Sep 27, 2026

29 ਸਤੰਬਰ 1914 : 112ਵੇਂ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼:-

ਡਾ. ਗੁਰਵਿੰਦਰ ਸਿੰਘ (604 825 1550)-
ਅੱਜ ਤੋਂ 112 ਵਰੇ ਪਹਿਲਾਂ 29 ਸਤੰਬਰ ਦੇ ਦਿਨ 1914 ਈ. ਨੂੰ ਗੁਰੂ ਨਾਨਕ ਜਹਾਜ਼ ਦੇ 19 ਮੁਸਾਫ਼ਿਰਾਂ ਨੂੰ ਕੋਲਕੱਤਾ ਨੇੜੇ ਬਜਬਜ ਘਾਟ ‘ਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹ ਮੁਸਾਫਰ ਅੰਗਰੇਜ਼ ਬਸਤੀਵਾਦ ਦੇ ਜਬਰ ਜ਼ੁਲਮ ਦੇ ਖ਼ਿਲਾਫ਼ ਲੜੇ ਸਨ। ਉਹ ਦੇਸ਼ ਦੇ ਆਜ਼ਾਦੀ ਘੁਲਾਟੀਏ ਸਨ, ਪਰ ਨਾ ਭਾਰਤ ਸਰਕਾਰ ਨੂੰ ਇਨ੍ਹਾਂ ਦਾ ਸ਼ਹੀਦੀ ਦਿਨ ਯਾਦ ਹੈ, ਨਾ ਹੀ ਪੰਜਾਬ ਸਰਕਾਰ ਨੇ ਹੀ ਕਦੇ ਇਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਹੈ। ਇਹ ਅਕ੍ਰਿਤਘਣਤਾ ਦੀ ਸਿਖਰ ਹੈ। ਦਰਅਸਲ ਸੰਸਾਰ ਦੇ ਇਤਿਹਾਸ ਵਿੱਚ ਸਮੁੰਦਰੀ ਬੇੜੇ ਗੁਰੂ ਨਾਨਕ ਜਹਾਜ਼ ਦੀ ਸਾਖੀ ਖ਼ਾਸ ਮਹੱਤਵ ਰੱਖਦੀ ਹੈ। ਉਸ ਵੇਲੇ ਦੀ ਕੈਨੇਡਾ ਦੀ ਨਸਲਵਾਦੀ ਸਰਕਾਰ ਨੇ ਮਨੁੱਖੀ ਹੱਕਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਇਸ ਸਮੁੰਦਰੀ ਬੇੜੇ ਨੂੰ, ਕੈਨੇਡਾ ਦੀ ਵੈਨਕੂਵਰ ਬੰਦਰਗਾਹ ‘ਤੇ ਜਬਰੀ ਰੋਕੀ ਰੱਖਿਆ ਅਤੇ ਮੁਸਾਫਰਾਂ ਨੂੰ ਬਾਹਰ ਨਾ ਨਿਕਲਣ ਦਿੱਤਾ।112 ਵਰ੍ਹੇ ਪਹਿਲਾਂ ਦੇ ਜ਼ਾਲਮ ਸਰਕਾਰ ਨੇ 377 ਮੁਸਾਫ਼ਿਰਾਂ ਵਾਲੇ ਸਮੁੰਦਰੀ ਬੇੜੇ ‘ਗੁਰੂ ਨਾਨਕ ਜਹਾਜ਼’ ਨੂੰ ਜਬਰੀ ਭਾਰਤ ਵਾਪਸ ਮੋੜ ਦਿੱਤਾ ਸੀ।
ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਆਤਮ-ਕਥਾ “ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ” 1920 ਵਿੱਚ ਲਿਖੀ ਸੀ ਜਿਸ ਨੂੰ ਡਾ ਗੁਰਦੇਵ ਸਿੰਘ ਸਿੱਧੂ ਨੇ ਸੰਪਾਦਿਤ ਕਰਕੇ ਪਾਠਕਾਂ ਤੱਕ ਪਹੁੰਚਾਇਆ ਹੈ। ਇਸ ਵਿੱਚੋਂ ਮਿਲਦੇ ਹਵਾਲਿਆਂ ਅਨੁਸਾਰ ਵੀਹਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ ਵਿੱਚ ਨਸਲਵਾਦੀ ਗੋਰੀ ਸਰਕਾਰ ਸੀ, ਜਿਸ ਨੇ 1907 ਵਿੱਚ ਪਹਿਲਾਂ ਭਾਰਤੀਆਂ ਤੋਂ ਵੋਟ ਦਾ ਹੱਕ ਖੋਹਿਆ ਤੇ ਉਸ ਤੋਂ ਬਾਅਦ ਕੈਨੇਡਾ ਆਉਣ ਲਈ ਆਪਣੇ ਮੁਲਕ ਤੋਂ ਸਿੱਧੇ ਸਫ਼ਰ ਦੀ ਸ਼ਰਤ ਲਾ ਦਿੱਤੀ। ਸਿੱਧੇ ਸਫਰ ਰਾਹੀਂ ਕੈਨੇਡਾ ਦਾਖਲ ਹੋਣ ਤੋਂ ਰੋਕਣ ਦਾ ਇਹ ਕਾਲਾ ਕਾਨੂੰਨ ਸੀ, ਜਿਸ ਨੂੰ ਪ੍ਰਭਾਵਹੀਣ ਕਰਨ ਲਈ ਕੈਨੇਡਾ ਦੇ ਮੋਢੀ ਸਿੱਖਾਂ ਸ਼ਹੀਦ ਭਾਈ ਭਾਗ ਸਿੰਘ ਜੀ ਭਿਖੀਪਿੰਡ, ਪ੍ਰਧਾਨ ਅਤੇ ਸ਼ਹੀਦ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਮੁੱਖ ਗ੍ਰੰਥੀ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਸਲਾਹ ‘ਤੇ ਮਾਝੇ ਦੇ ਨਾਮਵਰ ਸਿੱਖ ਆਗੂ ਅਤੇ ਕਾਰੋਬਾਰੀ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਦੂਰ-ਅੰਦੇਸ਼ੀ ਨਾਲ ਵਿਉਂਤ ਸੋਚੀ।
ਕੈਨੇਡਾ ਸਰਕਾਰ ਦੇ ‘ਨਸਲੀ ਵਿਤਕਰੇ ਵਾਲੇ ਕਾਨੂੰਨ ਨਿਰੰਤਰ ਸਿੱਧੇ ਸਫਰ’ ਨੂੰ ਚੁਣੌਤੀ ਦੇਣ ਲਈ ਜਨਵਰੀ 1914 ਵਿੱਚ ਬਾਬਾ ਜੀ ਵੱਲੋਂ ‘ਗੁਰੂ ਨਾਨਕ ਸਟੀਮਸ਼ਿਪ ਕੰਪਨੀ’ ਕਾਇਮ ਕੀਤੀ ਗਈ, ਜਿਸ ਅਧੀਨ ‘ਗੁਰੂ ਨਾਨਕ ਸਾਹਿਬ’ ਦੇ ਨਾਂ ਤੇ ਇੱਕ ਜਹਾਜ਼ ਕਿਰਾਏ ਤੇ ਲੈਣ ਦਾ ਫੈਸਲਾ ਕੀਤਾ ਗਿਆ। ਉਨਾਂ ਸਮੁੰਦਰੀ ਬੇੜੇ ਦੀ ਭਾਲ ਕਰਦਿਆਂ ਸਭ ਤੋਂ ਪਹਿਲਾਂ ‘ਸਿੰਗਾਪੁਰ ਸਟੀਮਸ਼ਿਪ ਕੰਪਨੀ’ ਦੇ ਮੈਨੇਜਰ ਰਾਹੀਂ ‘ਲਿਥੋ ਐਂਡ ਕੰਪਨੀ’ ਨੂੰ ਸੰਪਰਕ ਕੀਤਾ, ਪਰ ਉਹਨਾਂ ਦਾ ਜਹਾਜ਼ ਪੁਰਾਣਾ ਹੋਣ ਕਾਰਨ ਪੈਸੇਫ਼ਿਕ ਸਮੁੰਦਰ ਵਿੱਚ ਉਤਾਰੇ ਜਾਣ ਦੇ ਸਮਰੱਥ ਨਹੀਂ ਸੀ। ਇਉਂ ਹੀ ਕਈ ਹੋਰ ਬੇੜਿਆਂ ਦੀ ਭਾਲ ਕੀਤੀ ਗਈ। ਆਖ਼ਰਕਾਰ ਜਰਮਨ ਦੇ ਏਜੰਟ ਯੂਨੇ ਰਾਹੀਂ ਜਪਾਨੀ ਕੰਪਨੀ ‘ਕਾਮਾਗਾਟਾ’ ਨਾਲ ਸੰਪਰਕ ਕੀਤਾ ਅਤੇ ਉਹਨਾਂ ਦਾ ਜਹਾਜ਼ ਲੈਣ ਦਾ ਫੈਸਲਾ ਕੀਤਾ। ਕਾਮਾਗਾਟਾਮਾਰੂ ਨਾਂ ਦਾ ਸਮੁੰਦਰੀ ਬੇੜਾ, ਜਾਪਾਨ ਤੋਂ 11 ਹਜ਼ਾਰ ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ, ਛੇ ਮਹੀਨਿਆਂ ਲਈ ਭਾੜੇ ‘ਤੇ ਲੈਆ । ਇਸ ਦਾ ਆਕਾਰ 392.2 ਫੁੱਟ ਸੀ ਅਤੇ 3 ਹਜ਼ਾਰ ਟਨ ਮਾਲ ਢੋਣ ਦੀ ਸਮਰੱਥਾ ਸੀ, ਜਦ ਕਿ ਇੱਕ ਘੰਟੇ ਵਿੱਚ 20 ਕਿਲੋਮੀਟਰ ਦਾ ਸਫਰ ਤੈਅ ਕਰ ਸਕਦਾ ਸੀ। ਇਹ ਜਹਾਜ਼ ਕੋਲਾ ਢੋਣ ਵਾਲਾ ਸੀ ਤੇ ਯਾਤਰੂ ਜਹਾਜ਼ ਦੇ ਰੂਪ ਵਿੱਚ ਬਦਲਣ ਲਈ ਬਾਬਾ ਗੁਰਦਿੱਤ ਸਿੰਘ ਨੇ ਅੰਦਰੋਂ ਕਾਫੀ ਤਬਦੀਲੀ ਕੀਤੀ ਅਤੇ 2500 ਡਾਲਰ ਖਰਚੇ ਤੇ ਬੈਠਣ ਲਈ ਬੈਂਚ ਆਦਿ ਦਾ ਪ੍ਰਬੰਧ ਕੀਤਾ। ਭਾਰੀ ਖਰਚਾ ਕਰਕੇ ਜਹਾਜ਼ ਦੀ ਮੁਰੰਮਤ ਕਰਵਾਉਂਦਿਆਂ, ਪੂਰੀ ਤਿਆਰੀ ਨਾਲ ਜਹਾਜ਼ ਮੁਸਾਫਿਰ ਲਿਜਾਣ ਦੇ ਯੋਗ ਬਣਾਇਆ ਗਿਆ।
ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਮਾਰਚ 1914 ਨੂੰ ਹਾਂਗਕਾਂਗ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਕਰਵਾਏ ਗਏ ਅਤੇ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਦਾ ਨਾਮਕਰਨ ‘ਗੁਰੂ ਨਾਨਕ ਜਹਾਜ਼’ ਕੀਤਾ ਗਿਆ। ਕਾਨੂੰਨੀ ਪਹਿਲੂ ਵਿਚਾਰਦਿਆਂ ਜਹਾਜ਼ ਦੀਆਂ ਟਿਕਟਾਂ ‘ਗੁਰੂ ਨਾਨਕ ਨੈਵੀਗੇਸ਼ਨ ਕੰਪਨੀ’ ਵੱਲੋਂ ਪ੍ਰਕਾਸ਼ਿਤ ਹੋਈਆਂ ਅਤੇ ਟਿਕਟਾਂ ਉੱਪਰ ਜਹਾਜ਼ ਦਾ ਨਾਂ ‘ਗੁਰੂ ਨਾਨਕ ਸਟੀਮਰ’ ਲਿਖਿਆ ਗਿਆ। ਗੁਰੂ ਨਾਨਕ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਜਿੱਥੇ ਦੀਵਾਨ ਜੁੜਦੇ, ਢਾਡੀ ਵਾਰਾਂ ਗਾਉਂਦੇ ਅਤੇ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ। ਸਾਂਝੇ ਪੰਜਾਬ (ਅਜੋਕੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼) ਦੇ ਸਭ ਯਾਤਰੂ ਜਾਣਦੇ ਸਨ ਕਿ ‘ਗੁਰੂ ਨਾਨਕ ਜਹਾਜ਼’ ਨਾਂ ਦੇ ਅਧੀਨ ਹੀ ਸਭ ਨੂੰ ‘ਸਾਂਝੀ ਗੋਦ’ ਵਿੱਚ ਲਿਆ ਜਾ ਸਕਦਾ ਸੀ। ਇਤਿਹਾਸਿਕ ਤੱਥਾਂ ‘ਤੇ ਅਧਾਰਤ ਇਸ ਜਾਣਕਾਰੀ ਤੋਂ ਬਾਅਦ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਇਸ ਸਮੁੰਦਰੀ ਬੇੜੇ ਦਾ ਨਾਂ ਗੁਰੂ ਨਾਨਕ ਜਹਾਜ਼ ਹੈ ਅਤੇ ਇਤਿਹਾਸਕਾਰਾਂ ਲਈ ਗੁਰੂ ਨਾਨਕ ਜਹਾਜ਼ ਸ਼ਬਦ ਹੀ ਵਰਤਣਾ ਉਚਿਤ ਹੈ। ਕਈ ਲੇਖਕਾਂ ਵੱਲੋਂ ਅੱਜ ਵੀ ਜਾਣੇ-ਅਣਜਾਣੇ ਵਿੱਚ ਗੁਰੂ ਨਾਨਕ ਜਹਾਜ਼ ਨੂੰ, ਜਾਪਾਨੀ ਨਾਂ ਕਾਮਾਗਾਟਾਮਾਰੂ ਨਾਲ ਹੀ ਬਿਆਨਿਆ ਜਾਂਦਾ ਹੈ, ਜੋ ਕਿ ਸਹੀ ਨਹੀਂ। ਬਹੁਤ ਚੰਗੀ ਗੱਲ ਹੈ ਕਿ ਵੈਨਕੂਵਰ ਦੇ ਸਮੁੰਦਰੀ ਤੱਟ ‘ਤੇ ਸਰਕਾਰ ਵੱਲੋਂ ‘ਗੁਰੂ ਨਾਨਕ ਜਹਾਜ਼ ਮੈਮੋਰੀਅਲ’ ਨਾਂ ਸੋਧ ਕੇ ਲਿਖਿਆ ਗਿਆ ਹੈ ਅਤੇ ‘ਵੈਨਕੂਵਰ, ਸਰੀ ਸਿਟੀ ਕੌਂਸਲਾਂ’ ਵੱਲੋਂ ‘ਗੁਰੂ ਨਾਨਕ ਜਹਾਜ਼ ਨਾਂ ‘ਤੇ ਐਲਾਨਨਾਮੇ’ ਜਾਰੀ ਹੋਏ ਹਨ, ਜਿਨ੍ਹਾਂ ਤੋਂ ਸੇਧ ਲੈ ਕੇ ਬੀਸੀ ਸੂਬਾਈ ਅਤੇ ਕੈਨੇਡਾ ਸਰਕਾਰ ਵੀ ਆਪਣੇ ‘ਮਾਫੀਨਾਮਿਆਂ ਵਿੱਚ ਸੋਧ’ ਜ਼ਰੂਰ ਕਰਨਗੀਆਂ
ਬਾਬਾ ਗੁਰਦਿੱਤ ਸਿੰਘ ਸਰਹਾਲੀ ਵੱਲੋਂ ਅਣਥੱਕ ਯਤਨਾਂ ਨਾਲ ਇਥੇ ਲਿਆਂਦੇ ਸਮੁੰਦਰੀ ਜਹਾਜ਼ ਦੇ ਮੁਸਾਫ਼ਿਰਾਂ ਨੂੰ 23 ਮਈ 1914 ਤੋਂ ਲੈ ਕੇ 23 ਜੁਲਾਈ 1914 ਤੱਕ ਦੋ ਮਹੀਨੇ ਵੈਨਕੂਵਰ ਦੀ ਬੰਦਰਗਾਹ ‘ਤੇ ਬੰਦੀ ਬਣਾਈ ਰੱਖਿਆ। 19 ਜੁਲਾਈ,1914 ਨੂੰ ਤੜਕੇ, 35 ਡਿਪੂਟਾਈਜ਼ਡ ਅਫਸਰਾਂ ਅਤੇ 125 ਸਿਟੀ ਪੁਲਿਸ ਅਧਿਕਾਰੀਆਂ ਦੇ ਨਾਲ ਛੋਟਾ ਸਰਕਾਰੀ ਸਮੁੰਦਰੀ ਜਹਾਜ਼, ਸਾਰੇ ਹਥਿਆਰਬੰਦ ਹਮਲਾਵਰਾਂ ਨੂੰ ਨਾਲ ਲੈ ਕੇ ਗੁਰੂ ਨਾਨਕ ਜਹਾਜ਼ ਨੂੰ ਬੰਦਰਗਾਹ ਤੋਂ ਬਾਹਰ ਕੱਢਣ ਦੇ ਇਰਾਦੇ ਨਾਲ ਨੇੜੇ ਆਣ ਪਹੁੰਚਿਆ। ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰ ਧੱਕੇਸ਼ਾਹੀ ਦਾ ਵਿਰੋਧ ਕਰ ਰਹੇ ਸਨ। ਸਰਕਾਰੀ ਹਮਲੇ ਦੇ ਜਵਾਬ ਵਿੱਚ ਮੁਸਾਫਿਰਾਂ ਨੇ ਜੈਕਾਰੇ ਲਾਉਂਦਿਆਂ ਹੋਇਆਂ ਮੋੜਵਾਂ ਪ੍ਰਤਿਕਰਮ ਦਿੱਤਾ। ਯਾਤਰੀਆਂ ਨੇ ਫੈਸਲਾ ਕੀਤਾ ਕਿ ਉਹ ‘ਜਬਰ ਦਾ ਮੁਕਾਬਲਾ ਚੜ੍ਹਦੀ ਕਲਾ’ ਨਾਲ ਕਰਨਗੇ। ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਰੋਹ ਦੇਖਦਿਆਂ ਹੋਇਆਂ ਸਰਕਾਰ ਨੇ ਆਪਣਾ ਹਮਲਾਵਰ ਜਹਾਜ਼ ਵਾਪਸ ਮੋੜ ਲਿਆ। ਆਖਿਰਕਾਰ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਨੂੰ ਕੈਨੇਡੀਅਨ ਫੌਜ ਅਤੇ ਹਕੂਮਤ ਵੱਲੋਂ, ਕੈਨੇਡੀਅਨ ਪਾਣੀਆਂ ‘ਚੋਂ ਵਿਤਕਰਿਆਂ ਅਤੇ ਧੱਕੇਸ਼ਾਹੀਆਂ ਨਾਲ ਬਾਹਰ ਕਰ ਦਿੱਤਾ ਗਿਆ।
ਦੋ ਮਹੀਨੇ ਦੀ ਭਾਰੀ ਖੱਜਲ-ਖੁਆਰੀ ਤੋਂ ਬਾਅਦ 26 ਸਤੰਬਰ 1914 ਨੂੰ ਗੁਰੂ ਨਾਨਕ ਜਹਾਜ਼ ਕੋਲਕੱਤੇ ਤੋਂ ਕੋਈ 100 ਮੀਲ ਦੂਰੀ ‘ਤੇ ਜਬਰੀ ਰੋਕ ਲਿਆ ਗਿਆ ਅਤੇ ਦੋ ਦਿਨ ਤਲਾਸ਼ੀਆਂ ਹੁੰਦੀਆਂ ਰਹੀਆਂ। 29 ਸਤੰਬਰ ਨੂੰ ਕੋਲਕੱਤੇ ਤੋਂ ਕੁਝ ਦੂਰੀ ‘ਤੇ ਬਜ ਬਜ ਘਾਟ ਤੇ ਮੁਸਾਫ਼ਿਰਾਂ ਨੂੰ ਜਬਰੀ ਉਤਰਨ ਲਈ ਕਿਹਾ ਗਿਆ ਤੇ ਰਾਜਨੀਤਿਕ ਵਿਘਨ ਪਾਉਣ ਵਾਲੇ ‘ਅੱਜ ਦੇ ਅੰਦੋਲਨ ਜੀਵੀਆਂ’ ਵਾਂਗ ਕਰਾਰ ਦੇ ਕੇ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ। ਸਿੱਖ ਮੁਸਾਫ਼ਿਰ ਗ੍ਰਿਫਤਾਰੀ ਅਤੇ ਪੰਜਾਬ ਵਾਪਸੀ ਤੋਂ ਪਹਿਲਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਲਕੱਤੇ ਦੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰਨਾ ਚਾਹੁੰਦੇ ਸਨ, ਪਰ ਇਸ ਦਾ ਵਿਰੋਧ ਕਰਦਿਆਂ ਹੋਇਆਂ, ਬ੍ਰਿਟਿਸ਼ ਭਾਰਤੀ ਪ੍ਰਸ਼ਾਸਨ ਵੱਲੋਂ ਉਹਨਾਂ ਉੱਪਰ ਗੋਲੀਆਂ ਚਲਾਈਆਂ ਗਈਆਂ। ਇਸ ਦੁਖਦਾਈ ਘਟਨਾ ਦੀ ਅਗਵਾਈ ਬ੍ਰਿਟਿਸ਼ ਭਾਰਤੀ ਫੌਜ ਦੁਆਰਾ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 19 ਯਾਤਰੀ ਸ਼ਹੀਦ ਹੋ ਗਏ, ਬਹੁਤ ਸਾਰੇ ਜ਼ਖਮੀ ਹੋਏ ਅਤੇ ਬਹੁਤ ਸਾਰੇ ਹੋਰ ਕੈਦ ਹੋ ਗਏ। ਬ੍ਰਿਟਿਸ਼ ਭਾਰਤੀ ਨਸਲਵਾਦੀ ਸਰਕਾਰ ਦੇ ਖ਼ੂਨੀ ਸਾਕੇ ਦਾ ਇਹ ਦਿਲ-ਕੰਬਾਊ ਅਧਿਆਇ ਸੀ, ਜੋ ਅੱਜ ਦੇ ਭਾਰਤੀ ਸਿਆਸਤਦਾਨਾਂ ਦੇ ਮਨਾਂ ਚੋਂ ਪੂਰੀ ਤਰ੍ਹਾਂ ਵਿਸਰ ਚੁੱਕਾ ਹੈ।
ਇਧਰ ਕੈਨੇਡਾ ਦੀ ਧਰਤੀ ‘ਤੇ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਤੇ ਹੋਏ ਨਸਲੀ ਧੱਕੇ ਦੇ ਦੁਖਾਂਤ ਲਈ ਮੁਆਫ਼ੀ ਦੀ ਮੰਗ ਨਿਰੰਤਰ ਉੱਠਦੀ ਰਹੀ। ਆਖ਼ਰਕਾਰ ਕੈਨੇਡਾ ਦੀ ਲਿਬਰਲ ਸਰਕਾਰ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਮਈ, 2016 ਦੇ ਦਿਨ ਮੁਆਫ਼ੀਨਾਮਾ ਜਾਰੀ ਕਰਕੇ ਨਵਾਂ ਅਧਿਆਇ ਸਿਰਜ ਦਿੱਤਾ। ਕੈਨੇਡਾ ਦੀ ਪਾਰਲੀਮੈਂਟ ‘ਚ ਪ੍ਰਵਾਸੀਆਂ ਨੂੰ ਕਾਲੇ ਕਾਨੂੰਨਾਂ ਰਾਹੀਂ ਧੱਕੇ ਨਾਲ ਵਾਪਸ ਮੋੜਨ ਦੀਆਂ ਇਤਿਹਾਸਕ ਗ਼ਲਤੀਆਂ ‘ਤੇ ਮੁਆਫ਼ੀ ਮੰਗਣ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਦਾ ਇਹ ਕਦਮ, ਇਥੇ ਵਸੇ ਪ੍ਰਵਾਸੀਆਂ ਨੂੰ ਮਾਨਤਾ ਦੇਣ ਦੇ ਸੰਦਰਭ ‘ਚ ਖ਼ਾਸ ਮਹੱਤਵ ਰੱਖਦਾ ਹੈ। ਕੈਨੇਡਾ ਦੀ ਪਹਿਲਕਦਮੀ ਇਹ ਵੀ ਸੁਨੇਹਾ ਦਿੰਦੀ ਹੈ ਕਿ ਜੇਕਰ ਸਰਕਾਰਾਂ ਇਤਿਹਾਸ ਦੀਆਂ ਗ਼ਲਤੀਆਂ ਤੋਂ ਸਬਕ ਲੈ ਕੇ, ਮੁੜ ਗ਼ਲਤੀਆਂ ਨਾ ਦੁਹਰਾਉਣ ਦਾ ਤਹੱਈਆ ਕਰਨ, ਤਾਂ ਇਹ ਸਹੀ ਅਰਥਾਂ ‘ਚ ਨਵੀਆਂ ਲੀਹਾਂ ਪਾਉਣ ਦੇ ਬਰਾਬਰ ਹੁੰਦਾ ਹੈ। ਜੇਕਰ ਘੱਲੂਘਾਰਿਆਂ, ਨਸਲਕੁਸ਼ੀਆਂ ਅਤੇ ਦੇਸ਼ ਪੱਧਰੀ ਦੁਖਾਂਤਾਂ ਲਈ ਇਤਿਹਾਸਕ ਗ਼ਲਤੀਆਂ ਦਾ ਪਛਤਾਵਾ ਹੋਵੇ, ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਅਤੇ ਘੱਟ-ਗਿਣਤੀਆਂ ਸੁਰੱਖਿਅਤ ਹੋਣ, ਤਦ ਹੀ ਮੁਆਫ਼ੀਨਾਮਾ ਕੋਈ ਅਰਥ ਰੱਖਦਾ ਹੈ, ਨਹੀਂ ਤਾਂ ਇਹ ਮਹਿਜ਼ ਸਿਆਸੀ ਬਿਆਨਬਾਜ਼ੀ ਤੋਂ ਵੱਧ ਕੁਝ ਨਹੀਂ। ਸ਼ਹੀਦਾਂ ਨੂੰ ਯਾਦ ਕਰਨ ਅਤੇ ਇਤਿਹਾਸਕ ਗੁਨਾਹਾਂ ਦੀਆਂ ਮੁਆਫ਼ੀਆਂ ਮੰਗਣ ਦੇ ਵਿਚਾਰ ਅਤੇ ਉਪਰਾਲੇ ਸ਼ਲਾਘਾਯੋਗ ਹਨ, ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਕਿਤੇ ਵੀ ਮੂਲ ਵਾਸੀ ਲੋਕਾਂ ਜਾਂ ਪ੍ਰਵਾਸੀਆਂ ਨਾਲ, ‘ਰੰਗ ਨਸਲ ਜਾਤ ਧਰਮ ਅਤੇ ਬੋਲੀ’ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ।
ਕੈਨੇਡਾ ਤੋਂ ਸੇਧ ਲੈ ਕੇ ਭਾਰਤ ਦੀ ਸੰਸਦ ‘ਚ ਵੀ ਗੁਰੂ ਨਾਨਕ ਜਹਾਜ਼ ਦੇ ਦੁਖਾਂਤ ਸਬੰਧੀ ਮਤਾ ਪੇਸ਼ ਕੀਤਾ ਜਾਣਾ ਬਣਦਾ ਸੀ ਤੇ ਇਸ ਦੇ ਮੁਸਾਫਿਰਾਂ ਦੀ ਕੁਰਬਾਨੀ ਨੂੰ ਵੀ ਚੇਤੇ ਕੀਤਾ ਜਾਣਾ ਚਾਹੀਦਾ ਸੀ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਾਂਗ ਪੰਜਾਬ ਦੀ ਵਿਧਾਨ ਸਭਾ ‘ਚ ਵੀ ਅਜਿਹਾ ਕਦਮ ਚੁੱਕਿਆ ਜਾਣਾ ਚਾਹੀਦਾ ਸੀ, ਕਿਉਂਕਿ ਗੁਰੂ ਨਾਨਕ ਜਹਾਜ਼ ਦੇ ਲਗਪਗ ਸਾਰੇ ਮੁਸਾਫ਼ਿਰ ਸਾਂਝੇ ਪੰਜਾਬ ਨਾਲ ਸਬੰਧਤ ਸਨ, ਪਰ ਦੁੱਖ ਦੀ ਗੱਲ ਇਹ ਹੈ ਕਿ 29 ਸਤੰਬਰ ਦੇ ਸ਼ਹੀਦੀ ਦਿਹਾੜੇ ਨੂੰ ਨਾ ਕਦੇ ਭਾਰਤ ਦੀ ਕੇਂਦਰੀ ਸਰਕਾਰ ਤੇ ਨਾ ਹੀ ਕਦੇ ਪੰਜਾਬ ਦੀ ਸਰਕਾਰ ਨੇ ਯਾਦ ਕੀਤਾ ਹੈ। ਗੁਰੂ ਨਾਨਕ ਜਹਾਜ਼ ਦੇ 377 ਮੁਸਾਫਰਾਂ ਵਿੱਚ 341 ਸਿੱਖਾਂ ਤੋਂ ਇਲਾਵਾ ਸਿੱਖਾਂ 12 ਹਿੰਦੂ ਅਤੇ 24 ਮੁਸਲਮਾਨ ਵੀ ਸਵਾਰ ਸਨ, ਪਰ ਸਭ ਨੇ ਆਪੋ-ਆਪਣੇ ਅਕੀਦੇ ਅਤੇ ਧਰਮਾਂ ਨੂੰ ਨਿੱਜੀ ਪੱਧਰ ‘ਤੇ ਰੱਖਿਆ ਅਤੇ ਕੈਨੇਡਾ ਦੇ ਨਸਲਵਾਦ ਅਤੇ ਭਾਰਤ ਦੇ ਬਸਤੀਵਾਦ ਖ਼ਿਲਾਫ਼ ਲੜੇ। ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਦਾ ਸਾਂਝਾ ਸੰਘਰਸ਼ ਇਸ ਗੱਲ ਦਾ ਵੀ ਸੂਚਕ ਹੈ ਕਿ ਭਾਰਤ ਨੂੰ ਬ੍ਰਿਟਿਸ਼ ਬਸਤੀਵਾਦ ਤੋਂ ਆਜ਼ਾਦ ਕਰਵਾਉਣ ਲਈ ਤਾਂ ਸਾਰਿਆਂ ਨੇ ਮਿਲ ਕੇ ਕੁਰਬਾਨੀਆਂ ਕੀਤੀਆਂ, ਪਰ ਹੁਣ ਘੱਟ ਗਿਣਤੀਆਂ ਨਾਲ ਧੱਕਾ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਇਸ ਤੋਂ ਵੱਡੀ ਦੁਖਦਾਈ ਗੱਲ ਹੋਰ ਕੁੱਝ ਨਹੀਂ ਹੋ ਸਕਦੀ। ਇਹ ਆਜ਼ਾਦੀ ਲਈ ਲੜਨ ਵਾਲੇ ਯੋਧਿਆਂ, ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਅਤੇ ਸਮੂਹ ਗਦਰੀ ਬਾਬਿਆਂ ਨਾਲ ਧ੍ਰੋਹ ਵੀ ਹੈ ਅਤੇ ਉਨ੍ਹਾਂ ਦੀ ਸੋਚ ਦਾ ਅਪਮਾਨ ਵੀ। ਨਵ-ਬਸਤੀਵਾਦ ਦੀ ਸਥਾਪਨਾ ਦੀ ਫਾਸ਼ੀਵਾਦੀ ਸੋਚ ਖਿਲਾਫ਼ ਸਭ ਨੂੰ ਇਕੱਠੇ ਹੋਣਾ ਚਾਹੀਦਾ ਹੈ, ਤਦ ਹੀ ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਿਰਾਂ ਦੀਆਂ ਸ਼ਹੀਦੀਆਂ ਨੂੰ ਸਹੀ ਢੰਗ ਨਾਲ ਚੇਤੇ ਕੀਤਾ ਜਾ ਸਕਦਾ ਹੈ। ਭਾਰਤ ਅੱਜ ਜਿਸ ਦਿਸ਼ਾ ਵਲ ਵੱਧ ਰਿਹਾ ਹੈ, ਉਸ ਦੇ ਨਤੀਜੇ ਅਨੇਕਾਂ ਹੋਰ ਦੁਖਾਂਤਾਂ ਨੂੰ ਜਨਮ ਦੇ ਰਹੇ ਹਨ। ਨਵ-ਬਸਤੀਵਾਦ ਦੀ ਧਾਰਨੀ ਫਾਸ਼ੀਵਾਦੀ ਸਰਕਾਰ ਵੱਲੋਂ ਆਪਣੇ ਵਿਰੋਧੀਆਂ ਪ੍ਰੋਫ਼ੈਸਰਾਂ, ਐਕਟੀਵਿਸਟਾਂ, ਵਕੀਲਾਂ, ਪੱਤਰਕਾਰਾਂ ਨੂੰ ਜੇਲ੍ਹਾਂ ਚ ਸੁੱਟਿਆ ਜਾ ਰਿਹਾ ਹੈ। ਸੱਤਾ ‘ਤੇ ਕਾਬਜ਼ ਇਹ ਜ਼ਾਲਮ ਲੋਕ ‘ਸਵਰਕਰ ਦੇ ਪੈਰੋਕਾਰ’ ਤਾਂ ਹਨ, ਪਰ ਗ਼ਦਰੀ ਬਾਬਿਆਂ ਅਤੇ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੇ ਪੈਰੋਕਾਰ ਨਹੀਂ ਹੋ ਸਕਦੇ। ਗੁਰੂ ਨਾਨਕ ਜਹਾਜ਼ ਦੇ ਮਹਾਨ ਮੁਸਾਫ਼ਿਰਾਂ ਨੇ 29 ਸਤੰਬਰ 1914 ਨੂੰ ਸ਼ਹੀਦੀਆਂ ਪਾਈਆਂ ਸਨ, ਉਨ੍ਹਾਂ ਦਾ ਸੁਨਹਿਰੀ ਇਤਿਹਾਸ ਸਦਾ ਮਾਰਗ ਦਰਸ਼ਨ ਕਰਦਾ ਰਹੇਗਾ।

ਟਾਈਟਲ ਤਸਵੀਰ : ਗੁਰੂ ਨਾਨਕ ਜਹਾਜ਼ ਦੇ ਸ਼ਹੀਦੀ ਸਾਕੇ ਦੀ ਯਾਦ। ਮਰਹੂਮ ਚਿਤਰਕਾਰ ਜਰਨੈਲ ਸਿੰਘ ਵੱਲੋਂ ਬਜਬਜ ਘਾਟ ‘ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਮੁਸਾਫਰਾਂ ਵੱਲੋਂ ਲਿਜਾਣ ਤੇ ਬ੍ਰਿਟਿਸ਼ ਪੁਲਿਸ ਵੱਲੋਂ ਰੋਕ ਕੇ ਜਾਣ ਦੀ ਪੇਂਟਿੰਗ।

Leave a Reply

Your email address will not be published. Required fields are marked *