Jul 13, 2026

ਸਰੀ (ਰਵੀ ਕਾਂਤ ਸ਼ਰਮਾ, ਹਰਦਮ ਮਾਨ ) – ਡੈਲਟਾ ਦੇ ਮੌਜੂਦਾ ਮੇਅਰ ਜੌਰਜ ਹਾਰਵੀ  ਦੀ ਅਗਵਾਈ ਹੇਠ ਅਚੀਵਿੰਗ ਫਾਰ ਡੈਲਟਾ (Achieving for Delta) ਨੇ 7 ਜੂਨ ਨੂੰ ਸਰੀ ਦੇ ਤਾਜ ਪਾਰਕ ਕਨਵੈਨਸ਼ਨ ਸੈਂਟਰ ਵਿੱਚ ਆਪਣੀ ਨਾਰਥ ਡੈਲਟਾ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਮਰਥਕਾਂ, ਭਾਈਚਾਰਕ ਆਗੂਆਂ ਅਤੇ ਸਥਾਨਕ ਨਿਵਾਸੀਆਂ ਨੇ ਸ਼ਮੂਲੀਅਤ ਕਰਕੇ ਟੀਮ ਨੂੰ ਆਪਣਾ ਸਮਰਥਨ ਦਿੱਤਾ। ਚੋਣ ਮੁਹਿੰਮ ਦੀ ਸ਼ੁਰੂਆਤ ਦੌਰਾਨ ਮੇਅਰ ਜੌਰਜ ਹਾਰਵੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਡੈਲਟਾ ਦੇ ਵਿਕਾਸ, ਜਨਤਕ ਸੁਰੱਖਿਆ, ਬੁਨਿਆਦੀ ਢਾਂਚੇ, ਪਾਰਕਾਂ ਅਤੇ ਕਮਿਊਨਿਟੀ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਡੈਲਟਾ ਦੇ ਨਿਵਾਸੀਆਂ ਲਈ ਹੋਰ ਬਿਹਤਰ ਮੌਕੇ ਪੈਦਾ ਕੀਤੇ ਜਾਣਗੇ।

ਅਚੀਵਿੰਗ ਫਾਰ ਡੈਲਟਾ ਨੇ ਇਸ ਸਾਲ ਅਕਤੂਬਰ ਸਿਟੀ ਕੌਂਸਲ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਟੀਮ ਵੀ ਪੇਸ਼ ਕੀਤੀ ਹੈ, ਜਿਸ ਵਿੱਚ ਮੌਜੂਦਾ ਕੌਂਸਲਰਾਂ ਅਤੇ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਦਾ ਦਾਅਵਾ ਹੈ ਕਿ ਉਸ ਦੀ ਟੀਮ ਕੋਲ ਤਜਰਬੇ ਅਤੇ ਨਵੀਂ ਸੋਚ ਦਾ ਸੰਤੁਲਨ ਹੈ ਜੋ ਡੈਲਟਾ ਦੇ ਭਵਿੱਖ ਲਈ ਮਹੱਤਵਪੂਰਨ ਸਾਬਤ ਹੋਵੇਗਾ।

ਇਸ ਮੌਕੇ ਨਿੰਮੀ ਡੌਲਾ ਨੇ  ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਡੈਲਟਾ ਸਕੂਲ ਬੋਰਡ ਟਰੱਸਟੀ ਵੱਲੋਂ ਸੇਵਾਵਾਂ ਨਿਭਾ ਰਹੇ ਹਨ ਤੇ ਮੇਅਰ ਜੌਰਜ ਹਾਰਵੀ ਦੇ ਨਾਲ ਅਚੀਵਿੰਗ ਫਾਰ ਡੈਲਟਾ ਵਲੋਂ ਮੁੜ ਚੋਣ ਲੜ ਰਹੇ ਹਨ।   ਨਿੰਮੀ ਡੌਲਾ ਨੇ ਖਾਸ ਤੌਰ ’ਤੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਅਚੀਵਿੰਗ ਫਾਰ ਡੈਲਟਾ ਦੀ ਟੀਮ ਦਾ ਸਮਰਥਨ ਕਰਨ।

ਇਕਜੋਤ ਸੰਧੂ ਜੋ ਕਿ ਸਿਟੀ ਕੌਂਸਲ ਦੇ ਉਮੀਦਵਾਰ ਵਜੋਂ ਖੜੇ ਹਨ, ਨੇ ਵੀ ਸਮਰਥਨ ਦੀ ਮੰਗ ਕੀਤੀ। ਸਮਾਗਮ ਦੇ ਅੰਤ ਵਿੱਚ ਟੀਮ ਦੇ ਮੈਂਬਰਾਂ ਨੇ ਲੋਕਾਂ ਨਾਲ ਮੁਲਾਕਾਤ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਉਣ ਵਾਲੀਆਂ ਚੋਣਾਂ ਲਈ ਸਮਰਥਨ ਮੰਗਿਆ ਅਤੇ ਸਮਾਗਮ ਦੌਰਾਨ ਹਾਜ਼ਰ ਸਮਰਥਕਾਂ ਨੇ ਚੋਣ ਮੁਹਿੰਮ ਲਈ ਉਤਸ਼ਾਹ ਜ਼ਾਹਰ ਕੀਤਾ ਅਤੇ ਟੀਮ ਨੂੰ ਆਉਣ ਵਾਲੀਆਂ ਨਗਰ ਚੋਣਾਂ ਵਿੱਚ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਮੇਅਰ ਲਈ ਜੌਰਜ ਹਾਰਵੀ ਮੁੜ ਚੋਣ ਮੈਦਾਨ ਵਿੱਚ ਹਨ, ਜਦਕਿ ਸਿਟੀ ਕੌਂਸਲ ਲਈ ਅਲੀਸ਼ੀਆ ਗੁਇਚਨ, ਨਿਕ ਕੈਨਾਕੋਸ, ਜੈਸੀ ਦੋਸਾਂਝ, ਇਕਜੋਤ ਸੰਧੂ, ਜੈਨੀਫਰ ਕੈਸਰ ਅਤੇ ਸੋਨਿਆ ਸੈਂਗਸਟਰ ਨੂੰ ਉਮੀਦਵਾਰ ਵਜੋਂ ਪੇਸ਼ ਕੀਤਾ ਗਿਆ ਹੈ।
ਸਕੂਲ ਬੋਰਡ ਲਈ ਐਰਿਕਾ ਬੇਅਰਡ, ਉਮੇਂਦਰਾ ਸਿੰਘ, ਜੋ ਮਿਊਗੋ, ਸਾਗਰ ਸੰਘੇੜਾ, ਨਿੰਮੀ ਡੌਲਾ, ਨੇਨਾਹ ਸੈਂਡੀ ਅਤੇ ਰਿਕ ਓਸ਼ਨ ਚੋਣ ਮੈਦਾਨ ਵਿੱਚ ਹਨ।