ਆਪ ਨੇ 957, ਕਾਂਗਰਸ ਨੇ 397 ਤੇ ਅਕਾਲੀ ਦਲ ਨੇ 192 ਵਾਰਡ ਜਿੱਤੇ- 251 ਵਾਰਡਾਂ ’ਚ ਆਜ਼ਾਦ ਉਮੀਦਵਾਰ ਜੇਤੂ
19 ਨਗਰ ਪੰਚਾਇਤਾਂ ਚੋਂ ਆਪ 9, ਅਕਾਲੀ ਦਲ 5, ਕਾਂਗਰਸ ਇਕ ਅਤੇ 4 ਵਿਚ ਆਜ਼ਾਦ ਜੇਤੂ-
ਚੰਡੀਗੜ- ਬੀਤੇ ਦਿਨ ਹੋਈਆਂ ਨਿਗਮ ਅਤੇ ਕੌਸਲ ਚੋਣਾਂ ਵਿਚ ਸਰਕਾਰੀ ਧੱਕੇਸ਼ਾਹੀ, ਵਿਰੋਧੀਆਂ ਦੇ ਕਾਗਜ਼ ਰੱਦ ਕਰਨ ਅਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਦੇ ਦੋਸ਼ਾਂ ਦਰਮਿਆਨ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੱਡੇ ਪੱਧਰ ਤੇ ਜਿੱਤ ਦਰਜ ਕੀਤੀ ਹੈ। ਪੰਜਾਬ ’ਚ ਅੱਠ ਨਗਰ ਨਿਗਮ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੇ ਕੁੱਲ 1,976 ਵਾਰਡਾਂ ’ਚੋਂ ਆਮ ਆਦਮੀ ਪਾਰਟੀ ਨੇ 957 ਵਾਰਡਾਂ (48.45 ਫ਼ੀਸਦੀ) ’ਤੇ ਜਿੱਤ ਹਾਸਲ ਕੀਤੀ ਹੈ ਜਦੋਂ ਕਿ ਕਾਂਗਰਸ ਨੇ 397 ਵਾਰਡਾਂ (20.08 ਫ਼ੀਸਦੀ) ’ਤੇ ਜੇਤੂ ਰਹਿ ਕੇ ਦੂਸਰਾ ਸਥਾਨ ਮੱਲਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ 192 ਵਾਰਡਾਂ (9.71 ਫ਼ੀਸਦੀ) ਅਤੇ ਭਾਜਪਾ ਨੇ 172 ਵਾਰਡਾਂ (8.70 ਫ਼ੀਸਦੀ) ’ਚ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ ਆਜ਼ਾਦ ਉਮੀਦਵਾਰਾਂ ਨੇ 251 ਵਾਰਡਾਂ (12.69 ਫ਼ੀਸਦ) ਅਤੇ ਬਸਪਾ ਨੇ 7 (0.35) ਵਾਰਡਾਂ ’ਚ ਕਾਮਯਾਬੀ ਹਾਸਲ ਕੀਤੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਅੱਠ ਨਗਰ ਨਿਗਮਾਂ ’ਚੋਂ ‘ਆਪ’ ਮੁਹਾਲੀ, ਬਰਨਾਲਾ, ਬਟਾਲਾ, ਮੋਗਾ ਅਤੇ ਬਠਿੰਡਾ ’ਤੇ ਕਾਬਜ਼ ਹੋਈ ਹੈ ਜਦੋਂ ਕਿ ਕਪੂਰਥਲਾ ਨਿਗਮ ’ਤੇ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ ਅਤੇ ਅਬੋਹਰ ਨਿਗਮ ਭਾਜਪਾ ਦੀ ਝੋਲੀ ਪਿਆ ਹੈ। ਪਠਾਨਕੋਟ ਨਿਗਮ ’ਚ ਭਾਜਪਾ 20 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ।
ਇਸੇ ਤਰ੍ਹਾਂ 19 ਨਗਰ ਪੰਚਾਇਤਾਂ ’ਚੋਂ ‘ਆਪ’ 9, ਸ਼੍ਰੋਮਣੀ ਅਕਾਲੀ ਦਲ 5 ਅਤੇ ਕਾਂਗਰਸ ਇੱਕ ਮਹਿਤਪੁਰ ਨਗਰ ਪੰਚਾਇਤ ’ਤੇ ਕਾਬਜ਼ ਹੋਈ ਹੈ। ਚਾਰ ਨਗਰ ਪੰਚਾਇਤਾਂ ਆਜ਼ਾਦ ਉਮੀਦਵਾਰਾਂ ਦੀ ਝੋਲੀ ਪਈਆਂ ਹਨ। ਅਮਰਗੜ੍ਹ ਕੌਂਸਲ ’ਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਛੇ ਸੀਟਾਂ ਨਾਲ ਕਾਬਜ਼ ਹੋਇਆ ਹੈ। ਰਾਜ ਚੋਣ ਕਮਿਸ਼ਨ ਅਨੁਸਾਰ ਆਮ ਆਦਮੀ ਪਾਰਟੀ ਕੁੱਲ 102 ਸ਼ਹਿਰੀ ਸੰਸਥਾਵਾਂ ’ਚੋਂ ਸਿਰਫ਼ ਤਿੰਨ ਸ਼ਹਿਰਾਂ/ਕਸਬਿਆਂ ’ਚ ਖਾਤਾ ਨਹੀਂ ਖੋਲ੍ਹ ਸਕੀ ਜਦੋਂ ਕਿ ਬਾਕੀ ਥਾਵਾਂ ’ਤੇ ਵੱਡੀ ਜਿੱਤ ਦਰਜ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ 102 ਸ਼ਹਿਰੀ ਸੰਸਥਾਵਾਂ ’ਚੋਂ 43 ਸ਼ਹਿਰਾਂ ਤੇ ਕਸਬਿਆਂ ’ਚ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ ਜਦੋਂ ਕਿ ਪੰਜ ਨਗਰ ਪੰਚਾਇਤਾਂ ਤੋਂ ਇਲਾਵਾ ਇੱਕ ਨਗਰ ਕੌਂਸਲ ਸੰਗਤ ਅਕਾਲੀ ਦਲ ਦੀ ਝੋਲੀ ਪਈ ਹੈ। ਕਾਂਗਰਸ ਪਾਰਟੀ 30 ਸ਼ਹਿਰਾਂ ਤੇ ਕਸਬਿਆਂ ’ਚ ਖਾਤਾ ਖੋਲ੍ਹਣ ’ਚ ਨਾਕਾਮ ਰਹੀ ਹੈ। ਕਾਂਗਰਸ ਕਪੂਰਥਲਾ ਨਿਗਮ ਤੋਂ ਇਲਾਵਾ ਰਾਏਕੋਟ ਨਗਰ ਕੌਂਸਲ ’ਤੇ ਕਾਬਜ਼ ਹੋਣ ’ਚ ਸਫਲ ਹੋਈ ਹੈ। ਪਠਾਨਕੋਟ ਨਿਗਮ ’ਚ ਕਾਂਗਰਸ ਨੇ 15 ਅਤੇ ਮੁਹਾਲੀ ਨਿਗਮ ’ਚ 12 ਸੀਟਾਂ ਹਾਸਲ ਕੀਤੀਆਂ ਹਨ। ਭਾਜਪਾ ਸਿਆਸੀ ਧਿਰਾਂ ’ਚੋਂ ਚੌਥੇ ਸਥਾਨ ’ਤੇ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ’ਚ ਆਪਣੇ ਗੁਆਚੇ ਆਧਾਰ ਨੂੰ ਮੁੜ ਸੁਰਜੀਤ ਕਰਨ ’ਚ ਅਸਫਲ ਰਿਹਾ ਹੈ ਅਤੇ ਕੇਵਲ ਬਠਿੰਡਾ ਮਾਨਸਾ ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਇਨ੍ਹਾਂ ਚੋਣਾਂ ’ਚ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਚੁਣੇ ਜਾ ਚੁੱਕੇ ਹਨ।
ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਆਪਣੇ ਜੱਦੀ ਖੇਤਰ ਅਬੋਹਰ ’ਚ ਜੇਤੂ ਪ੍ਰਦਰਸ਼ਨ ਕਰਨ ’ਚ ਕਾਮਯਾਬ ਰਹੇ ਹਨ। ਹਾਲਾਂਕਿ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਜੱਦੀ ਹਲਕੇ ਬਰਨਾਲਾ ਦੀ ਨਿਗਮ ’ਚ ਭਾਜਪਾ ਸੱਤ ਸੀਟਾਂ ਤੱਕ ਹੀ ਸੀਮਤ ਰਹਿ ਗਈ।
‘ਆਪ’ ਨੇ ਇਨ੍ਹਾਂ ਚੋਣਾਂ ’ਚ ਵਿਰੋਧੀਆਂ ਦੀ ਆਪਸੀ ਖਿੱਚੋਤਾਣ ਦਾ ਪੂਰਾ ਲਾਹਾ ਲਿਆ। ਆਜ਼ਾਦ ਉਮੀਦਵਾਰਾਂ ਦਾ ਇੰਨੀ ਵੱਡੀ ਪੱਧਰ ’ਤੇ ਜਿੱਤਣਾ ਸੰਕੇਤ ਹੈ ਕਿ ਸੱਤਾਧਾਰੀ ਧਿਰ ਤੋਂ ਨਾਰਾਜ਼ ਵੋਟਰਾਂ ਨੇ ਵਿਰੋਧੀ ਧਿਰਾਂ ਦੀ ਬਜਾਏ ਆਜ਼ਾਦ ਉਮੀਦਵਾਰਾਂ ਦਾ ਪੱਲਾ ਫੜਨ ਨੂੰ ਤਰਜੀਹ ਦਿੱਤੀ। ‘ਆਪ’ ਇਨ੍ਹਾਂ ਚੋਣਾਂ ’ਚ ਜਿੱਥੇ ਬਰਨਾਲਾ-ਸੰਗਰੂਰ ਵਿਚਲਾ ਆਪਣਾ ਗੜ੍ਹ ਕਾਇਮ ਰੱਖਣ ’ਚ ਸਫਲ ਰਹੀ, ਉੱਥੇ ਵਿਰੋਧੀਆਂ ਦੇ ਗੜ੍ਹ ਜਿਵੇਂ ਗਿੱਦੜਬਾਹਾ (ਰਾਜਾ ਵੜਿੰਗ) ਤੇ ਮਜੀਠਾ ’ਚ ਵੀ ਸੰਨ੍ਹ ਲਾਉਣ ’ਚ ਕਾਮਯਾਬ ਰਹੀ। ਬਰਨਾਲਾ ਨਿਗਮ ਦੀ ਇਹ ਪਹਿਲੀ ਚੋਣ ਸੀ, ਜੋ 31 ਸੀਟਾਂ ਨਾਲ ‘ਆਪ’ ਦੀ ਝੋਲੀ ਪਈ ਹੈ। ਬਰਨਾਲਾ ਦੀ ਚੋਣ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੱਕਾਰ ਦਾ ਸੁਆਲ ਬਣਾ ਕੇ ਲੜੀ। ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਹਲਕੇ ਧੂਰੀ ਦੀ ਕੌਂਸਲ ’ਚ ‘ਆਪ’ ਨੂੰ 21 ’ਚੋਂ 19 ਸੀਟਾਂ ਮਿਲੀਆਂ ਹਨ। ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਹਲਕੇ ਦੀ ਸੁਨਾਮ ਕੌਂਸਲ ’ਚ ‘ਆਪ’ ਨੂੰ 23 ਸੀਟਾਂ ’ਚੋਂ 19 ਸੀਟਾਂ ਮਿਲੀਆਂ ਹਨ।
ਮਜੀਠਾ ਦੀ ਵੱਕਾਰੀ ਸੀਟ ਵੀ ‘ਆਪ’ ਦੀ ਝੋਲੀ ਪਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਅਕਾਲੀ ਦਲ ਨੂੰ ਸਰਕਾਰੀ ਮਸ਼ੀਨਰੀ ਦੇ ਬਲ ’ਤੇ ਦੋ ਸੀਟਾਂ ’ਤੇ ਹਰਾਇਆ ਗਿਆ ਹੈ। ਮਜੀਠੀਆ ਨੇ ਚੋਣ ਪ੍ਰਕਿਰਿਆ ਦੌਰਾਨ ਹੀ ਧੱਕੇਸ਼ਾਹੀ ਦਾ ਰੌਲਾ ਪਾਇਆ ਸੀ। ਚੋਣ ਨਤੀਜਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੇ ਹਲਕੇ ਚਮਕੌਰ ਸਾਹਿਬ ਅਤੇ ਮੋਰਿੰਡਾ ਕੌਂਸਲ ’ਚ ਕਾਂਗਰਸ ਦੀ ਸਾਖ਼ ਬਚਾਉਣ ’ਚ ਕਾਮਯਾਬ ਰਹੇ।
ਪੰਜਾਬ ਦੇ ਲੋਕਾਂ ਨੇ ‘ਆਪ’ ਨੂੰ ਨਕਾਰਿਆ- ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਗਮ ਚੋਣਾਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਪਾਰਟੀ ਉਮੀਦਵਾਰਾਂ ਅਤੇ ਵੱਡੀ ਗਿਣਤੀ ਜੇਤੂ ਰਹੇ ਆਜ਼ਾਦ ਉਮੀਦਵਾਰਾਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੂੰ ਪਾਰਟੀ ਨੇ ਸਮਰਥਨ ਦਿੱਤਾ ਸੀ। ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ’ਤੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰਨ ਅਤੇ ਸ਼ਰ੍ਹੇਆਮ ਗੁੰਡਾਗਰਦੀ ਕਰਨ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਚੋਣਾਂ ਵਿੱਚ ਦੱਸ ਦਿੱਤਾ ਹੈ ਕਿ ਉਹ ਕਿਸ ’ਤੇ ਭਰੋਸਾ ਕਰਦੇ ਹਨ।
