ ‘ਬੇਬੇ ਦਾ ਸੰਦੂਕ’ ਆਦਿ|
‘ਚੂੰਢੀ’- ਇਸ ਸੰਗ੍ਰਹਿ ਦੀ ਪ੍ਰਥਿਮ ਕਵਿਤਾ ਹੈ, ਜਿਸ ‘ਤੇ ਲੇਖਕ ਨੇ ਪੁਸਤਕ ਦਾ ਸ਼ੀਰਸ਼ਕ ਦਿੱਤਾ ਹੈ।—ਭਾਵੇਂ ਇਹ ਇੱਕ ਸਾਧਾਰਨ ਸ਼ਬਦ ਹੈ ਪਰ ਇਸ ਦੇ ਅਰਥਾਂ ਦੀਆਂ ਪਰਤਾਂ ਬੇਅੰਤ ਹਨ। ਇਸ ਨੂੰ ਇੱਕ ਗਹਿਰੇ ਪ੍ਰਤੀਕ ਵਜੋਂ ਉਭਾਰਿਆ ਗਿਆ ਹੈ। ਇੱਥੇ ਸਿਰਫ਼ ਇਹ ਕਿਸੇ ਦੇ ਸਰੀਰਕ ਅੰਗ ‘ਤੇ ‘ਚੂੰਢੀ’ ਨਹੀਂ ਵੱਢੀ ਗਈ, ਸਗੋਂ ਇਹ ਨਾਰੀ ਦੀ ਮਰਿਆਦਾ ਅਤੇ ਉਸ ਦੀ ਅੰਦਰੂਨੀ ਚੇਤਨਾ ਦੀ ਗੂੰਜਦਾ ਰੂਪਕ ਹੈ। ਕਵਿਤਾ ਵਿੱਚ ਚੁੱਪੀ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ—ਇਹ ਮੌਨ ਹੀ ਪ੍ਰਤੀਰੋਧਬਣ ਜਾਂਦਾ ਹੈ। ਇੱਥੇ ਚੁੱਪੀ ਵੀ ਬੋਲਦੀ ਹੈ ਅਤੇ ਇਹ ਦੀ ਸਾਦਗੀ ਵੀ ਗਹਿਰਾ ਦਰਸ਼ਨ ਬਣ ਜਾਂਦੀ ਹੈ। ਇਹ ਨਾਰੀ ਦੀ ਅਸੀਮਤਾ ਹੈ, ਉਸ ਦੀ
ਮਰਿਆਦਾ ਹੈ, ਉਸ ਦੀ ਅੰਦਰੂਨੀ ਆਵਾਜ਼ ਹੈ। ਕਵੀ ਨੇ ਉਨ੍ਹਾਂ ਮੌਨ ਸਵਾਲਾਂ ਨੂੰ ਭੈਣ ਅਤੇ ਭਰਾ ਵਿਚਕਾਰ ਕੀਤੀ ਗਈ ਪ੍ਰਭਾਵਸ਼ਾਲੀ ਗੱਲਬਾਤ ਰਾਹੀਂ ਉਜਾਗਰ ਕੀਤਾ ਹੈ, ਜੋ ਅਕਸਰ ਸਮਾਜ ਦੀ ਭੀੜ ਵਿੱਚ ਦੱਬੇ ਜਾਂਦੇ ਹਨ।
—‘ਬੜੀ ਟੇਢੀ ਜਿਹੀ ਬੈਠੀਂ ਹੈਂ,—ਕੀ ਗੱਲ ਹੈ?—ਦੱਸ ਕੀ ਹੋਇਆ?’—ਉਹ ਨੇ ਵਿਸ਼ਵਾਸ ਨਾਲ ਕਿਹਾ, ‘ਮੈਂ ਅੱਜ ਕੁੱਝ ਨਹੀਂ ਦੱਸਣਾ/ਸਿਰਫ਼ ਤੇ ਸਿਰਫ਼ ਪੁੱਛਣਾ ਹੈ।’
–‘ਮੇਰੀ ਬਾਂਹ ਹਲਾ ਕੇ ਕਹਿੰਦਾ, ਚੱਲ ਪੁੱਛ ਹੁਣ !’ –‘ਵੀਰੇ! ਤੂੰ ਕਦੀ ਬੱਸ ਵਿੱਚ/ ਕਿਸੇ ਕੁੜੀ ਨੂੰ ਚੂੰਢੀ ਵੱਢੀ ਹੈ?’
ਵੀਰੇ ਦਾ ਕੱਪ ਵਾਲਾ ਹੱਥ ਕੰਬਣ ਲੱਗਿਆ/ਚਾਹ ਡੁੱਲ੍ਹਣ ਲੱਗੀ –‘ਉਸ ਨੇ ਹੌਲੀ ਦੇ ਕੇ ਮੂੰਹ ਉਤਾਂਹ ਚੁੱਕਿਆ–ਫਿਰ ਕਹਿੰਦਾ, ‘ਹਾਂ!’
‘ਵੀਰੇ ਅੱਜ ਤੋਂ ਬਾਅਦ!/ ਕਿਸੇ ਵਿਚਾਰੀ ਕੁੜੀ ਦੇ ਚੂੰਢੀ ਨਾ ਵੱਢੀਂ / ਤਾਂ ਹੀ ਮੈਂ ਟੇਢੀ ਜਿਹੀ ਬੈਠੀ ਹਾਂ/ਮੇਰੇ ਬਹੁਤ ਦਰਦ ਹੁੰਦੀ ਹੈ/’।
ਇਹ ਹੈ, ਸਾਡੇ ਸਮਾਜ ਵਿਚਲੀ ਨਿੱਘਰਦੀ ਜਾ ਰਹੀਆਂ ਨੈਤਿਕ ਕਦਰਾਂ ਕੀਮਤਾਂ ਦੀ ਤਿੜਕੀ ਤਸਵੀਰ ਅਤੇ ਨਾਲ ਕਮਾਲ ਦਾ ਹੱਲ ਵੀ। ਸੰਵੇਦਨਸ਼ੀਲ ਅਤੇ ਸਮਾਜਕ ਜਾਗਰੂਕਤਾ ਵਾਲੀ ਰਚਨਾ। ਇੱਥੇ ਇਹ ਸਾਫ਼ ਝਲਕਦਾ ਹੈ ਕਿ ਕਵੀ ਮਰਦ ਪਧਾਰਨ (ਪਿਤ੍ਰਸੱਤਾਤਮਕ- Patriarchal) ਸਮਾਜ ਦੀ ਖੁੱਲ੍ਹੀਂ ਆਲੋਚਨਾ ਕਰਨ ਦੀ ਥਾਂ ਪ੍ਰਤੀਕਾਤਮਕ ਸੰਰਚਨਾ (Symbolic structure)ਰਾਹੀਂ ਉਸ ਦੀ ਅੰਦਰੂਨੀ ਵਿਸੰਗਤੀ ਨੂੰ ਪ੍ਰਗਟ ਕਰਦਾ ਹੈ। ਇਸ ਤਰ੍ਹਾਂ ਨਜ਼ਮ ਇੱਕ ਵਿਰੋਧੀ-ਵਿਚਰਨਾ(Counter-
ਤੌੜੇ ਜਿੱਡਾ ਡਿੱਢ:-ਕਵਿਤਾ ਵਿਚਲੀ,ਆਧੁਨਿਕ ਭਾਰਤੀ ਔਰਤ, ਗਰਭ ਅਵਸਥਾ ਦੌਰਾਨ ਰਵਾਇਤੀ”ਵਰਜਿਤ”
(ਸਭਿਆਚਾਰਕ ਪਾਬੰਦੀਆਂ) ਨੂੰ ਚੁਨੌਤੀ ਦੇ ਰਹੀ ਹੈ। ਇਸ ਵਿਚਾਰਧਾਰਾ ਦੇ ਆਧਾਰ ‘ਤੇ, ਮਾਂ ਅਤੇ ਉਸ ਦੀ ਅੱਠਵੇਂ ਮਹੀਨੇ ਦੀ ਗਰਭਵਤੀ ਧੀ ਵਿਚਕਾਰ ਇੱਕ ਨਵੇਕਲੀ ਪ੍ਰਕਾਰ ਦੀ ਚਰਚਾ ਚੱਲ ਰਹੀ ਹੈ।—-‘ਮਾਂ ਪੁੱਛਦੀ!/ ਕਿੱਥੇ ਚੱਲੀ ਹੈ?// ਬਾਹਰ ਮਜ਼ਦੂਰ ਮੁਜ਼ਾਹਰਾ ਕਰ ਰਹੇ ਹਨ/ਭੁੱਖੇ ਪਿਆਸੇ ਆਪਣੀਆਂ ਮੰਗਾਂ ਲਈ ਲੜ ਰਹੇ ਹਨ/ਉਨ੍ਹਾਂ ਨੂੰ ਸਪੋਰਟ ਕਰਨ ਚੱਲੀ ਹਾਂ–।’
‘/ਹਾਏ ਤੂੰ ਤੌੜੇ ਜਿੱਡਾ ਢਿੱਡ ਲੈ ਕੇ/ਬਾਹਰ ਲੋਕਾਂ ਵਿੱਚ ਜਾਵੇਗੀ/’?
–ਮਾਂ! ਮੈਂ ਇਹ ਤੌੜੇ ਜਿੱਡਾ ਢਿੱਡ/ ਸਟੋਰ ਤੋਂ ਨਹੀਂ ਖਰੀਦਿਆ/ ਬੜੀ ਭੱਜ ਨੱਠ ਨਾਲ /ਮਿਹਨਤ ਨਾਲ/ ਰਾਤਾਂ ਨੂੰ ਜਾਗ ਜਾਗ ਕੇ/ ਓਵਰਟਾਈਮ ਲਗਾ ਕੇ ਬਣਾਇਆ ਹੈ/— ਦੁਨੀਆ ਨੂੰ ਅਗਾਂਹ ਤੁਰਦੀ ਰੱਖਣ ਵਿੱਚ/ ਤੌੜੇ ਦੀ ਮਹੱਤਤਾ ਸਮਝਾਊਂਗੀ।
ਇਹ ਰਚਨਾ, ਸਭਿਆਚਾਰਕ ਪਾਬੰਦੀਆਂ ਨੂੰ ਮਨ ਦੀ ਦ੍ਰਿੜਤਾ ਸੁਰ ਰਾਹੀ ਨਿਕਾਰਦੀ ਹੋਈ, ਆਪਣੇ ਆਸ਼ੇ ਦੀ ਪੂਰਤੀ ਲਈ, ਅੱਗੇ ਵਧਦੀ ਹੈ, ਜਿਸ ਰਾਹੀ ਕਵੀ ਦੇ ਮਾਨਸਿਕ ਰੁਝਾਨ ਨੂੰ ਵੀ ਦਰਸਾਉਂਦੀ ਹੈ ਅਤੇ ਉਸ ਨੂੰ ਪ੍ਰਗਤੀਸ਼ੀਲ ਚਿੰਤਕ ਵਿਚਾਰਧਾਰਕ ਦਾ ਦਰਜਾ ਦਿੰਦੀ ਹੈ।
ਤੀਆਂ ਤੇ ਚੱਲੀ ਆਂ–ਰਾਹੀ, ਪਤਨੀ ਆਪਣੇ ਪਤੀ ਨਾਲ ਤਰਕ ਕਰਨ ਦੀ ਦਲੇਰੀ ਦਿਖਾਉਂਦੀ ਹੈ। ਕਿਸੇ ਟਕਰਾਅ ਜਾਂ ਅਧੀਨਗੀ ਦੀ ਬਜਾਏ, ਆਪਸੀ ਸਮਝ ਅਤੇ ਸਾਂਝੇ ਟੀਚਿਆਂ ‘ਤੇ ਬਣੀ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ ਅਤੇ ਚਿੰਤਾਵਾਂ ਨੂੰ ਬਿਨਾਂ ਟਕਰਾਅ ਦੇ ਹੱਲ ਕਰਨ ਦੀ ਯੋਗਤਾ ਨੂੰ ਇੱਕ ਸਿਹਤਮੰਦ ਅਤੇ ਸਥਾਈ ਵਿਆਹ ਲਈ ਮਹੱਤਵਪੂਰਨ ਹੁਨਰ ਮੰਨਿਆ ਜਾਂਦਾ ਹੈ।
ਦਹੀਂ ਵਰਗੀ ਚਿੱਟੀ-ਚਿੱਟੀ ਗੋਰੀ ਕੁੜੀ – ਇਹ ਕਵਿਤਾ ਅਮਰੀਕੀ ਅਤੇ ਪੰਜਾਬੀ ਪਰੰਪਰਾਵਾਂ, ਸਭਿਆਚਾਰਕ ਪਾੜੇ ਅਤੇ ਕਦਰਾਂ-ਕੀਮਤਾਂ ਵਿੱਚ ਵਿਸ਼ਾਲ ਅੰਤਰ ਨੂੰ ਉਜਾਗਰ ਕਰਦੀ ਹੈ। ਕਵਿਤਾ ਗੋਰੀ ਲੜਕੀ ਨਾਲ ਮਨਬਚਨੀ ਸੰਵਾਦ ਕਰਦੀ ਇੰਜ ਵਧਦੀ ਹੈ।:
ਲੇਖਕ ’ਕੈਲਗਰੀ ਤੋਂ ਐਡਮਿੰਟਨ ਵਾਪਸ /ਡਰਾਈਵ ਕਰ ਰਿਹਾ ਸੀ/– ਬਾਹਰ ਧੁੱਪੇ ਪਿਕਨਿਕ ਟੇਬਲ ਤੇ ਬੈਠ ਗਿਆ/– ਗੋਰੀ ਕੁੜੀ ਆਈ! ਮੁਸਕਰਾਈ! ਪੁੱਛਦੀ? ਇਨਜ਼ੁਆਇੰਗ ਦਾ ਸੰਨ/ ਮੇਅ ਆਈ ਜੁਆਇਨ ਯੂ?’ ਗੱਲਾਂ ਗੱਲਾਂ ਰਾਹੀਂ ਗੋਰੀ ਨੇ ਦੱਸਿਆ ਕਿ ਉਹ ਇੱਕ ਪੰਜਾਬੀ ਮੁੰਡੇ ਨੂੰ ਪਿਆਰ ਕਰਦੀ ਹੈ। ਉਹ ਦੇ ਜਾਣ ਪਿੱਛੋਂ ਲੇਖਕ,–‘ਉਸ ਦੇ ਪੰਜਾਬੀ ਬੁਆਏ ਫਰੈਂਡ ਬਾਰੇ ਸੋਚਣ ਲੱਗਿਆ/ ਆਪਣੇ ਆਪ ਨਾਲ ਗੱਲਾਂ ਕਰਨ ਲੱਗਿਆ/ ਦੇਖੀ ਕਿਤੇ/ ਟਿਪੀਕਲ ਪੰਜਾਬੀ ਨਾ ਬਣ ਜਾਵੀਂ/ ਐਸ਼ ਊਸ਼ ਕਰਕੇ/ ਖੇਡ ਖੂਡ ਕੇ/ ਟਰਿਪ ਟਰੁਪ ਲਾ ਕੇ/ ਮਾਂ,ਪਿਓ, ਰਿਸ਼ਤੇਦਾਰਾਂ ਦੇ ਦੁਬਾਅ ਥੱਲੇ ਆ ਕੇ/ ਸਭਿਆਚਾਰ, ਬੋਲੀ, ਕਲਚਰ ਦੇ ਦੁਬਾਅ ਥੱਲੇ ਆ ਕੇ/ ਗੋਰੀ ਵਿਚਾਰੀ ਨੂੰ ਛੱਡ ਨਾਂ ਦੇਵੀਂ /ਵਿਚਾਰੀ ਦਾ ਦਿਲ ਚਕਨਾਚੂਰ ਨਾ ਕਰ ਦੇਵੀਂ/ ਕਿਤੇ ਪੰਜਾਬੀਆਂ ਦੇ ਮੂੰਹ ਤੇ ਨਾਂ ਮਿਟਣ ਵਾਲੀ/ ਕਾਲਖ਼ ਨਾ ਲਾ ਦੇਵੀਂ/— ਇਹ ਤੇਰਾ ਹੀ ਇਮਤਿਹਾਨ ਨਹੀਂ/ ਸਾਰੀ ਕਮਿਊਨਿਟੀ ਦਾ ਇਮਤਿਹਾਨ ਹੈ/ ਦੇਖੀ ਕਿਤੇ ਫ਼ੇਲ੍ਹ ਨਾ ਹੋ ਜਾਵੀਂ /ਦੇਖੀ ਕਿਤੇ ਫ਼ੇਲ੍ਹ ਨਾ ਹੋ ਜਾਵੀਂ ।’ ਆਧੁਨਿਕ ਪੰਜਾਬੀ ਨੌਜਵਾਨਾਂ ਦੀ ਮਾਨਸਿਕਤਾ ਬਾਰੇ ਇੱਕ ਦਲੇਰਾਨਾ ਸਵਾਲ ਖੜਾ ਕੀਤਾ ਹੈ?
ਕੁੜੀ ਨੂੰ ਵੀ ਕਹੋ–ਇਹ ਸਵਾਲ ਪੰਜਾਬੀ ਸਭਿਆਚਾਰ ਦੇ ਅੰਦਰ ਬਹੁਤ ਡੂੰਘੇ ਮੁੱਦੇ ਨੂੰ ਛੂੰਹਦਾ ਹੈ, ਖ਼ਾਸ ਕਰ ਕੇ ਵਿਆਹ ਵਿੱਚ ਪੁੱਤਰਾਂ ਅਤੇ ਧੀਆਂ ਨਾਲ ਵਿਭਿੰਨ ਵਿਵਹਾਰ, ਵਿਆਹ ਦੁਆਰਾ ਨਸ਼ੇੜੀ ਮਰਦਾਂ ਨੂੰ “ਫਿਕਸ” ਕਰਨਾ, ਅਤੇ ਤਲਾਕ ਦੇ ਕਲੰਕ ਬਾਰੇ ਸੋਚ। –‘ਜੇ ਤੁਸੀਂ ਮੁੰਡੇ ਨੂੰ ਕਹਿੰਦੇ ਹੋ?/ ਜੇ ਨਹੀਂ ਕੰਮ ਦੀ ਤਾਂ ਛੱਡ ਪਰ੍ਹਾਂ/ ਕੋਈ ਹੋਰ ਲੱਭ ਲੈ/ ਬਥੇਰੀਆਂ ਤੁਰੀਆਂ ਫਿਰਦੀਆਂ ਨੇ/ ਤੇਰਾ ਕਿਹੜਾ ਕੁੱਝ ਘਸ ਗਿਆ/ ਕਨੇਡਾ ਨਹੀਂ ਤਾਂ ਪੰਜਾਬ ਤੋਂ ਲੈ ਆ/ਮੰਡੀ ਵਿੱਚ ਸੌ ਤੁਰੀਆਂ ਫਿਰਦੀਆਂ ਨੇ/ ਪਿੱਛੇ ਪਿੱਛੇ ਭੱਜੀਆਂ ਫਿਰਦੀਆਂ।’
ਕਵੀ ਨੇ ਇਸ ਦਾ ਹੱਲ, ਇਨ੍ਹਾਂ ਸ਼ਬਦਾਂ ਵਿੱਚ ਪ੍ਰਤੀਕਿਰਿਆਸ਼ੀਲ ਢੰਗ ਅਤੇ ਬਾ-ਦਲੀਲ ਇੰਜ ਕੀਤਾ ਹੈ।— ‘ਕੁੜੀ ਨੂੰ ਵੀ/ ਆਪਣੀ ਧੀ, ਭੈਣ, ਮਾਂ ਨੂੰ ਵੀ/ ਇਸੇ ਤਰ੍ਹਾਂ ਹੀ ਕਹਿਣ ਦੀ ਦਲੇਰੀ ਦਿਖਾਓ / ਕਿ/ ਜੇ ਨਸ਼ੇੜੀ ਨਾਲ ਵਿਆਹ ਹੋ ਗਿਆ?/ ਤਾਂ ਕਹੋ ‘ਛੱਡ ਪਰ੍ਹਾਂ/ ਤੇਰਾ ਕੁੱਝ ਨਹੀਂ ਘਸਿਆ/ਬਥੇਰੇ ਤੁਰੇ ਫਿਰਦੇ ਹਨ/ ਹੋਰ ਲੱਭ ਲੈ।’
ਇੱਥੇ ਸਮਾਜਿਕ ਨਿਯਮਾਂ ਦੇ ਆਧਾਰ ਤੇ ਤੁਲਨਾਤਮਿਕ ਵਿਸ਼ਲੇਸ਼ਣ ਕੀਤਾ ਗਿਆ ਹੈ ਕਿ ਅਜਿਹੇ ਸਭਿਆਚਾਰਕ ਵਿਰੋਧਾਭਾਸ ਤੋਂ ਕਿਵੇਂ ਬਚਿਆ ਜਾਵੇ? ਸਮਾਜ ਨੂੰ ਸੁਧਾਰਨ ਲਈ ਨਵਾਂ ਦਿਸ਼ਾ ਨਿਰਦੇਸ਼ ਦੇਣ ਦਾ ਉਪਰਾਲਾ ਕੀਤਾ ਹੈ ਅਤੇ ਜਨਤਕ ਚੇਤਨਾ ਨੂੰ ਜਗਾਉਣ ਦੀ ਕੋਸਿ਼ਸ਼ ਕੀਤੀ ਹੈ।
ਅੱਖਾਂ ਵਿੱਚ ਅੱਖਾਂ:–ਵੱਖੋ-ਵੱਖਰੇ ਦੇਸ਼ਾਂ ਵਿਚਕਾਰ,ਸਭਿਆਚਾਰਕ ਅੰਤਰਾਂ ਵਿੱਚ ਰਿਵਾਜ,ਸਮਾਜਿਕ ਨਿਯਮਾਂ, ਸੰਚਾਰ ਅਤੇ ਵਿਵਹਾਰਾਂ ਵਿੱਚ ਭਿੰਨਤਾਵਾਂ ਸ਼ਾਮਲ ਹੁੰਦੀਆਂ ਹਨ, ਜੋ ਕਿ ਅੱਡੋ-ਅੱਡਰੇ ਖੇਤਰਾਂ ਵਿੱਚ ਵੇਖੀਆਂ ਜਾਂਦੀਆਂ ਹਨ। ਇਹ ਅੰਤਰ ਇਸ ਗੱਲ ਨੂੰ ਆਕਾਰ ਦਿੰਦੇ ਹਨ ਕਿ ਲੋਕ ਰੋਜ਼ਾਨਾ ਜੀਵਨ ਵਿੱਚ ਗੱਲਬਾਤ ਕਿਵੇਂ ਕਰਦੇ ਹਨ। ਕਵੀ ਸੁਝਾ ਦਿੰਦਾ ਕਹਿੰਦਾ ਹੈ ਕਿ – ‘ਤੂੰ ਹੁਣ’ ਸਮਾਈਲ ਕਰਨਾ, ਹੱਥ ਮਿਲਾਉਣਾ/ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਨਾ,/ ਥੈਂਕਯੂ ਕਹਿਣਾ ਤੇ ਵੈੱਲਕਮ ਕਹਿਣਾ ਸਿੱਖ ਲਾ/ ਤੂੰ ਹੁਣ ਕਨੇਡਾ ਵਿੱਚ ਆ ਗਿਆ, ਹੁਣ ਤੂੰ ਪੰਜਾਬ ਵਿੱਚ ਨਹੀਂ। ’ਇਹ ਪੜ੍ਹਕੇ ‘ਜੈਸਾ ਦੇਸ਼ ਵੈਸਾ ਭੇਸ’ ਵਾਲੀ ਕਹਾਵਤ ਯਾਦ ਆ ਗਈ।
ਅੱਜ ਤੋਂ ਬਾਅਦ: ਪੰਜਾਬੀ ਬੱਚਿਆਂ ਦੀ ਭਾਵੇਂ ਪੰਜਾਬੀ ਮਾਤ ਭਾਸ਼ਾ ਹੈ, ਪਰ ਅੰਗਰੇਜ਼ੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਜੋ ਸਮਾਜਿਕ ਰੁਤਬਾ (ਅੰਗਰੇਜ਼ੀ ਵਜੋਂ),ਆਰਥਿਕ ਮੌਕੇ (ਵਿਸ਼ਵੀਕਰਨ/ਕੈਰੀਅਰ), ਇਤਿਹਾਸਕ ਕਾਰਕ ਅਤੇ ਮੀਡੀਆ ਪ੍ਰਭਾਵ ਤੋਂ ਫਾਇਦਾ ਲੈਣ ਲਈ ਵਧੇਰੇ ਅਵਸਰਾਂ ਦਾ ਲਾਹਾ ਲਿਆ ਜਾ ਸਕੇ। ਜਿਸ ਕਾਰਨ ਬਹੁਤ ਸਾਰੇ ਮਾਪੇ ਬਿਹਤਰ ਸੰਭਾਵਨਾਵਾਂ ਲਈ ਅੰਗਰੇਜ਼ੀ ਨੂੰ ਤਰਜੀਹ ਦਿੰਦੇ ਹਨ, ਹਾਲਾਂ ਕਿ ਇਸ ਨਾਲ ਸਭਿਆਚਾਰਕ ਵਿਰਾਸਤ ਦਾ ਨੁਕਸਾਨ ਹੁੰਦਾ ਹੈ ਅਤੇ ਅੰਤਰ-ਪੀੜ੍ਹੀ ਸੰਚਾਰ ‘ਚ ਪਾੜੇ ਵੀ ਹੋ ਸਕਦੇ ਹਨ ਪਰ ਇਹ ਤਬਦੀਲੀ ਤਾਂ ਹੋਣੀ ਅਵੱਸ਼ ਹੈ, ਜਿਸ ਨੂੰ ਮਾਪੇ ਵੀ ਭਲੀ ਭਾਂਤ ਜਾਣਦੇ ਹਨ।
ਇਸੇ ਤਰਾਂ—‘ਮੈਂ ਅੰਗਰੇਜ਼ੀ ਬੋਲੀ ਬੋਲਦੀ ਹਾਂ ’ਨਜ਼ਮ ਵਿੱਚ ਵੀ ਜ਼ਿਕਰ ਹੈ ਕਿ: ਵਿਦੇਸ਼ਾਂ ਵਿੱਚ ਆਕੇ ਆਪਣੀ ਮਾਂ ਬੋਲੀ ਦੀ ਰਟ ਲਾਈ ਜਾਣੀ ਬਹੁਤ ਅੱਛੀ ਨਹੀਂ ਹੁੰਦੀ, ਕਿਉਂਕਿ ਇੱਥੇ ਤਾਂ ਜਦੋਂ ਵੀ ਕਿਸੇ ਦੇ ਨਾਲ ਗੱਲਬਾਤ ਕਰਨੀ ਹੈ, ਉੱਥੋਂ ਦੀ ਭਾਸ਼ਾ ਦੇ ਅਨੁਸਾਰ ਹੀ ਬੋਲਣਾ ਪੈਂਦਾ ਹੈ। ਇਸ ਕਰਕੇ ਅੰਗਰੇਜ਼ੀ ਨੂੰ ਅਸੀਂ ਆਪਣੀ ਨਿਤਾ ਪ੍ਰਤੀ ਜ਼ਿੰਦਗੀ ਚੋਂ ਕਿਸੇ ਹੱਦ ਤਕ ਵੀ ਮਨਫ਼ੀ ਨਹੀਂ ਕਰ ਸਕਦੇ।
ਬੇਬੇ ਦਾ ਸੰਦੂਕ: ਸਮੇਂ ਦੇ ਬੀਤਣ ਨਾਲ ਸਾਡੇ ਸਮਾਜਿਕ ਮੁੱਲਾਂ ਵਿੱਚ ਆਈ ਤਬਦੀਲੀ ਦੀ ਕਹਾਣੀ ਹੈ, ਜੋ ਇੱਕ ਪਰਵਾਰ ਆਪਣੀ ਦਾਦੀ ਦੀ ਮੌਤ ਤੇ ਭਾਰਤ ਆਇਆ ਅਤੇ ਰੀਤੀ ਰਸਮਾਂ ਖ਼ਤਮ ਹੋਣ ਪਿੱਛੋਂ, ਉਨ੍ਹਾਂ ਨੇ ਬੇਬੇ ਦਾ ਸੰਦੂਕ ਖੋਲ੍ਹਿਆ ਅਤੇ ਦੇਖਿਆ ਕਿ ਇਸ ਵਿਚੋਂ ਉਸ ਦੀਆਂ ਆਪ ਕਢਾਈ ਕੀਤੀਆਂ ਚਾਦਰਾਂ, ਘੱਗਰੇ, ਫੁਲਕਾਰੀਆਂ, ਦਰੀਆਂ, ਰਜਾਈਆਂ ਆਦਿ ਨਿਕਲੀਆਂ। ਇਹਨਾਂ ਨੂੰ ਦੇਖਕੇ,ਬੱਚਿਆਂ ਨੇ ਕਿਸੇ ਚੀਜ਼ ਨੂੰ ਵੀ ਹੱਥ ਨਹੀਂ ਲਾਇਆ। ਉਹ ਸੋਚਦੇ ਸੀ ਕਿ ਸੰਦੂਕ ਵਿੱਚੋਂ ਉਨ੍ਹਾਂ ਦੇ ਸਮੇਂ ਦੇ ਨਵੀਨ ਖਿਡਾਉਣੇ ਨਿਕਲਣਗੇ। ਇਹ ਦੇਖ ਕੇ ਲੇਖਕ ਸੋਚਦਾ ਹੈ ਕਿ ਬੰਦਾ ਵੀ ਕੀ ਚੀਜ਼ ਹੈ। ਤੀਜੀ ਪੀੜੀ ਤੱਕ ਸ਼ੌਕ ਕਿੰਨੇ ਬਦਲ ਜਾਂਦੇ ਹਨ।
2-ਪ੍ਰੇਮ, ਯਾਦ ਅਤੇ ਮਨੋਵਿਗਿਆਨ ਪ੍ਰਤੀ ਵੱਖੋ-ਵੱਖਰੇ ਵਿਚਾਰ:
ਸੰਗ੍ਰਹਿ ਦੀਆਂ ਕੁੱਝ ਪ੍ਰੇਮ-ਕੇਂਦਰਿਤ ਨਜ਼ਮਾਂ—ਖ਼ਾਸ ਕਰਕੇ ਉਹ ਜੋ ਵਿਛੋੜੇ ਤੋਂ ਬਾਅਦ ਯਾਦ ਦੇ ਰੂਪ ਵਿੱਚ ਉੱਭਰਦੀਆਂ ਹਨ—ਮਨੁੱਖੀ ਸੰਬੰਧਾਂ ਦੀ ਸੂਖਮਤਾ ਨੂੰ ਬੜੀ ਸੰਵੇਦਨਸ਼ੀਲਤਾ ਨਾਲ ਦਰਸਾਉਂਦੀਆਂ ਹਨ। ਇਨ੍ਹਾਂ ਵਿੱਚ ਪ੍ਰੇਮ ਕੋਈ ਰੋਮਾਂਟਿਕ ਅਤਿਸ਼ਯੋਕਤੀ (Exaggeration) ਨਹੀਂ, ਉਹ ਰੋਜ਼ਾਨਾ ਜੀਵਨ ਦੀਆਂ ਛੋਟੀਆਂ ਗੱਲਾਂ ਵਿੱਚ ਰਚਿਆ ਬਸਿਆ ਹੈ। ਇਸ ਸੰਦਰਭ ਵਿੱਚ ਮੈਂ ਇਹ ਦੋ ਕਵਿਤਾਵਾਂ ਦਾ ਇਕੱਠਾਂ ਜਿ਼ਕਰ ਕਰਦਾ ਹਾਂ– ‘ਬੜਾ ਚੰਗਾ ਸੀ ਉਹ’ — ਅਤੇ—‘ਬੜੀ ਚੰਗੀ ਸੀ ਉੁਹ’। ਇਨ੍ਹਾਂ ਦੋਹਾਂ ਕਵਿਤਾਵਾਂ ਵਿੱਚ ਇੱਕ ਵਿੱਛੜੇ ਪ੍ਰੇਮੀ ਦੀ ਆਤਮਾ ਦੀਆਂ ਯਾਦਾਂ ਨੂੰ ਯਾਦ ਕਰਨਾ, ਸ਼ਾਂਤ ਪਲਾਂ ਵਿੱਚ ਉਨ੍ਹਾਂ ਦੀ ਮੌਜੂਦਗੀ ਨੂੰ ਤੀਬਰਤਾ ਨਾਲ ਮਹਿਸੂਸ ਕਰਨਾ, ਪ੍ਰਾਰਥਨਾਵਾਂ ਜਾਂ ਕਵਿਤਾਵਾਂ ਰਾਹੀਂ ਪ੍ਰਗਟ ਕੀਤੀ ਗਈ ਪਿਆਰ ਦੀ ਸਥਾਈ ਸ਼ਕਤੀ ਵਿੱਚ ਦਿਲਾਸਾ ਲੱਭਣਾ, ਦੁੱਖ, ਯਾਦਦਾਸ਼ਤ ਅਤੇ ਸਰੀਰਕ ਨੁਕਸਾਨ ਦੀ ਮੋਟੀ ਪਰਤ ਤੋਂ ਪਰੇ ਇੱਕ ਸਦੀਵੀ ਸਬੰਧ ਨਾਲ ਵਿਸ਼ਵਾਸ ਨੂੰ ਜੋੜਨਾ ਅਤੇ ਦਰਦ ਨੂੰ ਪਿਆਰ ਦੇ ਪਵਿੱਤਰ ਬੰਧਨ ਵਿੱਚ ਬਦਲਣਾ ਨਵੀਨ ਅੰਦਾਜ਼ ਰਾਹੀਂ ਬਿਆਨ ਕੀਤਾ ਗਿਆ ਹੈ।
ਬੜਾ ਚੰਗਾ ਸੀ ਉਹ ਵਿਚੋਂ—‘ਹੁਣ—ਇਕੱਲੇ ਬੈਠ ਕੇ ਚਾਹ ਪੀਣੀ ਵੀ ਕਿੰਨੀ ਔਖੀ ਹੈ/ ਕਦੇ ਸੋਚਿਆ ਵੀ ਨਹੀਂ ਸੀ / ਇਹ ਚਾਹ ਗਲ ਵਿੱਚ ਫਸ ਜਾਊਗੀ/ਲੀਕਉਡ ਤੋਂ ਸੋਲਿਡ ਬਣ ਜਾਊਗੀ/ ਬੜਾ ਚੰਗਾ ਸੀ ਉਹ–। ਅਤੇ– ਬੜੀ ਚੰਗੀ ਸੀ ਉਹ–ਹੁਣ ਮੈਂ ਨਰਸਿੰਗ ਹੋਮ ਵਿੱਚ ਰਹਿੰਦਾ ਹਾਂ/–ਆਪਣੇ ‘ਵਾਕਰ’ ਨਾਲ ਗੱਲਾਂ ਕਰ ਰਿਹਾ ਹਾਂ/ ਹੁਣ ਵਾਕਰ ਹੀ ਮੇਰੀ ਦੋਸਤ ਹੈ/– ਮੈਨੂੰ ਉਸ ਨੇ ਜ਼ਿੰਦਗੀ ਜਿਊਣ ਦਾ ਮਤਲਬ ਸਮਝਾਇਆ/– ਉਸ ਤੋਂ’/ਬੜੀ ਜਲਦੀ ਸਾਥ ਛੱਡ ਗਈ। ਵਨ ਵੇ ਟਿਕਟ ਕਟਾਅ ਕੇ/ ਬੜੀ ਚੰਗੀ ਸੀ ਉਹ/ ਸੱਜਰੇ ਖਿੜੇ ਫੁੱਲ ਵਰਗੀ।
ਇੱਕ ਪ੍ਰੇਮਿਕਾ /ਪ੍ਰੇਮੀ ਦੀਆਂ ਆਪਸੀ ਯਾਦਾਂ ਅਤੇ ਉਨ੍ਹਾਂ ਦੇ ਰੋਮਾਂਟਿਕ ਕੰਮਾਂ ਦੇ ਨਾਲ-ਨਾਲ ਜ਼ਿੰਦਗੀ ਦੇ ਦੇਖ ਭਾਲ ਕਰਨ ਵਾਲੇ ਪਲ, ਜੋ ਹੁਣ ਹਮੇਸ਼ਾ ਲਈ ਅਲੋਪ ਹੋ ਗਏ। ਇਹ ਬਹੁਤ ਹੀ ਭਾਵ ਪੂਰਨ ਭਾਵਨਾਤਮਕ ਇਕਾਂਗੀ ਕਵਿਤਾਵਾਂ ਰਾਹੀਂ ਨਵੇਕਲੀ ਸ਼ੈਲੀ ਵਿੱਚ ਬਿਆਨ ਕੀਤੀਆਂ ਹੋਈਆਂ ਨਿਰਸੰਦੇਹ ਸ਼ਲਾਘਾਯੋਗ ਹੁਨਰ ਦੀ ਲਿਖਾਇਕਕ ਹਨ। ਇਹ ਕਵਿਤਾਵਾਂ, ਪੁਸਤਕ ਨੂੰ ਗਹਿਰੀ ਸੰਵੇਦਨਾਤਮਿਕ ਉਚਾਈ ਦਿੰਦੀਆਂ ਹਨ। ਇਨ੍ਹਾਂ ਵਿੱਚ ਯਾਦ ਦੀ ਗਰਮੀ ਹੈ, ਇਕੱਲਾਪਣ ਦੀ ਠੰਢ ਹੈ ਅਤੇ ਮਨੁੱਖੀ ਸੰਬੰਧਾਂ ਦੀ ਨਾਜੁਕਤਾ ਦਾ ਰੰਗ ਹੈ। ਰੋਜ਼ਾਨਾ ਜੀਵਨ ਦੀਆਂ ਛੋਟੀਆਂ-ਛੋਟੀਆਂ ਗੱਲਾਂ—ਚਾਹ, ਜ਼ਿੱਪਰ, ਟਾਈ, ਹਾਸਾ—ਇੱਥੇ ਪ੍ਰੇਮ ਦੀ ਜੀਵੰਤ ਨਿਸ਼ਾਨੀਆਂ ਬਣ ਜਾਂਦੀਆਂ ਹਨ। ਕਵੀ ਨੇ ਦੱਸਿਆ ਹੈ ਕਿ ਪ੍ਰੇਮ ਵੱਡੇ ਐਲਾਨਾਂ ਨਾਲ ਨਹੀਂ, ਸਾਂਝੀ ਜੀਵਨ-ਯਾਤਰਾ ਦੀਆਂ ਨਿਮਰ ਅਦਾਵਾਂ ਨਾਲ ਜੀਉਂਦਾ ਹੈ।
ਸੋਹਣੀ ਨੂੰ ਕੁੱਝ ਸਵਾਲ:- ਇੱਕ ਕਲਾਸੀਕਲ ਲੋਕ ਕਥਾ ਅਤੇ ਦੁਖਾਂਤਕ ਰੋਮਾਂਸ ਹੋਣ ਕਾਰਨ, ਇਹ ਸ਼ਕਤੀਸ਼ਾਲੀ ਕਹਾਣੀ ਲੋਕ ਪ੍ਰਿਆ ਹੈ, ਜੋ ਪਿਆਰ, ਕੁਰਬਾਨੀ ਅਤੇ ਸਮਾਜਿਕ ਨਿਯਮਾਂ ਦੀ ਉਲੰਘਣਾ ਦੇ ਵਿਸ਼ਿਆਂ ਦੀ ਪੜਚੋਲ ਕਰਦੀ ਹੋਈ ਸਦੀਆਂ ਤੋਂ ਲੋਕਾਂ ਦੇ ਮਨਾਂ ‘ਚ ਗੂੰਜਦੀ ਆ ਰਹੀ ਹੈ। ਇਸੇ ਗੂੰਜਣ ਕਾਰਨ, ਕਵੀ, ਸੋਹਣੀ ਨੂੰ ਕਈ ਸਵਾਲ ਕਰਦਾ ਹੈ, ਕਿਉਂਕਿ ’’ਸ਼ੱਕ ਕਰਨਾ ਤੇ ਸੁਆਲ ਪੁੱਛਣਾ/ ਮਨੁੱਖੀ ਸਭਾ ਹੈ/ ਤੂੰ ਬੁਰਾ ਨਾ ਮਨਾਈ/ ਆਦਿ ਆਦਿ। …..ਕਵੀ ਸੋਚਦਾ ਹੈ ਕਿ ਕਵਿਤਾ ਮਨੁੱਖੀ ਮਨ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਜਾਗਰੂਕਤਾ ਪੈਦਾ ਕਰ ਸਕਦੀ ਹੈ, ਭਾਵਨਾਤਮਕ ਅਤੇ ਬੌਧਿਕ ਵਿਕਾਸ ਲਈ ਇੱਕ ਸ਼ਕਤੀਸ਼ਾਲੀ ਉਤੇਜਕ ਵਜੋਂ ਅਸਰ ਪਾ ਸਕਦੀ ਹੈ, ਵਿਅਕਤੀਆਂ ਨੂੰ ਅਤੇ ਆਪਣੇ ਆਲੇ ਦੁਆਲੇ ਦੀ ਦੁਨੀਆ ਨੂੰ ਸਮਝਣ ਵਿੱਚ ਮਦਦ ਕਰ ਸਕਦੀ ਹੈ।
ਓ ਘੜਿਆ ! ਪੰਜਾਬੀ ਸਾਹਿਤ ਵਿੱਚ ਇਹ ਸੰਵਾਦ ਰਚਾਉਂਦੀ ਨਵੇਕਲੀ ਕਿਸਮ ਦੀ ਕਵਿਤਾ ਹੈ,ਜੋ ਸਭਿਆਚਾਰਕ ਵਿਸ਼ੇ ਦੇ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਸਮਝਣ/ਸਮਝਾਉਣ ਦਾ ਮੁਲਾਂਕਣ ਪ੍ਰਦਾਨ ਕਰਦੀ ਹੈ। ਕਵਿਤਾ ਦੇ ਸ਼ੁਰੂ ਵਿੱਚ ਹੀ ਕਵੀ ਘੜੇ ਨੂੰ ਇਹ ਸਵਾਲ ਕਰਦਾ ਹੈ ਕਿ—‘ ਓ ਘੜਿਆ ਤੂੰ ਹੀ ਸੱਚ ਬੋਲ !/–‘ਤੂੰ ਵਿਚਾਰੀ ‘ਸੋਹਣੀ’ ਦਾ ਕਤਲ ਕਿਉਂ ਕੀਤਾ?—ਤੂੰ ਕਾਤਲ ਹੈਂ?’ ਕਵੀ ਦਾ ਇਹ ਸਵਾਲ ਸੁਣ ਕੇ ਘੜਾ ਕਹਿੰਦਾ ਹੈ—‘ਲੈ ਸੁਣ,/ ਵੱਡਿਆ ਕਵੀਆ, ਕਿੱਸਾਕਾਰ ਸਜਣਾ/ ਮੈਂ ਕਾਤਲ ਨਹੀਂ।’—-‘ਇਹ ਤਾਂ ਪੰਜਾਬ ਪੁਲਿਸ ਵਾਂਗ/ ਕਵੀਆਂ ਕਿੱਸਾਕਾਰਾਂ ਤੇ ਕਥਾਵਾਂ ਸੁਣਾਉਣ ਵਾਲਿਆਂ ਦੀ/ ਬਿਨਾਂ ਤਫ਼ਤੀਸ਼ ਕੀਤਿਆਂ/ ਬਿਨਾਂ ਸਬੂਤਾਂ ਤੋਂ/ ਬਗੈਰ ਤਰਕ ਤੋਂ/ ਦੱਸੀ ਹੋਈ ਮਨਘੜਤ ਕਹਾਣੀ ਹੈ/ ਕਿਉਂਕਿ ਉਨ੍ਹਾਂ ਨੂੰ ਪਤਾ ਹੀ ਹੈ ਕਿ/ ਘੜੇ ਨੇ ਕਿਹੜਾ ਬੋਲਣਾ ਹੈ।’
ਸੱਚਮੁੱਚ ਇਹ ਸਾਬਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।’ ਇਹ ਕਵਿਤਾ, ਵਿਸ਼ੇ ‘ਤੇ ਅਸਹਿਮਤੀ ਜਾਂ ਵੱਖ-ਵੱਖ ਦ੍ਰਿਸ਼ਟੀਕੋਣਾਂ ਨੂੰ ਬਹੁਤ ਨਵੀਨ ਵਿਚਾਰਾਂ ਨਾਲ ਆਪਣੇ ਉਦੇਸ਼ ਨੂੰ ਉਜਾਗਰ ਕਰਨ ਵਿੱਚ ਪੂਰੀ ਸਫਲ ਹੈ ਅਤੇ ਸਰਕਾਰੀ ਕਾਰਜਸ਼ੈਲੀ ‘ਤੇ ਕਰਾਰੀ ਚੋਟ ਵੀ ਮਾਰਦੀ ਹੈ।
3. ਪ੍ਰਵਾਸ: ਦਰਮਿਆਨੀ ਅਸਤਿਤਵ ਦੀ ਪਹਿਚਾਣ (The Identity of Intermediate Existence )
ਕੁੱਝ ਕਵਿਤਾਵਾਂ ਰਾਹੀਂ ਪ੍ਰਵਾਸੀ ਅਨੁਭਵ ਬਹੁਤ ਸ਼ਕਤੀਸ਼ਾਲੀ ਭਾਵਨਾਵਾਂ ਨਾਲ ਦਰਸਾਇਆ ਗਿਆ ਹੈ, ਜਿੱਥੇ ਪ੍ਰਵਾਸ ਸਿਰਫ਼ ਸਥਾਨ-ਬਦਲੀ ਨਹੀਂ, ਸਗੋਂ ਮਨੋਵਿਗਿਆਨਕ ਵਿਸਥਾਪਨ((Displacement)) ਹੈ। ਮੂਲ ਧਰਤੀ ਦੀ ਯਾਦ ਅਤੇ ਨਵੇਂ ਦੇਸ਼ ਦੀ ਹਕੀਕਤ ਦੇ ਦਰਮਿਆਨ ਮਨੁੱਖ ਦੀ ਪਛਾਣ ਇੱਕ ਨਵੀਂ ਰਚਨਾ ਲੈਂਦੀ ਹੈ। ਇਹ “ਦਰਮਿਆਨੀ ਅਸਤਿਤਵ” ਆਧੁਨਿਕ ਮਨੁੱਖ ਦੀ ਸਾਂਝੀ ਸਥਿਤੀ ਨੂੰ ਦਰਸਾਉਂਦਾ ਹੈ। ਪ੍ਰਵਾਸ ਇੱਥੇ ਸਿਰਫ਼ ਆਰਥਿਕ ਮਾਈਗਰੇਸ਼ਨ ਨਹੀਂ; ਇਹ ਸਾਂਸਕ੍ਰਿਤਿਕ ਵਿਸਥਾਪਨ ਹੈ।
ਕਵੀ ਇਸ ਅਨੁਭਵ ਨੂੰ ਵਿਸ਼ਾਲ ਸਿਧਾਂਤਕ ਭਾਸ਼ਾ ਵਿੱਚ ਨਹੀਂ, ਸਗੋਂ ਸਾਧਾਰਨ ਪਰ ਅਰਥਪੂਰਨ ਲਹਿਜ਼ੇ ਵਿੱਚ ਕੁੱਝ ਨਜ਼ਮਾਂ ਰਾਹੀਂ ਪੇਸ਼ ਕਰਦਾ ਹੈ।
ਬਨੇਰੇ ਉੱਤੇ ਕਾਂ- ਅੱਜ ਦੇ ਪੰਜਾਬ ਦੀ ਤਰਾਸਦੀ ਬਾਰੇ ਜ਼ਿਕਰ ਕੀਤਾ ਹੈ। ਕਵੀ ਸ਼ੁਰੂਆਤ ਇੰਜ ਕਰਦਾ ਹੈ ਕਿ ਉਸ ਦੇ ਦੋ ਬੱਚੇ ਵਿਦੇਸ਼ ਗਏ ਹੋਏ ਹਨ ਅਤੇ ਉਨ੍ਹਾਂ ਦੀ ਯਾਦ ਵਿੱਚ ਬਾਹਰ ਬੈਠਾ ਸੋਚ ਰਿਹਾ ਹੁੰਦਾ ਕਿ ਜਦ ਬਨੇਰੇ ਤੇ ਇੱਕ ਕਾਂ ਆ ਕੇ, ਕਾਂ ਕਾਂ ਕਰਨ ਲੱਗਦਾ ਹੈ। ਲੇਖਕ ਉਸ ਦੀ ਇਹ ਹਰਕਤ ਨੂੰ ਆਪਣੇ ਵਿਚਾਰਾਂ ਦੇ ਨਾਲ ਮੇਲ ਬਣਾਉਂਦਾ ਅਤੇ ਸੋਚਦਾ ਹੋਇਆ ਕਹਿੰਦਾ ਹੈ ਕਿ ਤੂੰ ਕਿਉਂ ਰੌਲਾ ਪਾ ਰਿਹਾ ਹੈਂ? ਚਲਿਆ ਜਾ। ਅਸਲ ਵਿੱਚ ਇਹ ਉਹਦੇ ਮਨ ਦੀ ਘਟਦੀ ਅਤੇ ਤਰਸਯੋਗ ਸਥਿਤੀ ਹੈ। ਕਾਂ ਸਿਰਫ਼ ਪੰਛੀ ਨਹੀਂ ਰਹਿੰਦਾ, ਉਹ ਵਾਅਦਿਆਂ ਅਤੇ ਵਿਡੰਬਨਾਵਾਂ ਦਾ ਰੂਪ ਧਾਰ ਲੈਂਦਾ ਹੈ।ਇਹ ਰਚਨਾ,ਸੱਚ ਦੀ ਪ੍ਰਕਿਰਤੀ ਅਤੇ ਮਨੁੱਖੀ ਸਮਝ ਦੀਆਂ ਸੀਮਾਵਾਂ ਨੂੰ ਦਰਸਾਉਂਦੀ ਹੋਈ ਸੁਝਾਅ ਦਿੰਦੀ ਹੈ ਕਿ ਸੱਚ ਦੀ ਅਸਲ ਪ੍ਰਕਿਰਤੀ ਨੂੰ ਸਿੱਧੇ ਰੂਪ ‘ਚ ਸਮਝਣਾ ਅਤਿ ਕਠਨ ਹੈ। ਕਾਂ ਦੀ ਉਦਾਹਰਨ ਦੁਆਰਾ ਦਰਸਾਇਆ ਗਿਆ ਹੈ :– ਝੂਠੇ ਕਉ ਨਾਹੀ ਪਤਿ ਨਾਉ॥ ਕਬਹੂ ਨ ਸੂਚਾ ਕਾਲਾ ਕਾਉ॥
ਓ ਮੇਰੇ ਪਿਆਰੇ ਪਿੰਡ: ਕੈਨੇਡਾ ਵਿੱਚ ਬਿਨਾਂ ਕਿਸੇ ਪਾਬੰਦੀ ਦੇ ਪੂਰੀ ਜ਼ਿੰਦਗੀ ਦਾ ਅਨੰਦ ਮਾਣ ਰਹੀ ਇੱਕ ਪੰਜਾਬੀ ਕੁੜੀ, ਪਿੰਡ ‘ਰਣਸੀਂਹ’ ਤੋਂ ਆ ਕੇ ਖੁੱਲ ਕੇ ਰੂੜ੍ਹੀਵਾਦੀ ਪੁਰਖ-ਪ੍ਰਧਾਨ ਵਾਤਾਵਰਨ ਤੋਂ ਵਧੇਰੇ ਖ਼ੁਦਮੁਖ਼ਤਿਆਰ, ਵਿਅਕਤੀਗਤ ਅਤੇ ਸੁਰੱਖਿਅਤ ਸਮਾਜ ਵਿੱਚ ਇੱਕ ਡੂੰਘੀ ਅਕਸਰ ਪਰਿਵਰਤਨਸ਼ੀਲ ਸਭਿਆਚਾਰਕ ਤਬਦੀਲੀ ਨੂੰ ਅਤੇ ਆਪਣੇ ਦੱਬੇ ਹੋਏ ਅਰਮਾਨਾਂ ਦਾ ਵਰਣਨ ਇਸ ਤਰ੍ਹਾਂ ਕਰਦੀ ਹੈ: -‘ਉਹ ਮੇਰੇ ਪਿਆਰੇ ਪਿੰਡ ‘ਰਣਸੀਂਹ’/ ਜਦੋਂ ਤੋਂ ਤੈਥੋਂ ਦੂਰ ਹੋਈ ਹਾਂ/ ਬੜੀ ਖ਼ੁਸ਼ ਹੋਈ ਹਾਂ/ ਪਿੰਡ ਤੋਂ ਕਨੇਡਾ ਆ ਕੇ ਬੜੀ ਤੰਦਰੁਸਤ ਹੋਈ ਹਾਂ।—ਇੱਥੇ, ਨਾ ਰੁੱਗ ਪੱਠਿਆਂ ਦੀ ਖ਼ਾਤਰ/ਨਾ ਹੀ ਮੁੱਠੀ ਦਾਣਿਆਂ ਦੀ ਖ਼ਾਤਰ/ ਕੋਈ ਮੇਰੀ ਸਲਵਾਰ ਦੇ ਨਾਲੇ ਵੱਲ ਤੱਕੇ/ ਜਦ ਮਰਜ਼ੀ ਘਰੇ ਆਵਾਂ ਤੇ ਘਰੋਂ ਬਾਹਰ ਜਾਵਾਂ / ਓ ਪਿਆਰੇ ਪਿੰਡ ! ਜਦੋਂ ਤੋਂ ਤੇਰੇ ਤੋਂ ਦੂਰ ਹੋਈ ਹਾਂ/ ਬੜੀ ਖ਼ੁਸ਼ ਹੋਈ ਆ ਤੰਦਰੁਸਤ ਹੋਈ ਹਾਂ।—-‘ਇੱਥੇ ਮੈਂ ਆਪਣੇ ਪਤੀ ਦਾ ਹੱਥ ਫੜ ਕੇ ਤੁਰਾਂ/ ਆਪਣੇ ਪਤੀ ਨੂੰ ‘ਕਿਸ’ਕਰਾਂ/ ਦੇਖ ਕੇ ਇੱਥੇ ਕੋਈ ਨਹੀਂ ਕਹਿੰਦਾ/ ਸਾਲੇ! ਚਾਲੂ ਜਿਹੇ/ ਸਾਲੇ ਬੇਗ਼ੈਰਤ ਜਿਹੇ/ ਸਾਲੇ ਬੇਸ਼ਰਮ ਜਿਹੇ/ ਓ ਪਿਆਰੇ ਪਿੰਡ! ਜਦੋਂ ਤੋਂ ਤੇਰੇ ਤੋਂ ਦੂਰ ਹੋਈ ਹਾਂ/ ਬੜੀ ਖ਼ੁਸ਼ ਹੋਈ ਹਾਂ, ਤੰਦਰੁਸਤ ਹੋਈ ਹਾਂ।’
ਇੱਕ ਪੰਜਾਬੀ ਕੁੜੀ ਰਾਹੀਂ ਦੋਵਾਂ ਦੇਸ਼ਾਂ ਦੇ ਵੱਖ-ਵੱਖ ਸਭਿਆਚਾਰਕ ਸੰਪਰਦਾਵਾਂ ਨੂੰ ਬਹੁਤ ਖੁੱਲ੍ਹ ਕੇ ਦਰਸਾਇਆ ਗਿਆ ਹੈ।
ਓ ਸੱਜਣਾ: ਇਸ ਉਪਦੇਸ਼ ਆਤਮਕ ਕਵਿਤਾ ਵਿੱਚ ਕਵੀ ਕਹਿੰਦਾ ਹੈ ਕਿ ਸੱਜਣਾ ਤੂੰ ਵਿਦੇਸ਼ ਆ ਗਿਆ ਹੈਂ ਅਤੇ ਇੱਥੋਂ ਦੇ ਹਾਲਾਤ ਵਿੱਚ ਢਲ ਜਾ।—‘ਤੇਰੀਆਂ ਲੋੜਾਂ ਬਦਲ ਗਈਆਂ ਹਨ/ ਤੇਰਾ ਰਹਿਣ ਸਹਿਣ ਦਾ/ ਤੌਰ ਤਰੀਕਾ ਬਦਲ ਗਿਆ ਹੈ/ ਖਾਣ ਪੀਣ ਬਦਲ ਗਿਆ ਹੈ/… ਤੇਰੀ ਭੁੱਖ ਵਧ ਗਈ ਹੈ / ਤੇ ਵੇਸਟ ਕਰਨ ਦੀ / ਆਦਤ ਵੀ ਵੱਧ ਗਈ ਹੈ/–ਸੰਭਾਲ ਆਪਣੇ ਆਪ ਨੂੰ/ ਕੁੱਝ ਨਵਾਂ ਸਿੱਖ ਤੇ ਦਿਮਾਗ਼ ਦੀ ਜੇਬ ਵਿੱਚ ਪਾ—/ ਉਹ ਸੱਜਣਾ!/ ॥ਵਕਤ ਵੀਚਾਰੇ ਸੁ ਬੰਦਾ ਹੋਇ ॥/– ਧੰਦੂਕਾਰ ਵਿੱਚੋਂ ਨਿਕਲ ਕੇ ਬਹਾਰ ਆ/ ਨਹੀਂ ਤਾਂ ਬਹੁਤ ਪਛਤਾਵੇਂਗਾ।’
4. ਸਮਾਜਿਕ-ਰਾਜਨੀਤਿਕ ਸੰਵੇਦਨਾ
ਕੁਝ ਨਜ਼ਮਾਂ ਵਿੱਚ ਸਮਾਜਿਕ ਅਤੇ ਰਾਜਨੀਤਿਕ ਵਿਡੰਬਨਾਵਾਂ ਦੀ ਸੰਕੇਤਮਾਤਰ ਆਲੋਚਨਾ ਹੈ। ਕਵੀ ਸਿੱਧੇ ਨਾਅਰੇ ਬਾਜ਼ੀ ਦੀ ਥਾਂ ਰੂਪਕ ਅਤੇ ਵਿਅੰਗ ਦੀ ਤਕਨੀਕ ਵਰਤਦਾ ਹੈ। ਇਹ ਅੰਦਾਜ਼ ਕਵਿਤਾ ਨੂੰ ਪ੍ਰਚਾਰਕ ਹੋਣ ਤੋਂ ਬਚਾਉਂਦਾ ਹੈ ਅਤੇ ਉਸ ਦੀ ਕਲਾਤਮਕ ਮਰਯਾਦਾ ਬਣਾਈ ਰੱਖਦਾ ਹੈ।
ਆਜ਼ਾਦੀ ਦਿਨ – ਆਜ਼ਾਦੀ ਦਿਵਸ ‘ਤੇ ਯੂਨੀਵਰਸਿਟੀ ਦੇ ਬਹੁਤੇ ਵਿਦਿਆਰਥੀਆਂ ਆਪਣੇ ਘਰਾਂ ਨੂੰ ਚਲੇ ਗਏ ਹਨ । ਲੇਖਕ ਕਿਸੇ ਕਾਰਨ ਜਾ ਨਹੀਂ ਸਕਿਆ। ਆਪਣੇ ਅਕੱਲੇਪਨ ਨੂੰ ਦੂਰ ਕਰਨ ਲਈ, ਉਹ ਮੁੱਖ ਮੰਤਰੀ ਦਾ ਭਾਸ਼ਣ ਸੁਣਨ ਲਈ ਤੁਰਦਾ ਹੈ। ਯੂਨੀਵਰਸਿਟੀ ਦੇ ਮੇਨ ਗੇਟ ਤੇ ਪਹੁੰਚਦਿਆਂ ਸੋਚਦਾ ਹੇ ਕਿ ਬੂਟ ਪਾਲਿਸ਼ ਹੀ ਕਰਵਾ ਲਏ ਜਾਣ। ਉਹ ਦੀ ਗੱਲਬਾਤ ਉੱਥੋਂ ਬੈਠੇ ਮੋਚੀ ਨਾਲ ਹੁੰਦੀ ਹੈ।—‘ਮੈਂ ਉਸ ਨੂੰ ਕਿਹਾ/ਅੱਜ ਤਾਂ ਆਜ਼ਾਦੀ ਦਾ ਦਿਨ ਹੈ/– ਤੂੰ ਵੀ ਛੁੱਟੀ ਕਰ ਲੈਂਦਾ/ਆਜ਼ਾਦੀ ਮਨਾ ਲੈਂਦਾ।’
ਉਹ ਚੁੱਪ ਸੀ। ਲੇਖਕ ਫਿਰ ਪੁੱਛਦਾ ਹੈ ਕਿ 78 ਸਾਲਾਂ ਵਿੱਚ ਕੁੱਝ ਬਦਲਿਆ ਨਹੀਂ?—‘ਜਹਾਂ ਪਰ ਪਹਿਲੇ ਜੋ ਲੋਕ ਪ੍ਰੋਫੈਸਰ ਥੇ/ਅਬ ਉਨ ਕੇ ਬੱਚੇ ਪ੍ਰੋਫੈਸਰ ਹੈਂ।’ —- ਜੋ ਕਿ ਸਾਡੀ ਰਾਜਨੀਤਿਕ ਪ੍ਰਣਾਲੀ ‘ਤੇ ਇੱਕ ਬਹੁਤ ਵੱਡਾ ਵਿਅੰਗ ਹੈ।
ਆਜ਼ਾਦੀ ਦਿਵਸ ਬਾਰੇ “ਗ਼ਰੀਬ ਆਦਮੀ” ਦਾ ਨਜ਼ਰੀਆ ਗੁੰਝਲਦਾਰ ਹੈ ਅਤੇ ਅਕਸਰ ਇਹ ਸਿਰਫ਼ ਰਾਜਨੀਤਿਕ ਆਜ਼ਾਦੀ ਦੀ ਬਜਾਏ, ਨਿਰਾਸ਼ਾ ਦੀ ਭਾਵਨਾ ਜਾਂ ਗ਼ਰੀਬੀ, ਅਸਮਾਨਤਾ ਅਤੇ ਪ੍ਰਣਾਲੀਗਤ ਮੁੱਦਿਆਂ ਤੋਂ ਸੱਚੀ ਆਜ਼ਾਦੀ ਲਈ ਸੰਘਰਸ਼ ‘ਤੇ ਕੇਂਦ੍ਰਿਤ ਦਿਖਾਇਆ ਗਿਆ ਹੈ।‘ਗ਼ਰੀਬਆਦਮੀ’ ਦਾ ਦ੍ਰਿਸ਼ਟੀਕੋਣ ਅਕਸਰ ਆਜ਼ਾਦੀ ਦੇ ਰਾਸ਼ਟਰੀ ਆਦਰਸ਼ ਅਤੇ ਨਿਰੰਤਰ ਅਸਮਾਨਤਾ ਦੀ ਜਿਉਂਦੀ ਹਕੀਕਤ ਵਿਚਕਾਰ ਪਾੜੇ ਦੀ ਇੱਕ ਸ਼ਕਤੀਸ਼ਾਲੀ ਅਤੇ ਗੰਭੀਰ ਮਾਨਤਾ ਨੂੰ ਉਜਾਗਰ ਕਰਦਾ ਹੈ।
ਲੇਖਕ ਦਾ ਅੰਤ ਵਿੱਚ ਇਹ ਕਹਿਣਾ ਕਿ ਉਹਨੇ ਵੀ ਗਾਂਧੀ ਗਰਾੳੇਂਡ ਜਾਣ ਦਾ ਪ੍ਰੋਗਰਾਮ ਛੱਡ ਦਿੰਦਾ ਹੈ। ਇਹ ਕਵੀ ਦੇ ਦਿਲ ਅਤੇ ਆਤਮਾ ਨੂੰ ਛੂਹ ਲੈਂਦਾ ਹੈ।
ਰਾਜ ਕਰੇਗਾ ਖ਼ਾਲਸਾ — ਰਚਨਾ ਇਹ ਗੱਲ ਉਜਾਗਰ ਕਰਦੀ ਹੈ ਕਿ ਸਕੂਲਾਂ ਵਿੱਚ ਸਹੀ ਸਿੱਖਿਆ ਦੀ ਘਾਟ ਇੱਕ ਮਹੱਤਵਪੂਰਨ ਮੁੱਦਾ ਬਣਿਆ ਹੋਇਆ ਹੈ, ਜੋ ਵਿਦਿਆਰਥੀਆਂ ਵਿੱਚ ਪਰੇਸ਼ਾਨੀ ਅਤੇ ਨਕਾਰਾਤਮਿਕ ਰੂੜ੍ਹੀਵਾਦੀ ਧਾਰਨਾਵਾਂ ਦੇ ਫੈਲਾਅ ਵਿੱਚ ਯੋਗਦਾਨ ਪਾਉਂਦਾ ਹੈ। /….. ਅੱਜ ਟੀਵੀ ਤੇ ਮਸਜਿਦ ਢਾਹ ਕੇ ਅਰਬਾਂ ਰੁਪਈਆਂ ਨਾਲ/ ਨਵੇਂ ਬਣੇ ਮੰਦਰ ਦਾ ਉਦਘਾਟਨ ਹੁੰਦਾ ਦੇਖਿਆ ਤਾਂ/ ਬੈਠੇ ਬੈਠੇ ਨੂੰ ਖ਼ਿਆਲ ਆਇਆ ਕਿ/ ਸਕੂਲ ਵਿੱਚ ਚੰਗੇ ਅਧਿਆਪਕ ਤੇ /ਦੇਸ਼ ਵਿੱਚ ਚੰਗੇ ਨੇਤਾ ਦਾ ਹੋਣਾ ਸਭ ਤੋਂ ਜ਼ਰੂਰੀ ਹੈ।’ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਿੱਖਿਆ ਲਈ ਚੰਗੇ ਇਤਿਹਾਸਕ ਤੱਥਾਂ ਦੇ ਆਧਾਰਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ।
5.ਧਾਰਮਿਕ ਰੰਙਣ:-ਅੰਦਰੂਨੀ ਸੰਵਾਦ ਅਤੇ ਮਨੁੱਖਤਾ
ਸੰਗ੍ਰਹਿ ਦੇ ਅੰਤ ਵਿੱਚ ਧਾਰਮਿਕ ਰੰਗਤ ਵਾਲੀਆਂ ਨਜ਼ਮਾਂ – ਗੁਰੂ ਤੇਗ਼ ਬਹਾਦਰ ਜੀ ਅਤੇ ਬਾਬਾ ਨਾਨਕ ਤੇ ਮਰਦਾਨਾ ਇਸ ਪੁਸਤਕ ਨੂੰ ਇੱਕ ਅਧਿਆਤਮਿਕ ਉਚਾਈ ਦਿੰਦੀਆਂ ਹਨ। ਇਹ ਨਜ਼ਮਾਂ ਕਰਮਕਾਂਡ ਦੀ ਪੁਸ਼ਟੀ ਨਹੀਂ ਕਰਦੀਆਂ; ਇਹ ਰੱਬ ਨਾਲ ਇੱਕ ਨਿੱਜੀ ਸੰਵਾਦ ਹਨ, ਜਿੱਥੇ ਇਹ ਤਿੰਨ ਪ੍ਰਮੁੱਖ ਪਹਿਲੂ ਉੱਭਰਦੇ ਹਨ: 1-ਸਵਾਲ ਕਰਨ ਦੀ ਹਿੰਮਤ – ਮਨੁੱਖ ਰੱਬ ਨਾਲ ਗੱਲ ਕਰਦਾ ਹੈ, ਉਸ ਤੋਂ ਪੁੱਛਦਾ ਹੈ, 2- ਵਿਨਮ੍ਰਤਾ (Humility) ਅਤੇ ਆਤਮ-ਚਿੰਤਨ – ਆਪਣੇ ਅੰਦਰ ਦੀ ਕਮੀ ਨੂੰ ਮੰਨਣਾ ਅਤੇ 3- ਸਾਰਵਭੌਮ ਮਨੁੱਖਤਾ (Universal humanity)– ਧਰਮ ਦੀ ਸੰਕੁਚਿਤ ਹੱਦਾਂ(Narrow boundaries) ਤੋਂ ਉੱਪਰ ਉੱਠ ਕੇ ਮਨੁੱਖਤਾ ਨੂੰ ਕੇਂਦਰ ਬਣਾਉਣਾ। ਇਹ ਨਜ਼ਮਾਂ ਸੰਗ੍ਰਹਿ ਦੇ ਪਹਿਲਾਂ ਦੇ ਸੰਘਰਸ਼ਮਈ ਸੁਰ ਨੂੰ ਇੱਕ ਅੰਦਰੂਨੀ ਠਹਿਰਾਅ ਅਤੇ ਅਧਿਆਤਮਿਕ ਸੰਤੁਲਨ ਪ੍ਰਦਾਨ ਕਰਦੀਆਂ ਹਨ।
‘ਬਾਬਾ ਨਾਨਕ ਅਤੇ ਮਰਦਾਨਾ’ ਦੇ ਵਿੱਚ ਇੱਕ ਸੰਵਾਦ ਰਚਾ ਕੇ ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਜੋ ਉਨ੍ਹਾਂ ਦਾ ਆਸ਼ਾ ਸੀ ਉਹ ਇਹ ਲੋਕ ਪੂਰਾ ਨਹੀਂ ਕਰਦੇ ਇਹ ਦੂਜੇ ਪਾਸੇ ਹੀ ਤੁਰੇ ਜਾਂਦੇ ਹਨ। ਇਹ ਅਮੀਰਾਂ ਅਤੇ ਗ਼ਰੀਬਾਂ ਲਈ ਸਮਾਜਵਾਦ ਦਾ ਸਿਰਫ਼ ਇੱਕ ਨਾਅਰਾ ਹੈ, ਜਿੱਥੇ ਪੂੰਜੀਵਾਦੀ ਸਰਕਾਰਾਂ ਅਕਸਰ ਵੱਡੀਆਂ ਕਾਰਪੋਰੇਸ਼ਨਾਂ (ਮੁਨਾਫ਼ਿਆਂ ਦਾ ਨਿੱਜੀਕਰਨ) ਨੂੰ ਜ਼ਮਾਨਤ ਦਿੰਦੀਆਂ ਹਨ ਜਦੋਂ ਕਿ ਗ਼ਰੀਬਾਂ ‘ਤੇ ਤਪੱਸਿਆ (ਸਮਾਜੀਕਰਨ ਜੋਖ਼ਮ) ਥੱਪਦੀਆਂ ਹਨ, ਇਸ ਚੱਲ ਰਹੇ ਤਣਾਅ ਨੂੰ ਉਜਾਗਰ ਕਰਦੀਆਂ ਹਨ।’ ਜੋ ਕਦੇ ਵੀ ਸਥਿਤੀ ਵਿੱਚ ਖ਼ਤਮ ਨਹੀਂ ਹੋਵੇਗਾ।
-ਗੁਰੂ ਤੇਗ਼ ਬਹਾਦਰ ਜੀ — ਕਵੀ ਵਿਚਾਰਦਾ ਹੈ ਕਿ ਗੁਰੂ ਜੀ ਸ਼ਹੀਦ ਕਿਉਂ ਹੋਏ? ਕੀ ਉਹ ਕੇਵਲ ਕਸ਼ਮੀਰੀ ਪੰਡਿਤਾਂ ਲਈ ਸ਼ਹੀਦ ਹੋਏ? ਇਸ ਦਾ ਉਸ ਨੂੰ ਕੋਈ ਸਹੀ ਉੱਤਰ ਨਹੀਂ ਮਿਲਦਾ। ਉਹ ਵੀ ਲੋਕਾਂ ਵਾਂਗ ਜਿਵੇਂ ਦੱਸਿਆ ਹੈ, ਉਸੇ ਦੇ ਉੱਤੇ ਹੀ ਨਿਰਭਰ ਹੈ। ਅੰਤ ਵਿੱਚ ਉਹ ਕਹਿੰਦਾ ਹੈ ਕਿ ਫਿਰ—‘ਮੈਂ ਵੀ ਆਮ ਲੋਕਾਂ ਵਾਂਗ/ ਸਿਰ ਤੇ ਸਵਾਲਾਂ ਦੀ ਪੰਡ ਚੁੱਕੀ/ ਨੀਵੀਂ ਪਾ ਕੇ ਭੇਡ ਵਾਂਗ/ ਇੱਜੜ ਵਿੱਚਤੁਰਿਆ ਫਿਰਦਾ ਹਾਂ।’
6- ਹੋਰ ਵਿਭਿੰਨ ਵਿਸ਼ੇ – ਇਹ ਸੋਚਦੇ ਹੋਏ ਕਿ ਲੇਖ ਲੰਮਾ ਨਾ ਜਾਏ, ਕਈ ਕਵਿਤਾਵਾਂ ਅਜਿਹੀਆਂ ਹਨ ਜੋ ਪ੍ਰਭਾਵਸ਼ਾਲੀ ਵੀ ਹਨ ਅਤੇ ਵੱਖ-ਵੱਖ ਆਮ ਵਿਸ਼ਿਆਂ ਨੂੰ ਛੂੰਹਦੀਆਂ ਹਨ। ਮੈਂ ਉਨ੍ਹਾਂ ਵਿੱਚੋਂ ਕੁਝ ਦੇ ਨਾਮ ਹੀ ਦਿੰਦਾ ਹਾਂ।-ਬਹੁਤ ਅਕਲੇ ਪੰਜਾਬੀ, ਪਾਗਲਾਂ ਦਾ ਹਸਪਤਾਲ, ਪੁੰਗਰੀਆਂ ਤੰਦਾਂ, ਮਾਂ ਬੋਲੀ ਦਿਵਸ ਮੁਬਾਰਕ, ਕਨੈਡੀਅਨ ਮੱਛੀਆਂ, -ਇਨਸਾਨ ਬਣਨ ਲਈ ਆਦਿ ਆਦਿ।
“ਚੂੰਢੀ” ਇੱਕ ਅਜਿਹੀ ਕਾਵਿ-ਪੁਸਤਕ ਹੈ, ਜੋ ਭਾਸ਼ਾਈ ਪੱਖੋਂ ਲੋਕ-ਬੋਲੀ ਦੀ ਮਿਠਾਸ ‘ਤੇ ਆਧੁਨਿਕ ਵਿਚਾਰਾਂ ਦੇ ਸੁੰਦਰ ਮਿਸ਼ਰਨ ਨੂੰ ਜੋੜਦੀ ਹੈ ਅਤੇ ਇਸ ਤਰ੍ਹਾਂ ਇਸ ਨੂੰ ਸੱਚਮੁੱਚ ਵਿਲੱਖਣ ਬਣਾਉਂਦੀ ਹੈ। ਇਸ ਨੂੰ ਨਾਰੀ-ਚੇਤਨਾ ਦੇ ਸੰਦਰਭ ਵਿੱਚ ਵੀ ਪੜ੍ਹਿਆ ਜਾ ਸਕਦਾ ਹੈ, ਪ੍ਰਵਾਸੀ ਅਸਤਿਤਵ ਦੀ ਪੜਚੋਲ ਵਜੋਂ ਵੀ ਅਤੇ ਅਧਿਆਤਮਿਕ ਸੰਵਾਦ ਦੇ ਰੂਪ ਵਿੱਚ ਵੀ। ਇਹ ਪੁਸਤਕ ਸਾਬਤ ਕਰਦੀ ਹੈ ਕਿ ਕਵਿਤਾ ਸਿਰਫ਼ ਅਨੁਭਵ ਦੀ ਲਿਖਤ ਨਹੀਂ; ਇਹ ਮਨੁੱਖੀ ਅਸਤਿਤਵ ਦੀ ਖੋਜ ਹੈ—ਦਰਦ ਦੀਵੀ, ਪ੍ਰੇਮ ਦੀ ਵੀ ਅਤੇ ਰੱਬ ਨਾਲ ਅੰਦਰੂਨੀ ਗੱਲਬਾਤ ਦੀ ਵੀ। ਇਸ ਅਰਥ ਵਿੱਚ “ਚੂੰਢੀ” ਸਮਕਾਲੀ ਪੰਜਾਬੀ ਕਵਿਤਾ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਦੀ ਪੂਰੀ ਸਮਰੱਥਾ ਰੱਖਦੀ ਹੈ,ਜੋ ਮੇਰਾ ਵਿਸ਼ਵਾਸ ਹੈ।

