ਸਿੱਖ ਕੌਮ ਬੌਧਿਕ ਪੱਧਰ ‘ਤੇ ਚੇਤੰਨ ਹੋ ਕੇ ਮੌਜੂਦਾ ਚੁਣੌਤੀਆਂ ਖ਼ਿਲਾਫ ਲੜੇ-ਡਾ: ਗੁਰਵਿੰਦਰ ਸਿੰਘ
ਸਰੀ (ਗੁਰਪ੍ਰੀਤ ਸਿੰਘ ਤਲਵੰਡੀ)-ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਵਲੋਂ ਸਿੰਘ ਸਭਾ ਲਹਿਰ ਦੇ ਮੋਢੀ ਆਗੂ ਤੇ ਸਿੱਖ ਕੌਮ ਦੀ ਵਿਰਾਸਤੀ ਸੰਸਥਾ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਦੇ ਸੰਸਥਾਪਕ ਪ੍ਰੋ: ਗੁਰਮੁਖ ਸਿੰਘ ਦੀ 128 ਵੀਂ ਬਰਸੀ ਮੌਕੇ ਵਿਸ਼ਾਲ ਸਮਾਗਮ ਗੁਰਦਵਾਰਾ ਗੁਰਸਾਗਰ ਮਸਤੂਆਣਾਂ ਸਾਹਿਬ ਸਰੀ (ਕੈਨੇਡਾ) ਵਿਖੇ ਕਰਵਾਇਆ ਗਿਆ। ਗੁਰਦਵਾਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੀ ਆਰੰਭਤਾ ਕਰਦਿਆਂ ਲੇਖਕ ਗੁਰਪ੍ਰੀਤ ਸਿੰਘ ਤਲਵੰਡੀ ਨੇ ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ ਦਾ ਉਦੇਸ਼ ਅਤੇ ਸਰਗਰਮੀਆਂ ਬਾਰੇ ਦੱਸਦਿਆਂ ਕਿਹਾ ਕਿ ਲੰਮਾਂ ਅਰਸਾ ਅਣਗੌਲੇ ਰਹੇ ਤੇ ਸਿੱਖੀ ਦੀ ਤੜਪ ਰੱਖਣ ਵਾਲੇ ਯੋਧਿਆਂ ਵਲੋਂ ਲਏ ਗਏ ਸੁਪਨਿਆਂ ਅਨੁਸਾਰ ਅੱਜ ਵੀ ਸਿੰਘ ਸਭਾ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਵਿਦਵਾਨ ਲੇਖਕ ਤੇ ਪ੍ਰੈੱਸ ਕਲੱਬ ਆਫ ਬੀ ਸੀ ਦੇ ਪ੍ਰਧਾਨ ਡਾ: ਗੁਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰੋ: ਗੁਰਮੁਖ ਸਿੰਘ ਦੁਆਰਾ ਸਿੰਘ ਸਭਾ ਲਹਿਰ ਨਾਲ ਜੁੜ ਕੇ ਖਾਲਸਾ ਕਾਲਜ ਅੰਮ੍ਰਿਤਸਰ ਵਰਗੀ ਸੰਸਥਾ ਸਿੱਖਾਂ ਨੂੰ ਸੌਂਪ ਦੇਣੀ ਉਨ੍ਹਾਂ ਦੀ ਇੱਕ ਵੱਡੀ ਦੇਣ ਮੰਨੀ ਜਾ ਸਕਦੀ ਹੈ। ਭਾਵੇਂ ਕਿ ਸਿੱਖੀ ਦੀ ਤੜਪ ਰੱਖਦਿਆਂ ਉਨ੍ਹਾਂ ਨੂੰ ਪੁਜਾਰੀਆਂ ਵਲੋਂ ਤਨਖਾਹੀਆ ਕਰਾਰ ਦੇਣ ਵਰਗੇ ਫੁਰਮਾਨ ਵੀ ਜਾਰੀ ਕੀਤੇ ਗਏ, ਪਰ ਉਨ੍ਹਾਂ ਦੁਆਰਾ ਪ੍ਰੋ: ਗਿਆਨੀ ਦਿੱਤ ਸਿੰਘ ਤੇ ਹੋਰ ਸੂਝਵਾਨ ਸੱਜਣਾਂ ਨਾਲ ਰਲ ਕੇ ਪੰਜਾਬੀ ਦੀ ਪਹਿਲੀ ਪ੍ਰੈੱਸ ਸਥਾਪਿਤ ਕਰਨੀ ਤੇ ਪੰਜਾਬੀ ਦਾ ਪਹਿਲਾ ਅਖਬਾਰ ‘ਖਾਲਸਾ ਅਖਬਾਰ’, ਗੁਰਮੁਖੀ ਸਮਾਚਾਰ ਤੇ ਮਹੀਨਾਵਾਰ ਪੱਤਰ ਸੁਧਾਰਕ ਅਤੇ ਵਿਿਦਯਾਰਕ ਪ੍ਰਕਾਸ਼ਿਤ ਕਰਕੇ ਪੰਜਾਬੀ ਪੱਤਰਕਾਰੀ ਦਾ ਮੁੱਢ ਬੰਨਿਆਂ। ਪੱਤਰਕਾਰ ਜੋਗਿੰਦਰ ਸਿੰਘ ਨੇ ਵੀ ਪ੍ਰੋ: ਗੁਰਮੁਖ ਸਿੰਘ ਦੁਆਰਾ ਪੰਜਾਬੀ ਪੱਤਰਕਾਰੀ ਦੀ ਆਰੰਭਤਾ ਨੂੰ ਇੱਕ ਵੱਡਾ ਮੀਲ ਪੱਥਰ ਦੱਸਿਆ। ਗੁਰਦਵਾਰਾ ਸਾਹਿਬ ਦੇ ਮੁੱਖ ਪ੍ਰਬੰਧਕ ਤੇ ਸਿੱਖ ਚਿੰਤਕ ਗਿਆਨੀ ਮਹਿੰਦਰ ਸਿੰਘ ਮਹਿਸਮਪੁਰ ਦੁਆਰਾ ਪ੍ਰੋ: ਗੁਰਮਖ ਸਿੰਘ ਨੂੰ ਯਾਦ ਕਰਦਿਆਂ ਵਿਿਦਅਕ ਕੇਂਦਰ ਮਸਤੂਆਣਾਂ ਦੇ ਸੰਤ ਅਤਰ ਸਿੰਘ ਮਸਤੂਆਣਾਂ ਅਤੇ ਸੰਤ ਤੇਜਾ ਸਿੰਘ ਦੁਆਰਾ ਸਿੱਖਾਂ ਨੂੰ ਵਿਿਦਆ ਨਾਲ ਜੋੜਨ ਦੇ ਯਤਨਾਂ ਬਾਰੇ ਵਿਸਥਾਰ ਵਿੱਚ ਚਾਨਣਾਂ ਪਾਇਆ। ਸਿੱਖ ਆਗੂ ਗਿਆਨ ਸਿੰਘ ਸੰਧੂ, ਡਾ: ਪ੍ਰਗਟ ਸਿੰਘ ਭੁਰਜੀ, ਸ਼੍ਰੋਮਣੀ ਕਮੇਟੀ ਮੈਂਬਰ ਮਿੱਠੂ ਸਿੰਘ ਕਾਹਨੇਕੇ ਦੀ ਬੇਟੀ ਹਰਮਨਦੀਪ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਰਹੇ ਮਰਹੂਮ ਲਾਲ ਸਿੰਘ ਬਾਂਡੀਵਾਲਾ ਦੇ ਪੋਤਰੇ ਕੁਲਮੋਹਣ ਸਿੰਘ ਬਾਂਡੀਵਾਲਾ ਨੇ ਵੀ ਆਪਣੇ ਸੰਬੋਧਨ ਵਿੱਚ ਸਿੰਘ ਸਭਾ ਲਹਿਰ ਨਾਲ ਜੁੜੇ ਇਹਨਾਂ ਅਣਗੌਲੇ ਯੋਧਿਆਂ ਦੀ ਸੋਚ ਨੂੰ ਘਰ ਘਰ ਪਹੁੰਚਾਉਣ ਦੀ ਲੋੜ ਤੇ ਜੋਰ ਦਿੱਤਾ। ਗੁਰਦਵਾਰਾ ਪ੍ਰਬੰਧਕ ਗਿਆਨੀ ਮਹਿੰਦਰ ਸਿੰਘ ਦੁਆਰਾ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਿੱਖ ਕੌਮ ਨੂੰ ਬੌਧਿਕ ਪੱਧਰ ‘ਤੇ ਚੇਤੰਨ ਹੋ ਕੇ ਮੌਜੂਦਾ ਸਮੇਂ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਖੇਤਰ ‘ਚ ਦਰਪੇਸ਼ ਚਣੌਤੀਆਂ ਦਾ ਟਾਕਰਾ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਫੋਟੋ ਕੈਪਸ਼ਨ-ਗੁਰਦਵਾਰਾ ਗੁਰਸਾਗਰ ਮਸਤੂਆਣਾਂ ਸਾਹਿਬ ਸਰੀ (ਕੈਨੇਡਾ) ਵਿਖੇ ਪ੍ਰੋ: ਗੁਰਮੁਖ ਸਿੰਘ ਦੀ 128 ਵੀਂ ਯਾਦ ਵਿੱਚ ਕਰਵਾਏ ਗਏ ਵਿਸ਼ਾਲ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰੇ।

