Jun 10, 2026
 ਪੁਸਤਕ ਲੋਕ ਅਰਪਣ ਸਮਾਗਮ 14 ਜੂਨ ਨੂੰ ਸਰੀ ਵਿੱਚ-
ਵੈਨਕੂਵਰ (ਡਾ ਗੁਰਵਿੰਦਰ ਸਿੰਘ) –
     ਸਿੱਖ ਜਗਤ ਵਿੱਚ ਬੇਹਦ ਸਤਿਕਾਰਯੋਗ ਮੁਸਲਿਮ ਸ਼ਖਸੀਅਤ ਰਾਇ ਕੱਲਾ ਸਾਹਿਬ ਦੀ ਨੌਵੀਂ ਪੀੜੀ ਵਿੱਚੋਂ ਵੰਸ਼ਜ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟ ਮੈਂਬਰ ਰਾਏ ਅਜ਼ੀਜ਼ ਉੱਲਾ ਖਾਨ ਸਾਹਿਬ ਨੇ ਬੀਤੇ ਦਿਨੀਂ ਪੁਸਤਕ ‘ਦਸ਼ਮੇਸ਼ ਪਿਤਾ ਬਖਸ਼ਿਸ਼ ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ ਸੰਭਾਲ’ ਸਤਿਕਾਰ ਸਹਿਤ ਬਖਸ਼ੀ, ਤਾਂ ਬੇਅੰਤ ਪ੍ਰਸੰਨਤਾ ਮਹਿਸੂਸ ਹੋਈ। ਰਾਏ ਸਾਹਿਬ ਇਸ ਸਮੇਂ ਪਵਿੱਤਰ ਗੰਗਾ ਸਾਗਰ ਦੀ ਸੇਵਾ ਸੰਭਾਲ ਕਰ ਰਹੇ ਹਨ। ਰਾਏ ਸਾਹਿਬ ਦੇ ਗ੍ਰਹਿ ਵਿਖੇ ਮੁਲਾਕਾਤ ਦੌਰਾਨ ਉਹਨਾਂ ਦੱਸਿਆ ਕਿ ਇਸ ਕਿਤਾਬ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਅਤੇ ਰਾਏ ਕੱਲਾ ਸਾਹਿਬ ਦੀ  ਪਿਆਰ-ਸਤਿਕਾਰ ਅਤੇ ਹੱਕ-ਸੱਚ ਤੇ ਇਨਸਾਫ਼ ਲਈ ਉਠਾਈ ਗਈ ਆਵਾਜ਼ ਨੂੰ ਪਵਿੱਤਰ ਜਜ਼ਬੇ ਨਾਲ ਬਿਆਨ ਕੀਤਾ ਗਿਆ ਹੈ।
            ਇਹ ਕਿਤਾਬ ਉੱਘੇ ਵਿਦਵਾਨ ਡਾਕਟਰ ਗੁਰਦੇਵ ਸਿੰਘ ਸਿੱਧੂ ਵੱਲੋਂ ਸੰਪਾਦਿਤ ਕੀਤੀ ਗਈ ਹੈ, ਜੋ 14 ਜੂਨ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ ਵਿਖੇ ਰਾਇਕੋਟ ਵਾਸੀਆਂ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਸਮੇਤ, ਸਮੂਹ ਪ੍ਰੇਮੀਆਂ ਵੱਲੋਂ ਲੋਕ ਅਰਪਣ ਅਰਪਣ ਕੀਤੀ ਜਾਵੇਗੀ। ਹੋਰ ਵੀ ਖੁਸ਼ੀ ਵਾਲੀ ਗੱਲ ਹੈ ਕਿ 21 ਜੂਨ ਨੂੰ ਇਹ ਕਿਤਾਬ ਯੂਰਪ ਵਿੱਚ ਨਾਰਵੇ ਵਿਖੇ ਲੋਕ ਅਰਪਣ ਕੀਤੇ ਜਾਣ ਦੇ ਸਮਾਗਮ ਉਲੀਕੇ ਗਏ ਹਨ। ਇਸ ਕਿਤਾਬ ਸਬੰਧੀ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਵੱਲੋਂ ਲਿਖੇ ਭਾਵਪੂਰਨ ਸ਼ਬਦ ਧਿਆਨ ਮੰਗਦੇ ਹਨ : “ਔਕੜ ਭਰੇ ਸਮੇਂ ਵਿੱਚ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਜੀ ਦੀ ਦਲੇਰਾਨਾ ਅਤੇ ਸ਼ਾਹੀ ਸੇਵਾ! ਉਹਨਾਂ ਬਿੱਖੜੇ ਸਮਿਆਂ ਵਿਚ ਜਦ ਮੁਗਲ ਬਾਦਸ਼ਾਹ ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਜਾਨ ਦਾ ਵੈਰੀ ਬਣਿਆ ਹੋਇਆ ਸੀ ਅਤੇ ਉਸ ਦੇ ਜ਼ੁਲਮ ਕਾਰਨ ਗੁਰੂ ਜੀ ਦੇ ਕਈ ਸ਼ਰਧਾਲੂ ਵੀ ਉਨ੍ਹਾਂ ਦਾ ਸਾਥ ਦੇਣ ਤੋਂ ਝਿਜਕਦੇ ਸਨ,ਉਸ ਵਕਤ ਜਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਰਿਆਸਤ (ਹੁਣ ਜ਼ਿਲ੍ਹਾ ਲੁਧਿਆਣਾ) ਵਿਚ ਪਹੁੰਚੇ ਤਾਂ ਉੱਥੋਂ ਦੇ ਮੁਸਲਮਾਨ ਰਾਜਪੂਤ ਹਾਕਮ ਰਾਏ ਕੱਲ੍ਹਾ ਤੀਜਾ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਖ਼ਤਰੇ ਵਿਚ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਜਿੰਨੀ ਦੇਰ ਗੁਰੂ ਜੀ ਨੇ ਠਹਿਰਨਾ ਚਾਹਿਆ, ਓਨੀ ਦੇਰ ਮਹਿਮਾਨ ਵਜੋਂ ਉਨ੍ਹਾਂ ਦੀ ਸੇਵਾ ਕਰਨ ਨੂੰ ਧੰਨਭਾਗ ਸਮਝਿਆ। ਰਾਏਕੋਟ ਤੋਂ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਜੀ ਨੇ ਰਾਏ ਕੱਲ੍ਹਾ ਜੀ ਦੀ ਸਿਦਕਦਿਲੀ ਅਤੇ ਪ੍ਰਾਹੁਣਚਾਰੀ ਤੋਂ ਖੁਸ਼ ਹੋ ਕੇ ਉਸ ਨੂੰ ਗੰਗਾ ਸਾਗਰ, ਰੇਹਲ ਅਤੇ ਇੱਕ ਕ੍ਰਿਪਾਨ ਦੀ ਬਖਸ਼ਸ਼ ਕੀਤੀ। ਰੇਹਲ ਨੂੰ ਸਮੇਂ ਦੀ ਧੂੜ ਖਾ ਗਈ ਅਤੇ ਕ੍ਰਿਪਾਨ ਨੂੰ ਅੰਗਰੇਜ਼ ਹਾਕਮਾਂ ਨੇ ਹਥਿਆ ਲਿਆ ਪਰ ਗੰਗਾ ਸਾਗਰ ਨੂੰ ਰਾਏ ਪਰਿਵਾਰ ਨੇ ਲਗਪਗ ਸਵਾ ਤਿੰਨ ਸੌ ਸਾਲ ਤੋਂ ਹੁਣ ਤੀਕ ਸੰਭਾਲ ਕੇ ਰੱਖਿਆ ਹੋਇਆ ਹੈ। ਰਾਏ ਕੱਲ੍ਹਾ ਖਾਨਦਾਨ ਦੀ ਨੌਵੀਂ ਪੀੜ੍ਹੀ ਦੇ ਵਰਤਮਾਨ ਨੁਮਾਇੰਦੇ ਜਨਾਬ ਰਾਏ ਅਜ਼ੀਜ਼ ਉੱਲਾ ਖਾਨ ਦਾ ਕਹਿਣਾ ਹੈ:
                   “ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਬਖਸ਼ਿਸ਼ ‘ਗੰਗਾ ਸਾਗਰ’ ਦਾ ਸੇਵਕ ਹੋਣਾ ਮੇਰੇ ਵਾਸਤੇ ਵੱਡੀ ਇੱਜ਼ਤ ਵਾਲੀ ਗੱਲ ਹੈ।ਆਪਣੇ ਵਡੇਰੇ ਰਾਇ ਕੱਲਾ ਜੀ ਵੱਲੋਂ ਨਿੱਡਰ ਹੋ ਕੇ ਦਲੇਰਾਨਾ ਅਤੇ ਖਾਨਦਾਨੀ ਕਦਮ ਚੁੱਕਦਿਆਂ ਗੁਰੂ ਜੀ ਪ੍ਰਤਿ ਪਿਆਰ ਸਤਿਕਾਰ ਵਿਖਾਏ ਜਾਣ ਉੱਤੇ ਮੈਨੂੰ ਮਾਣ ਹੈ। ਔਰੰਗਜ਼ੇਬ ਦੇ ਰਾਜ ਸਮੇਂ ਗੁਰੂ ਜੀ ਨਾਲ ਬੇਇਨਸਾਫੀ ਅਤੇ ਜ਼ੁਲਮ ਹੋਣ ਮੌਕੇ ਰਾਏ ਕੱਲ੍ਹਾ ਨੇ ਸੱਚੇ ਮੁਸਲਮਾਨ ਵਾਂਗ ਉਹਨਾਂ ਦੀ ਸੇਵਾ ਅਤੇ ਮਹਿਮਾਨ ਨਿਵਾਜ਼ੀ ਕੀਤੀ।ਗੁਰੂ ਜੀ ਨੇ ਰਾਏ ਕੱਲ੍ਹਾ ਦੀ ਕਦਰਦਾਨੀ ਅਤੇ ਕ੍ਰਿਤੱਗਤਾ ਤੋਂ ਖੁਸ਼ ਹੋ ਕੇ ਗੰਗਾ ਸਾਗਰ ਉਸ ਨੂੰ ਬਖਸ਼ਿਆ। ਅਜੋਕੇ ਸਮੇਂ ਇਹ ਗੰਗਾ ਸਾਗਰ ਜਾਤ,ਨਸਲ ਅਤੇ ਮਜ਼੍ਹਬ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਮਾਨਵਤਾ ਵਿਚ ਪਿਆਰ ਅਤੇ ਇਕ ਦੂਜੇ ਦਾ ਸਤਿਕਾਰ ਕਰਨ ਦਾ ਪ੍ਰਤੀਕ ਹੈ।” ਹੁਣ  “ਗੰਗਾ ਸਾਗਰ” ਦੀ ਪਵਿੱਤਰ ਸੇਵਾ ਸੰਭਾਲ ਲਈ ਰਾਏ ਅਜ਼ੀਜ਼ ਉਲਾ ਖਾਨ ਸਾਹਿਬ ਦਾ ਫ਼ਰਜ਼ੰਦ ਰਾਏ ਮੁਹੰਮਦ ਅਲੀ ਖ਼ਾਨ ਸਾਥ ਦੇ ਰਿਹਾ ਹੈ। ਇਸ ਪਵਿੱਤਰ ਬਖਸ਼ਿਸ਼ ਤੇ ਰਾਏ ਕੱਲ੍ਹਾ ਪਰਿਵਾਰ ਬਾਰੇ ਡਾ. ਗੁਰਦੇਵ ਸਿੰਘ ਸਿੱਧੂ ਜੀ ਨੇ ਬਹੁਤ ਖੋਜ ਭਰਪੂਰ ਪੁਸਤਕ ਲਿਖੀ ਹੈ।”
       ਕਿਤਾਬ ਦੇ ਲੋਕ ਅਰਪਣ ਸਮਾਗਮ ਸਬੰਧੀ ਗੀਤਕਾਰ ਅਤੇ ਰਾਏਕੋਟ ਨਿਵਾਸੀ ਇੰਦਾ ਰਾਏਕੋਟੀ ਹੁਰਾਂ ਪਿਆਰੇ ਸ਼ਬਦ ਦਰਜ ਕੀਤੇ ਹਨ ;
“ਰਾਏਕੋਟ ਹੈ ਓਸ ਗਰਾਂ ਦਾ ਨਾਮ ਯਾਰੋ, ਜਿੱਥੇ ਅਸੀਂ ਜਨਮ ਮਨੁੱਖਾ ਪਾਇਆ
ਜੋ ਗਰਾਂ ਹੈ ਰਾਇ ਕੱਲ੍ਹਾ ਦਾ ਵਰਸੋਇਆ, ਜਿਸ ਨੇ ਜੀਵਨ ਹੈ ਗੁਰਾਂ ਦੇ ਨਾਂ ਲਾਇਆ
             ਜਦੋਂ ਮੁਗਲ ਹਕੂਮਤ ਜ਼ੁਲਮ ਦੀ ਹੱਦ ਪਾਰ ਕਰ ਚੁੱਕੀ ਸੀ, ਤਾਂ ਉਸ ਵੇਲੇ ਰਾਏਕੋਟ ਦੇ ਰਾਜਪੂਤ ਸਰਦਾਰ ਰਾਇ ਕੱਲਾ  ਜੋ ਮੁਸਲਮਾਨ ਹੋਣ ਦੇ ਬਾਵਜੂਦ ਗੁਰੂ ਵਿੱਚ ਅਥਾਹ ਸ਼ਰਧਾ ਰੱਖਦੇ ਸਨ । ਰਾਇ ਕੱਲ੍ਹਾ ਸਾਹਿਬ ਦੀ ਦਲੇਰੀ ਤੇ ਗੁਰੂ ਵਿੱਚ ਸ਼ਰਧਾ ਲਾ ਮਿਸਾਲ ਹੈ। ਉਸ ਵੇਲੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਇ ਕੱਲਾ  ਸਾਹਿਬ ਨੂੰ ਭੇਟ ਕੀਤਾ ਗੰਗਾ ਸਾਗਰ ਅੱਜ ਰਾਇ ਸਾਹਿਬ ਦੇ ਨੌਵੇਂ ਵਾਰਿਸ ਰਾਇ ਅਜ਼ੀਜ਼ ਉੱਲਾ ਖਾਨ ਕੋਲ ਹੈ। ਰਾਇ ਅਜ਼ੀਜ਼ ਉੱਲਾ ਖਾਨ ਸਾਡੇ ਕੋਲ ਗੁਰੂ ਪ੍ਰਤੀ ਸ਼ਰਧਾ ਦੇ ਪ੍ਰਤੀਕ ਹਨ। ਗੰਗਾ ਸਾਗਰ ਤੇ ਰਾਇ ਪ੍ਰੀਵਾਰ ਦੀ ਪੂਰੀ ਗਾਥਾ ਕਿਤਾਬ ਦੇ ਰੂਪ ਵਿੱਚ ਤੁਹਾਡੇ ਸਨਮੁੱਖ ਕਰਨ ਦਾ ਉਪਰਾਲਾ ਕਰ ਰਹੇ ਹਾਂ। ਤੁਹਾਡੇ ਕਦਮਾਂ ਦੀ ਆਹਟ ਰਾਇ ਪ੍ਰੀਵਾਰ ਲਈ, ਸ਼ਰਧਾ ਦੀ ਪ੍ਰਤੀਕ ਹੋਵੇਗੀ। ਮਿਤੀ 14 ਜੂਨ 2026 ਦਿਨ ਐਤਵਾਰ ਸਮਾਂ ਬਾਅਦ ਦੁਪਹਿਰ ਇਕ ਵਜੇ ਤੋਂ ਤਿੰਨ ਵਜੇ ਤੱਕ, ਸਥਾਨ ਤਾਜ ਪਾਰਕ ਬੈਂਕਿਟ ਹਾਲ 8580 132 ਸਟਰੀਟ ਸਰੀ ਬਿਖੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਭਨਾਂ ਨੂੰ ਖੁੱਲਾ ਸੱਦਾ ਹੈ।
 ਹੋਰ ਜਾਣਕਾਰੀ ਲਈ ਹਰਦੇਵ ਸਿੰਘ ਗਰੇਵਾਲ ਨਾਲ 604 807 8044 ਜਾਂ ਸੁਰਜੀਤ ਸਿੰਘ ਮਾਧੋਪੁਰੀ ਨਾਲ 604 377 4171 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਆਓ, ਵਿਰਸੇ ਦੀ ਸਾਂਝ ਅਤੇ ਗੁਰੂ ਸਾਹਿਬ ਵੱਲੋਂ ਪਿਆਰੀ ਮੁਸਲਿਮ ਸ਼ਖਸੀਅਤ ਰਾਏ ਕੱਲਾ ਸਾਹਿਬ ‘ਤੇ ਹੋਈ ਬਖਸ਼ਿਸ਼ ਤੋਂ ਜਾਣੂ ਹੋਈਏ ਅਤੇ ਮਾਨਵੀ ਸਾਂਝ ਦੀਆਂ ਇਹਨਾਂ ਕਦਰਾਂ ਕੀਮਤਾਂ ਨੂੰ ਵਰਤਮਾਨ ਸਮੇਂ ਵਿੱਚ ਲਾਗੂ ਕਰਦਿਆਂ, ਭਵਿੱਖ ਲਈ ਚਾਨਣ ਮੁਨਾਰਾ ਬਣਾਈਏ !

Leave a Reply

Your email address will not be published. Required fields are marked *