Sep 29, 2026

● ਜੁਮਲਿਆਂ ਆਸਰੇ ਮੇਲਾ ਲੁੱਟਣ ਦੀ ਤਿਆਰੀ ‘ਚ     —-   

 

 ਮਨਿੰਦਰ ਸਿੰਘ ਗਿੱਲ     —           
ਸਰੀ (ਕੈਨੇਡਾ)- ਪੰਜਾਬੀ ਲੋਕ ਧਾਰਾ ‘ਚ ਪੱਕੀ ਉਮਰ ਵਿੱਚ ਵਿਆਹ ਕਰਾਉਣ ਵਾਲਿਆਂ ਲਈ ਬੜਾ ਕੁਝ ਲਿਖਿਆ ਗਿਆ ਹੈ। ਚਾਹੇ ਉਹ ਰਾਜਾ ਸਲਵਾਨ ਦਾ ਪਿਛਲੀ ਉਮਰੇ ਲੂਣਾ ਨੂੰ ਵਿਆਉਣਾ ਹੋਵੇ ਜਾਂ ਫਿਰ ਦੁਗਾਣਿਆਂ ਵਿੱਚ ਬੁੱਢਿਆਂ ਦਾ ਨੌਜਵਾਨ ਔਰਤਾਂ ਹਾਸਲ ਕਰਨ ਦਾ ਠਰਕ ਹੋਵੇ, ਲੋਕਧਾਰਾ ਸਾਨੂੰ ਹਮੇਸ਼ਾ ਹੀ ਸੁਚੇਤ ਕਰਦੀ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਵੀ ਕਿਸੇ ਪੱਕੀ ਉਮਰ ਦੇ ਬੰਦੇ ਨੇ ਛੋਟੀ ਉਮਰ ਦੀ ਔਰਤ ਨਾਲ ਵਿਆਹ ਦਾ ਸਬੰਧ ਬਣਾਇਆ ਉਦੋਂ ਸਮਾਜਿਕ ਸੰਕਟ ਖੜੇ ਹੋਏ ਹਨ, ਕਿਉਂਕਿ ਹਾਣ ਨੂੰ ਹਾਣ ਪਿਆਰਾ ਹੋਣਾ ਕੁਦਰਤ ਦਾ ਨਿਜ਼ਾਮ ਹੈ। ਇਹ ਸਮਾਜਿਕ ਤੌਰ ਤੇ ਪਰਖਿਆ ਸੱਚ ਹੈ ਕਿ ਵਿਆਹ ਦੇ ਰਿਸ਼ਤੇ ਨਾਲ ਇਨਸਾਫ ਕਰਨ ਲਈ ਸਰੀਰਕ ਊਰਜਾ ਦੀ ਲੋੜ ਹੁੰਦੀ ਹੈ। ਬਿਲਕੁਲ ਇਸੇ ਤਰਜ਼ ‘ਤੇ ਹੀ  ਰਾਜਨੀਤਿਕ ਕੁਰਸੀ ਨਾਲ ਇਨਸਾਫ ਕਰਨ ਲਈ ਵੀ ਊਰਜਾ ਅਤੇ ਸਰੀਰਕ ਚੁਸਤੀ ਦੀ ਲੋੜ ਹੁੰਦੀ ਹੈ। ਰਾਜਨੀਤਿਕ ਕੁਰਸੀ ਕੰਡਿਆਂ ਦੀ ਸੇਜ ਹੈ ਜਿਸ ਉੱਪਰ ਬੈਠਣਾ ਨਸੀਬ ਨਹੀਂ ਹੁੰਦਾ ਸਗੋਂ ਆਪਣੇ ਆਪ ਨੂੰ ਸਾਬਤ ਕਰਨ ਲਈ ਸਾਰਾ ਦਿਨ ਭੱਜ ਨੱਠ ਕਰਨੀ ਪੈਂਦੀ ਹੈ।।
ਸਾਡੇ ਗੁਆਂਢ ਅਮਰੀਕਾ ‘ਚ ਹੀ ਵੇਖ ਲਓ ਇੱਕ ਬਜ਼ੁਰਗ ਉਮਰ ਦੇ ਮਰਦ ਜੋਅ ਬਾਈਡਨ ਨੂੰ ਰਾਸ਼ਟਰਪਤੀ ਬਣਾਉਣ ਦਾ ਖਮਿਆਜਾ ਅੱਜ ਤੱਕ ਅਮਰੀਕਾ ਦੇ ਲੋਕ ਭੁਗਤ ਰਹੇ ਐ। ਜੋਅ ਬਾਈਡਨ ਵਧਦੀ ਉਮਰ ਕਾਰਨ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਗਏ ਸਨ ਉਹ ਵਿਦੇਸ਼ੀ ਦੌਰਿਆਂ ਉੱਪਰ ਕਈ ਦਹਾਕੇ ਪਹਿਲਾਂ ਮਰ ਚੁੱਕੇ ਆਗੂਆਂ ਦਾ ਹੀ ਨਾਮ ਲੈਂਦੇ ਰਹਿੰਦੇ ਸਨ। ਸਿਟੀ ਆਫ ਸਰੀ ਵਿੱਚ ਕੌਂਸਲ ਚੋਣਾਂ ਦਾ ਪਿੜ ਭਖ  ਚੁੱਕਿਆ ਹੈ ਛੇ ਵੱਖ-ਵੱਖ ਸਲੇਟਾਂ ਆਪਣੀ ਕਿਸਮਤ ਅਜਮਾ ਰਹੀਆਂ ਹਨ, ਜਿਸ ਵਿੱਚ ਮੇਅਰ ਅਤੇ ਕੌਂਸਲਰ ਦੇ ਉਮੀਦਵਾਰ ਹਨ।
ਸਰੀ ਦੇ ਸਾਬਕਾ ਮੇਅਰ ਡੱਗ ਮਕੱਲਮ ਵੀ ਆਪਣੀ ਸੇਫ ਸਰੀ ਸਲੇਟ ਨਾਲ ਚੋਣ ਮੈਦਾਨ ਵਿੱਚ ਨਿਤਰੇ ਹੋਏ ਹਨ। ਡੱਗ ਮਕੱਲਮ ਪਿਛਲੇ ਤਿੰਨ ਦਹਾਕਿਆਂ ਤੋਂ ਸਰੀ ਦੀ ਰਾਜਨੀਤੀ ਵਿੱਚ ਸਰਗਰਮ ਸਨ, ਜਿਸ ਲਈ ਉਨ੍ਹਾਂ ਨੂੰ ‘ਓਲਡ ਮੈਨ ਆਫ ਸਰੀ’ ਵੀ ਕਿਹਾ ਜਾਂਦਾ ਹੈ। 83 ਸਾਲਾਂ ਨੂੰ ਢੁੱਕ ਚੁੱਕੇ ਡੱਗ ਮਕੱਲਮ ਦੀ ਸਿਹਤ ਅਤੇ ਮੇਅਰ ਦੀ ਕੁਰਸੀ ਤੇ ਬੈਠਣ ਲਈ ਲੋੜੀਂਦੀ ਤੰਦਰੁਸਤੀ ਨਾ ਹੋਣ ਦੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ। ਡੱਗ ਮਕੱਲਮ 1993 ਤੋਂ ਸਿਟੀ ਆਫ ਸਰੀ ਦੇ ਕੌਂਸਲਰ ਅਤੇ ਮੇਅਰ ਬਣੇ ਸਨ ਤੇ ਬੀਤੇ 43 ਸਾਲ ‘ਚ ਮੈਂ ਡੱਗ ਮਕੱਲਮ ਦੀ ਨਿਊਟਨ ਨੂੰ ਅਜਿਹੀ ਕੋਈ ਜਿਕਰਯੋਗ ਦੇਣ ਨਹੀਂ ਵੇਖੀ ਜਿਸਤੋਂ ਸੰਤੁਸ਼ਟ ਹੋਏ ਨਿਊਟਨ ਵਾਸੀ ਉਸਨੂੰ ਅੱਖਾਂ ਮੀਚਕੇ ਲਗਾਤਾਰ ਵੋਟਾਂ ਪਾਉਂਦੇ ਆ ਰਹੇ ਹਨ। ਉਹ ਨੱਬਿਆਂ ਦਾ ਦੌਰ ਸੀ ਜਦੋਂ ਮੋਬਾਇਲ ਫੋਨ ਅਤੇ ਇੰਟਰਨੈੱਟ ਵੀ ਪ੍ਰਚਲਤ ਨਹੀਂ ਸਨ। 1990 ਦੇ ਦਹਾਕੇ ਵਿੱਚ ਜਨਮੇ ਬੱਚੇ-ਬੱਚੀਆਂ ਅੱਜ ਮਾਂ-ਬਾਪ ਬਣ ਚੁੱਕੇ ਹਨ। ਅੱਜ ਜਮਾਨਾ ਅਰਟੀਫਿਸ਼ੀਅਲ ਇੰਟੈਲੀਜੈਂਸ ਦੇ ਦੌਰ ਵਿੱਚ ਪਹੁੰਚ ਗਿਆ ਹੈ ਪਰ ਮਕੱਲਮ ਸਾਹਿਬ ਅਜੇ ਵੀ ‘ਸਿਹਰਾ’ ਬੰਨ ਕੇ ਸਿਟੀ ਹਾਲ ਵਿੱਚ ਢੁੱਕਣ ਲਈ ਉਤਾਵਲੇ ਵਿਖਾਈ ਦਿੰਦੇ ਹਨ। ਡੱਗ ਮਕੱਲਮ ਨੂੰ ਵੈਨਕੂਵਰ ਦੇ ਇੱਕ ਧਨਾਡ ਡਿਵੈਲਪਰ ਨਾਲ ਆਪਣੀ ਗੂੜੀ ਨੇੜਤਾ ਲਈ ਜਾਣਿਆ ਜਾਂਦਾ ਹੈ। ਖੁੰਡ ਚਰਚਾ ਇਹ ਹੈ ਕਿ ਇਹ ਡਿਵੈਲਪਰ ਬਜ਼ੁਰਗ ਹੋ ਚੁੱਕੇ ਡੱਗ ਮਕੱਲਮ ਨੂੰ ਲਾੜਾ ਬਣਾ ਕੇ ਖੁਦ ਪਿੱਛੋਂ ਉਸਦੀ ਸਿਆਸੀ ਕਬੀਲਦਾਰੀ ਸਾਂਭਣ ਦੀ ਤਾਕ ਵਿੱਚ ਹੈ। ਇਸ ਹਾਲਤ ਵਿੱਚ ਜਾਹਰ ਹੈ ਕਿ ਸਿਟੀ ਦੀ ਤਾਕਤ ਲੋਕਾਂ ਦੇ ਭਲੇ ਲਈ ਨਹੀਂ ਬਲਕਿ ਨਿੱਜੀ ਸਵਾਰਥਾਂ ਨੂੰ ਸਿੱਧ ਕਰਨ ਲਈ ਵਰਤੀ ਜਾਵੇਗੀ। ਹੁਣ ਇਹ ਫੈਸਲਾ ਸਰੀ ਦੇ ਲੋਕਾਂ ਨੇ ਕਰਨਾ ਕਿ ਸਿਟੀ ਹਾਲ ਵਿੱਚ ਕਿਸਨੂੰ ਬਿਰਾਜਮਾਨ ਕਰਨਾ ਹੈ ? ਸਿਟੀ ਦੀ ਸਰਕਾਰ ਸਹੀ ਹੱਥਾਂ ਵਿੱਚ ਹੋਣੀ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਲੋਕਾਂ ਨੂੰ ਸੇਵਾਵਾਂ ਸਿਟੀ ਸਰਕਾਰ ਨੇ ਹੀ ਪ੍ਰਦਾਨ ਕਰਨੀਆਂ ਹਨ ਚਾਹੇ ਉਹ ਸੜਕਾਂ, ਪਾਰਕ, ਕਮਿਊਨਿਟੀ ਸੈਂਟਰ ਹੋਣ ਜਾਂ ਫਿਰ ਸਾਫ ਸਫਾਈ ਅਤੇ ਪਾਣੀ ਦੀ ਸਪਲਾਈ, ਸਿਟੀ ਆਫ ਸਰੀ ਵਿੱਚ ਲੋਕਾਂ ਦੇ ਪ੍ਰਤੀ ਜਿੰਮੇਵਾਰ ਸਰਕਾਰ ਦਾ ਹੋਣਾ ਬੜਾ ਲਾਜ਼ਮੀ ਹੈ। ਜੇ ਇਸ ਵਾਰ ਪੰਜਾਬੀਆਂ ਨੇ ਪਿਛਲੀ ਉਮਰ ਦਾ ਬਜ਼ੁਰਗ ਸਹੇੜ ਲਿਆ ਤਾਂ ਸਿਟੀ ਹਾਲ ਦੀ ਖੂਬਸੂਰਤ ਇਮਾਰਤ ਆਪਣੀ ਹੋਣੀ ਤੇ ਚਾਰ ਸਾਲ ਤੱਕ ਪਛਤਾਉਂਦੀ ਤੇ ਧਾਹਾਂ ਮਾਰਕੇ ਰੋਂਦੀ ਦਿਸੂਗੀ। ਮੈਂ ਕਾ ਕਰੂੰ ਰਾਮ, ਮੁਝੇ ਬੁੱਢਾ ਮਿਲ ਗਿਆ।                         
ਗੱਲ ਸਿਰਫ਼ ਸਰੀਰਕ ਸਮਰੱਥਾ ਦੀ ਹੀ ਨਹੀਂ ਸਗੋਂ ਜਨਤਾ ਦਾ ਭਰੋਸਾ ਤੋੜਨ ਦੀ ਵੀ ਹੈ ਕਿਓਂਕਿ ਚੋਣਾਂ ਲੋਕ ਰਾਇ ਦੀ ਤਰਜਮਾਨੀ ਕਰਦੀ ਅਜਿਹੀ ਗੰਭੀਰ ਕਵਾਇਦ ਹੈ ਜਿੱਥੇ ਲੋਕ ਤੈਅ ਕਰਦੇ ਹਨ ਕਿ ਉਨਾਂ ਦੇ ਮਸਲੇ ਕੌਣ ਹੱਲ ਕਰੇਗਾ ਪਰ ਜੇਕਰ ਲੋਕ ਨੁਮਾਇੰਦਗੀ ਲਈ ਆਪਣੀਆਂ ਸੇਵਾਵਾਂ ਦੇਣ ਦੀ ਕਤਾਰ ਚ ਲੱਗੇ ਸਿਆਸਤਦਾਨ ਨਿਰੋਲ ਝੂਠ ਦਾ ਸਹਾਰਾ ਲੈਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨ ਤਾਂ ਸਹੀ ਨੁਮਾਇੰਦੇ ਦੀ ਚੋਣ ਗੁੰਝਲਦਾਰ ਹੋ ਜਾਂਦੀ ਹੈ। ਵੈਸੇ ਤਾਂ ਚੋਣਾਂ ਵਿੱਚ ਅਕਸਰ ਕਿਹਾ ਜਾਂਦਾ ਹੈ ਕਿ ਫਲਾਣੇ ਉਮੀਦਵਾਰ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਪਰ ਲੋਕਾਂ ਨੂੰ ਕਾਮਯਾਬ ਕਰਨ ਦਾ ਸਿਆਸੀ ਵਾਅਦਾ ਚੋਣਾਂ ਪਿੱਛੋਂ ਰੁਲ ਰਹੇ ਪੋਸਟਰਾਂ ਵਾਂਗ ਰੁਲਦਾ ਆਮ ਵਿਖਾਈ ਦਿੰਦਾ ਹੈ। ਇੱਕ ਵਾਰ ਕਿਸੇ ਨੇ ਇਸੇ ਤਰ੍ਹਾਂ ਦੇ ਇੱਕ ਜੁਮਲੇਬਾਜ਼ ਨੇਤਾ ਨੂੰ ਕੁਝ ਕਾਗਜਾਤ ਦਿਖਾਏ ਤਾਂ ਨੇਤਾ ਜੀ ਨੇ ਆਪਣੀ ਐਨਕ ਵਿੱਚੋਂ ਤਿਰਛੀ ਨਿਗਾਹ ਮਾਰਦਿਆਂ ਕਿਹਾ “ਅਖੇ ਕਾਗਜ ਦੇਖਿਆ-ਦੇਖਿਆ ਜਿਹਾ ਲੱਗਦੈ” ਤਾਂ ਸਬੰਧਿਤ ਸੱਜਣ  ਨੇ ਨੇਤਾ ਦਾ ਭੁਲੇਖਾ ਦੂਰ ਕਰਦਿਆਂ ਕਿਹਾ ਕਿ ਜਨਾਬ ਇਹ ਤੁਹਾਡਾ ਹੀ ਚੋਣ ਮਨੋਰਥ ਪੱਤਰ ਯਾਨੀ ‘ਇਲੈਕਸ਼ਨ ਮੈਨੀਫੈਸਟੋ’ ਹੈ। ਸਰੀ ਵਿੱਚ ਵੀ ਜੁਮਲੇਬਾਜ਼ ਨੇਤਾਵਾਂ ਦੀ ਕੋਈ ਕਮੀ ਨਹੀਂ ਹਾਲਾਂਕਿ ਕੈਨੇਡਾ ਦੀ ਸਿਆਸਤ ਵਿੱਚ ਗੱਪ ਰੋੜਣ ਦਾ ਰਿਵਾਜ਼ ਨਹੀਂ ਕਿਉਂਕਿ ਇਥੋਂ ਦਾ ਸੁਚੇਤ ਮੀਡੀਆ ਅਤੇ ਜਾਗਰੂਕ ਜਨਤਾ ਤੁਰੰਤ ਸਵਾਲ ਦਾਗ ਦਿੰਦੀ ਹੈ ਕਿ ਪਹਿਲਾਂ ਵਾਅਦੇ ਪੂਰੇ ਕਰਨ ਦਾ ਰੋਡਮੈਪ ਤੇ ਬਜਟ ਦਿਖਾਓ। ਇਸ ਲਈ ਹਰੇਕ ਸਿਆਸੀ ਲੀਡਰ ਬੜਾ ਤੋਲ-ਤੋਲ ਕੇ ਕੋਈ ਗੱਲ ਜਨਤਾ ਵਿੱਚ ਕਰਦਾ ਹੈ ਪਰ ਸਰੀ ਦੇ ਸਿਆਸਤਦਾਨ ਇਹਨਾਂ ਨੈਤਿਕ ਕਦਰਾਂ ਕੀਮਤਾਂ ਤੋਂ ਸਖਣੇ ਹੋ ਚੁੱਕੇ ਜਾਪਦੇ ਹਨ ਜਾਂ ਫਿਰ ਇਹ ਸਮਝਦੇ ਹਨ ਕਿ ਸਰੀ ਖਾਸ ਕਰਕੇ ਨਿਊਟਨ ਤੇ ਵੈਲੀ ਵਿੱਚ ਵੱਸਣ ਵਾਲਾ ਭਾਈਚਾਰੇ ਨੂੰ ਮੂਰਖ ਬਣਾਉਣਾ ਬੜਾ ਆਸਾਨ ਹੈ ਕਿਉਂਕਿ ਇਹ ਲੋਕ ਸਦੀਆਂ ਤੋਂ ਧਰਮ ਜਾਤ ਅਤੇ ਹੋਰ ਭਾਵਕ ਖੋਖਲੇ ਨਾਰਿਆਂ ਦੇ ਨਾਮ ਤੇ ਮੂਰਖ ਬਣਦੇ ਆਏ ਹਨ। ਇਹਨਾਂ ਲੋਕਾਂ ਨੂੰ ਆਪਣੇ ਚੰਗੇ ਮੰਦੇ ਦਾ ਕੋਈ ਅਹਿਸਾਸ ਨਹੀਂ ਤੇ ਇਹਨਾਂ ਨੂੰ ਆਸਾਨੀ ਨਾਲ ਭਰਮਾਇਆ ਜਾ ਸਕਦਾ ਹੈ। ਮੀਡੀਆ ਦਾ ਇੱਕ ਹਿੱਸੇ ਦਾ ਵੀ ਭਰਪੂਰ ਇਸਤੇਮਾਲ ਕੀਤਾ ਜਾ ਸਕਦਾ ਹੈ ਤਾਂ ਜੋ ‘ਕਾਗਾਂ ਨੂੰ ਹੰਸ’ ਸਾਬਤ ਕੀਤਾ ਜਾ ਸਕੇ।
ਇਸੇ ਸਿਲਸਿਲੇ ਵਿੱਚ ਸਰੀ ਦੇ ਸਾਬਕਾ ਮੇਅਰ ਡੱਗ ਮਕੱਲਮ ਦੇ ਐਲਾਨਾਂ ਯਾਨੀ ਜੁਮਲਿਆਂ ਦਾ ਜ਼ਿਕਰ ਕਰਨਾ ਇੱਥੇ ਬਹੁਤ ਜਰੂਰੀ ਹੈ। ਡੱਗ ਮਕੱਲਮ ਜੋ ਕਈ ਦਹਾਕਿਆਂ ਤੋਂ ਸਰੀ ਦੀ ਸਿਆਸਤ ਵਿੱਚ ਸਰਗਰਮ ਹਨ ਅਤੇ 2022 ਦੀ ਚੋਣ ਵਿੱਚ ਉਹਨਾਂ ਨੂੰ ਨਿਊਟਨ ਦੇ ਇਲਾਕੇ ਵਿੱਚੋਂ ਭਾਰੀ ਸਮਰਥਨ ਮਿਲਿਆ ਸੀ, ਪਰ ਜੇ ਉਹਨਾਂ ਦੇ ਕੰਮਾਂ ਦਾ ਲੇਖਾ ਜੋਖਾ ਕਰੀਏ ਤਾਂ ਉਹ ਹਮੇਸ਼ਾ ਹੀ ਨਿਊਟਨ ਅਤੇ ਪੰਜਾਬੀ ਭਾਈਚਾਰੇ ਦੇ ਹਿੱਤਾਂ ਦੇ ਖਿਲਾਫ ਭੁਗਤੇ ਹਨ। ‘ਸੇਫ ਸਰੀ’ ਯਾਨੀ ਕਿ ਸੁਰੱਖਿਅਤ ਸਰੀ ਦਾ ਨਾਅਰਾ ਦੇਣ ਵਾਲੇ ਡੱਗ ਮਕੱਲਮ ਨੇ ਸਰੀ ਦੇ ਲੋਕਾਂ ਨੂੰ ‘ਸਰੀ ਪੁਲਿਸ ਸਰਵਿਸ’ ਇਹ ਕਹਿ ਕੇ ਵੇਚੀ ਸੀ ਕਿ ਸਰੀ ਪੁਲਿਸ ਦੇ ਆਉਣ ਨਾਲ ਜਨਤਕ ਸੁਰੱਖਿਆ ਵਿੱਚ ਸੁਧਾਰ ਆਵੇਗਾ ਪਰ ਹੋਇਆ ਇਸਦੇ ਉਲਟ ਸਰੀ ਵਿੱਚ ਫਰੌਤੀਆਂ ਦੇ ਅੱਤਵਾਦ ਨੂੰ ਠੱਲ ਪਾਉਣ ਵਿੱਚ ਨਾਕਾਮ ਰਹੀ ਸਰੀ ਪੁਲਿਸ। ਇਹ ਭਲਾ ਹੋਵੇ ਮੇਅਰ ਬਰੈਂਡਾ ਲੌਕ ਦਾ ਜਿਸਨੇ ਐਫਬੀਆਈ ਦੀ ਸਹਾਇਤਾ ਨਾਲ ਫਿਰੌਤੀਆਂ ਦੀ ਰੋਕਥਾਮ ਕੀਤੀ ਹੈ।                           
ਇਸ ਵਾਰ ਚੋਣਾਂ ਵਿੱਚ ਡੱਗ ਮਕੱਲਮ ਵੱਲੋਂ ਇੱਕ ਹੋਰ ਜੁਮਲਾ ਪ੍ਰਚਾਰਿਆ ਜਾ ਰਿਹਾ ਹੈ ਕਿ ਉਹ ਨਿਊਟਨ ਵਿੱਚ ਸਕਾਈ ਟ੍ਰੇਨ ਲੈ ਕੇ ਆਉਣਗੇ ਇਹ ਜੁਮਲਾ ਨਿਊਟਨ ਦੇ ਲੋਕਾਂ ਨੂੰ ਇਸ ਲਈ ਵੀ ਦੰਦੀਆਂ ਚਿੜਾਉਂਦਾ ਹੈ ਕਿਉਂਕਿ 5 ਨਵੰਬਰ 2018 ਨੂੰ ਜਦ ਡੱਗ ਮਕੱਲਮ ਸਰੀ ਦਾ ਮੇਅਰ ਸੀ ਤਾਂ ਉਸਨੇ ਖੁਦ ਵੋਟ ਪਾ ਕੇ ਸਰੀ ਵਿੱਚ ਬਣਨ ਜਾ ਰਹੇ ਨਿਊਟਨ ਗਿਲਫਡ ਲਾਈਟ ਰੇਲ ਪ੍ਰੋਜੈਕਟ ਦੇ ਪੈਸੇ ਸਰੀ ਤੋਂ ਲੈਂਗਲੀ ਵੱਲ ਭੇਜਕੇ ਸਕਾਈ ਟਰੇਨ ਦਾ ਮੂੰਹ ਲੈਂਗਲੀ ਵੱਲ ਨੂੰ ਮੋੜਿਆ ਸੀ। ਜਿਸ ਕਰਕੇ ਨਿਊਟਨ ਦੇ ਲੋਕ ਇੱਕ ਚੰਗੇ ਜਨਤਕ ਟਰਾਂਸਪੋਰਟ ਪ੍ਰਬੰਧ ਤੋਂ ਸੱਖਣੇ ਰਹਿ ਗਏ ਸਨ। ਇਸ ਵਾਰ ਗੱਪ ਰੋੜ੍ਹਣ ਦੀ ਇੰਤਹਾਅ ਉਦੋਂ ਹੋ ਗਈ ਜਦੋਂ ਪਿਛਲੇ ਦਿਨੀ ਡੱਗ ਮਕੱਲਮ ਨੇ ਇਹ ਐਲਾਨ ਕਰ ਦਿੱਤਾ ਕਿ ਉਹ ਨਿਊਟਨ ਵਿੱਚ ਇੱਕ ਹਸਪਤਾਲ ਬਣਵਾ ਦੇਵੇਗਾ। ਇੱਥੇ ਜਿਕਰਯੋਗ ਹੈ ਕਿ ਹਸਪਤਾਲ ਬਣਾਉਣਾ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਤੇ ਸਿਟੀ ਕੋਲ ਹਸਪਤਾਲ ਬਣਾਉਣ ਦਾ ਨਾ ਤਾਂ ਕੋਈ ਅਖਤਿਆਰ ਹੈ ਤੇ ਨਾ ਹੀ ਇਸ ਕੰਮ ਲਈ ਲੋੜੀਂਦਾ 2.2 ਬਿਲੀਅਨ ਡਾਲਰ ਦਾ ਵੱਡਾ ਬੱਜਟ ਹੈ । ਇਹਨਾਂ ਹਾਲਾਤਾਂ ਵਿੱਚ ਡੱਗ ਮਕੱਲਮ ਕੋਲ ਅਜਿਹੀ ਕਿਹੜੀ ਗਿੱਦੜ ਸਿੰਙੀ ਹੈ ਜੋ ਉਹ ਨਿਊਟਨ ਵਿੱਚ ਹਸਪਤਾਲ ਬਣਾ ਦੇਵੇਗਾ ? ਸਿਟੀ ਕੋਲ 2.2 ਬਿਲੀਅਨ ਡਾਲਰ ਕਿੱਥੋਂ ਆਉਣਗੇ ? ਡਾਕਟਰ ਅਤੇ ਨਰਸਿੰਗ ਸਟਾਫ ਕਿੱਥੋਂ ਆਵੇਗਾ ? ਇੱਕ ਪਾਸੇ ਮਕੱਲਮ ਇਹ ਕਹਿ ਰਿਹਾ ਹੈ ਕਿ ਟੈਕਸ ਵਿੱਚ ਵਾਧਾ ਨਹੀਂ ਕਰੇਗਾ ਫਿਰ ਪੈਸੇ ਕੀ ਮੈਪਲ ਦੇ ਰੁੱਖ ਨੂੰ ਲੱਗਣਗੇ ਜਾਂ ਫਿਰ ਮਕੱਲਮ ਨੇ ਸਿਟੀ ਹਾਲ ਦੇ ਹੇਠਾਂ ਕੋਈ ਟੂਮਾ ਦੱਬੀਆਂ ਹੋਈਆਂ ਹੈ ਜਾਂ ਫਿਰ ਮਕੱਲਮ ਲੋਕਾਂ ਨੂੰ ਫਿਰ ਤੋਂ ਮੂਰਖ ਬਣਾਉਣ ਦੇ ਚੱਕਰ ਵਿਚ ਹੈ ?                             
ਅੰਤ ਵਿੱਚ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਝੂਠੇ ਅਤੇ ਜੁਮਲੇਬਾਜ਼ ਨੇਤਾਵਾਂ ਤੋਂ ਬਚੋ ਅਤੇ ਸੁਚੇਤ ਵੋਟਰ ਬਣ ਕੇ ਫੈਸਲਾ ਲਵੋ। ਜਿਹੜੇ ਲੀਡਰ ਸਿਰਫ ਸੱਤਾ ਹਥਿਆਉਣ ਲਈ ਲੋਕਾਂ ਨੂੰ ਗੁੰਮਰਾਹ ਕਰ ਸਕਦੇ ਹਨ ਉਹ ਕੱਲ ਨੂੰ ਸੱਤਾ ਵਿੱਚ ਆ ਕੇ ਕਿਸ ਤਰ੍ਹਾਂ ਦੇ ਚੰਨ ਚੜਾਉਣਗੇ ਇਸ ਤੋਂ ਹਰ ਇੱਕ ਨੂੰ ਖਬਰਦਾਰ ਰਹਿਣ ਦੀ ਲੋੜ ਹੈ। ਜੇ ਨਿਰਪੱਖ ਹੋਕੇ ਵੇਖੀਏ ਤਾਂ ਬ੍ਰੈਂਡਾ ਲੌਕ ਸਾਡੇ ਸਾਰਿਆਂ ਦੀ ਵੋਟ ਦੀ ਸਹੀ ਹੱਕਦਾਰ ਹੈ ਜਿਸਨੇ ਬੀਤੇ 4 ਸਾਲਾਂ ਵਿੱਚ ਜੋ ਕਿਹਾ ਉਸਤੋਂ ਵੱਧ ਕਰਕੇ ਆਪਣੀ ਸਮਰੱਥਾ ਨੂੰ ਸਾਬਤ ਵੀ ਕਰਕੇ ਵਿਖਾਇਆ ਹੈ ।                                                                                                                                                    
ਮੈਨਜਿੰਗ ਡਾਇਰੈਕਟਰ,
ਰੇਡੀਓ ਇੰਡੀਆ, ਸਰੀ (ਬੀਸੀ)

Leave a Reply

Your email address will not be published. Required fields are marked *