ਉਜਾਗਰ ਸਿੰਘ—
ਮੈਂ ਅਤੇ ਮੇਰੀ ਪਤਨੀ ਸੁਰਜੀਤ ਕੌਰ 2004 ਤੋਂ ਲਗਾਤਾਰ ਲਗਪਗ ਹਰ ਦੂਜੇ ਸਾਲ ਅਮਰੀਕਾ ਆਪਣੇ ਲੜਕੇ ਕੋਲ ਜਾ ਰਹੇ ਹਾਂ। ਇਸ ਵਾਰ ਮੇਰਾ ਅਮਰੀਕਾ ਜਾਣ ਦੇ ਸਮੇਂ ਹਵਾਈ ਜਹਾਜ ਦੇ ਸਫਰ ਦਾ ਤਜ਼ਰਬਾ ਨਿਵੇਕਲਾ ਰਿਹਾ। ਅਸੀਂ 8 ਅਪ੍ਰੈਲ 2026 ਨੂੰ ਯੂਨਾਈਟਡ ਏਅਰ ਲਾਈਨਜ਼ ਦੀ ਫਲਾਈਟ ਵਿੱਚ ਦਿੱਲੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਿਊ ਆਰਕ ਲਈ ਰਵਾਨਾ ਹੋਏ। ਇਸ ਫਲਾਈਟ ਨੇ ਸਾਢੇ ਸੋਲਾਂ ਘੰਟੇ ਵਿੱਚ ਨਿਊ ਆਰਕ ਹਵਾਈ ਅੱਡੇ ‘ਤੇ ਪਹੁੰਚਣਾ ਸੀ। ਉਥੇ 6 ਘੰਟੇ ਦੇ ਠਹਿਰਾਓ ਤੋਂ ਬਾਅਦ ਅਸੀਂ ਲਾਸ ਏਂਜਲਸ ਦੀ ਫਲਾਈਟ ਫੜ੍ਹਨੀ ਸੀ। ਇਹ ਫਲਾਈਟ ਵੀ 6 ਘੰਟੇ ਦੀ ਸੀ। ਲਾਸ ਏਂਜਲਸ ਤੋਂ ਸਾਡੇ ਲੜਕੇ ਨੇ ਕਾਰ ਰਾਹੀਂ ਸੈਂਡੀਆਗੋ ਲੈ ਕੇ ਜਾਣਾ ਸੀ। ਲਾਸ ਏਂਜਲਸ ਤੋਂ ਦੋ ਘੰਟੇ ਦਾ ਸੈਂਡੀਆਗੋ ਦਾ ਸਫਰ ਸੀ। ਪਟਿਆਲਾ ਤੋਂ ਚਲਕੇ ਸੈਂਡੀਆਗੋ ਪਹੁੰਚਣ ਲਈ 40 ਚਾਲੀ ਘੰਟੇ ਲੱਗਣੇ ਸੀ। ਮੱਧ ਵਰਗੀ ਪਰਿਵਾਰ ਵਿੱਚੋਂ ਹੋਣ ਕਰਕੇ ਅਸੀਂ ਹਮੇਸ਼ਾ ਇਕਾਨਮੀ ਕਲਾਸ ਵਿੱਚ ਸਫਰ ਕਰਦੇ ਸੀ। ਇਸ ਵਾਰ ਸਾਡੀ ਵਡੇਰੀ ਉਮਰ ਤੇ ਲੰਬਾ ਸਫਰ ਹੋਣ ਕਰਕੇ ਮੇਰੇ ਲੜਕੇ ਨੇ ਸਾਡੇ ਲਈ ਪਰੀਮੀਅਮ ਪਲੱਸ ਕਲਾਸ ਦੀਆਂ ਟਿਕਟਾਂ ਲੈ ਕੇ ਦਿੱਤੀਆਂ ਤਾਂ ਜੋ ਅਸੀਂ ਥੋੜ੍ਹਾ ਆਰਾਮ ਨਾਲ ਲੰਬਾ ਸਫਰ ਬਿਨਾ ਤਕਲੀਫ਼ ਤਹਿ ਕਰ ਸਕੀਏ। ਇਸ ਤੋਂ ਪਹਿਲਾਂ ਜਦੋਂ ਅਸੀਂ ਸਫਰ ਕਰਦੇ ਸੀ, ਉਸ ਸਮੇਂ ਇੰਟਰਨੈਟ ਦਾ ਜ਼ਮਾਨਾ ਨਹੀਂ ਸੀ। ਪੁਰਾਣੀ ਤਕਨੀਕ ਵਾਲੀਆਂ ਸੀਟਾਂ ਹੁੰਦੀਆਂ ਸਨ। ਹੁਣ ਤਾਂ ਫਲਾਈਟ ਵਿੱਚ ਇੰਟਰਨੈਟ ਅਤੇ ਟੈਲੀਫ਼ੋਨ, ਲੈਪਟਾਪ ਅਤੇ ਹੋਰ ਹਰ ਇਲੈਕਟਰੌਨਿਕ ਔਜ਼ਾਰ ਨੂੰ ਚਾਰਜ ਕਰਨ ਦੀ ਸਹੂਲਤ ਵੀ ਉਪਲਭਧ ਹੁੰਦੀ ਹੈ। ਆਧੁਨਿਕ ਤਕਨਾਲੋਜੀ ਦੇ ਸਮੇਂ ਵਿੱਚ ਬਹੁਤ ਸਾਰੀਆਂ ਨਵੀਂਆਂ ਖੋਜਾਂ ਹੋ ਰਹੀਆਂ ਹਨ, ਜਿਸ ਕਰਕੇ ਜਹਾਜ ਦੀਆਂ ਸੀਟਾਂ ਵਿੱਚ ਵੀ ਤਬਦੀਲੀਆਂ ਹੋ ਰਹੀਆਂ ਹਨ। ਜਹਾਜਾਂ ਦੀਆਂ ਸੀਟਾਂ ਅਤੇ ਹੋਰ ਸਹੂਲਤਾਂ ਵਿੱਚ ਨਵੀਂਆਂ ਤਕਨੀਕਾਂ ਦੇ ਆ ਜਾਣ ਨਾਲ ਸਾਡੇ ਵਰਗੇ ਪੁਰਾਣੇ ਮਾਡਲ ਦੇ ਬਜ਼ੁਰਗਾਂ ਨੂੰ ਇਨ੍ਹਾਂ ਦੀ ਵਰਤੋਂ ਕਰਨ ਦੀ ਮੁਸ਼ਕਲ ਆ ਰਹੀ ਸੀ। ਅਸੀਂ ਸੀਟ ਨੂੰ ਅਡਜਸਟ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਜੋ ਲੱਤਾਂ ਨਿਸਾਲਕੇ ਆਰਾਮ ਨਾਲ ਸੌਂ ਸਕੀਏ, ਪ੍ਰੰਤੂ ਸੀਟਾਂ ਅਡਜਸਟ ਨਹੀਂ ਹੋ ਰਹੀਆਂ ਸਨ। ਸਾਡੀਆਂ ਸੀਟਾਂ ਤੋਂ ਥੋੜ੍ਹੀ ਦੂਰ ਬੈਠੀ ਇੱਕ ਪੜ੍ਹੀ ਲਿਖੀ ਨੌਜਵਾਨ ਦਿੱਲੀ ਦੀ ਲੜਕੀ ਨੇ ਸਾਡੇ ਕੋਲ ਆ ਕੇ ਸੀਟਾਂ ਨੂੰ ਅਡਜਸਟ ਕਰਨ ਬਾਰੇ ਜਾਣਕਾਰੀ ਹੀ ਨਹੀਂ ਦਿੱਤੀ, ਸਗੋਂ ਆਪ ਹੀ ਸਾਰਾ ਕੁਝ ਕਰ ਦਿੱਤਾ। ਮੇਰੇ ਕੋਲ ਭਾਰਤੀ ਨੰਬਰ ਵਾਲਾ ਮੋਬਾਈਲ ਸੀ। ਬੇਟੇ ਨੇ ਦੱਸਿਆ ਸੀ ਕਿ ਯੂਨਾਈਟਡ ਏਅਰ ਲਾਈਨਜ਼ ਦੀ ਫਲਾਈਟ ਵਿੱਚ ਇੰਟਰਨੈਟ ਦੀ ਸਹੂਲਤ ਹੁੰਦੀ ਹੈ। ਤੁਸੀਂ ਸਾਡੇ ਨਾਲ ਵਟਸ ਅਪ ਰਾਹੀਂ ਤਾਲਮੇਲ ਕਰਦੇ ਰਹਿਣਾ ਤਾਂ ਜੋ ਸਾਨੂੰ ਤੁਾਹਾਡੇੇ ਬਾਰੇ ਜਾਣਕਾਰੀ ਮਿਲਦੀ ਰਹੇ। ਮੇਰੇ ਕੋਲੋਂ ਟੈਲੀਫ਼ੋਨ ਤੇ ਇੰਟਰਨੈਟ ਦੀ ਇਹ ਸਹੂਲਤ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਉਪਲਭਧ ਨਹੀਂ ਹੋ ਰਹੀ ਸੀ। ਮੈਨੂੰ ਪਰੇਸ਼ਾਨ ਵੇਖਕੇ ਉਹ ਲੜਕੀ ਫਿਰ ਸਾਡੇ ਕੋਲ ਆ ਕੇ ਪੁਛਣ ਲੱਗੀ ਕਿ ਅੰਕਲ ਤੁਸੀਂ ਪਰੇਸ਼ਾਨ ਕਿਉਂ ਹੋ ? ਮੈਂ ਉਸ ਲੜਕੀ ਨੂੰ ਦੱਸਿਆ ਕਿ ਮੈਨੂੰ ਇੰਟਰਨੈਟ ਦੀ ਸਹੂਲਤ ਲੈਣ ਵਿੱਚ ਮੁਸ਼ਕਲ ਆ ਰਹੀ ਹੈ। ਉਸਨੇ ਵੀ ਕੋਸ਼ਿਸ਼ ਕੀਤੀ, ਪ੍ਰੰਤੂ ਉਹ ਵੀ ਅਸਫਲ ਰਹੀ। ਫਿਰ ਉਸਨੇ ਕਿਹਾ ਕਿ ਤੁਸੀਂ ਆਪਣੇ ਲੜਕੇ ਦਾ ਨੰਬਰ ਦੇ ਦਿਓ ਮੈਂ ਆਪਣੇ ਫੋਨ ਤੋਂ ਉਸਨੂੰ ਮੈਸਜ ਕਰ ਦਿੰਦੀ ਹਾਂ ਕਿ ਤੁਸੀਂ ਸਭ ਠੀਕ ਹੋ। ਉਸ ਲੜਕੀ ਨੇ ਸਾਡੇ ਬੇਟੇ ਨੂੰ ਮੈਸਜ ਕਰ ਦਿੱਤਾ ਤੇ ਸਾਡੇ ਲੜਕੇ ਦਾ ਵੀ ਜਵਾਬ ਉਸਨੇ ਸਾਨੂੰ ਦੱਸ ਦਿੱਤਾ। ਉਹ ਕਹਿਣ ਲੱਗੀ ਕਿ ਫਲਾਈਟ ਵਿੱਚ ਇੰਟਰਨੈਟ ਦਾ ਕੁਨੈਕਸ਼ਨ ਖ੍ਰੀਦਣਾ ਪੈਂਦਾ ਹੈ। ਮੇਰੇ ਲੜਕੇ ਨੇ ਉਸ ਲੜਕੀ ਨੂੰ ਕਿਹਾ ਕਿ ਉਹ ਇਹ ਕੁਨੈਕਸ਼ਨ ਲੈ ਦੇਵੇ ਤੇ ਪੈਸੇ ਮੈਂ ਆਨ ਲਾਈਨ ਦੇ ਦੇਵਾਂਗਾ। ਮੈਂ ਵੀ ਕਿਹਾ ਕਿ ਮੈਂ ਨਕਦ ਪੈਸੇ ਦੇ ਦੇਵਾਂਗਾ। ਉਹ ਕਹਿਣ ਲੱਗੀ ਕਿਉਂ ਵਾਧੂ ਖ਼ਰਚ ਕਰਨਾ ਹੈ ? ਮੈਂ ਤੁਹਾਡੀ ਵੇਖ ਭਾਲ ਆਪ ਹੀ ਕਰਦੀ ਰਹਾਂਗੀ ਤੇ ਤੁਹਾਡੇ ਬੇਟੇ ਨੂੰ ਜਾਣਕਾਰੀ ਵੀ ਦਿੰਦੀ ਰਹਾਂਗੀ। ਥੋੜ੍ਹੀ ਦੇਰ ਬਾਅਦ ਉਹ ਫਿਰ ਸਾਡੇ ਕੋਲ ਆ ਗਈ ਅਤੇ ਸਾਡੇ ਮੋਬਾਈਲ ਉਸਨੇ ਇੰਟਰਨੈਟ ਨਾਲ ਜੋੜ ਦਿੱਤੇ। ਉਸ ਲੜਕੀ ਨੇ ਜਾਂ ਤਾਂ ਨੈਟ ਖ੍ਰੀਦਿਆਂ ਹੋਵੇਗਾ ਅਤੇ ਜਾਂ ਫਿਰ ਆਪਣੇ ਮੋਬਾਈਲ ਦੇ ਪਰਸਨਲ ਹਾਟ ਸਪਾਟ ਨਾਲ ਜੋੜਕੇ ਸਾਡੇ ਵਟਸ ਅਪ ਚਲਣ ਲਾ ਦਿੱਤੇ ਹੋਣਗੇ। ਪਰ ਸਾਡੇ ਕੋਲੋਂ ਕੋਈ ਪੈਸੇ ਨਹੀਂ ਲਏ। ਕਿਤਨੀ ਦਿਆਲੂ ਲੜਕੀ ਸੀ। ਸਾਡੇ ਕੋਈ ਲੜਕੀ ਨਹੀਂ ਹੈ, ਸਾਨੂੰ ਇਉਂ ਲੱਗਿਆ ਕਿ ਪਰਮਾਤਮਾ ਨੇ ਸਾਨੂੰ ਲੜਕੀ ਦੇ ਦਿੱਤੀ ਹੈ। ਲੜਕੀਆਂ ਕਿਤਨੀਆਂ ਹਮਦਰਦ ਅਤੇ ਦੁੱਖ–ਸੁੱਖ ਦੀਆਂ ਸਹਾਇਕ ਹੁੰਦੀਆਂ ਹਨ। ਖਾਸ ਤੌਰ ਤੇ ਬਜ਼ੁਰਗਾਂ ਲਈ ਸਹਾਰਾ ਬਣਦੀਆਂ ਹਨ। ਸ਼ਾਇਦ ਉਸਨੂੰ ਸਾਡੇ ਰਾਹੀਂ ਉਸਦੇ ਆਪਣੇ ਮਾਪੇ ਹੀ ਵਿਖਾਈ ਦੇਣ ਲੱਗ ਪਏ ਸੀ। ਏਥੇ ਹੀ ਬਸ ਨਹੀਂ ਮੇਰੀ ਕੰਨ੍ਹਾਂ ਵਾਲੀ ਮਸ਼ੀਨ ਦਾ ਚਾਰਜ ਖ਼ਤਮ ਹੋ ਗਿਆ। ਮੈਂ ਆਪਣੀ ਸੀਟ ਦੇ ਨਾਲ ਚਾਰਜ ਕਰਨ ਦੇ ਪੁਆਇੰਟ ਤੇ ਆਪਣਾ ਚਾਰਜਰ ਲਗਾ ਰਿਹਾ ਸੀ। ਉਹ ਪੁਰਾਣੀ ਤਕਨੀਕ ਦਾ ਹੋਣ ਕਰਕੇ ਲੱਗ ਨਹੀਂ ਰਿਹਾ ਸੀ। ਉਸ ਲੜਕੀ ਦੀ ਕਮਾਲ ਵੇਖੋ, ਉਹ ਫਿਰ ਆ ਕੇ ਆਪ ਅਡਜਸਟ ਕਰਨ ਲੱਗੀ, ਪਰੰਤੂ ਉਹ ਚਾਰਜਰ ਫਿਟ ਨਾ ਹੋਇਆ। ਫਿਰ ਉਸਨੇ ਮੇਰੀ ਕੰਨਾਂ ਵਾਲੀ ਮਸ਼ੀਨ ਆਪਣੇ ਚਾਰਜਰ ਤੇ ਚਾਰਜ ਕਰ ਦਿੱਤੀ। ਉਤਨੀ ਦੇਰ ਨੂੰ ਸਾਡੇ ਦੋਹਾਂ ਦੇ ਫੋਨ ਵੀ ਵਟਸ ਅਪ ਚਲਣ ਕਰਕੇ ਉਨ੍ਹਾਂ ਦਾ ਚਾਰਜ ਖ਼ਤਮ ਹੋ ਗਏ। ਉਸਦਾ ਚਾਰਜਰ ਨਵੀਂ ਤਕਨੀਕ ਦਾ ਸੀ। ਇੱਕ ਚਾਰਜਰ ਨਾਲ ਕਈ ਤਾਰਾਂ ਸਨ। ਉਸਨੇ ਸਾਡੇ ਫੋਨ ਵੀ ਚਾਰਜ ਕਰ ਦਿੱਤੇ। ਆਲੇ ਦੁਆਲੇ ਦੀਆਂ ਸੀਟਾਂ ਵਾਲੇ ਪੈਸੰਜਰ ਉਸ ਲੜਕੀ ਦੀ ਦਰਿਆਦਿਲੀ ਵੇਖਕੇ ਹੈਰਾਨ ਹੋ ਰਹੇ ਸਨ। ਨਿਊ ਆਰਕ ਪਹੁੰਚਕੇ ਉਸਨੇ ਸਾਡੇ ਫੋਨ ਏਅਰਪੋਰਟ ਦੇ ਨੈਟ ਨਾਲ ਜੋੜ ਦਿੱਤੇ। ਜਦੋਂ ਅਸੀਂ ਆਪਣੇ ਅਟੈਚੀ ਕੇਸ (ਲੱਗੇਜ) ਲੈ ਰਹੇ ਸੀ ਤਾਂ ਉਹ ਉਥੇ ਵੀ ਸਾਡੇ ਕੋਲ ਆ ਗਈ ਅਤੇ ਸਾਡਾ ਸਾਮਾਨ ਉਸਨੇ ਚੁੱਕਕੇ ਟਰਾਲੀ ਤੇ ਰਖਵਾਇਆ। ਫਿਰ ਉਹ ਮੈਨੂੰ ਕਹਿਣ ਲੱਗੀ ਕਿ ਲਾਸ ਏਂਜਲਸ ਏਅਰਪੋਰਟ ਤੇ ਵੀ ਆਪਣੇ ਫੋਨ ਵੀਲ ਚੇਅਰ ਵਾਲੇ ਤੋਂ ਇੰਟਰਨੈਟ ਨਾਲ ਜੁੜਵਾਕੇ ਆਪਣੇ ਲੜਕੇ ਨਾਲ ਗੱਲ ਕਰ ਲੈਣਾ। ਉਸ ਲੜਕੀ ਨੇ ਮੈਨੂੰ ਮੇਰੇ ਟੈਲੀਫ਼ੋਨ ਤੇ ਇੰਟਰਨੈਟ ਨਾਲ ਜੋੜਨ ਦਾ ਤਰੀਕਾ ਸਮਝਾਇਆ। ਮੈਂ ਉਸਨੂੰ ਦੱਸਿਆ ਕਿ ਮੈਂ ਗਲੋਬਲ ਆਪਣੇ ਟੈਲੀਫੋਨ ਲਈ ਗਲਬਲ ਪੈਕੇਜ ਲਿਆ ਹੈ, ਜਹਾਜ ਤੋਂ ਬਾਹਰ ਤਾਂ ਮੇਰਾ ਟੈਲੀਫੋਨ ਚਲ ਪਵੇਗਾ। ਉਸਨੇ ਦੱਸਿਆ ਕਿ ਉਹ ਹੂਸਟਨ ਆਪਣੇ ਪਰਿਵਾਰ ਨਾਲ ਰਹਿੰਦੀ ਹੈ, ਪ੍ਰੰਤੂ ਉਸਦੇ ਮਾਪੇ ਦਿੱਲੀ ਰਹਿੰਦੇ ਹਨ ਤੇ ਉਹ ਦਿੱਲੀ ਆਪਣੇ ਬਿਮਾਰ ਪਿਤਾ ਦੀ ਬੀਮਾਰੀ ਦਾ ਪਤਾ ਲੱਗਣ ਤੇ ਦਿੱਲੀ ਪਿਤਾ ਦੀ ਖ਼ਬਰ ਲੈਣ ਆਈ ਸੀ। ਸਾਡੇ ਸਮਾਜ ਵਿੱਚ ਲੜਕੀਆਂ ਨਾਲੋਂ ਲੜਕਿਆਂ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ। ਲੜਕੀਆਂ ਦੀ ਭਰੂਣ ਹੱਤਿਆ ਕਰਵਾ ਦਿੱਤੀ ਜਾਂਦੀ ਹੈ। ਜਦੋਂ ਕਿ ਲੜਕੀਆਂ ਹੀ ਆਪਣੇ ਮਾਪਿਆਂ ਦਾ ਸਭ ਤੋਂ ਵੱਧ ਧਿਆਨ ਰੱਖਦੀਆਂ ਹਨ। ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਲੜਕੇ ਜ਼ਮੀਨ ਜਾਇਦਾਦਾਂ ਦੇ ਝਗੜਿਆਂ ਕਰਕੇ ਆਪਣੇ ਮਾਪਿਆਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ। ਅਸੀਂ ਪਰਵਾਸ ਵਿੱਚ ਜਾਂਦੇ ਰਹਿੰਦੇ ਹਾਂ। ਉਥੇ ਆਮ ਸੁਣਨ ਤੇ ਵੇਖਣ ਵਿੱਚ ਆਉਂਦਾ ਹੈ ਕਿ ਜਿਹੜੇ ਬਜ਼ੁਰਗਾਂ ਦੇ ਪਾਰਕਾਂ ਵਿੱਚ ਆਉਣ ਸਮੇਂ ਪਰੈਸ ਕੀਤੇ ਸਾਫ ਸੁਥਰੇ ਕਪੜੇ ਪਹਿਨੇ ਹੁੰਦੇ ਹਨ, ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੀ ਲੜਕੀ ਕੋਲ ਰਹਿੰਦੇ ਹੋਣਗੇ। ਭਾਵ ਲੜਕੀਆਂ ਮਾਪਿਆਂ ਦਾ ਬਿਹਤਰੀਨ ਢੰਗ ਨਾਲ ਧਿਆਨ ਰੱਖਦੀਆਂ ਹਨ। ਪ੍ਰੰਤੂ ਲੜਕਿਆਂ ਦਾ ਪ੍ਰਭਾਵ ਬਹੁਤਾ ਚੰਗਾ ਨਹੀਂ। ਫਿਰ ਵੀ ਸਾਡਾ ਪੰਜਾਬੀ ਸਮਾਜ ਲੜਕੀ ਦੇ ਜੰਮਣ ਨੂੰ ਚੰਗਾ ਨਹੀਂ ਸਮਝਦਾ। ਮੇਰਾ ਤਜ਼ਰਬਾ ਦੱਸਦਾ ਹੈ ਕਿ ਲੜਕੀਆਂ, ਲੜਕਿਆਂ ਤੋਂ ਕਿਸੇ ਗੱਲੋਂ ਵੀ ਘੱਟ ਨਹੀਂ ਹੁੰਦੀਆਂ। ਲੜਕੀਆਂ ਸਭਿਆ ਸਮਾਜ ਦਾ ਸਰਮਾਇਆ ਹੁੰਦੀਆਂ ਹਨ।
-ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ
ujagarsingh48@yahoo.com
ਮੋਬਾਈਲ-94178 13072
