ਪੰਜਾਬੀ ਅਨੁਵਾਦ :
ਡਾ. ਅਮਰਜੀਤ ਕੌਂਕੇ (98142 31698)
*************************
ਇਸ ਕੇਸ ਨੇ ਮੈਨੂੰ ਹੈਰਾਨ ਕਰ ਦਿੱਤਾ, ਜਦੋਂ ਮਿਸੇਜ਼ ਰੌਬਰਟ ਨੇ ਬੋਲਣਾ ਸ਼ੁਰੂ ਕੀਤਾ –
‘ਸਰ ਕਾਸਮਿਕ ਇੱਕ ਦਿਨ ਦਾ ਸੀ; ਜਦੋਂ ਮੇਰੀ ਗੋਦ ਵਿੱਚ ਆਇਆ ਸੀ। ਮੈਂ ਕਾਸਮਿਕ ਨੂੰ ਪਾਲਿਆ ਹੈ। ਉਮਰ ਦੇ ਇਸ ਦੌਰ ਵਿੱਚ ਮੈਂ ਉਸ ਨੂੰ ਆਪਣੇ ਕੋਲ ਰੱਖਣਾ ਚਾਹੁੰਦੀ ਹਾਂ। ਮੇਰਾ ਬੇਟਾ ਗ੍ਰੇਗ ਇਸ ਦੇ ਲਈ ਮੰਨ ਨਹੀਂ ਰਿਹਾ।’
‘ਇਹ ਸੱਚ ਹੈ ਕਿ ਮੈਂ ਇੱਕ ਦਿਨ ਦੇ ਕਾਸਮਿਕ ਨੂੰ ਮੌਮ ਦੀ ਗੋਦ ਵਿੱਚ ਪਾਇਆ ਸੀ। ਕਾਸਮਿਕ ਇੱਕ ਦਿਨ ਦਾ ਸੀ, ਜਦੋਂ ਇਸ ਦੀ ਮਾਂ ਦੀ ਮੌਤ ਹੋ ਗਈ। ਉਸ ਸਮੇਂ ਕਾਸਮਿਕ ਨੂੰ ਮਾਂ ਦੇ ਪਿਆਰ ਅਤੇ ਦੇਖਭਾਲ ਦੀ ਲੋੜ ਸੀ। ਇਸ ਦਾ ਮਤਲਬ ਇਹ ਤਾਂ ਨਹੀਂ ਹੋਇਆ ਕਿ ਕਾਸਮਿਕ ਮੌਮ ਦਾ ਹੋ ਗਿਆ। ਸਰ ਕਾਸਮਿਕ ਮੇਰਾ ਹੈ, ਮੇਰਾ ਹੀ ਰਹੇਗਾ। ਮੌਮ ਦਾ ਇਸ ‘ਤੇ ਕੋਈ ਅਧਿਕਾਰ ਨਹੀਂ।’ ਗ੍ਰੇਗ ਨੇ ਸਿਰ ਝਟਕਦੇ ਹੋਏ ਬੜੇ ਗੁੱਸੇ ਨਾਲ ਕਿਹਾ।
ਮਿਸੇਜ਼ ਰੌਬਰਟ ਨੇ ਗ੍ਰੇਗ ਵੱਲ ਦੇਖਿਆ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਪਾਣੀ ਦੀ ਲਕੀਰ ਖਿੱਚੀ ਗਈ। ਮਿਸੇਜ਼ ਰੌਬਰਟ ਦਾ ਚਿਹਰਾ ਬੇਹੱਦ ਉਦਾਸ ਹੋ ਗਿਆ। ਇਸ ਕੇਸ ਦੀਆਂ ਜਿਉਂ-ਜਿਉਂ ਪਰਤਾਂ ਖੁੱਲ੍ਹਦੀਆਂ ਗਈਆਂ, ਮੈਂ ਹੈਰਾਨ ਹੁੰਦਾ ਗਿਆ। ਕਈ ਵਾਰ ਸੋਚਦਾ ਹਾਂ ਕਿ ਕੁਦਰਤ ਨੇ ਮੈਨੂੰ ਕੀ-ਕੀ ਦਿਖਾਉਣਾ ਹੈ ਅਤੇ ਕਿਨ੍ਹਾਂ-ਕਿਨ੍ਹਾਂ ਅਨੁਭਵਾਂ ਵਿੱਚੋਂ ਗੁਜ਼ਾਰਨਾ ਹੈ, ਜੋ ਮੈਂ ਇਸ ਪੇਸ਼ੇ ਵਿੱਚ ਆਇਆ। ਹਾਲਾਂਕਿ ਇਹ ਪੇਸ਼ਾ ਮੈਂ ਚੁਣਿਆ ਹੈ, ਕਿਸੇ ਨੇ ਮੇਰੇ ‘ਤੇ ਥੋਪਿਆ ਨਹੀਂ। ਸੱਚਾਈ ਤਾਂ ਇਹ ਹੈ ਕਿ ਇਸੇ ਪੇਸ਼ੇ ਨੂੰ ਅਪਨਾਉਣ ਲਈ ਮੈਂ ਬਹੁਤ ਕੁਝ ਪਿੱਛੇ ਛੱਡ ਆਇਆ। ਖੁੱਲ੍ਹੀਆਂ ਅੱਖਾਂ ਨੇ ਇੱਕ ਸੁਪਨਾ ਦੇਖ ਲਿਆ ਸੀ ਅਤੇ ਉਸ ਸੁਪਨੇ ਨੇ ਆਪਣੇ ਖੰਭ ਫੈਲਾ ਲਏ, ਬਸ ਉਸ ਸੁਪਨੇ ਦੇ ਨਾਲ ਮੈਂ ਵੀ ਉੱਡ ਜਾਣਾ ਚਾਹੁੰਦਾ ਸੀ। ਮੈਂ ਉੱਡ ਹੀ ਆਇਆ… ਦੂਰ-ਦਰਾਜ਼। ਇੰਨੀ ਦੂਰ ਨਿਕਲ ਆਇਆ ਕਿ ਆਪਣੇ, ਬਹੁਤ ਆਪਣੇ ਵੀ ਪਿੱਛੇ ਛੁੱਟ ਗਏ। ਕਈ ਵਾਰ ਪਿੱਛੇ ਛੁੱਟ ਗਏ ਆਪਣਿਆਂ ਦੇ ਪ੍ਰਤੀ ਮਨ ਤੜਫਦਾ ਹੈ ਤਾਂ ਆਪਣੇ ਆਪ ਵਿੱਚ ਉਲਝ ਕੇ ਰਹਿ ਜਾਂਦਾ ਹਾਂ। ਦਿਲ ਅਤੇ ਦਿਮਾਗ ਵਿੱਚ ਅਜਿਹਾ ਦਵੰਦ ਛਿੜਦਾ ਹੈ ਕਿ ਉਸ ਨੂੰ ਸ਼ਾਂਤ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਕਸਰ ਇਹ ਦਵੰਦ ਮੇਰੇ ਕੰਮ ‘ਤੇ ਵੀ ਹਾਵੀ ਹੋ ਜਾਂਦਾ ਹੈ। ਕੇਸ ਦੇ ਸ਼ੁਰੂ ਵਿੱਚ ਹੀ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਕੁਝ ਟੁੱਟੇਗਾ ਜਾਂ ਛੁੱਟੇਗਾ। ਬਸ ਬੇਚੈਨ ਹੋ ਜਾਂਦਾ ਹਾਂ। ਇਸ ਕੇਸ ਵਿੱਚ ਵੀ ਕੁਝ ਟੁੱਟੇਗਾ, ਮਹਿਸੂਸ ਕਰਕੇ ਵਿਆਕੁਲ ਹੋ ਗਿਆ ਹਾਂ।
ਮਿਸੇਜ਼ ਰੌਬਰਟ ਅਤੇ ਗ੍ਰੇਗ ਆਪਣਾ-ਆਪਣਾ ਪੱਖ ਦੱਸ ਰਹੇ ਹਨ…
‘ਸਰਦੀਆਂ ਦੇ ਦਿਨ ਸਨ, ਮੈਂ ਭੁੱਲ ਨਹੀਂ ਸਕਦੀ 10 ਦਸੰਬਰ ਦਾ ਉਹ ਦਿਨ, ਜਦੋਂ ਕਾਸਮਿਕ ਨੂੰ ਗ੍ਰੇਗ ਨੇ ਮੇਰੀ ਗੋਦ ਵਿੱਚ ਪਾਇਆ ਸੀ। ਉਹ ਠੰਢ ਨਾਲ ਕੰਬ ਰਿਹਾ ਸੀ। ਮੈਂ ਉਸ ਨੂੰ ਕੰਬਲ ਵਿੱਚ ਲਪੇਟਿਆ ਸੀ। ਉਹ ਭੁੱਖਾ ਸੀ। ਸਟੋਰ ਤੋਂ ਜਾ ਕੇ ਮੈਂ ਉਸ ਦੇ ਲਈ ਦੁੱਧ ਦੀ ਬੋਤਲ ਅਤੇ ਪੌਟੀ ਟ੍ਰੇਨਿੰਗ ਲਈ ਸਾਮਾਨ ਲੈ ਕੇ ਆਈ ਸੀ।’
‘ਮੌਮ, ਤੁਸੀਂ ਹੀ ਉਹ ਸਭ ਲਿਆ ਸਕਦੇ ਸੀ, ਮੈਨੂੰ ਉਦੋਂ ਇਸ ਸਭ ਦੀ ਨੌਲੇਜ ਨਹੀਂ ਸੀ।’
‘ਮੈਂ ਗੋਦ ਵਿੱਚ ਲੈ ਕੇ ਉਸ ਨੂੰ ਦੁੱਧ ਪਿਲਾਉਂਦੀ। ਮੈਂ ਉਸ ਦੀਆਂ ਪੌਟੀਆਂ ਸਾਫ਼ ਕੀਤੀਆਂ। ਰਾਤ ਨੂੰ ਨਾਲ ਸੁਆਇਆ। ਉਹ ਅੱਧੀ ਰਾਤ ਨੂੰ ਮੇਰੀ ਛਾਤੀ ਨਾਲ ਲੱਗ ਜਾਂਦਾ ਸੀ। ਮਾਂ ਨੂੰ ਮਿਸ ਕਰ ਰਿਹਾ ਸੀ। ਮੈਂ ਦੋ-ਦੋ ਨੌਕਰੀਆਂ ਕਰਕੇ ਗ੍ਰੇਗ ਦਾ ਵੀ ਧਿਆਨ ਰੱਖਿਆ ਤਾਂ ਜੋ ਇਹ ਆਪਣੀ ਮੰਜ਼ਿਲ ‘ਤੇ ਪਹੁੰਚ ਜਾਵੇ ਅਤੇ ਕਾਸਮਿਕ ਨੂੰ ਵੀ ਪਾਲਿਆ।’ ਮਿਸੇਜ਼ ਰੌਬਰਟ ਅਤੀਤ ਵਿੱਚ ਡੁੱਬੀ ਆਪਣੀ ਹੀ ਧੁਨ ਵਿੱਚ ਬੋਲ ਰਹੀ ਹਨ।
ਗ੍ਰੇਗ ਸ਼ਾਂਤ ਹੋ ਗਿਆ ਲੱਗਦਾ ਹੈ, ਚੁੱਪਚਾਪ ਸਿਰ ਝੁਕਾਈ ਬੈਠਾ ਸੁਣ ਰਿਹਾ ਹੈ।
ਇਹ ਸਭ ਇੱਕ ਕਾਨਫਰੰਸ ਰੂਮ ਵਿੱਚ ਹੋ ਰਿਹਾ ਹੈ। ਜਿਸ ਦੇ ਵਿਚਕਾਰ ਇੱਕ ਵੱਡੀ ਅੰਡਾਕਾਰ ਟੇਬਲ ਪਈ ਹੈ ਅਤੇ ਉਸ ਟੇਬਲ ਦੇ ਆਲੇ-ਦੁਆਲੇ ਕੁਝ ਕੁਰਸੀਆਂ ਪਈਆਂ ਹਨ। ਮੈਂ ਉਸੇ ਟੇਬਲ ਦੇ ਇੱਕ ਪਾਸੇ ਬੈਠਾ ਹਾਂ ਅਤੇ ਸਾਹਮਣੇ ਪਈਆਂ ਦੋ ਕੁਰਸੀਆਂ ‘ਤੇ ਮਿਸੇਜ਼ ਰੌਬਰਟ ਅਤੇ ਗ੍ਰੇਗ ਬੈਠੇ ਹਨ। ਕਮਰੇ ਦੇ ਇੱਕ ਕੋਨੇ ਵਿੱਚ ਕੌਫੀ, ਚਾਹ, ਪਾਣੀ, ਠੰਢਾ ਅਤੇ ਗਰਮ ਨਾਸ਼ਤਾ ਪਿਆ ਹੈ। ਕਈ ਤਰ੍ਹਾਂ ਦੇ ਠੰਢੇ ਪੀਣ ਵਾਲੇ ਪਦਾਰਥ ਵੀ ਹਨ।
ਮੈਂ ਉਸ ਟੇਬਲ ਵੱਲ ਇਸ਼ਾਰਾ ਕਰਕੇ ਕਹਾ—‘ਕੁਝ ਲਵੋਗੇ।’
ਦੋਵਾਂ ਨੇ ਸਿਰ ਹਿਲਾ ਕੇ ਮਨ੍ਹਾ ਕਰ ਦਿੱਤਾ।
‘ਗ੍ਰੇਗ ਤੁਸੀਂ ਕਿੱਥੋਂ ਤੱਕ ਪੜ੍ਹਾਈ ਕੀਤੀ ਹੈ?’ ਮੈਂ ਪੁੱਛਿਆ।
‘ਸਰ ਮੈਂ ਨੌਰਥ ਕੈਰੋਲਾਈਨਾ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਮਾਸਟਰਜ਼ ਕੀਤਾ ਹੈ।’
‘ਕਿੱਥੇ ਜੌਬ ਕਰਦੇ ਹੋ?’ ਮੈਂ ਕੇਸ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੁੰਦਾ ਹਾਂ, ਇਸ ਲਈ ਪੁੱਛਿਆ।
‘ਸ਼ਾਰਲੈੱਟ ਵਿੱਚ ਇਨਵੈਸਟਮੈਂਟ ਕੰਪਨੀ ਜੇ.ਪੀ. ਮੌਰਗਨ ਦੇ ਕੰਪਿਊਟਰ ਡਿਪਾਰਟਮੈਂਟ ਦਾ ਹੈੱਡ ਹਾਂ।’
ਇਸ ਦਾ ਮਤਲਬ ਜ਼ਿੰਮੇਵਾਰ ਅਹੁਦੇ ‘ਤੇ ਹੈ। ਦਿਖਣ ਵਿੱਚ ਲਾਪਰਵਾਹ ਲੱਗਦਾ ਹੈ। ਮੈਂ ਮਨ ਹੀ ਮਨ ਸੋਚਿਆ।
ਅਰੇ ਮੈਂ ਆਪਣੀ ਗੱਲ ਸ਼ੁਰੂ ਕਰ ਦਿੱਤੀ ਅਤੇ ਤੁਹਾਨੂੰ ਦੱਸਿਆ ਹੀ ਨਹੀਂ ਕਿ ਮੇਰਾ ਨਾਮ ਸੁਧੀਰ ਪਟਨੀ ਹੈ ਅਤੇ ਮੈਂ ਫੈਮਿਲੀ ਕੋਰਟਸ ਦਾ ਡਿਸਟ੍ਰਿਕਟ ਐਡਵਾਈਜ਼ਰ ਅਟਾਰਨੀ ਹਾਂ। ਕੋਰਟ ਵਿੱਚ ਕੇਸ ਭੇਜਣ ਤੋਂ ਪਹਿਲਾਂ ਮੈਂ ਦੋਵਾਂ ਪੱਖਾਂ ਨੂੰ ਬਿਠਾ ਕੇ ਕੇਸ ਨੂੰ ਸੁਲਝਾਉਣ ਯਾਨੀ ਦੋਵਾਂ ਪੱਖਾਂ ਦਾ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਦਾ ਹਾਂ, ਜੇਕਰ ਦੋਵੇਂ ਪੱਖ ਆਮੋ-ਸਾਹਮਣੇ ਬੈਠਣ ਨੂੰ ਮੰਨ ਜਾਣ। ਤਦ ਹੀ ਸਮਝੌਤਾ ਸੰਭਵ ਹੁੰਦਾ ਹੈ। ਕਦੇ-ਕਦੇ ਬਿਨੈਕਾਰ ਦੇ ਮਨ ਵਿੱਚ ਦੂਜੇ ਪੱਖ ਦੇ ਪ੍ਰਤੀ ਬਹੁਤ ਰੋਸ, ਆਕਰੋਸ਼ ਅਤੇ ਗੁੱਸਾ ਹੁੰਦਾ ਹੈ। ਉਹ ਦੂਜੀ ਪਾਰਟੀ ਨਾਲ ਆਮੋ-ਸਾਹਮਣੇ ਬੈਠਣ ਲਈ ਤਿਆਰ ਹੀ ਨਹੀਂ ਹੁੰਦਾ ਤਾਂ ਦੋਵਾਂ ਪੱਖਾਂ ਨੂੰ ਵੱਖ-ਵੱਖ ਕਮਰਿਆਂ ਵਿੱਚ ਬਿਠਾ ਕੇ ਵੀ ਗੱਲ ਕੀਤੀ ਜਾਂਦੀ ਹੈ। ਇਸ ਕੇਸ ਵਿੱਚ ਦੋਵੇਂ ਪੱਖ ਆਹਮੋ-ਸਾਹਮਣੇ ਬੈਠਣ ਨੂੰ ਮੰਨ ਗਏ ਹਨ ਅਤੇ ਆਪਣਾ-ਆਪਣਾ ਪੱਖ ਦੱਸ ਰਹੇ ਹਨ। ਮੇਰਾ ਕੰਮ ਹੈ ਉਨ੍ਹਾਂ ਦੇ ਪੱਖ ਸੁਣਨਾ ਅਤੇ ਅੰਤ ਵਿੱਚ ਫ਼ੈਸਲਾ ਲੈਣਾ।
ਪੂਰਬ ਦੀਆਂ ਹਵਾਵਾਂ ਨੇ ਰੰਗ-ਭੇਦ ਦੇ ਅਜਿਹੇ ਪੱਤੇ ਉਡਾਏ, ਮੈਂ ਜੱਜ ਬਣਦੇ-ਬਣਦੇ ਰਹਿ ਗਿਆ। ਪੱਛਮ ਤੋਂ ਆਈ ਰੋਸ਼ਨੀ ਨੇ ਅੱਖਾਂ ਵਿੱਚ ਇੱਕ ਸੁਪਨਾ ਚਮਕਾ ਦਿੱਤਾ, ਜਿਸ ਨੂੰ ਪੂਰਾ ਕਰਦੇ ਹੋਏ ਅਜਿਹੀ ਹਕੀਕਤ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਅੰਦਰ ਤੱਕ ਹਿਲਾ ਦਿੱਤਾ। ਪੱਛਮ ਦੀ ਰੋਸ਼ਨੀ ਰੰਗ-ਭੇਦ ਅਤੇ ਨਸਲ-ਭੇਦ ਦੇ ਹਨ੍ਹੇਰੇ ਨੂੰ ਅਜੇ ਤੱਕ ਮਿਟਾ ਨਹੀਂ ਪਾਈ ਹੈ… ਇਹ ਹਕੀਕਤ ਜਦੋਂ ਸਮਝ ਵਿੱਚ ਆਈ ਤਾਂ ਬਹੁਤ ਦੇਰ ਹੋ ਚੁੱਕੀ ਸੀ।
ਮੈਂ ਅਜਿਹਾ ਸੁਪਨਾ ਦੇਖ ਲਿਆ ਸੀ, ਜਿਸ ਨੂੰ ਪੂਰਾ ਕਰਨਾ ਬੇਹੱਦ ਔਖਾ ਸੀ। ਸੱਚਾਈ ਨੂੰ ਸਵੀਕਾਰ ਕੀਤਾ ਤਾਂ ਰਸਤਾ ਆਸਾਨ ਹੋ ਗਿਆ ਅਖੀਰ ਜੱਜ ਦੀ ਬਜਾਏ ਮੈਂ ਫੈਮਿਲੀ ਕੋਰਟਸ ਦਾ ਡਿਸਟ੍ਰਿਕਟ ਐਡਵਾਈਜ਼ਰ ਅਟਾਰਨੀ ਬਣ ਗਿਆ।
ਮੈਂ ਦੇਖ ਰਿਹਾ ਹਾਂ ਤੁਸੀਂ ਮੇਰੀ ਗੱਲ ਸੁਣਦੇ ਹੋਏ ਕੁਝ ਸੋਚਣ ਲੱਗੇ ਹੋ! ਅੱਛਾ ਤੁਸੀਂ ਕਾਸਮਿਕ ਦੇ ਬਾਰੇ ਸੋਚ ਰਹੇ ਹੋ…
ਮੈਨੂੰ ਵੀ ਪਤਾ ਨਹੀਂ ਕਾਸਮਿਕ ਦਾ ਮਾਜਰਾ ਕੀ ਹੈ? ਤੁਹਾਡੇ ਨਾਲ-ਨਾਲ ਮੈਂ ਵੀ ਜਾਣ ਸਕਾਂਗਾ। ਮੈਂ ਸਿਰਫ਼ ਇੰਨਾ ਜਾਣਦਾ ਹਾਂ ਕਿ ਮਿਸੇਜ਼ ਰੌਬਰਟ ਆਪਣੇ ਬੇਟੇ ਗ੍ਰੇਗ ਤੋਂ ਕਾਸਮਿਕ ਦੀ ਕਸਟਡੀ ਚਾਹੁੰਦੀ ਹੈ ਜੋ ਉਨ੍ਹਾਂ ਦਾ ਬੇਟਾ ਉਨ੍ਹਾਂ ਨੂੰ ਦੇਣਾ ਨਹੀਂ ਚਾਹੁੰਦਾ।
ਸਮੇਂ ਦੀ ਪਾਬੰਦੀ ਹੈ… ਚੱਲੋ ਕੇਸ ਨੂੰ ਸੁਣਦੇ ਹਾਂ…
‘ਮਿਸੇਜ਼ ਰੌਬਰਟ ਤੁਸੀਂ ਕੀ ਕੰਮ ਕਰਦੇ ਹੋ?’
‘ਮੈਂ ਦੋ ਡਿਪਾਰਟਮੈਂਟ ਸਟੋਰਾਂ ‘ਤੇ ਕੰਮ ਕਰਦੀ ਸੀ। ਇੱਕ ਨਾਲ ਗੁਜ਼ਾਰਾ ਨਹੀਂ ਹੁੰਦਾ ਸੀ। ਗ੍ਰੇਗ ਪੜ੍ਹ ਰਿਹਾ ਸੀ। ਸਰ ਮੈਂ ਸਿਰਫ਼ ਹਾਈ ਸਕੂਲ ਪਾਸ ਹਾਂ। ਪਤੀ ਦੀ ਜਦੋਂ ਅਚਾਨਕ ਮੌਤ ਹੋਈ ਤਾਂ ਮੈਂ ਘਬਰਾ ਗਈ। ਪੜ੍ਹੀ-ਲਿਖੀ ਹੁੰਦੀ ਤਾਂ ਮੈਨੂੰ ਇੰਨੀ ਮਿਹਨਤ ਨਹੀਂ ਕਰਨੀ ਪੈਂਦੀ, ਜਿੰਨੀ ਮੈਂ ਕੀਤੀ। ਮੈਂ ਗ੍ਰੇਗ ਨੂੰ ਖ਼ੂਬ ਪੜ੍ਹਾਉਣਾ ਚਾਹੁੰਦੀ ਸੀ, ਇਸ ਲਈ ਮੈਂ ਗ੍ਰੇਗ ਨੂੰ ਬਾਹਰ ਕੰਮ ਨਹੀਂ ਕਰਨ ਦਿੱਤਾ। ਗ੍ਰੇਗ ਦਾ ਜਨਮ ਮੇਰੀ ਵੱਡੀ ਉਮਰ ਵਿੱਚ ਹੋਇਆ ਸੀ, ਹੁਣ ਮੈਂ ਰਿਟਾਇਰਡ ਹਾਂ। ਇਕੱਲੀ ਵੀ ਹੋ ਗਈ ਹਾਂ। ਗ੍ਰੇਗ ਸ਼ਾਰਲੈੱਟ ਸ਼ਹਿਰ ਵਿੱਚ ਰਹਿੰਦਾ ਹੈ ਅਤੇ ਮੈਂ ਰੌਲੀ ਸ਼ਹਿਰ ਵਿੱਚ ਰਹਿੰਦੀ ਹਾਂ। ਬੁੱਢੀ ਹੋ ਰਹੀ ਹਾਂ। ਮੈਨੂੰ ਕਾਸਮਿਕ ਦਾ ਸਾਥ ਚਾਹੀਦਾ ਹੈ।’
‘ਮੌਮ ਇਕੱਲੇ ਤਾਂ ਤੁਸੀਂ ਉਦੋਂ ਵੀ ਸੀ, ਜਦੋਂ ਮੈਂ ਕਾਲਜ ਵਿੱਚ ਸੀ।’ ਗ੍ਰੇਗ ਨੇ ਹਲਕਾ ਜਿਹਾ ਚਿਹਰਾ ਉੱਪਰ ਉਠਾਉਂਦੇ ਹੋਏ ਕਿਹਾ।
‘ਹਾਂ ਉਦੋਂ ਕਾਸਮਿਕ ਮੇਰੇ ਨਾਲ ਸੀ। ਤੂੰ ਤਾਂ ਉਸ ਦਾ ਧਿਆਨ ਰੱਖ ਨਹੀਂ ਸਕਦਾ ਸੀ। ਉਦੋਂ ਮੈਨੂੰ ਇਕੱਲਾਪਣ ਨਹੀਂ ਲੱਗਦਾ ਸੀ ਅਤੇ ਹਰ ਵੀਕੈਂਡ ਤੂੰ ਮੈਨੂੰ ਅਤੇ ਕਾਸਮਿਕ ਨੂੰ ਮਿਲਣ ਆਉਂਦਾ ਸੀ।’
‘ਮਿਸੇਜ਼ ਰੌਬਰਟ ਤੁਸੀਂ ਗ੍ਰੇਗ ਦੇ ਕੋਲ ਜਾ ਸਕਦੇ ਹੋ ਕਾਸਮਿਕ ਅਤੇ ਗ੍ਰੇਗ ਨੂੰ ਮਿਲਣ। ਸ਼ਾਰਲੈੱਟ ਤਿੰਨ ਹੀ ਘੰਟੇ ਦੀ ਦੂਰੀ ‘ਤੇ ਹੈ। ਰੇਲਗੱਡੀ ਉੱਥੇ ਜਾਂਦੀ ਹੈ ਅਤੇ ਬੱਸ ਵੀ।’ ਮੈਂ ਉਨ੍ਹਾਂ ਨੂੰ ਸੁਝਾਅ ਦਿੰਦੇ ਹੋਏ ਕਿਹਾ।
‘ਜੇਕਰ ਬੇਟਾ ਮੇਰਾ ਫ਼ੋਨ ਨਹੀਂ ਚੁੱਕਦਾ, ਛੱਡੇ ਗਏ ਸੁਨੇਹਿਆਂ ਦਾ ਉੱਤਰ ਨਹੀਂ ਦਿੰਦਾ ਇੱਥੋਂ ਤੱਕ ਕਿ ਐਸ.ਐਮ.ਐਸ. ਦਾ ਵੀ ਉੱਤਰ ਨਹੀਂ ਦਿੰਦਾ, ਉਸ ਦੇ ਘਰ ਮੈਂ ਕਿਵੇਂ ਜਾਵਾਂ!’
‘ਤੁਸੀਂ ਮਾਂ ਹੋ, ਉੱਥੇ ਜਾਣ ਦਾ ਹੱਕ ਹੈ ਤੁਹਾਡਾ।’ ਵੀਹ ਸਾਲਾਂ ਤੋਂ ਇਸ ਦੇਸ਼ ਵਿੱਚ ਰਹਿ ਰਿਹਾ ਹਾਂ, ਆਪਣੇ ਪੇਸ਼ੇ ਦੇ ਦਾਇਰੇ ਨੂੰ ਵੀ ਸਮਝਦਾ ਹਾਂ, ਪਰ ਦੇਸੀ ਮਨ ਨੂੰ ਕੌਣ ਸਮਝਾਵੇ! ਰੋਕਦਾ ਰਹਿੰਦਾ ਹਾਂ, ਫਿਰ ਵੀ ਹਰ ਕੇਸ ਵਿੱਚ ਕੁਝ ਨਾ ਕੁਝ ਕਹਿ ਦਿੰਦਾ ਹੈ। ਲਓ… ਫਿਰ ਬੋਲ ਗਿਆ।
ਇਹ ਸੁਣਦੇ ਹੀ ਮਿਸੇਜ਼ ਰੌਬਰਟ ਦਾ ਰੋਣਾ ਨਿਕਲ ਗਿਆ…
ਮੇਰੇ ਉੱਠਣ ਤੋਂ ਪਹਿਲਾਂ ਹੀ ਗ੍ਰੇਗ ਉੱਠਿਆ ਅਤੇ ਥੋੜ੍ਹੀ ਦੂਰ ਪਈ ਮੇਜ਼ ਦੇ ਕੋਲ ਚਲਾ ਗਿਆ, ਜਿੱਥੇ ਪਾਣੀ, ਕੌਫੀ ਅਤੇ ਕੁਝ ਹਲਕਾ ਨਾਸ਼ਤਾ ਪਿਆ ਹੈ। ਉਸ ਨੇ ਪਾਣੀ ਦਾ ਗਲਾਸ ਭਰਿਆ ਅਤੇ ਆਪਣੀ ਮਾਂ ਦੇ ਕੋਲ ਲੈ ਆਇਆ। ਪਹਿਲਾਂ ਉਸ ਨੂੰ ਬਾਹਾਂ ਵਿੱਚ ਭਰਿਆ, ਮਾਂ ਦੇ ਹੰਝੂ ਪੂੰਝੇ ਅਤੇ ਫਿਰ ਉਸ ਨੂੰ ਪਾਣੀ ਪਿਲਾਇਆ।
ਦ੍ਰਿਸ਼ ਦੇਖ ਕੇ ਮੈਂ ਭਾਵੁਕ ਹੋ ਗਿਆ ਹਾਂ। ਦਿਲ ਗਵਾਹੀ ਦੇ ਰਿਹਾ ਹੈ ਕਿ ਕੁਝ ਪਲ ਪਹਿਲਾਂ ਜੋ ਮੈਂ ਮਹਿਸੂਸ ਕਰ ਰਿਹਾ ਸੀ, ਅਜਿਹਾ ਕੁਝ ਨਹੀਂ ਹੋਣ ਵਾਲਾ। ਦੋਵਾਂ ਦੀ ਸਮੱਸਿਆ ਵਿਸ਼ੇਸ਼ ਗੰਭੀਰ ਨਹੀਂ, ਕੋਰਟ ਤੱਕ ਜਾਣ ਦੀ ਨੌਬਤ ਨਹੀਂ ਆਵੇਗੀ। ਬਸ ਦੋਵਾਂ ਵਿੱਚ ਸੰਵਾਦ ਖਤਮ ਹੋ ਗਿਆ ਹੈ, ਉਸ ਨੂੰ ਜਗਾਉਣਾ ਹੈ ਸਗੋਂ ਇੱਕ ਦੂਜੇ ਪ੍ਰਤੀ ਭਾਵਨਾਵਾਂ ਅਤੇ ਸੰਵੇਗਾਂ ਵਿੱਚ ਕਮੀ ਨਹੀਂ ਆਈ ਹੈ।
‘ਮੌਮ ਮੈਂ ਬਹੁਤ ਵਿਅਸਤ ਰਹਿੰਦਾ ਹਾਂ, ਇਸ ਲਈ ਉੱਤਰ ਨਹੀਂ ਦੇ ਸਕਦਾ। ਕਿੰਨੀ ਵਾਰ ਕਿਹਾ ਹੈ ਤੁਹਾਨੂੰ, ਆਪਣੇ ਲਈ ਕੋਈ ਸਾਥੀ ਲੱਭ ਲਵੋ। ਤੁਹਾਡਾ ਇਕੱਲਾਪਣ ਘੱਟ ਹੋ ਜਾਵੇਗਾ। ਨਾ ਕਾਸਮਿਕ ਦੀ ਲੋੜ ਪਵੇਗੀ, ਨਾ ਮੇਰੀ।’ ਗ੍ਰੇਗ ਨੇ ਪਿਆਰ ਨਾਲ ਮਾਂ ਦੇ ਸਿਰ ‘ਤੇ ਹੱਥ ਫੇਰਿਆ ਅਤੇ ਮੱਥਾ ਚੁੰਮ ਕੇ ਬੜੇ ਨਰਮ ਲਹਿਜੇ ਵਿੱਚ ਮਾਂ ਨੂੰ ਕਿਹਾ।
ਮੈਂ ਹੈਰਾਨ ਹੋ ਰਿਹਾ ਹਾਂ… ਗ੍ਰੇਗ ਜਦੋਂ ਥੋੜ੍ਹੀ ਦੇਰ ਪਹਿਲਾਂ ਇੱਥੇ ਆਇਆ ਸੀ ਅਤੇ ਮੇਰੇ ਸਾਹਮਣੇ ਬੈਠਣ ਤੱਕ ਬਹੁਤ ਗੁੱਸੇ ਵਿੱਚ ਸੀ। ਮਿਸੇਜ਼ ਰੌਬਰਟ ਉਸ ਤੋਂ ਪੰਜ ਮਿੰਟ ਦੇਰ ਨਾਲ ਆਈ ਸੀ। ਤਦ ਤੋਂ ਉਹ ਮਾਂ ਪ੍ਰਤੀ ਗੁੱਸਾ ਅਤੇ ਲਾਪਰਵਾਹੀ ਦਿਖਾ ਰਿਹਾ ਸੀ। ਮਾਂ ਨੂੰ ਰੋਂਦੇ ਦੇਖ ਉਸ ਵਿੱਚ ਇੰਨਾ ਪਰਿਵਰਤਨ! ਇਸ ਦਾ ਮਤਲਬ ਇਹ ਸਭ ਉਸ ਨੇ ਓੜਿਆ ਹੋਇਆ ਸੀ… ਪਰ ਕਿਉਂ?
‘ਮੈਂ ਤੁਹਾਨੂੰ ਕਿੰਨੀ ਵਾਰ ਕਹਿ ਚੁੱਕੀ ਹਾਂ, ਮੈਨੂੰ ਕੋਈ ਮਰਦ ਸਾਥੀ ਨਹੀਂ ਚਾਹੀਦਾ। ਤੁਹਾਡੇ ਡੈਡ ਅਤੇ ਮੈਂ ਬਚਪਨ ਦੇ ਦੋਸਤ ਸੀ, ਬਚਪਨ ਦਾ ਦੋਸਤ ਜਦੋਂ ਜੀਵਨ ਸਾਥੀ ਬਣਦਾ ਹੈ, ਤਾਂ ਉਹ ਆਪਣੇ-ਆਪ ਵਿੱਚ ਪੂਰਨਤਾ ਹੁੰਦੀ ਹੈ। ਕੀ ਹੋਇਆ ਜੇਕਰ ਤੁਹਾਡੇ ਡੈਡ ਜਿਸਮਾਨੀ ਤੌਰ ‘ਤੇ ਮੇਰੇ ਨਾਲ ਨਹੀਂ, ਪਰ ਮੇਰੇ ਦਿਲ ਅਤੇ ਆਤਮਾ ਵਿੱਚ ਤਾਂ ਰੌਬਰਟ ਅਜੇ ਵੀ ਵੱਸਦੇ ਹਨ। ਸਾਡਾ ਜਿੰਨਾ ਵੀ ਸਾਥ ਰਿਹਾ, ਮੈਂ ਅੰਦਰ ਤੱਕ ਤ੍ਰਿਪਤ ਹਾਂ, ਸੰਤੁਸ਼ਟ ਹਾਂ।’ ਹੁਣ ਸਮਝ ਵਿੱਚ ਆਇਆ ਗ੍ਰੇਗ ਦੀ ਮਾਂ ਨੂੰ ਆਪਣੇ ਨਾਮ ਨਾਲ ਬੁਲਾਇਆ ਜਾਣਾ ਕਿਉਂ ਪਸੰਦ ਨਹੀਂ! ਉਹ ਮਿਸੇਜ਼ ਰੌਬਰਟ ਹੀ ਕਹਾਉਣਾ ਚਾਹੁੰਦੀ ਹੈ। ਹਾਲਾਂਕਿ ਉਨ੍ਹਾਂ ਦਾ ਨਾਮ ਮੈਰੀ ਹੈ।
‘ਠੀਕ ਹੈ ਮੌਮ।’ ਗ੍ਰੇਗ ਥੋੜ੍ਹਾ ਮੁਸਕਰਾਇਆ ਅਤੇ ਮਾਂ ਤੋਂ ਅਲੱਗ ਹੋ ਕੇ ਆਪਣੀ ਕੁਰਸੀ ‘ਤੇ ਬੈਠ ਗਿਆ। ਉਸ ਦਾ ਗੁੱਸਾ ਮਾਂ ਦੇ ਹੰਝੂਆਂ ਨਾਲ ਵਹਿ ਗਿਆ ਸੀ।
‘ਸਰ ਤੁਸੀਂ ਕਿਹਾ ਕਿ ਗ੍ਰੇਗ ਦੇ ਘਰ ਜਾਣ ਦਾ ਮਾਂ ਦਾ ਹੱਕ ਬਣਦਾ ਹੈ। ਮੈਂ ਉਸੇ ਹੱਕ ਨਾਲ ਇਸ ਦੇ ਘਰ ਗਈ ਸੀ। ਜਾਣ ਤੋਂ ਪਹਿਲਾਂ ਵੀ ਇਸ ਨੂੰ ਐਸ.ਐਮ.ਐਸ. ਕੀਤਾ ਸੀ, ਇਸ ਨੇ ਕੋਈ ਉੱਤਰ ਨਹੀਂ ਦਿੱਤਾ। ਉੱਥੇ ਜਾ ਕੇ ਘਰ ਦੇ ਸਾਹਮਣੇ ਖੜ੍ਹੇ ਹੋ ਕੇ ਵੀ ਇਸ ਨੂੰ ਸੁਨੇਹਾ ਭੇਜਿਆ ਸੀ। ਨਾ ਇਹ ਆਇਆ ਅਤੇ ਨਾ ਹੀ ਇਸ ਨੇ ਉੱਤਰ ਦਿੱਤਾ।’
‘ਮਾਂ ਮੈਂ ਕਿੰਨੀ ਵਾਰ ਕਹਿ ਚੁੱਕਾ ਹਾਂ, ਮੈਂ ਉਹ ਮੈਸੇਜ ਤਦ ਦੇਖੇ ਜਦੋਂ ਤੁਸੀਂ ਵਾਪਸ ਰੌਲੀ ਪਰਤ ਗਏ ਸੀ, ਪਰ ਤੁਹਾਨੂੰ ਮੇਰੀ ਗੱਲ ‘ਤੇ ਯਕੀਨ ਨਹੀਂ ਹੁੰਦਾ। ਉਨ੍ਹਾਂ ਦਿਨਾਂ ਵਿੱਚ ਮੈਂ ਬਹੁਤ ਵਿਅਸਤ ਰਹਿੰਦਾ ਸੀ।’
‘ਤੂੰ ਤਾਂ ਹਰ ਸਮੇਂ ਹੀ ਵਿਅਸਤ ਰਹਿੰਦਾ ਹੈਂ। ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਮੋੜ ਲਵੇਂ।’
ਗ੍ਰੇਗ ਨੇ ਫਿਰ ਆਪਣਾ ਸਿਰ ਝੁਕਾ ਲਿਆ। ਉਹ ਕੁਝ ਬੋਲਿਆ ਨਹੀਂ।
‘ਕੰਮ ਵਿੱਚ ਮਾਂ ਤਾਂ ਕਿਤੇ ਗੁਆਚ ਗਈ ਹੈ। ਹਾਲਾਂਕਿ ਤੂੰ ਜਾਣਦਾ ਹੈਂ ਤੇਰੇ ਇਲਾਵਾ ਮੇਰਾ ਕੋਈ ਨਹੀਂ। ਮੇਰੀ ਫ਼ਿਕਰ ਕਰਨੀ ਤਾਂ ਤੂੰ ਛੱਡ ਦਿੱਤੀ ਹੈ, ਮੈਂ ਸਮਝ ਗਈ ਹਾਂ। ਸਾਡੇ ਚਰਚ ਦੀਆਂ ਸਹੇਲੀਆਂ ਅਤੇ ਆਂਢ-ਗੁਆਂਢ ਦੇ ਪਰਿਵਾਰ ਹਨ ਮੇਰੇ ਦੁੱਖ-ਸੁਖ ਦੇ ਸਾਂਝੀਦਾਰ। ਕਾਸਮਿਕ ‘ਤੇ ਇੰਨਾ ਅੱਤਿਆਚਾਰ ਕਿਉਂ?’ ਮਿਸੇਜ਼ ਰੌਬਰਟ ਦੀ ਆਵਾਜ਼ ਵਿੱਚ ਦਰਦ ਉਤਰ ਆਇਆ ਸੀ।
ਮਿਸੇਜ਼ ਰੌਬਰਟ ਦੀ ਗੱਲ ਖ਼ਤਮ ਕਰਦੇ ਹੀ ਗ੍ਰੇਗ ਇੱਕਦਮ ਭੜਕ ਗਿਆ—‘ਮੌਮ ਤੁਸੀਂ ਮੇਰੇ ‘ਤੇ ਗਲਤ ਦੋਸ਼ ਲਗਾ ਰਹੇ ਹੋ। ਮੈਂ ਕਾਸਮਿਕ ਦਾ ਪੂਰਾ ਖ਼ਿਆਲ ਰੱਖਦਾ ਹਾਂ।’
‘ਕੀ ਖ਼ਿਆਲ ਰੱਖਦਾ ਹੈਂ? ਜਦੋਂ ਮੈਂ ਤੁਹਾਡੇ ਘਰ ਗਈ ਸੀ, ਮੈਂ ਬਾਹਰ ਅਤੇ ਕਾਰ ਵਿੱਚ ਬੈਠ ਕੇ ਹੀ ਪੂਰਾ ਦਿਨ ਕੱਟਿਆ ਸੀ। ਤੂੰ ਤਾਂ ਮੁੜਿਆ ਨਹੀਂ, ਮੈਨੂੰ ਇਹ ਵੀ ਪਤਾ ਨਹੀਂ ਕਾਸਮਿਕ ਕਿੱਥੇ ਸੀ?’
‘ਤੁਹਾਨੂੰ ਪਤਾ ਨਾ ਹੋਣ ਨਾਲ ਉਸ ਦਾ ਸ਼ੋਸ਼ਣ ਹੋ ਗਿਆ? ਉਸ ਦਿਨ ਮੈਂ ਬਹੁਤ ਵਿਅਸਤ ਸੀ। ਮੈਂ ਤੁਹਾਨੂੰ ਕਈ ਵਾਰ ਦੱਸਿਆ ਹੈ।’ ਗ੍ਰੇਗ ਗੁੱਸੇ ਵਿੱਚ ਬੋਲਿਆ। ਲੱਗਦਾ ਹੈ ਗ੍ਰੇਗ ਨੂੰ ਗੁੱਸਾ ਜਲਦੀ ਆ ਜਾਂਦਾ ਹੈ ਅਤੇ ਜਲਦੀ ਚਲਾ ਵੀ ਜਾਂਦਾ ਹੈ।
‘ਸਰ, ਹੁਣ ਮੈਂ ਇਸ ਦੇ ਸਾਹਮਣੇ ਇੱਕ ਰਾਜ਼ ਖੋਲ੍ਹਣਾ ਚਾਹੁੰਦੀ ਹਾਂ। ਮੈਂ ਤਿੰਨ ਵਾਰ ਇਸ ਦੇ ਘਰ ਗਈ ਸੀ ਅਤੇ ਤਿੰਨੋਂ ਵਾਰ ਡਰਾਈਵ ਕਰਕੇ ਗਈ ਸੀ। ਇਸ ਨੂੰ ਕੋਈ ਮੈਸੇਜ ਨਹੀਂ ਭੇਜਿਆ ਸੀ। ਇਸ ਉਮੀਦ ਦੇ ਨਾਲ ਕਿ ਸ਼ਾਮ ਨੂੰ ਜਦੋਂ ਇਹ ਘਰ ਆਏਗਾ ਤਾਂ ਮੈਨੂੰ ਬਾਹਰ ਬੈਠਾ ਦੇਖ ਕੇ ਖ਼ੁਸ਼ ਹੋਵੇਗਾ। ਇਸ ਨੂੰ ਸਰਪ੍ਰਾਈਜ਼ ਬਹੁਤ ਚੰਗੇ ਲੱਗਦੇ ਹਨ। ਰੌਲੀ ਤੋਂ ਸ਼ਾਰਲੈੱਟ ਜਾਣ ਵਿੱਚ ਤਿੰਨ ਘੰਟੇ ਲੱਗਦੇ ਹਨ। ਇੰਨਾ ਆਸਾਨ ਵੀ ਨਹੀਂ ਹੈ ਬਾਰ-ਬਾਰ ਜਾਣਾ। ਪਰ ਮੈਂ ਗਈ। ਮੈਂ ਇਸ ਦੀ ਕੇਅਰ ਕਰਦੀ ਹਾਂ, ਇਹ ਮੇਰਾ ਬੇਟਾ ਹੈ। ਜਦੋਂ ਇਹ ਅੱਧੀ ਰਾਤ ਤੱਕ ਨਹੀਂ ਪਰਤਿਆ, ਤਾਂ ਮੈਂ ਵਾਪਸ ਰੌਲੀ ਆ ਗਈ। ਮੈਂ ਸਾਰਾ-ਸਾਰਾ ਦਿਨ ਇਸ ਦੇ ਘਰ ਦੇ ਬਾਹਰ ਬੈਠ ਕੇ ਗੁਜ਼ਾਰਿਆ। ਇਸ ਦੇ ਗੁਆਂਢੀ ਵੀ ਇਸ ਗੱਲ ਨੂੰ ਜਾਣਦੇ ਹਨ। ਉਨ੍ਹਾਂ ਨੇ ਵੀ ਮੈਨੂੰ ਦੱਸਿਆ ਕਿ ਗ੍ਰੇਗ ਕਈ ਵਾਰ ਰਾਤ-ਰਾਤ ਭਰ ਘਰ ਨਹੀਂ ਆਉਂਦਾ। ਤੁਸੀਂ ਖੁਦ ਸੋਚੋ, ਕਿੱਥੇ ਰਹਿੰਦਾ ਹੋਵੇਗਾ ਅਤੇ ਕੀ ਹਾਲ ਹੁੰਦਾ ਹੋਵੇਗਾ ਕਾਸਮਿਕ ਦਾ! ਕਿੰਨਾ ਇਕੱਲਾ ਹੋ ਗਿਆ ਹੈ ਮੇਰਾ ਕਾਸਮਿਕ!’ ਮਿਸੇਜ਼ ਰੌਬਰਟ ਦੀ ਆਵਾਜ਼ ਭਰ ਆਈ।
ਕੁਝ ਪਲ ਰੁਕ ਕੇ ਉਹ ਫਿਰ ਬੋਲੀ—‘ਹੁਣ ਵੀ ਇਹ ਕਹੇਗਾ ਕਿ ਮੈਂ ਇਸ ‘ਤੇ ਗਲਤ ਦੋਸ਼ ਲਗਾ ਰਹੀ ਹਾਂ।’
ਇਸ ਗੱਲ ‘ਤੇ ਗ੍ਰੇਗ ਬੇਚੈਨ ਹੋ ਗਿਆ ਅਤੇ ਮੱਥੇ ‘ਤੇ ਆਏ ਪਸੀਨੇ ਨੂੰ ਪੂੰਝਣ ਲੱਗਾ।
‘ਸਰ, ਕਾਸਮਿਕ ਅੱਠ ਸਾਲ ਦਾ ਹੋ ਗਿਆ ਹੈ। ਪਿਛਲੇ ਸੱਤ ਸਾਲ ਉਹ ਮੇਰੇ ਨਾਲ ਰਿਹਾ। ਇੱਕ ਸਾਲ ਤੋਂ ਉਹ ਗ੍ਰੇਗ ਦੇ ਨਾਲ ਹੈ, ਜਦੋਂ ਤੋਂ ਇਸ ਦੀ ਨੌਕਰੀ ਲੱਗੀ ਹੈ।’ ਮਿਸੇਜ਼ ਰੌਬਰਟ ਨੇ ਗ੍ਰੇਗ ਵੱਲ ਦੇਖਦੇ ਹੋਏ ਕਿਹਾ।
‘ਗ੍ਰੇਗ ਇਹ ਕਹਿ ਕੇ ਕਾਸਮਿਕ ਨੂੰ ਮੇਰੇ ਤੋਂ ਲੈ ਗਿਆ ਕਿ ਕਾਸਮਿਕ ਇਸ ਦਾ ਬੇਟਾ ਹੈ, ਇਸ ਦੇ ਨਾਲ ਰਹੇਗਾ।’ ਮਿਸੇਜ਼ ਰੌਬਰਟ ਨੇ ਆਪਣੇ ਦੋਵੇਂ ਹੱਥ ਮੇਜ਼ ‘ਤੇ ਟਿਕਾਏ ਹੋਏ ਹਨ ਅਤੇ ਬਸ ਕਿਤੇ ਆਪਣੇ ਆਪ ਵਿੱਚ ਗੁਆਚੀ ਹੋਈ ਬੋਲ ਰਹੀ ਹੈ—‘ਡਾਕਟਰ ਕਹਿੰਦੇ ਹਨ ਕਿ ਮੈਂ ਨਿਰਾਸ਼ਾ ਵਿੱਚ ਜਾ ਰਹੀ ਹਾਂ, ਇਕੱਲਾਪਣ ਅਤੇ ਨਿਰਾਸ਼ਾ ਦੂਰ ਕਰਨ ਲਈ ਮੈਨੂੰ ਕਿਸੇ ਦਾ ਸਾਥ ਚਾਹੀਦਾ ਹੈ।’
ਗ੍ਰੇਗ ਤੜਫ਼ ਉੱਠਿਆ—‘ਮੌਮ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ…।’ ਉਹ ਗੱਲ ਪੂਰੀ ਨਹੀਂ ਕਰ ਸਕਿਆ। ਭਾਵਨਾਵਾਂ ਦੇ ਵੇਗ ਨੇ ਸ਼ਾਇਦ ਚੁੱਪ ਕਰਾ ਦਿੱਤਾ। ਅੱਖਾਂ ਭਰ ਆਈਆਂ ਹਨ…
ਹੁਣ ਮਿਸੇਜ਼ ਰੌਬਰਟ ਸਿੱਧਾ ਗ੍ਰੇਗ ਨੂੰ ਦੇਖ ਕੇ ਉਸ ਨੂੰ ਕਹਿ ਰਹੀ ਹੈ—‘ਜੇਕਰ ਤੂੰ ਮੈਨੂੰ ਕਾਸਮਿਕ ਦੇ ਦਿੰਦਾ ਹੈਂ ਤਾਂ ਸਭ ਤੋਂ ਵੱਡਾ ਸਹਾਰਾ ਮੈਨੂੰ ਮਿਲ ਜਾਵੇਗਾ। ਕਾਸਮਿਕ ਬਹੁਤ ਸਮਝਦਾਰ ਅਤੇ ਸੁਲਝਿਆ ਹੋਇਆ ਹੈ। ਅਸੀਂ ਦੋਵੇਂ ਇੱਕ ਦੂਜੇ ਨੂੰ ਸਮਝਦੇ ਹਾਂ। ਦੋਵੇਂ ਮਿਲ ਕੇ ਇੱਕ-ਦੂਜੇ ਦਾ ਇਕੱਲਾਪਣ ਦੂਰ ਕਰ ਲਵਾਂਗੇ।’
ਗ੍ਰੇਗ ਦੀਆਂ ਦੋਵੇਂ ਕੂਹਣੀਆਂ ਮੇਜ਼ ‘ਤੇ ਟਿਕੀਆਂ ਹੋਈਆਂ ਹਨ ਅਤੇ ਉਸ ਨੇ ਆਪਣੇ ਦੋਵਾਂ ਹੱਥਾਂ ਨਾਲ ਇੱਕ ਮੁੱਠੀ ਬਣਾ ਕੇ ਉਸ ‘ਤੇ ਆਪਣਾ ਸਿਰ ਟਿਕਾ ਲਿਆ ਹੈ।
ਅਜਿਹਾ ਲੱਗ ਰਿਹਾ ਹੈ ਜਿਵੇਂ ਉਹ ਕੁਝ ਵੀ ਸੁਣ ਨਹੀਂ ਰਿਹਾ, ਬਸ ਆਪਣੇ ਖ਼ਿਆਲਾਂ ਵਿੱਚ ਗੁਆਚਿਆ ਹੋਇਆ ਹੈ…
ਮਿਸੇਜ਼ ਰੌਬਰਟ ਫਿਰ ਗ੍ਰੇਗ ਵੱਲ ਮੁਖ਼ਾਤਬ ਹੋ ਕੇ ਬੋਲੀ—‘ਪਤਾ ਨਹੀਂ ਤੇਰਾ ਅਹਿਮ ਕਿਉਂ ਵਿਚਾਲੇ ਆ ਰਿਹਾ ਹੈ। ਕਾਸਮਿਕ ਤੇਰਾ ਬੇਟਾ ਹੈ, ਤੇਰਾ ਹੀ ਰਹੇਗਾ… ਮੈਂ ਤਾਂ ਆਇਆ ਦੀ ਤਰ੍ਹਾਂ ਪਾਲਿਆ ਹੈ, ਹੁਣ ਵੀ ਉਵੇਂ ਹੀ ਪਾਲਾਂਗੀ…।’ ਇਹ ਕਹਿੰਦੇ-ਕਹਿੰਦੇ ਮਿਸੇਜ਼ ਰੌਬਰਟ ਨੇ ਆਪਣਾ ਸਿਰ ਕੁਰਸੀ ਦੀ ਪਿੱਠ ਨਾਲ ਟਿਕਾ ਦਿੱਤਾ, ਜਿਵੇਂ ਨਿਢਾਲ ਹੋ ਗਈ ਹੋਵੇ ਅਤੇ ਅੱਖਾਂ ਬੰਦ ਕਰ ਲਈਆਂ ਅਤੇ ਕਮਰੇ ਵਿੱਚ ਉਦਾਸ ਜਿਹੀ ਖ਼ਾਮੋਸ਼ੀ ਛਾ ਗਈ। ਮਿਸੇਜ਼ ਰੌਬਰਟ ਦੇ ਆਖਰੀ ਸ਼ਬਦ ਮੈਨੂੰ ਵਿਆਕੁਲ ਕਰ ਗਏ। ਮੈਂ ਕੁਰਸੀ ‘ਤੇ ਬੈਠ ਨਹੀਂ ਸਕਿਆ। ਜਿਵੇਂ ਹੀ ਮੈਂ ਕੁਰਸੀ ਤੋਂ ਉੱਠਿਆ, ਗ੍ਰੇਗ ਵੀ ਆਪਣੀ ਕੁਰਸੀ ਤੋਂ ਉੱਠਿਆ ਅਤੇ ਤੇਜ਼ੀ ਨਾਲ ਬਾਹਰ ਚਲਾ ਗਿਆ। ਮੈਂ ਕੌਫੀ ਬਣਾਉਣ ਲਈ ਨਾਸ਼ਤੇ ਦੀ ਮੇਜ਼ ਵੱਲ ਵਧਿਆ ਹੀ ਹਾਂ, ਮਿਸੇਜ਼ ਰੌਬਰਟ ਦੇ ਚਿਹਰੇ ‘ਤੇ ਨਜ਼ਰ ਪੈ ਗਈ। ਅੱਖਾਂ ਨੇ ਕਈ ਦਰਿਆ ਵਹਾ ਦਿੱਤੇ ਹਨ… ਕੁਝ ਪਲਾਂ ਤੱਕ ਕੌਫੀ ਦੀ ਖ਼ੁਸ਼ਬੂ ਨੇ ਕਮਰੇ ਦੀ ਖ਼ਾਮੋਸ਼ੀ ਨਾਲ ਗਲਵੱਕੜੀ ਪਾਈ ਰੱਖੀ।
ਮੈਂ ਹੁਣ ਗ੍ਰੇਗ ਦੇ ਮੁੜਨ ਦਾ ਇੰਤਜ਼ਾਰ ਕਰਨਾ ਹੈ। ਇੰਤਜ਼ਾਰ ਕਰਨ ਦੇ ਇਲਾਵਾ ਮੇਰੇ ਕੋਲ ਹੋਰ ਕੋਈ ਵਿਕਲਪ ਨਹੀਂ ਹੈ। ਘੱਟੋ-ਘੱਟ ਦਸ ਮਿੰਟ ਤੱਕ ਮੈਂ ਉਸ ਦਾ ਇੰਤਜ਼ਾਰ ਕਰਨਾ ਹੈ, ਫਿਰ ਕੋਈ ਕਾਰਵਾਈ ਕਰਾਂਗਾ। ਮੈਂ ਕੌਫੀ ਦੀਆਂ ਚੁਸਕੀਆਂ ਲੈਣ ਲੱਗਾ… ਪੰਜ ਮਿੰਟ ਦੇ ਅੰਦਰ ਗ੍ਰੇਗ ਨੇ ਕਮਰੇ ਵਿੱਚ ਪ੍ਰਵੇਸ਼ ਕੀਤਾ। ਉਸ ਦੇ ਨਾਲ ਇੱਕ ਖ਼ੂਬਸੂਰਤ ਲੜਕੀ ਹੈ ਅਤੇ ਗ੍ਰੇਗ ਨੇ ਇੱਕ ਕੁੱਤੇ ਦੀ ਲੀਸ਼ (ਰੱਸੀ) ਫੜੀ ਹੋਈ ਹੈ, ਜਿਸ ਨਾਲ ਉਹ ਬੰਨ੍ਹਿਆ ਹੈ। ਮੈਂ ਬੌਖਲਾ ਗਿਆ। ਅਰੇ ਇਹ ਕੀ?… ਮੇਰਾ ਮੱਥਾ ਠਣਕਿਆ! ਇੱਕਦਮ ਉਨ੍ਹਾਂ ਦੀ ਫਾਈਲ ਖੋਲ੍ਹ ਕੇ ਦੇਖਣ ਲੱਗਾ ਹਾਂ। ਬਸ ਇਹੀ ਲਿਖਿਆ ਹੈ, ਕਾਸਮਿਕ ਦੀ ਕਸਟਡੀ ਮਿਸੇਜ਼ ਰੌਬਰਟ ਨੂੰ ਚਾਹੀਦੀ ਹੈ। ਕੀ ਕਾਸਮਿਕ ਇਨ੍ਹਾਂ ਦਾ ਕੁੱਤਾ ਹੈ? ਮੈਂ ਤਾਂ ਕੁਝ ਹੋਰ ਹੀ ਸਮਝ ਰਿਹਾ ਸੀ। ਮੇਰੇ ਸਹਿਕਰਮੀ ਨੇ ਇੱਕ ਵਾਰ ਮੈਨੂੰ ਦੱਸਿਆ ਸੀ ਕਿ ਇੱਥੋਂ ਦੇ ਲੋਕ ਕੁੱਤਿਆਂ ਲਈ ਬਹੁਤ ਸੰਵੇਦਨਸ਼ੀਲ ਹੁੰਦੇ ਹਨ। ਬੱਚਿਆਂ ਦੀ ਤਰ੍ਹਾਂ ਉਨ੍ਹਾਂ ਨੂੰ ਮੰਨਦੇ ਅਤੇ ਪਿਆਰ ਦਿੰਦੇ ਹਨ। ਜੇਕਰ ਕਦੇ ਕਿਸੇ ਕੁੱਤੇ ਦਾ ਕੇਸ ਆਵੇ ਤਾਂ ਬੇਹੱਦ ਸਾਵਧਾਨੀ ਵਰਤਣਾ। ਮੈਨੂੰ ਸਹਿਕਰਮੀ ਦੀ ਗੱਲ ਯਾਦ ਆ ਗਈ। ਦਰਮਿਆਨੇ ਕੱਦ ਦਾ, ਭੂਰੇ ਅਤੇ ਚਿੱਟੇ ਰੰਗ ਦਾ ਖ਼ੂਬਸੂਰਤ ਬੀਗਲ ਨਸਲ ਦਾ ਕੁੱਤਾ ਮਿਸੇਜ਼ ਰੌਬਰਟ ਨੂੰ ਦੇਖ ਕੇ ਲੀਸ਼ ਨੂੰ ਖਿੱਚ ਕੇ ਛੁੱਟਣ ਦੀ ਕੋਸ਼ਿਸ਼ ਕਰਨ ਲੱਗਾ।
ਗ੍ਰੇਗ ਨੇ ਉਸ ਨੂੰ ਆਪਣੀ ਮੌਮ ਦੇ ਕੋਲ ਲੈ ਜਾਂਦੇ ਹੋਏ ਕਿਹਾ—‘ਮੌਮ ਸੰਭਾਲੋ ਆਪਣੇ ਛੋਟੇ ਬੇਟੇ ਕਾਸਮਿਕ ਨੂੰ…।’
ਕਾਸਮਿਕ ਮਿਸੇਜ਼ ਰੌਬਰਟ ਦੇ ਕਦਮਾਂ ਵਿੱਚ ਲਿਟਣ ਲੱਗਿਆ । ਮਿਸੇਜ਼ ਰੌਬਰਟ ਉਸ ਦੀ ਛੋਹ ਨਾਲ ਹੀ ਸੁਚੇਤ ਹੋ ਗਈ…
ਮੌਮ ਇਹ ਡੇਨੀਸ ਹੈ ਮੇਰੀ ਗਰਲ ਫ੍ਰੈਂਡ! ਮੈਂ ਆਪਣੀ ਫਾਈਲ ਚੁੱਕ ਕੇ ਇੱਕ ਸੁਖਦ ਦ੍ਰਿਸ਼ ਨੂੰ ਦੇਖਦਾ ਹੋਇਆ ਕਮਰੇ ਤੋਂ ਬਾਹਰ ਆ ਗਿਆ ਹਾਂ। ਪਹਿਲੀ ਵਾਰ ਮੇਰੇ ਕੋਲ ਆਏ ਕਿਸੇ ਕੇਸ ਦਾ ਸੁਖਦ ਅੰਤ ਹੋਇਆ। ਨਾ ਟੁੱਟਿਆ, ਨਾ ਕੁਝ ਗੁਆਚਿਆ । ਬੇਹੱਦ ਸਕੂਨ ਮਿਲਿਆ ਹੈ!
ਡਾ. ਅਮਰਜੀਤ ਕੌਂਕੇ

