Jul 13, 2026

Screenshot

ਸਰੀ, ਜੂਨ (ਹਰਦਮ ਮਾਨ)-ਬੀਤੇ ਦਿਨੀਂ ‘ਵੈਨਕੂਵਰ ਵਿਚਾਰ ਮੰਚ’ ਵੱਲੋਂ ਗੁਲਾਟੀ ਪਬਲਿਸ਼ਰਜ ਲਿਮਿਟਡਸਰੀ ਦੇ ਵਿਹੜੇ ਇੱਕ ਸੁਰਮਈ ਸ਼ਾਮ ਦੌਰਾਨ ਵਰਨਨ ਦੀ ਖ਼ੂਬਸੂਰਤ ਵਾਦੀ ਤੋਂ ਉਚੇਚੇ ਤੌਰ ਤੇ ਪੁੱਜੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪਾਲ ਢਿੱਲੋਂ ਨਾਲ ਰੂਬਰੂ ਪ੍ਰੋਗਰਾਮ ਰਚਾਇਆ ਗਿਆ। ਪ੍ਰੋਗਰਾਮ ਦੇ ਆਗਾਜ਼ ਵਿੱਚ ਮੰਚ ਦੇ ਸੰਚਾਲਕ ਤੇ ਬੁਲਾਰੇ ਮੋਹਨ ਗਿੱਲ ਨੇ ਮੁੱਖ ਮਹਿਮਾਨ ਪਾਲ ਢਿੱਲੋਂ ਦਾ ਸ਼ਬਦੀ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ। ਉਨ੍ਹਾਂ ਸ਼ਾਇਰ ਦੀ ਸਿਰਜਣਾਤਮਕ ਪ੍ਰਵਾਜ਼ ਅਤੇ ਕਾਵਿ-ਯਾਤਰਾ ਬਾਰੇ ਸੰਖੇਪ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਪਾਲ ਢਿੱਲੋਂ ਦੇ ਹੁਣ ਤੱਕ ਇੱਕ ਦਰਜਨ ਦੇ ਕਰੀਬ ਗ਼ਜ਼ਲ ਸੰਗ੍ਰਿਹ ਪ੍ਰਕਾਸ਼ਿਤ ਹੋ ਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਪੈ ਚੁੱਕੇ ਹਨਜਦਕਿ ਉਨ੍ਹਾਂ ਦੀ ਗੀਤਾਂ ਦੀ ਇੱਕੋ-ਇੱਕ ਸ਼ਾਹਕਾਰ ਕਿਤਾਬ ਉੱਡਦੀਆਂ ਫੁਲਕਾਰੀਆਂ’ ਪਾਠਕਾਂ ਵਿੱਚ ਬੇਹੱਦ ਮਕਬੂਲ ਹੈ। ਉਨ੍ਹਾਂ ਕਿਹਾ ਕਿ ਢਿੱਲੋਂ ਸਾਹਿਬ ਦੀਆਂ ਰਚਨਾਵਾਂ ਕੁਦਰਤ ਦੇ ਅਨੇਕਾਂ ਰੰਗਾਂ ਨਾਲ ਸਰਸ਼ਾਰ ਹਨ ਅਤੇ ਉਨ੍ਹਾਂ ਦੇ ਗੀਤ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਸੱਚੇ ਤਰਜਮਾਨ ਹਨ। ਇਨ੍ਹਾਂ ਗੀਤਾਂ ਵਿੱਚ ਅਜਿਹੀ ਸੁਭਾਵਿਕ ਲੈਅਬੱਧਤਾ ਹੈ ਕਿ ਇਹ ਬੜੀ ਸਹਿਜਤਾ ਨਾਲ ਗਾਏ ਜਾ ਸਕਦੇ ਹਨ। ਮੋਹਨ ਗਿੱਲ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਇਹ ਅਜੋਕੇ ਦੌਰ ਦੇ ਗਾਇਕਾਂ ਦੀ ਬਦਕਿਸਮਤੀ ਹੈ ਕਿ ਉਹ ਅਜਿਹੇ ਸਾਹਿਤਕ ਖੁਸ਼ਬੂ ਅਤੇ ਉੱਚੇ ਮਿਆਰ ਨਾਲ ਗੜੁੱਚ ਗੀਤਾਂ ਨੂੰ ਗਾਉਣ ਤੋਂ ਖੁੰਝ ਗਏ ਹਨ।

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਪਾਲ ਢਿੱਲੋਂ ਦੀ ਸਿਰਜਣ-ਪ੍ਰਕਿਰਿਆ ਤੇ ਸੰਵਾਦ ਰਚਾਉਂਦਿਆਂ ਕਿਹਾ ਕਿ ਸ਼ਾਇਰ ਨੇ ਆਪਣੇ ਸਾਹਿਤਕ ਸਫ਼ਰ ਦਾ ਆਗਾਜ਼ ਗੀਤ-ਸਿਰਜਣਾ ਤੋਂ ਕੀਤਾ ਸੀਜਿਨ੍ਹਾਂ ਵਿੱਚ ਪ੍ਰਕਿਰਤੀ ਦਾ ਗੂੜ੍ਹਾ ਰੰਗ ਅਤੇ ਕਮਾਲ ਦੀ ਰਵਾਨੀ ਉਭਰ ਕੇ ਸਾਹਮਣੇ ਆਈ। ਬਾਅਦ ਵਿੱਚ ਉੱਘੇ ਉਸਤਾਦ ਸ਼ਾਇਰ ਨਦੀਮ ਪਰਮਾਰ ਨਾਲ ਹੋਏ ਮੇਲ ਨੇ ਉਨ੍ਹਾਂ ਨੂੰ ਗ਼ਜ਼ਲ ਦੇ ਸੂਖ਼ਮ ਸੰਸਾਰ ਵੱਲ ਪ੍ਰੇਰਿਤ ਕੀਤਾ। ਸ. ਸੇਖਾ ਨੇ ਕਿਹਾ ਕਿ ਇਹ ਢਿੱਲੋਂ ਦੀ ਵੱਡੀ ਪ੍ਰਾਪਤੀ ਹੈ ਕਿ ਉਨ੍ਹਾਂ ਦੀ ਹਰ ਨਵੀਂ ਕਿਤਾਬ ਵਿਚ ਪਹਿਲਾਂ ਨਾਲੋਂ ਵਧੇਰੇ ਪਰਪੱਕਤਾ ਅਤੇ ਖ਼ਿਆਲਾਂ ਦੀ ਉਡਾਰੀ ਵਿੱਚ ਗਹਿਰਾਈ ਆਈ ਹੈ। ਵਿਸ਼ੇ ਦੇ ਪੱਖ ਤੋਂ ਵੀ ਉਨ੍ਹਾਂ ਨੇ ਸਮਾਜਿਕ ਅਤੇ ਰਾਜਨੀਤਕ ਚੇਤਨਾ ਵਰਗੇ ਅਨੇਕਾਂ ਅਹਿਮ ਸਰੋਕਾਰਾਂ ਤੇ ਬਾਖ਼ੂਬੀ ਕਲਮ ਚਲਾਈ ਹੈ।

ਅੰਗਰੇਜ਼ ਬਰਾੜ ਨੇ ਸ਼ਾਇਰ ਦੇ ਗੀਤਾਂ ਦੀ ਖ਼ੂਬਸੂਰਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਰਚਨਾਵਾਂ ਵਿੱਚੋਂ ਸਾਡੇ ਆਪਣੇ ਅਮੀਰ ਵਿਰਸੇ ਦੀ ਮਹਿਕ ਆਉਂਦੀ ਹੈ। ਉਨ੍ਹਾਂ ਬੜੇ ਸੰਵੇਦਨਸ਼ੀਲ ਲਹਿਜ਼ੇ ਵਿੱਚ ਕਿਹਾ ਕਿ ਪੰਜਾਬੀਆਂ ਦੀ ਇਹ ਤ੍ਰਾਸਦੀ ਹੈ ਕਿ ਅਜਿਹੇ ਉੱਚਪਾਏ ਦੇ ਸਾਹਿਤਕ ਅਤੇ ਸੱਭਿਆਚਾਰਕ ਗੀਤ ਅਕਸਰ ਕਿਤਾਬਾਂ ਦੇ ਪੰਨਿਆਂ ਵਿੱਚ ਹੀ ਬੰਦ ਰਹਿ ਜਾਂਦੇ ਹਨ। ਸਾਡੇ ਸਮਾਜ ਵਿੱਚ ਮਿਆਰੀ ਸਾਹਿਤਕ ਗੀਤਾਂ ਅਤੇ ਵਪਾਰਕ ਗਾਇਕੀ ਵਿਚਾਲੇ ਇੱਕ ਲੰਮੀ ਵਿੱਥ ਪੈ ਚੁੱਕੀ ਹੈ ਅਤੇ ਅੱਜ ਦੇ ਬਹੁਤੇ ਗਾਇਕ ਇਹੋ ਜਿਹੇ ਬਿਹਤਰੀਨ ਗੀਤਾਂ ਨੂੰ ਅੱਖੋਂ-ਪਰੋਖੇ ਕਰ ਰਹੇ ਹਨ।

ਹਰਦਮ ਮਾਨ ਨੇ ਪਾਲ ਢਿੱਲੋਂ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਤੇ ਚਰਚਾ ਕਰਦਿਆਂ ਕਿਹਾ ਕਿ ਉਹ ਇੱਕ ਅਜ਼ੀਮਮਿਲਾਪੜੇ ਅਤੇ ਬੇਹੱਦ ਨਿੱਘੇ ਇਨਸਾਨ ਹਨ। ਉਨ੍ਹਾਂ ਦੀ ਗ਼ਜ਼ਲ-ਗੋਈ ਵਿੱਚ ਹਰ ਪੱਖੋਂ ਤਕਨੀਕੀ ਅਤੇ ਸਿਧਾਂਤਕ ਪਰਪੱਕਤਾ ਦੇਖੀ ਜਾ ਸਕਦੀ ਹੈ। ਉਨ੍ਹਾਂ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਬੜੇ ਗਹਿਰੇ ਅਤੇ ਗੁੰਝਲਦਾਰ ਖ਼ਿਆਲਾਂ ਨੂੰ ਬਹੁਤ ਹੀ ਸਾਦਾਸਪੱਸ਼ਟ ਅਤੇ ਸਰਲ ਸ਼ਬਦਾਵਲੀ ਰਾਹੀਂ ਪਾਠਕ ਦੇ ਦਿਲ ਵਿੱਚ ਉਤਾਰਨ ਦੀ ਅਦਭੁਤ ਮੁਹਾਰਤ ਰੱਖਦੇ ਹਨ।

ਮੁੱਖ ਮਹਿਮਾਨ ਪਾਲ ਢਿੱਲੋਂ ਨੇ ਆਪਣੇ ਲਿਖਣ-ਕਾਰਜ ਦੀਆਂ ਯਾਦਾਂ ਦੇ ਪੰਨੇ ਫਰੋਲਦਿਆਂ ਦੱਸਿਆ ਕਿ ਉਨ੍ਹਾਂ ਨੇ ਸਾਲ 1988 ਵਿੱਚ ਗੀਤ ਲਿਖਣੇ ਸ਼ੁਰੂ ਕੀਤੇ ਸਨ ਅਤੇ ਹੁਣ ਤੱਕ ਲੱਗਭੱਗ 2000 ਗੀਤਾਂ ਦੀ ਸਿਰਜਣਾ ਕਰ ਚੁੱਕੇ ਹਨ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਇੱਕ ਦੌਰ ਅਜਿਹਾ ਸੀ ਜਦੋਂ ਲਿਖਣ ਦਾ ਅਥਾਹ ਚਾਅ ਹੁੰਦਾ ਸੀ ਅਤੇ ਉਹ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿਰਜਦੇ ਸਨਪਰ ਹੁਣ ਵਕਤ ਦੇ ਨਾਲ ਲਿਖਣ ਦੀ ਰਫ਼ਤਾਰ ਮੱਠੀ ਪੈ ਗਈ ਹੈ। ਖ਼ਾਸ ਕਰਕੇ ਆਪਣੇ ਅਜ਼ੀਜ਼ ਮਿੱਤਰ ਅਤੇ ਉਸਤਾਦ ਸ਼ਾਇਰ ਨਦੀਮ ਪਰਮਾਰ ਦੇ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਜਾਣ ਤੋਂ ਬਾਅਦਉਨ੍ਹਾਂ ਦੇ ਮਨ ਨੂੰ ਅਜਿਹਾ ਸਦਮਾ ਪਹੁੰਚਿਆ ਕਿ ਉਹ ਬਹੁਤਾ ਕੁਝ ਨਹੀਂ ਲਿਖ ਸਕੇ।

ਇਸ ਸਾਹਿਤਕ ਮਿਲਣੀ ਦੌਰਾਨ ਪਾਲ ਢਿੱਲੋਂ ਨੇ ਆਪਣੀਆਂ ਬਿਹਤਰੀਨ ਗ਼ਜ਼ਲਾਂ ਦੇ ਸ਼ਿਅਰ ਸੁਣਾ ਕੇ ਪੂਰੀ ਮਹਿਫ਼ਲ ਨੂੰ ਕੀਲ ਲਿਆ। ਉਨ੍ਹਾਂ ਦੀ ਸ਼ਾਇਰੀ ਦਾ ਇੱਕ ਰੂਹਾਨੀ ਸ਼ਿਅਰ ਪੇਸ਼-ਏ-ਖ਼ਿਦਮਤ ਸੀ:

ਗੁਨਾਹ ਕਰ ਯਾਦ ਆਪਣੇ ਰੋ ਲਿਆ ਕਰ।

ਤੇ ਹੌਲਾ ਫੁੱਲ ਵਰਗਾ ਹੋ ਲਿਆ ਕਰ।”

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਇੱਕ ਹੋਰ ਮੁਸਲਸਲ ਗ਼ਜ਼ਲ ਦੇ ਇਸ ਖ਼ੂਬਸੂਰਤ ਸ਼ਿਅਰ ਨਾਲ ਵਾਹ-ਵਾਹ ਖੱਟੀ:

ਸਫ਼ਰ ਵਿਚ ਆਰ ਹਾਂ ਜਾਂ ਪਾਰ ਹਾਂ ਅੱਜ ਕੱਲ੍ਹ ਅਸੀਂ ਦੋਨੋਂ,

ਕਿਤੇ ਪਹੁੰਚੇ ਨਹੀਂ ਵਿਚਕਾਰ ਹਾਂ ਅੱਜ ਕੱਲ੍ਹ ਅਸੀਂ ਦੋਨੋਂ।”

ਅਖੀਰ ਵਿੱਚ ਮੋਹਨ ਗਿੱਲ ਨੇ ਇਸ ਯਾਦਗਾਰੀ ਸਾਹਿਤਕ ਇਕੱਤਰਤਾ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।