ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਸਾਹਿਬ ਨੇ ਕੀਤੀ ਬਜ ਬਜ ਘਾਟ ‘ਤੇ ਸ਼ਹੀਦਾਂ ਦੀ ਅਰਦਾਸ-
112 ਵਰ੍ਹੇ ਪਹਿਲਾਂ ਕੈਨੇਡਾ ਤੋਂ ਨਸਲੀ ਵਿਤਕਰੇ ਅਤੇ ਧੱਕੇਸ਼ਾਹੀ ਨਾਲ ਮੋੜੇ ਗਏ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ‘ਚੋਂ, ਬਜ ਬਜ ਘਾਟ ਕਲਕੱਤਾ ਵਿਖੇ ਸ਼ਹੀਦ ਹੋਏ 19 ਸੂਰਬੀਰਾਂ ਦੇ ਇਤਿਹਾਸਿਕ ਸ਼ਹੀਦੀ ਦਿਹਾੜੇ ‘ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਸਮਾਗਮ ਹੋਏ। ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮੌਕੇ ‘ਤੇ ਗੁਰੂ ਨਾਨਕ ਜਹਾਜ਼ ਦੇ ਸ਼ਹੀਦਾਂ ਨਮਿੱਤ ਖਾਲਸੇ ਦੀ ਜਨਮ ਭੂਮੀ ਵਿਖੇ ਅਰਦਾਸ ਕੀਤੀ। ਅਰਦਾਸ ਬੇਨਤੀ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਜਹਾਜ਼’ ਦੇ ਨਾਂ ਅਤੇ ਇਤਿਹਾਸ ਦੀ ਬਹਾਲੀ ਲਈ, ਨਸਲਵਾਦ, ਜ਼ੁਲਮ ਅਤੇ ਬਸਤੀਵਾਦ ਖਿਲਾਫ਼ ਸੰਘਰਸ਼ ਜਾਰੀ ਰੱਖਣ ਲਈ, ਸਤਿਗੁਰੂ ਅੰਗ ਸੰਗ ਸਹਾਈ ਹੋਣ।। ਸ਼ਹੀਦਾਂ ਨਮਿਤ ਪਾਵਨ ਅਰਦਾਸ ਦੇ ਬੋਲ ਇਸ ਪ੍ਰਕਾਰ ਸਨ ਕਿ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਾਤਸ਼ਾਹ ਵਾਹਿਗੁਰੂ ਜੀਓ! ਆਪ ਜੀ ਦੀ ਓਟ-ਆਸਰੇ, ਭਾਣੇ ਅਤੇ ਹੁਕਮ ਅੰਦਰ, ਬਾਬਾ ਗੁਰਦਿੱਤ ਸਿੰਘ ਜੀ ਵੱਲੋਂ ਆਰੰਭੇ ਗੁਰੂ ਨਾਨਕ ਜਹਾਜ਼ ਸਟੀਮਸ਼ਿਪ ਕੰਪਨੀ ਦੇ ਪੰਥਕ ਉਪਰਾਲੇ ਅਤੇ ਗੁਰੂ ਨਾਨਕ ਜਹਾਜ਼ “ਸਮੁੰਦਰਾਂ ਉੱਤੇ ਪ੍ਰਕਾਸ਼ਮਾਨ ਪਹਿਲੇ ਗੁਰਦੁਆਰਾ ਸਾਹਿਬ” ਨੂੰ ਯਾਦ ਕਰਦਿਆਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ।ਹੇ ਸੱਚੇ ਪਾਤਸ਼ਾਹ ਜੀਓ! ਜਿਸ ਗੁਰੂ ਨਾਨਕ ਜਹਾਜ਼ ਉੱਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਸੁਸ਼ੋਭਿਤ ਸੀ, ਨਿਸ਼ਾਨ ਸਾਹਿਬ ਝੂਲਦੇ ਸੀ, ਨਾਮ-ਬਾਣੀ ਦਾ ਪ੍ਰਵਾਹ ਚੱਲਦਾ ਸੀ, ਸੰਗਤ ਜੁੜਦੀ ਸੀ, ਪੰਗਤ ਸਜਦੀ ਸੀ ਅਤੇ ਗੁਰੂ ਕਾ ਲੰਗਰ ਵਰਤਦਾ ਸੀ ਉਸ ਪਾਵਨ ਪੰਥਕ ਯਾਤਰਾ ਦੀ ਯਾਦ ਗੁਰੂ ਪੰਥ ਦੇ ਹਿਰਦਿਆਂ ਵਿੱਚ ਸਦਾ ਕਾਇਮ ਰੱਖਣੀ।
29 ਸਤੰਬਰ 1914 ਨੂੰ ਬਜ ਬਜ ਘਾਟ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ ਅਤੇ ਗੁਰਮਰਯਾਦਾ ਨੂੰ ਕਾਇਮ ਰੱਖਦਿਆਂ, ਜ਼ੁਲਮ ਅਤੇ ਬੇਇਨਸਾਫ਼ੀ ਅੱਗੇ ਨਾ ਝੁਕਦਿਆਂ, ਚੜ੍ਹਦੀ ਕਲਾ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ ਗੁਰੂ ਨਾਨਕ ਜਹਾਜ਼ ਦੇ ਸਿੰਘਾਂ ਦੀ ਸ਼ਹਾਦਤ ਨੂੰ ਗੁਰੂ ਪੰਥ ਦੀ ਯਾਦ ਵਿੱਚ ਸਦਾ ਕਾਇਮ ਰੱਖਣਾ। ਹੇ ਸੱਚੇ ਪਾਤਸ਼ਾਹ ਜੀਓ! ਵਿਸ਼ਵ ਭਰ ਵਿੱਚ ਗੁਰੂ ਨਾਨਕ ਜਹਾਜ਼ ਦੇ ਸੱਚੇ ਨਾਮ ਅਤੇ ਪੰਥਕ ਇਤਿਹਾਸ ਦੀ ਸੇਵਾ ਵਿੱਚ ਲੱਗੇ ਸਮੂਹ ਸਿੰਘਾਂ-ਸਿੰਘਣੀਆਂ ਉੱਤੇ ਆਪਣੀ ਮਿਹਰ ਭਰੀ ਨਦਰਿ ਰੱਖਣੀ। ਸੇਵਕਾਂ ਨੂੰ ਨਾਮ-ਬਾਣੀ ਨਾਲ ਜੋੜੀ ਰੱਖਣਾ, ਸਿਦਕ, ਸਬਰ, ਬਿਬੇਕ, ਨਿਰਭਉਤਾ ਅਤੇ ਚੜ੍ਹਦੀ ਕਲਾ ਬਖ਼ਸ਼ਣੀ। ਸੱਚ ਦੇ ਮਾਰਗ ਉੱਤੇ ਤੁਰਦਿਆਂ ਗੁਰੂ-ਆਸ਼ੇ ਅਨੁਸਾਰ ਸੇਵਾ ਕਰਨ ਦਾ ਬਲ ਬਖ਼ਸ਼ਣਾ। ਅੰਗ-ਸੰਗ ਸਹਾਈ ਹੋਣਾ ਅਤੇ ਪੰਥ ਦੀ ਇਸ ਸੇਵਾ ਨੂੰ ਆਪਣੇ ਭਾਣੇ ਅੰਦਰ ਸੁਫਲ ਕਰਨਾ। ਹੇ ਸੱਚੇ ਪਾਤਸ਼ਾਹ ਜੀਓ, ਜਾਣੀਆਂ -ਅਣਜਾਣੀਆਂ ਭੁੱਲਾਂ-ਚੁੱਕਾਂ ਦੀ ਖ਼ਿਮਾ ਕਰਨੀ। ਗੁਰੂ ਪੰਥ ਨੂੰ ਚੜ੍ਹਦੀ ਕਲਾ ਬਖ਼ਸ਼ਣੀ ਅਤੇ ਸਰਬੱਤ ਉੱਤੇ ਆਪਣੀ ਮਿਹਰ ਭਰੀ ਨਦਰਿ ਰੱਖਣੀ।ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥
ਤਖਤ ਸ੍ਰੀ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ ਤੋਂ ਇਲਾਵਾ ਕੈਨੇਡਾ, ਅਮਰੀਕਾ ਸਮੇਤ ਦੁਨੀਆ ਭਰ ਦੇ ਗੁਰਦੁਆਰਿਆਂ ‘ਚ ਗੁਰੂ ਨਾਨਕ ਜਹਾਜ਼ ਦੇ ਸ਼ਹੀਦੀ ਸਾਕੇ ਸਬੰਧੀ ਅਰਦਾਸ ਸਮਾਗਮ ਹੋਏ ਹਨ ਅਤੇ ਸੰਗਤਾਂ ਨੇ ਇਸ ਦੇ ਇਤਿਹਾਸ ਦੀ ਅਸਲੀ ਪਛਾਣ ; ‘ਗੁਰੂ ਨਾਨਕ ਜ਼ਹਾਜ਼’ ਨਾਂ ਨੂੰ ਬਹਾਲ ਕਰਵਾਉਣ ਲਈ ਅਹਿਦ ਲਿਆ ਹੈ। ਜ਼ਿਕਰਯੋਗ ਹੈ ਕਿ ਬਾਬਾ ਗੁਰਦਿੱਤ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੇ ਜਪਾਨੀ ਕਾਮਾਗਾਟਾ ਮਾਰੂ ਸਟੀਮਸ਼ਿਪ ਕੰਪਨੀ ਤੋਂ 66 ਹਜ਼ਾਰ ਡਾਲਰ ਤੇ ਸਮੁੰਦਰੀ ਬੇੜਾ ਕਿਰਾਏ ‘ਤੇ ਲੈ ਕੇ, ਉਸ ਦਾ ਨਾਮਕਰਨ ‘ਗੁਰੂ ਨਾਨਕ ਜਹਾਜ਼’ ਕੀਤਾ ਸੀ, ਹਾਲਾਂਕਿ ਹੁਣ ਤੱਕ ਇਤਿਹਾਸਕਾਰ ਗੁਰੂ ਨਾਨਕ ਜਹਾਜ਼ ਸਹੀ ਨਾਮ ਨੂੰ ਜਾਣੇ ਅਣਜਾਣੇ ਵਿੱਚ ਅੱਖੋਂ ਪਰੋਖੇ ਕਰਦੇ ਰਹੇ ਹਨ ਅਤੇ ਕਾਮਾਗਾਟਾ ਮਾਰੂ ਹੀ ਪ੍ਰਚਾਰਦੇ ਰਹੇ ਹਨ। ਹਾਂਗਕਾਂਗ ਤੋਂ 377 ਮੁਸਾਫ਼ਿਰਾਂ ਨੂੰ ਲੈ ਕੇ ਇਹ ਬੇੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਵਾਰੀ ਨਾਲ ਅਤੇ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਕੈਨੇਡਾ ਪਹੁੰਚਿਆ ਸੀ, ਜਿਸ ਵਿੱਚ 341 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਨ। ਵੈਨਕੂਵਰ ਵਿਖੇ 23 ਮਈ 19140 ਤੋਂ 23 ਜੁਲਾਈ 1914 ਤੱਕ ਇਸ ਨੂੰ ਸਮੁੰਦਰ ਵਿੱਚ ਰੋਕੀ ਰੱਖਿਆ ਗਿਆ ਅਤੇ ਫਿਰ ਧੱਕੇ ਨਾਲ ਮੋੜ ਦਿੱਤਾ ਗਿਆ।
ਗੁਰੂ ਨਾਨਕ ਜਹਾਜ਼ ਦੇ ਵਾਪਸ ਪੁੱਜਣ ‘ਤੇ 29 ਸਤੰਬਰ ਨੂੰ ਬ੍ਰਿਟਿਸ਼ ਭਾਰਤ ਦੇ ਕਲਕੱਤਾ ਸ਼ਹਿਰ ਨੇੜੇ ਸ਼ਹੀਦੀ ਸਾਕਾ ਵਾਪਰਿਆ, ਜਿਸ ਵਿੱਚ ਜਹਾਜ਼ ਦੇ 19 ਮੁਸਾਫਰਾਂ ਸਮੇਤ ਕਈ ਵਿਅਕਤੀ ਮਾਰੇ ਗਏ। ਦਰਅਸਲ ਮੁਸਾਫਰ ਜਹਾਜ਼ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਲਕੱਤੇ ਦੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰਨਾ ਚਾਹੁੰਦੇ ਸਨ, ਪਰ ਪੁਲਿਸ ਨੇ ਉਹਨਾਂ ਨੂੰ ਅਜਿਹਾ ਨਾ ਕਰਨ ਦਿੱਤਾ ਅਤੇ ਗੋਲ਼ੀ ਚਲਾਈ, ਜਿਸ ਕਾਰਨ ਸ਼ਹੀਦੀਆਂ ਹੋਈਆਂ।
ਮਹਾਨ ਇਤਿਹਾਸ ਅਤੇ ਪ੍ਰਤੀਕ ਇਸ ਜਹਾਜ਼ ਦਾ ਸਹੀ ਨਾਂ ‘ਗੁਰੂ ਨਾਨਕ ਜਹਾਜ਼’ ਬਹਾਲ ਕਰਨ ਲਈ, ਗੁਰੂ ਨਾਨਕ ਜਹਾਜ ਹੈਰੀਟੇਜ ਸੁਸਾਇਟੀ ਕੈਨੇਡਾ ਸਮੇਤ ਵੱਖ ਵੱਖ ਸੰਸਥਾਵਾਂ ਲੰਮੇ ਸਮੇਂ ਤੋਂ ਜਦੋ ਜਹਿਦ ਕਰ ਰਹੀਆਂ ਹਨ। ਨਿਰੰਤਰ ਯਤਨਾਂ ਮਗ਼ਰੋਂ ਵੈਨਕੂਵਰ ਦੇ ਸਮੁੰਦਰੀ ਤੱਟ ‘ਤੇ ਮੈਮੋਰੀਅਲ ਦਾ ਨਾਂ ਗੁਰੂ ਨਾਨਕ ਜਹਾਜ਼ ਮੈਮੋਰੀਅਲ ਕਰ ਦਿੱਤਾ ਗਿਆ ਹੈ ਅਤੇ ਸਰੀ ਅਤੇ ਵੈਨਕੂਵਰ ਸਿਟੀ ਕੌਂਸਲਾਂ ਨੇ ਗੁਰੂ ਨਾਨਕ ਜਹਾਜ਼ ਐਲਾਨਨਾਮੇ ਜਾਰੀ ਕੀਤੇ ਹਨ। ਅਜੇ ਇਸ ਖੇਤਰ ਵਿੱਚ ਪਾਰਲੀਮੈਂਟ ਵਿੱਚ ਮੁਆਫ਼ੀ ਦੀ ਸੋਧ ਸਮੇਤ ਹੋਰ ਸੰਘਰਸ਼ ਲਗਾਤਾਰ ਜਾਰੀ ਹਨ।



