Jun 9, 2026

ਨਵੀਂ ਲੜਾਈ ਵਿਚ ਪੁਰਾਣੇ ਚਿਹਰੇ ਹੋਣਗੇ ਸਾਹਮਣੇ—
-ਪਰਮਜੀਤ ਸਿੰਘ ਬਾਗੜੀਆ 9814765705, ਅਵਤਾਰ ਸਿੰਘ ਨੰਦਪੁਰੀ–
2022 ਵਿਚ ਸੂਬੇ ‘ਚ ਤਬਦੀਲੀ ਦੀ ਹਨੇਰੀ ਨਾਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜ ਕੇ ਬਣੀ ਪੰਜਾਬ ਸਰਕਾਰ ਦੀ ਮਿਆਦ ਪੁੱਗਣ ਦਾ ਸਮਾਂ ਦਿਨ ਬ ਦਿਨ ਨੇੜੇ ਆਉਣ ਨਾਲ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਬਾਰੇ ਨਵੇਂ ਅਤੇ ਤਾਜਾ ਕਿਆਸੇ ਲਗਾਏ ਜਾ ਰਹੇ ਹਨ ਅੱਜ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਹਲਕਾ ਪਾਇਲ ਬਾਰੇ ਲੱਖਣ ਲਾਵਾਂਗੇ ਕਿ ਇਸ ਵਿਧਾਨ ਸਭਾ ਹਲਕੇ ਵਿਚ 2027 ਦੀਆਂ ਚੋਣਾਂ ਵਿਚ ਮੁਕਾਬਲਾ ਕਿਹੋ ਜਿਹਾ ਰਹੇਗਾ ਅਤੇ ਸਿਆਸਤ ਦੇ ਪੁਰਾਣੇ ਖਿਡਾਰੀਆਂ ਦੇ ਨਾਲ ਕਿਹੜੇ ਕਿਹੜੇ ਨਵਂੇ ਚਿਹਰਿਆਂ ਦੀ ਸੰਭਾਵੀ ਆਮਦ ਹੋ ਸਕਦੀ ਹੈ?
ਹਲਕੇ ਦੇ ਮੌਜੂਦਾ ਅਤੇ ਨੇੜ ਭਵਿੱਖ ਦੇ ਹਾਲਾਤ ‘ਤੇ ਝਾਤ ਪਾਉਣ ਤੋਂ ਪਹਿਲਾਂ ਇਸ ਹਲਕੇ ਦੇ ਇਤਿਹਾਸਕ ਪਿਛੋਕੜ ਬਾਰੇ ਜਾਨਣਾ ਵੀ ਗੈਰਵਾਜਿਬ ਨਹੀਂ ਹੋਵੇਗਾ। ਪਾਇਲ ਹਲਕਾ 1977 ਵਿਚ ਜਨਰਲ ਹਲਕੇ ਵਜੋਂ ਹੋਂਦ ਵਿਚ ਆਉਣ ਤੋਂ ਲੈ ਕੇ 2012 ਦੀਆਂ ਵਿਧਾਨ ਸਭਾ ਚੋਣਾਂ ਤੱਕ ਪੰਜਾਬ ਦੀਆਂ ਦੋ ਪ੍ਰਮੁੱਖ ਸਿਆਸੀ ਧਿਰਾਂ ਅਕਾਲੀ ਦਲ ਅਤੇ ਕਾਂਗਰਸ ਵਿਚਕਾਰ ਕਾਂਟੇ ਦੀ ਟੱਕਰ ਦਾ ਮੈਦਾਨ ਬਣਿਆ ਰਿਹਾ। 1977 ਤੋਂ 2022 ਤੱਕ ਹੋਈਆਂ 10 ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ 6, ਅਕਾਲੀ ਦਲ ਨੇ 3 ਅਤੇ ਆਮ ਆਦਮੀ ਪਾਰਟੀ ਨੇ ਇਕ ਵਾਰ ਜਿੱਤ ਦਰਜ ਕੀਤੀ ਹੈ। ਕਾਂਗਰਸ ਦੀਆਂ ਇਨਹਾਂ 6 ਜਿੱਤਾਂ ਵਿਚੋਂ 4 ਵਾਰ ਤਾਂ ਇਹ ਸੀਟ ਸਿੱਧੇ ਤੌਰ ‘ਤੇ ਬੇਅੰਤ ਸਿੰਘ ਦੇ ਪਰਿਵਾਰ ਕੋਲ ਰਹੀ ਹੈ। 1977, 1980 ਅਤੇ 1985 ਵਿਚ ਹੋਈਆਂ ਚੋਣਾਂ ਵਿਚ ਕਾਂਗਰਸੀ ਆਗੂ ਬੇਅੰਤ ਸਿੰਘ ਲਗਾਤਾਰ ਦੋ ਵਾਰ ਅਕਾਲੀ ਉਮੀਦਵਾਰਾਂ ਕ੍ਰਮਵਾਰ ਜਰਨੈਲ ਸਿੰਘ ਅਤੇ ਬੀਬੀ ਨਿਰਲੇਪ ਕੌਰ ਨੂੰ ਹਰਾਉਣ ਤੋਂ ਬਾਅਦ 1985 ਦੀ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਦਵਿੰਦਰ ਸਿੰਘ ਗਰਚਾ ਹੱਥੋਂ 40124 ਵੋਟਾਂ ਦੇ ਮੁਕਾਬਲੇ ਸਿਰਫ 30871 ਵੋਟਾਂ ਪ੍ਰਾਪਤ ਕਰਨ ਕਰਕੇ 9253 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਫਿਰ 1992 ਦੀ ਵਿਧਾਨ ਸਭਾ ਚੋਣ ਵਿਚ ਪੰਜਾਬ ਵਿਚ ਖਾੜਕੂਵਾਦ ਦੇ ਸਿਖਰ ਅਤੇ ਪੰਜਾਬ ਪੁਲਿਸ ਦੇ ਅੰਨ੍ਹੇ ਜਬਰ ਦੇ ਦੌਰ ਦੀਆਂ ਵਿਸ਼ੇਸ਼ ਹਾਲਤਾਂ ਅਤੇ ਮੁੱਖ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਬਾਈਕਾਟ ਕਰਕੇ ਮੈਦਾਨੋਂ ਬਾਹਰ ਹੋਣ ਕਾਰਨ ਕਾਂਗਰਸ ਦੇ ਇਸ ਹਲਕੇ ਦੇ ਤਿੰਨ ਵਾਰ ਰਹੇ ਉਮੀਦਵਾਰ ਸ਼ ਬੇਅੰਤ ਸਿੰਘ ਨੇ ਜਲੰਧਰ ਛਾਊਣੀ ਦੀ ਸੀਟ ਤੋਂ ਜਿੱਤ ਪ੍ਰਾਪਤ ਕਰਕੇ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਇਤਿਹਾਸ ਰਚਿਆ ਪਰ ਇਸ ਵਿਸ਼ੇਸ਼ ਹਾਲਾਤ ਵਿਚ ਪਾਇਲ ਹਲਕੇ ਦੀ ਚੋਣ ਵਿਚ ਕਾਂਗਰਸੀ ਉਮੀਦਵਾਰ ਹਰਨੇਕ ਸਿੰਘ ਮਾਂਗੇਵਾਲ ਸਿਰਫ 8081 ਵੋਟਾਂ ਪ੍ਰਾਪਤ ਕਰਕੇ ਵਿਧਾਇਕ ਬਣ ਗਏ ਪਰ ਅਕਾਲੀ ਉਮੀਦਵਾਰ ਦੀ ਅਣਹੋਂਦ ਕਾਰਨ ਹਲਕੇ ਦੇ ਰਸੂਖਵਾਨ ਸੀ. ਪੀ. ਆਈ. ਆਗੂ ਕਾਮਰੇਡ ਕਰਤਾਰ ਬੁਆਣੀ ਨੇ 6772 ਵੋਟਾਂ ਲੈ ਕੇ ਟੱਕਰ ਦਾ ਮੁਕਾਬਲਾ ਕੀਤਾ ਸੀ।
ਫਿਰ 31 ਅਗਸਤ 1995 ਨੂੰ ਮੁੱਖ ਮੰਤਰੀ ਸ਼ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਕਾਂਗਰਸ ਫੁੱਟ ਦਾ ਸ਼ਿਕਾਰ ਹੋਣ ਕਰਕੇ ਮੁੱਖ ਮੰਤਰੀਆਂ ਸ਼ ਹਰਚਰਨ ਸਿੰਘ ਬਰਾੜ ਅਤੇ ਬੀਬੀ ਰਾਜਿੰਦਰ ਕੌਰ ਭੱਠਲ ਦੇ ਰਾਜਭਾਗ ਤੋਂ ਬਾਅਦ 1997 ਦੀ ਚੋਣ ਵਿਚ ਜੇਤੂ ਜਲਵਾ ਨਾ ਸਿਰਜ ਸਕੀ, ਲਿਹਾਜਾ ਇਕ ਦਹਾਕਾ ਸਿਆਸੀ ਹਾਸ਼ੀਏ ‘ਤੇ ਰਹਿਣ ਵਾਲੇ ਸ਼ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਿਚ 1997 ਦੀਆਂ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਦੀ ਲਹਿਰ ਦਾ ਜਾਦੂ ਪਾਇਲ ਸੀਟ ‘ਤੇ ਵੀ ਚੱਲਿਆ ਜਿਥੇ ਅਕਾਲੀ ਦਲ ਦੇ ਉਮੀਦਵਾਰ ਸ਼ ਸਾਧੂ ਸਿੰਘ ਘੁਡਾਣੀ ਨੇ ਕਾਂਗਰਸ ਅਤੇ ਖੱਬੇ ਪੱਖੀ ਪਾਰਟੀ ਸੀ. ਪੀ. ਆਈ. ਦੇ ਸਾਂਝੇ ਉਮੀਦਵਾਰ ਕਾਮਰੇਡ ਕਰਤਾਰ ਬੁਆਣੀ ਨੂੰ 35185 ਦੇ ਮੁਕਾਬਲੇ 42459 ਵੋਟਾਂ ਲੈ ਕੇ 6772 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਸੀ। ਇਸ ਚੋਣ ਵਿਚ ਬਸਪਾ ਉਮੀਦਵਾਰ ਪ੍ਰਿਤਪਾਲ ਸਿੰਘ ਨੇ 8289 ਵੋਟਾਂ ਲੈ ਕੇ ਅਕਾਲੀ ਦਲ ਲਈ ਜਿੱਤ ਸੁਖਾਲੀ ਕਰ ਦਿੱਤੀ ਸੀ। ਪਰ 2002 ਅਤੇ 2007 ਦੀ ਚੋਣ ਵਿਚ ਸਵਰਗੀ ਬੇਅੰਤ ਸਿੰਘ ਦੇ ਪੁੱਤਰ ਤੇਜਪ੍ਰਕਾਸ਼ ਸਿੰਘ ਕੋਟਲੀ ਨੇ ਲਗਾਤਾਰ ਦੋ ਵਾਰ ਜਿੱਤ ਦਰਜ ਕੀਤੀ ਜਿਸ ਵਿਚ 2002 ਵਿਚ ਉਸਨੇ ਅਕਾਲੀ ਦਲ ਦੇ ਉਮੀਦਵਾਰ ਜਗਜੀਵਨ ਸਿੰਘ ਗਿੱਲ ਨੂੰ 34681 ਦੇ ਮੁਕਾਬਲੇ 42282 ਵੋਟਾਂ ਲੈ ਕੇ ਵੱਡੇ ਫਰਕ ਨਾਲ ਹਰਾਇਆ। ਅਕਾਲੀ ਦਲ ਨੇ 2007 ਦੀ ਚੋਣ ਵਿਚ ਟਿਕਟ ਬਦਲ ਕੇ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਦਿੱਤੀ, ਇਸਨੂੰ ਵੀ ਕਾਂਗਰਸੀ ਉਮੀਦਵਾਰ ਤੇਜਪ੍ਰਕਾਸ਼ ਸਿੰਘ ਕੋਟਲੀ ਨੇ 26461 ਦੇ ਮੁਕਾਬਲੇ 42535 ਵੋਟਾਂ ਲੈ ਕੇ ਕਰਾਰੀ ਹਾਰ ਦਿੱਤੀ। ਅਕਾਲੀ ਦੀ ਦਲ ਆਪਸੀ ਫੁੱਟ ਇਸ ਸੀਟ ਉਦੋਂ ਫੈਸਲਾਕੁੰਨ ਰੋਲ ਅਦਾ ਕਰ ਗਈ ਜਦੋਂ ਅਕਾਲੀ ਦਲ ਦੇ ਬਾਗੀ ਅਤੇ ਪਿਛਲੀ ਚੋਣ ਵਿਚ ਪਸਤ ਹੋਏ ਉਮੀਦਵਾਰ ਜਗਜੀਵਨ ਸਿੰਘ ਗਿੱਲ ਨੇ ਅਜ਼ਾਦ ਚੋਣ ਲੜਕੇ 17496 ਵੋਟਾਂ ਲੈ ਕੇ ਅਕਾਲੀ ਦਲ ਦੀ ਬੇੜੀ ਵਿਚ ਵੱਟਿਆਂ ਦਾ ਕੰਮ ਕੀਤਾ ਕਿਉਂ ਕਿ ਜੇਕਰ ਦੋਵੇਂ ਅਕਾਲੀ ਉਮੀਦਵਾਰਾਂ ਨੂੰ ਮਿਲੀਆਂ ਵੋਟਾਂ ਦਾ ਜੋੜ ਕਰੀਏ ਤਾਂ ਉਹ ਜੇਤੂ ਉਮੀਦਵਾਰ ਨਾਲੋਂ 1422 ਵੋਟਾਂ ਵੱਧ ਬਣਦੀਆਂ ਹਨ।
2012 ਦੀ ਪਾਇਲ ਵਿਧਾਨ ਸਭਾ ਸੀਟ ਜਨਰਲ ਤੋਂ ਬਦਲ ਕੇ ਐਸ਼ ਸੀ. ਉਮੀਦਵਾਰ ਲਈ ਰਾਂਖਵੀਂ ਹੋ ਗਈ। ਇਸ ਚੋਣ ਵਿਚ ਅਕਾਲੀ ਦਲ ਨੇ ਪਾਇਲ ਸੀਟ ‘ਤੇ ਜਿੱਤ ਪ੍ਰਾਪਤ ਕਰਨ ਦੇ ਨਾਲ ਨਾਲ ਮੁੜ ਸਰਕਾਰ ਵੀ ਬਣਾਈ ਇਸ ਵਾਰ ਅਕਾਲੀ ਦਲ ਨੇ ਵੱਡੇ ਦਲਿਤ ਚਿਹਰੇ ਸ਼ ਚਰਨਜੀਤ ਸਿੰਘ ਅਟਵਾਲ ਨੂੰ ਲੜਾਇਆ ਸੀ ਜਿਸਦੇ ਸਿਆਸੀ ਤਜਰਬੇ ਅਤੇ ਪਾਰਟੀ ਦੇ ਹੱਕ ਵਿਚ ਲੋਕ ਰੁਝਾਨ ਸਦਕਾ ਸ਼ ਅਟਵਾਲ ਨੇ ਇਸ ਹਲਕੇ ਵਿਚ ਬੇਅੰਤ ਸਿੰਘ ਪਰਿਵਾਰ ਦੇ ਖਾਸ ਮੰਨੇ ਜਾਂਦੇ ਨੌਜਵਾਨ ਕਾਂਗਰਸੀ ਆਗੂ ਲਖਵੀਰ ਸਿੰਘ ਲੱਖਾ ਪਾਇਲ ਨੂੰ ਬਹੁਤ ਹੀ ਸਖਤ ਮੁਕਾਬਲੇ ਵਿਚ 630 ਵੋਟਾਂ ਦੇ ਫਰਕ ਨਾਲ ਹਰਾਇਆ ਸੀ ਇਕ 74 ਸਾਲਾ ਸੀਨੀਅਰ ਅਕਾਲੀ ਆਗੂ ਸ਼ ਅਟਵਾਲ ਨੂੰ 36 ਸਾਲਾ ਨੌਜਵਾਨ ਲੱਖਾ ਪਾਇਲ ਨੇ ਨੀਂਦ ਉਡਾਊ ਟੱਕਰ ਦਿੱਤੀ ਸੀ। ਪਾਇਲ ਸੀਟ ‘ਤੇ ਇਹ ਦੋ ਧਿਰੀ ਸਿੱਧੀ ਟੱਕਰ ਏਨੀ ਸਖਤ ਸੀ ਕਿ ਦੋਵੇਂ ਉਮੀਦਵਾਰ 45-45% ਤੋਂ ਵੱਧ ਲੈ ਕੇ ਗਏ। ਲੱਖਾ ਪਾਇਲ ਦੀਆਂ 54610 ਵੋਟਾਂ ਮੁਕਾਬਲੇ ਸ਼ ਅਟਵਾਲ 55240 ਵੋਟਾਂ ਨਾਲ ਜੇਤੂ ਰਹੇ ਅਤੇ ਬਾਦਲ ਸਰਕਾਰ ਵਿਚ ਕੈਬਨਿਟ ਮੰਤਰੀ ਬਣੇ। ਫਿਰ ਲੱਖਾ ਪਾਇਲ ਨੌਜਵਾਨ ਅਤੇ ਜੋਸ਼ੀਲਾ ਆਗੂ ਬਣ ਕੇ ਹਲਕੇ ਵਿਚ ਵਿਚਰਿਆ ਅਤੇ ਅਗਲੀ 2017 ਦੀ ਚੋਣ ਵਿਚ ਅਕਾਲੀ ਦਲ ਨੇ ਕਾਂਗਰਸ ਵਿਚੋਂ ਆਏ ਸਾਬਕਾ ਵਿਧਾਇਕ ਸ਼ ਈਸ਼ਰ ਸਿੰਘ ਮਿਹਰਬਾਨ ਨੂੰ ਮੈਦਾਨ ਵਿਚ ਉਤਾਰਿਆ। ਇਸ ਸੀਟ ‘ਤੇ ਆਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਲਾਪਰਾਂ ਦੀ ਆਮਦ ਨਾਲ ਤਿਕੋਨੀ ਟੱਕਰ ਬਣੀ ਪਰ ਨੌਜਵਾਨ ਕਾਂਗਰਸੀ ਉਮੀਦਵਾਰ ਲਖਵੀਰ ਲੱਖਾ ਮੁਕਾਬਲੇ ਦੋਵਾਂ ਦੇ ਪੈਰ ਨਹੀਂ ਲੱਗੇ। ਸ਼ ਮਿਹਰਬਾਨ ਸਿਰਫ 33044 ਵੋਟਾਂ ਹੀ ਹਾਸਲ ਕਰ ਸਕੇ ਜਦਕਿ ਕਾਂਗਰਸੀ ਆਗੂ ਲਖਵੀਰ ਸਿੰਘ ਲੱਖਾ ਰਿਕਾਰਡ 57776 ਵੋਟਾਂ ਲੈ ਕੇ ਜੇਤੂ ਬਣੇ ਇਥੇ ਤੀਜੀ ਧਿਰ ਆਪ ਵਲੋਂ ਪਹਿਲੀ ਵਾਰ ਖੜੇ ਉਮੀਦਵਾਰ ਗੁਰਪ੍ਰੀਤ ਲਾਪਰਾਂ ਨੇ 36280 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੀ ਖੇਡ ਹੀ ਵਿਗਾੜ ਕੇ ਰੱਖ ਦਿੱਤੀ। 2022 ਦੀ ਵਿਧਾਨ ਸਭਾ ਚੋਣ ਵਿਚ ਆਪ ਦੀ ਹਨੇਰੀ ਅੱਗੇ ਕੋਈ ਨਹੀ ਟਿਕਿਆ। ਆਪ ਨੇ 2019 ਵਿਚ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੀ ਅਸਫਲ ਚੋਣ ਲੜਨ ਵਾਲੇ ਪਾਰਟੀ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਲੜਾਇਆ ਜਿਸਨੇ 50% ਤੋਂ ਉੱਪਰ 63633 ਵੋਟਾਂ ਹਾਸਲ ਕਰਕੇ ਜਿੱਤ ਹਾਸਲ ਕੀਤੀ। ਮੁਕਾਬਲੇ ਵਿਚ ਤੀਸਰੀ ਵਾਰ ਚੋਣ ਲੜੇ ਕਾਂਗਰਸੀ ਉਮੀਦਵਾਰ ਲਖਵੀਰ ਸਿੰਘ ਲੱਖਾ ਸਿਰਫ 30624 ਵੋਟਾਂ ਹੀ ਲਿਜਾ ਸਕੇ। ਅਕਾਲੀ ਦਲ ਨੇ ਇਸ ਵਾਰ ਇਹ ਸੀਟ ਸਹਿਯੋਗੀ ਪਾਰਟੀ ਬਸਪਾ ਲਈ ਛੱਡ ਦਿੱਤੀ ਸੀ ਲਿਹਾਜਾ ਬਸਪਾ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਵੀ ਸਿਰਫ 20648 ਵੋਟਾਂ ਹੀ ਲਿਜਾ ਸਕੇ।
ਹੁਣ 2027 ਦੀਆਂ ਚੋਣਾਂ ਵਿਚ ਸਥਿਤੀ ਵੱਖਰੀ ਹੈ ਪਹਿਲੀਆਂ ਵਿਚ ਦੋ ਧਿਰੀ ਟੱਕਰ ਵਾਲੀ ਇਹ ਸੀਟ ਹੁਣ ਬਹੁਕੋਨੇ ਮੁਕਾਬਲੇ ਦਾ ਅਖਾੜਾ ਬਣੇਗੀ ਕਿਉਂ ਕਿ ਪਿਛਲੀਆਂ ਦੋ ਚੋਣਾਂ ਵਿਚ ਆਪ ਦੀ ਐਂਟਰੀ ਵਾਂਗ ਹੁਣ ਭਾਜਪਾ ਵੀ ਇਹ ਸੀਟ ਆਪਣੇ ਬਲਬੂਤੇ ‘ਤੇ ਲੜੇਗੀ। ਪਿਛਲੀ ਵਾਰ ਵਾਂਗ 33 ਹਜਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਣ ਵਾਲੀ ਆਪ ਦੇ ਉਮੀਦਵਾਰ ਨੂੰ ਵੀ ਲੋਕਾਂ ਦੀ ਪਰਖ ਵਿਚੋਂ ਲੰਘਦਿਆਂ ਸਿਰਫ ਕਾਰਗੁਜਾਰੀ ਅਧਾਰਤ ਵੋਟ ਮਿਲੇਗੀ। ਅਕਾਲੀ ਦਲ ਨੇ ਅਜੇ ਤੱਕ ਤਾਂ ਹਲਕੇ ਦੇ ਆਗੂ ਮਨਜੀਤ ਸਿੰਘ ਮਦਨੀਪੁਰ ਨੂੰ ਪਾਇਲ ਹਲਕੇ ਦਾ ਹਲਕਾ ਇੰਚਾਰਜ ਬਣਾ ਕੇ ਤੋਰਿਆ ਹੋਇਆ ਹੈ ਹਲਕੇ ਦੇ ਵੱਡੇ ਆਗੂਆਂ ਅਤੇ ਪਾਰਟੀ ਨੂੰ ਵਿੱਤੀ ਮਦਦ ਕਰਨ ਵਾਲਿਆਂ ਦਾ ਹੱਥ ਵੀ ਮਦਨੀਪੁਰ ਦੇ ਸਿਰ ‘ਤੇ ਹੀ ਹੈ ਇਸ ਲਈ ਮਦਨੀਪੁਰ ਦਾ ਇਥੋਂ ਅਕਾਲੀ ਉਮੀਦਵਾਰ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ 2012 ਦੀ ਚੋਣ ਵਿਚ ਆਪ ਆਗੂ ਵਜੋਂ ਲਗਭਗ 28% ਵੋਟ ਲਿਜਾਣ ਵਾਲੇ ਆਗੂ ਗੁਰਪ੍ਰੀਤ ਸਿੰਘ ਲਾਪਰਾਂ ਪਾਰਟੀ ਨਾਲ ਮੱਤਭੇਦਾਂ ਉਪਰੰਤ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ ਉਹ ਵੀ ਟਿਕਟ ਮਿਲਣ ਦੀ ਆਸ ਰੱਖ ਕੇ ਚੱਲ ਰਹੇ ਹਨ ਬਸਪਾ ਦਾ ਭਾਵੇਂ ਇਸ ਸੀਟ ‘ਤੇ ਬਹੁਤਾ ਦਬਦਬਾ ਨਹੀਂ ਹੈ ਪਰ ਬਸਪਾ ਦੇ ਅਕਾਲੀ ਦਲ ਨਾਲ ਗੱਠਜੋੜ ਦੀ ਸੂਰਤ ਵਿਚ ਕੁਝ ਲਾਭ ਹੋ ਸਕਦਾ ਹੈ। ਪਰ ਅਕਾਲੀ ਦਲ ਵਲੋਂ ਨੇੜੇ ਆ ਕੇ ਇਸ ਹਲਕੇ ਵਿਚ ਨਵਾਂ ਪ੍ਰਯੋਗ ਕਰਨ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਕੁਝ ਕੁ ਆਗੂ ਅਕਾਲੀ ਦਲ ਤੋਂ ਵੱਖ ਹੋਏ ਧੜੇ ਅਕਾਲੀ ਦਲ ਪੁਨਰ ਸੁਰਜੀਤੀ ਦੇ ਵੀ ਚੋਣ ਲੜ ਸਕਦੇ ਹਨ ਪਰ ਬਹੁਤਾ ਪ੍ਰਭਾਵ ਪਾਉਣ ਦੀ ਸਥਿਤੀ ਵਿਚ ਨਹੀਂ ਹਨ। ਹੁਣ ਰਹੀ ਗੱਲ ਕਾਂਗਰਸ ਦੀ ਕਾਂਗਰਸੀ ਆਗੂ ਲਖਵੀਰ ਸਿੰਘ ਲੱਖਾ ਪਾਰਟੀ ਵਲੋਂ ਚੌਥੀ ਵਾਰ ਮੈਦਾਨ ਵਿਚ ਆਉਣੇ ਤੈਅ ਮੰਨੇ ਜਾ ਰਹੇ ਹਨ। ਮੌਜੂਦਾ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਵੀ ਘੱਟ ਕਰ ਕੇ ਨਹੀਂ ਆਕਿਆ ਜਾ ਸਕਦਾ ਉਹ ਵੀ ਬਹੁ ਕੋਨੇ ਮੁਕਾਬਲੇ ਵਿਚ ਚੰਗੀ ਟੱਕਰ ਦੇਣ ਦੀ ਸਥਿਤੀ ਵਿਚ ਹੋਣਗੇ। ਪਰ ਹਾਲ ਹੀ ਵਿਚ ਹੋਈਆਂ ਨਗਰ ਨਗਰ ਕੌਂਸਲ ਚੋਣਾਂ ਵਿਚ ਉਹ ਦੋਰਾਹਾ ਵਿਚ ਤਾਂ 15 ਵਿਚੋਂ 8 ਆਪ ਕੌਂਸਲਰ ਜਿਤਾ ਕੇ ਆਪਣੀ ਕੁਝ ਸਾਖ ਬਚਾ ਗਏ ਪਰ ਪਾਇਲ ਨਗਰ ਕੌਂਸਲ ਵਿਚ ਆਪ 11 ਸੀਟਾਂ ਵਿਚੋਂ ਸਿਰਫ 3 ਹੀ ਜਿੱਤ ਸਕੀ। ਭਾਵੇਂ ਕਿ 2022 ਵਿਚ ਬਸਪਾ ਉਮੀਦਵਾਰ ਵਜੋਂ 20 ਹਜਾਰ ਤੋਂ ਵੱਧ ਵੋਟ ਲਿਜਾਣ ਵਾਲੇ ਅਤੇ ਬਸਪਾ ਛੱਡ ਕੇ ਆਪ ਵਿਚ ਸ਼ਾਮਲ ਹੋ ਚੁੱਕੇ ਡਾ. ਜਸਪ੍ਰੀਤ ਸਿੰਘ ਬੀਜਾ ਵੀ ਪਾਇਲ ਤੋਂ ਆਪਣੀ ਦਾਅਵੇਦਾਰੀ ਮੰਨ ਕੇ ਚੱਲ ਰਹੇ ਹਨ। ਰਾਖਵਾਂ ਹਲਕਾ ਹੋਣ ਕਰਕੇ ਭਾਵੇਂ ਨਵੇਂ ਚਿਹਰੇ ਤਾਂ ਜਿਆਦਾ ਨਹੀਂ ਹਨ ਪਰ ਇਕ ਹੋਰ ਕੋਣ ਬਣਦਾ ਹੈ ਉਹ ਇਹ ਹੈ ਕਿ ਭਾਜਪਾ ਇਥੇ ਆਪਣਾ ਉਮੀਦਵਾਰ ਖੜ੍ਹਾ ਕਰਦੀ ਹੈ ਜਾਂ ਬਾਗੀ ਅਕਾਲੀ ਧੜੇ ਪੁਨਰ ਸੁਰਜੀਤੀ ਜਾਂ ਕਿਸੇ ਹੋਰ ਨੂੰ ਸਮਰਥਨ ਦਿੰਦੀ ਹੈ। ਪਰ ਬੇਅੰਤ ਸਿੰਘ ਪਰਿਵਾਰ ਦੇ ਸਿਆਸੀ ਵਾਰਿਸ ਕਾਂਗਰਸ ਦੇ ਪ੍ਰਸਿੱਧ ਆਗੂ ਸ਼ ਰਵਨੀਤ ਸਿੰਘ ਬਿੱਟੂ ਦੇ ਭਾਜਪਾ ‘ਚ ਜਾਣ ਅਤੇ ਮੋਦੀ ਸਰਕਾਰ ਵਿਚ ਸਟੇਟ ਮਨਿਸਟਰ ਬਣਨ ਨਾਲ ਉਸ ਉੱਤੇ ਵੀ ਇਸ ਹਲਕੇ ਵਿਚ ਭਾਜਪਾ ਨੂੰ ਮੁੱਖ ਲੜਾਈ ਵਿਚ ਲਿਆ ਖੜ੍ਹਾ ਕਰਨ ਦਾ ਦਬਾਅ ਹੈ ਹੁਣ ਇਹ ਦੇਖਣਾ ਹੈ ਕਿ ਸ਼ ਬਿੱਟੂ ਆਪਣੇ ਪਰਿਵਾਰ ਦੇ ਖਾਸ ਰਹੇ ਅਤੇ ਪਰਿਵਾਰ ਦੇ ਵੱਡੇ ਸਮਰਥਨ ਨਾਲ 3 ਵਾਰ ਇਸੇ ਹਲਕੇ ਤੋਂ ਚੋਣ ਲੜਕੇ ਇਕ ਵਾਰ ਸਫਲ ਰਹਿਣ ਵਾਲੇ ਆਗੂ ਲਖਵੀਰ ਸਿੰਘ ਲੱਖਾ ਨੂੰ ਕਾਂਗਰਸ ਤੋਂ ਤੋੜ ਕੇ ਭਾਜਪਾ ਦਾ ਚਿਹਰਾ ਬਣਾ ਸਕਣਗੇ ਜਾਂ ਨਹੀਂ ਜੇ ਅਜਿਹਾ ਨਾ ਹੋ ਸਕਿਆ ਤਾਂ ਭਾਜਪਾ ਨੂੰ ਹਲਕੇ ਵਿਚ ਵੱਡੇ ਅਧਾਰ ਵਾਲੇ ਉਮੀਦਵਾਰ ਮਿਲਣ ਦੀ ਤੋਟ ਝੱਲਣੀ ਪੈ ਸਕਦੀ ਹੈ।

Leave a Reply

Your email address will not be published. Required fields are marked *