Jun 10, 2026

ਸਵਰਨ ਸਿੰਘ ਟਹਿਣਾ

ਇਕਹਿਰੇ ਸਰੀਰ ਦਾ ਮਾਲਕ ਉਹ ਬੰਦਾ ਮੇਰੇ ਤੋਂ ਮੂਹਰਲੀ ਸੀਟ ’ਤੇ ਬੈਠਾ ਸੀ। ਹਾਲ ਖਚਾਖਚ ਭਰਿਆ ਹੋਇਆ। ਉਹਦੇ ਚਿਹਰੇ ’ਤੇ ਰੌਣਕ ਘੱਟ ਸੀ, ਜਿਵੇਂ ਥੱਕਿਆ ਜਾਂ ਫ਼ਿਕਰਾਂ ’ਚ ਹੋਵੇ। ਸਾਹਮਣੇ ਸਲੀਮ ਅਲਬੇਲਾ ਤੇ ਗੋਗਾ ਮਸਰੂਰੀ ਰੰਗ ਬੰਨ੍ਹ ਰਹੇ ਸਨ। ਸਭ ਦੀਆਂ ਅੱਖਾਂ ਸਟੇਜ ’ਤੇ ਟਿਕੀਆਂ ਹੋਈਆਂ। ਅਸੀਂ ਕਦੇ ਲਾਹੌਰ ’ਚ ਇਵੇਂ ਦਾ ਮਾਹੌਲ ਦੇਖਾਂਗੇ, ਕਿਆਸ ਨਹੀਂ ਸੀ ਕੀਤਾ। ਥੋੜ੍ਹੇ ਕੁ ਚਿਰ ਪਿੱਛੋਂ ਪਤਾ ਲੱਗਾ ਏਹੀ ਸਵਰਨ ਸਿੰਘ ਭੰਗੂ ਨੇ ਗੁਰਪ੍ਰੀਤ ਕੌਰ ਭੰਗੂ ਦੇ ਸਿਰ ਦੇ ਸਾਈਂ। ਉਹ ਗੁਰਪ੍ਰੀਤ ਕੌਰ, ਜਿਨ੍ਹਾਂ ਲਈ ਮੇਰੇ ਮਨ ’ਚ ਸੱਚੀਓਂ ਬਹੁਤ ਸਤਿਕਾਰ ਹੈ ਤੇ ਸੀ। ਰੋਟੀ-ਟੁੱਕ ਖਾਣ ਵੇਲੇ ਸ਼ਬਦਾਂ ਦੀ ਸਾਂਝ ਪੈ ਗਈ। ਉਹ ਠਰ੍ਹੰਮੇ ਨਾਲ ਬੋਲੇ, ‘ਟਹਿਣੇ, ਪ੍ਰੋਗਰਾਮ ਤਾਂ ਤੇਰੇ ਵੇਂਹਦੇ ਰਹੀਦਾ, ਪਰ ਆਹ ਧਰਤੀ ’ਤੇ ਏਹੋ ਜਿਹਾ ਮੇਲਾ ਮੁੜ ਪਤਾ ਕਦੇ ਲੱਗਣਾ ਜਾਂ ਨਹੀਂ। ਐਨਾ ਜੋਸ਼, ਐਨਾ ’ਕੱਠ, ਉਹ ਵੀ ਪੰਜਾਬੀ ਕਾਨਫਰੰਸ ਲਈ। ਵਾਹ, ਪੰਜਾਬੀ। ਜੇ ਹੁਕਮਰਾਨ ਵੰਡੀਆਂ ਨਾ ਪਾਉਂਦੇ ਤਾਂ ਲਾਹੌਰ, ਅੰਮ੍ਰਿਤਸਰ ਤੋਂ ਐਨਾ ਕੁ ਦੂਰ ਆ, ਜਿੰਨਾ ਕੁ ਜਲੰਧਰ ਤੋਂ ਫਗਵਾੜਾ।

 

ਸਾਡੀਆਂ ਰੁਚੀਆਂ, ਗੱਲਾਂ, ਵਿਸ਼ੇ ਮੇਲ ਖਾਣ ਲੱਗੇ ਤੇ ਅਸੀਂ ਨਿੱਤ ਕਈ ਕਈ ਵਾਰ ਮਿਲਣਾ। ਪੰਜ ਦਿਨ ਦਾ ਲਾਹੌਰ ਸਮਾਗਮ ਸੀ। ਵਾਪਸ ਆਏ ਤਾਂ ਮਲਕੀਤ ਰੌਣੀ ਤੇ ਸਹਿਜਪ੍ਰੀਤ ਮਾਂਗਟ ਨਾਲ ਗੱਲਬਾਤ ਕੀਤੀ ਕਿ ਆਪਾਂ ਲਾਹੌਰ ਕਾਨਫਰੰਸ ਦੇ ਤਜਰਬੇ ’ਤੇ ਪ੍ਰੋਗਰਾਮ ਕਰੀਏ ‘ਚੱਜ ਦਾ ਵਿਚਾਰ’।ਲੁਧਿਆਣੇ ਪ੍ਰੋਗਰਾਮ ਕੀਤਾ। ਸਵਰਨ ਸਿੰਘ ਭੰਗੂ ਨੇ ਸਾਡੇ ਨਾਲ ਢੇਰ ਸਾਰੀਆਂ ਮੁੱਲਵਾਨ ਗੱਲਾਂ ਕੀਤੀਆਂ। ਹਰਮਨ ਥਿੰਦ ਨੂੰ ਵਾਰ- ਵਾਰ ਕਹਿਣ, ‘ਬੇਟੀ, ਤੁਸੀਂ ਦੋਵੇਂ ਸਾਡੇ ਘਰ ਆਇਓ, ਚਿੱਤ ਹੌਲਾ ਕਰਾਂਗੇ। ਗੱਲ ਕਰਨ ਲਈ ਵੀ ਹੁਣ ਬੰਦਾ ਕੁਬੰਦਾ ਦੇਖਣਾ ਪੈਂਦਾ, ਜ਼ਰੂਰ ਆਇਓ..!’ ਅਸੀਂ ਆਵਾਂਗੇ ਤਾਂ ਕਹਿ ਦਿੱਤਾ, ਪਰ ਜਾ ਨਹੀਂ ਸਕੇ। ਏਵੇਂ ਮੇਰੇ ਨਾਲ ਬਹੁਤ ਵਾਰ ਹੋਇਆ, ਜੀਹਨੂੰ ਮਿਲਣਾ ਹੁੰਦਾ, ਉਹਨੂੰ ਵੇਲੇ ਸਿਰ ਮਿਲਿਆ ਨਹੀਂ ਜਾਂਦਾ ਤੇ ਉਹ ਜਦੋਂ ਤੁਰ ਜਾਂਦਾ ਤਾਂ ਅੰਦਰੋਂ ਭੁਰਨ ਲੱਗਦਾ, ਜਿਵੇਂ ਹੁਣ ਉਨ੍ਹਾਂ ਦੇ ਜਾਣ ਵੇਲੇ ਭੁਰਿਆ..! ਦਿਨ ਚੜ੍ਹਦੇ ਸਾਰ ਜਦੋਂ ਮੌਤ ਦੀ ਖ਼ਬਰ ਆਈ ਤਾਂ ਪਹਿਲਾਂ ਫ਼ੋਨ ਮੈਂ ਮਲਕੀਤ ਰੌਣੀ ਨੂੰ ਕੀਤਾ। ਉਨ੍ਹਾਂ ਸੱਚ ਦੀ ਪੁਸ਼ਟੀ ਕਰ ਦਿੱਤੀ ਤਾਂ ਕਿੰਨਾ ਕੁਝ ਮੁੜ ਚੇਤੇ ’ਚ ਗੂੰਜ ਉੱਠਿਆ। ਸਵਰਨ ਸਿੰਘ ਭੰਗੂ ਕਾਮਰੇਡੀ ਬੰਦਾ ਤੇ ਵਿਆਹ ਤੋਂ ਪਹਿਲਾਂ ਸ਼ਰਤ ਲਾ ਦਿੱਤੀ ਕਿ ਕੁੜੀ ਅਸੀਂ ਇੱਕੋ ਸੂਟ ’ਚ ਲੈ ਕੇ ਜਾਣੀ ਤੇ ਸੂਟ ਵੀ ਉਹੀ, ਜੋ ਪਾਇਆ ਹੋਊ। ਸ਼ਰਤ ਮੰਨੀ ਗਈ। ਗੁਰਪ੍ਰੀਤ ਕੌਰ ਭੰਗੂ ਡੋਲੀ ਵਾਲੀ ਕਾਰ ’ਚ ਬੈਠੀ ਤਾਂ ਸਵਰਨ ਸਿਓਂ ਨੇ ਘੂਰਿਆ, ‘ਸ਼ਰਤ ਨਹੀਂ ਤੋੜਨੀ, ਕੰਨਾਂ ਵਾਲੇ ਕਾਂਟੇ ਆਪਣੀ ਮਾਂ ਨੂੰ ਲਾਹ ਕੇ ਫੜਾ ਦੇ, ਸਹੁਰੇ ਘਰ ਨਹੀਂ ਲਿਜਾਣੇ..!’’

ਅੱਗੋਂ ਉਹ ਵੀ ਆਗਿਆਕਾਰੀ। ਕਾਂਟੇ ਲਾਹ ਕੇ ਫੜਾ ਦਿੱਤੇ ਤੇ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਹੋ ਗਿਆ। ਸਫ਼ਰ ਵੀ ਐਨਾ ਵਧੀਆ ਕਿ ਬਿਨਾਂ ਉਲਾਂਭਾ। ਮੈਂ ਹਰਮਨ ਥਿੰਦ ਨੂੰ ਅਕਸਰ ਆਖਣਾ, ਕਰਨ-ਅਰਜਨ ਦੀ ਜੋੜੀ ਵਾਂਗ ਭੰਗੂ ਜੋੜਾ ’ਕੱਠਾ ਰਹਿੰਦਾ, ਕਿੰਨਾ ਪਿਆਰ ਇਨ੍ਹਾਂ ’ਚ। ਏਸ ਉਮਰ ’ਚ ਬਹੁਤਿਆਂ ਪੱਲੇ ਉਲਾਂਭੇ ਤੇ ਝੋਰੇ ਹੁੰਦੇ ਆ ਪਰ ਉਹ ਕਾਮਯਾਬੀ ਦਾ ਸਿਹਰਾ ਇੱਕ ਦੂਜੇ ਸਿਰ ਬੰਨ੍ਹਦੇ। ਜੋ ਬੰਦਾ ਕਦੇ ਅਸੂਲਾਂ ਤੋਂ ਨਾ ਡਿੱਗਿਆ, ਅੱਜ ਉਹਦਾ ਸਾਈਕਲ ਡਿੱਗਿਆ। ਜੋ ਪਾਣੀ ਸਾਫ਼ ਕਰੋ, ਨੀਤਾਂ ਸਾਫ਼ ਕਰੋ ਦਾ ਹੋਕਾ ਦਿੰਦਾ, ਉਹ ਗੰਦੇ ਪਾਣੀ ’ਚ ਡਿੱਗਿਆ। ਜੋ ਮਰਨ ਤੋਂ ਪਹਿਲਾਂ ਨਾ ਮਰੋ ਦੀ ਗੱਲ ਕਰਦਾ, ਅੱਜ ਉਹਦੇ ਮਰਨ ਦੀ ਖ਼ਬਰ ਆਈ ਹੈ ਤਾਂ ਕਾਲਜਾ ਕਿਉਂ ਨਾ ਪਾਟੇ। ਇਹ ਕਿਵੇਂ ਦੀ ਮੌਤ ਹੋਈ, ਬੰਦਾ ਸਾਈਕਲ ’ਤੇ ਘਰੋਂ ਨਿਕਲਿਆ, ਮੂੰਹ ’ਨੇਰੇ ’ਤੇ ਆਵੇ ਹੀ ਨਾ..! ਹੁਣ ਫੇਸਬੁੱਕ ਭਰੀ ਪਈ ਆ। ਸਵਰਨ ਸਿੰਘ ਭੰਗੂ ਦੀ ਮੌਤ ਦਾ ਜ਼ਿੰਮੇਵਾਰ ਕੌਣ? ਲੋਕ ਗੱਲਾਂ ਕਰਦੇ, ਕਈ ਤਰ੍ਹਾਂ ਦੀਆਂ ਗੱਲਾਂ। ਜਿੱਥੇ ਸਵਰਨ ਸਿੰਘ ਭੰਗੂ ਡਿੱਗੇ, ਉਹ ਤਸਵੀਰਾਂ ਤੈਰ ਰਹੀਆਂ। ਹਰ ਕੋਈ ਗ਼ਮ ’ਚ ਡੁੱਬਿਆ ਭੈਣ ਭੰਗੂ ਦਾ ਰੋਣ ਝੱਲਿਆ ਨਹੀਂ ਜਾਂਦਾ। ਯਾਦਾਂ ਸੁਣੀਆਂ ਨਹੀਂ ਜਾਂਦੀਆਂ। ਉਨ੍ਹਾਂ ਦਾ ਪੁੱਤ ਬਾਗੀ ਭੰਗੂ ਅੰਦਰੋਂ ਭਾਵੇਂ ਭਰਿਆ ਹੋਇਆ ਪਰ ਸੱਚੀਆਂ ਸੁਣਾ ਰਿਹਾ ਕਿ ਜਿੱਥੇ ਡੈਡੀ ਡਿੱਗੇ, ਏਥੇ ਹੁਣ ਜੰਗਲਾ ਲੱਗ ਗਿਆ, ਪਰ ਏਨਾ ਕੁ ਪ੍ਰਬੰਧ ਕਰਨ-ਕਰਾਉਣ ਲਈ ਮਰਨਾ ਪੈਂਦਾ ਤੇ ਮੇਰੇ ਪਿਤਾ ਨੇ ਮਰ ਕੇ ਸਿਸਟਮ ਨੂੰ ਨੰਗਾ ਕੀਤਾ।

ਪੰਜਾਬ ਦੇ 99 ਫ਼ੀਸਦੀ ਲੋਕ ਅਗਲੇ ਜਨਮ ਬਾਰੇ ਸੋਚ ਪਾਖੰਡਬਾਜ਼ੀ ਕਰਦੇ। ਵਿਰਲੇ ਸਰੀਰ ਦਾਨ ਵਰਗੇ ਫ਼ੈਸਲੇ ਲੈਂਦੇ ਆ ਪਰ ਟੱਬਰ ਨੇ ਸਵਰਨ ਸਿੰਘ ਭੰਗੂ ਦੀ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। ਨਾ ਕੋਈ ਦਿਖਾਵਾ, ਨਾ ਵੱਡਾ ਕਹਾਉਣ ਦੀ ਲਲਕ। ਧੰਨ ਨੇ ਏਹੋ ਜਿਹੇ ਲੋਕ, ਜੋ ਆਪਣੇ ਨੂੰ ਏਵੇਂ ਵਿਦਾ ਕਰਦੇ ਨੇ। ਗੱਲ ਤਾਂ ਸੋਚ-ਸਮਝ ਦੀ ਹੈ ਕਿ ਇੰਝ ਦੇ ਫ਼ੈਸਲੇ ਵੀ ਲਏ ਜਾ ਸਕਦੇ ਨੇ। ਨਾ ਸਵਰਨ ਸਿੰਘ ਭੰਗੂ ਨੇ ਮੁੜ ਆਉਣਾ, ਨਾ ਅੱਜ ਤੱਕ ਕੋਈ ਆਇਆ ਪਰ ਚੰਗੇ ਅਧਿਆਪਕ, ਚੰਗੇ ਪੱਤਰਕਾਰ, ਚੰਗੇ ਮਨੁੱਖ ਨਹੀਂ ਭੁੱਲਦੇ। ਸਵਰਨ ਸਿੰਘ ਤਿੰਨਾਂ ਪੱਖਾਂ ਤੋਂ ਚੰਗੇ ਸੀ। ਨਾ ਦੂਜੇ ਦੀ ਲੀਕ ਢਾਹੀ ਤੇ ਨਾ ਹੀ ਮੂਹਰੇ ਲੰਘਣ ਦੀ ਕਾਹਲ ਰੱਖੀ। ਅਸੂਲ ’ਤੇ ਰਹੇ ਤੇ ਇਹ ਅਸੂਲ ਕਈ ਵਾਰ ਕੰਡੇ ਬਣੇ, ਕਈ ਵਾਰ ਫੁੱਲ। ਹਾਂ ਸੱਚ, ਮੈਂ ਲਾਹੌਰ ’ਚ ਪੁੱਛਿਆ ਸੀ, ‘ਥੋਡੇ ਪਿਆਰ ਦਾ ਮੰਤਰ ਕੀ ਏ। ਮੀਆਂ-ਬੀਵੀ ਦੇ ਪਿਆਰ ਦਾ..?’ ਕਹਿੰਦੇ ‘ਭਰੋਸਾ’। ਇਹ ਥਾਂ-ਪੁਰ-ਥਾਂ ਸ਼ੂਟਿੰਗਾਂ ਲਈ ਜਾਂਦੀ ਏ, ਮੈਂ ਭਰੋਸਾ ਕਰਦਾਂ..! ਮੈਂ ਸੇਵਾਮੁਕਤ ਹਾਂ, ਮੈਂ ਜਿੱਥੇ, ਜਿਵੇਂ ਹਾਂ, ਉੱਥੇ ਠੀਕ ਹੁੰਨਾ..!\B \Bਪੱਤਰਕਾਰਾਂ ਵਾਂਗ ਨਾ ਬਰੈਕਟ ’ਚ ਮੈਂ ਇਹਨੂੰ ਪਾਉਣ ਦੀ ਕੋਸ਼ਿਸ਼ ਕੀਤੀ ਤੇ ਨਾ ਏਹਨੇ..!’

ਅੱਜ ਉਨ੍ਹਾਂ ਦੀਆਂ ਗੱਲਾਂ ਰੁਆ ਰਹੀਆਂ, ਤੋੜ ਰਹੀਆਂ, ਸਤਾ ਰਹੀਆਂ ਨੇ। ਉਹ ਇਉਂ ਨਾ ਜਾਂਦੇ, ਹਾਲੇ ਹੋਰ ਰੁਕ ਲੈਂਦੇ। ਅਸੂਲੀ ਬੰਦਿਆਂ ਦੀ ਕਿੰਨੀ ਘਾਟ ਹੈ ਸਾਡੇ ਕੋਲ। ਪਤਾ ਨਹੀਂ ਕੀ-ਕੀ ਦਿਮਾਗ਼ ’ਚ ਘੁੰਮ ਰਿਹਾ।

ਨਾਲ-ਨਾਲ ਸੁਰਜੀਤ ਪਾਤਰ ਵੀ ਚੇਤੇ ਆ ਰਹੇ..!

ਦੁਨੀਆ ਨੇ ਚੱਲਦੇ ਰਹਿਣਾ,

ਸਾਡੇ ਬਗ਼ੈਰ ਵੀ।

ਤੂੰ ਐਵੇਂ ਤਪਿਆ, ਤੜਫਿਆ, ਤੇ ਉਲਝਿਆ ਨਾ ਕਰ..!

ਵੱਡੇ ਬੰਦੇ ਕਿੰਨਾ ਕੁਝ ਵੱਡਾ ਕਹਿ ਜਾਂਦੇ। ਅਫ਼ਸੋਸ ਸਾਨੂੰ ਸਮਝ ਉਦੋਂ ਆਉਂਦੀ, ਜਦੋਂ ਉਹ ਤੁਰ ਜਾਂਦੇ।

Leave a Reply

Your email address will not be published. Required fields are marked *