ਭੁਲੱਥ-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਉਸ ਦੇ ਸਾਥੀਆਂ ਵੱਲੋਂ ਬੇਗੋਵਾਲ ਨਗਰ ਕੌਂਸਲ ਦਫ਼ਤਰ ਦੇ ਬਾਹਰ ਝਾੜੂ ਖਿਲਾਰਿਆ ਗਿਆ ਤੇ ਨਾਲ ਹੀ ਭਗਵੰਤ ਮਾਨ ਸਰਕਾਰ ਨੂੰ ਵੰਗਾਰਿਆ ਕਿ ਜੇ ਹਿੰਮਤ ਹੈ ਤਾਂ ਸਾਡੇ ’ਤੇ ਪਰਚਾ ਦਰਜ ਕਰੇ।ਇਸ ਸਬੰਧੀ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਨਗਰ ਕੌਂਸਲ ਬੇਗੋਵਾਲ ਦੀ ਮਾਲਕੀ ਵਾਲੀ ਖੇਤੀਬਾੜੀ ਜ਼ਮੀਨ ਦੀ ਬੋਲੀ ਦੋ ਸਾਲਾਂ ਤੋਂ ਕਾਰਜਸਾਧਕ ਅਫਸਰ ਵਲੋਂ ਨਹੀਂ ਕਰਵਾਈ ਤੇ ਜ਼ਮੀਨ ’ਤੇ ਕੁੱਝ ਸੱਤਾਧਾਰੀ ਬੰਦਿਆ ਵਲੋਂ ਨਜਾਇਜ਼ ਤੌਰ ਫ਼ਸਲ ਬੀਜ ਕੇ ਸਰਕਾਰੀ ਆਮਦਨ ਦੀ ਚੋਰੀ ਕੀਤੀ ਜਾ ਰਹੀ ਹੈ, ਜਿਸ ਵਿਰੁੱਧ ਰੋਸ ਮਾਰਚ
ਕੱਢਿਆ ਗਿਆ।
ਇਸ ਦੇ ਨਾਲ ਹੀ ਟਾਂਡਾ ਦੇ ਨਾਬਾਲਗ ਲੜਕੇ ਅਰਸ਼ਦੀਪ ਸਿੰਘ ’ਤੇ ਝਾੜੂ ਦੀ ਬੇਅਬਦੀ ਕਰਨ ਦਾ ਨਾਜਾਇਜ਼ ਪਰਚਾ ਦਰਜ ਕਰਨ ਦੇ ਰੋਸ ਵਜੋਂ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਝਾੜੂ ਨੂੰ ਤੀਲਾ ਤੀਲਾ ਕਰਕੇ ਖਿਲਾਰਿਆ ਗਿਆ ਤੇ ਸਰਕਾਰ ਨੂੰ ਕਿਹਾ ਗਿਆ ਕਿ ਹਿੰਮਤ ਹੈ ਤਾਂ ਉਨ੍ਹਾਂ ਉਤੇ ਵੀ ਪਰਚਾ ਦਰਜ ਕਰੇ। ਇਸ ਮੌਕੇ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਰਸ਼ਪਾਲ ਸਿੰਘ ਬੱਚਾਜੀਵੀ, ਜਸਵੰਤ ਸਿੰਘ ਬੇਗੋਵਾਲ ਤੇ ਨਗਰ ਕੌਂਸਲ ਬੇਗੋਵਾਲ ਤੇ ਹੋਰ ਪਤਵੰਤੇ ਹਾਜ਼ਰ ਸਨ।
