Sep 27, 2026

ਪਤਨੀ ਪੁਪਿੰਦਰ ਕੌਰ ਸਮੇਤ ਤਿੰਨ ਨੂੰ ਪੁੱਛਗਿੱਛ ਲਈ ਸੱਦਿਆ-

ਰੂਪਨਗਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ ਕਰਨ ਦੇ ਲਗਪਗ ਪੰਜ ਹਫ਼ਤਿਆਂ ਬਾਅਦ, ਰੋਪੜ ਪੁਲੀਸ ਨੇ ਇਸ ਮਾਮਲੇ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਪੁਲੀਸ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਾਇਨਾਤ ਰਹੇ ਡਰਾਈਵਰ ਮੋਹਨ ਸਿੰਘ, ਮੁਅੱਤਲ ਕੀਤੇ ਗਏ ਐਡੀਸ਼ਨਲ ਹੈੱਡ ਗ੍ਰੰਥੀ ਅਤੇ ਅੰਮ੍ਰਿਤਸਰ ਦੇ ਵਸਨੀਕ ਮਲਕੀਤ ਸਿੰਘ ਅਤੇ ਲੁਧਿਆਣਾ ਦੀ ਵਸਨੀਕ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਖਾਲਸਾ ਦੀ ਪਤਨੀ ਪਪਿੰਦਰ ਕੌਰ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ 28 ਸਤੰਬਰ ਨੂੰ ਥਾਣਾ ਆਨੰਦਪੁਰ ਸਾਹਿਬ ਵਿਖੇ ਜਾਂਚ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਚਾਵਲਾ ਖਿਲਾਫ਼ ਲੁੱਕ ਆਊਟ ਸਰਕੂਲਰ (ਐੱਲ ਓ ਸੀ) ਵੀ ਜਾਰੀ ਕਰ ਦਿੱਤਾ ਗਿਆ ਹੈ। ਉਹ ਆਪਣੇ ਖ਼ਿਲਾਫ਼ ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ 14 ਅਗਸਤ ਨੂੰ ਕੈਨੇਡਾ ਲਈ ਰਵਾਨਾ ਹੋ ਗਿਆ ਸੀ। ਇਹ ਕਾਰਵਾਈ 21 ਅਗਸਤ ਨੂੰ ਆਨੰਦਪੁਰ ਸਾਹਿਬ ਥਾਣੇ ਵਿੱਚ ਚਾਵਲਾ ਖ਼ਿਲਾਫ਼ ਬੀ ਐੱਨ ਐੱਸ ਦੀ ਧਾਰਾ 64, 127(2) ਅਤੇ 351(2) ਤਹਿਤ ਜਬਰ-ਜਨਾਹ, ਗ਼ੈਰ-ਕਾਨੂੰਨੀ ਢੰਗ ਨਾਲ ਬੰਧਕ ਬਣਾਉਣ ਅਤੇ ਅਪਰਾਧਿਕ ਧਮਕੀ ਦੇ ਦੋਸ਼ਾਂ ਹੇਠ ਦਰਜ ਐੱਫ ਆਈ ਆਰ ਦੇ ਪਿਛੋਕੜ ਵਿੱਚ ਸਾਹਮਣੇ ਆਈ ਹੈ।

ਐੱਫ ਆਈ ਆਰ ਮੁਤਾਬਕ ਪੰਜਾਬ ਦੇ ਮਾਲਵਾ ਖੇਤਰ ਦੀ ਇੱਕ ਔਰਤ ਨੇ ਦੋਸ਼ ਲਾਇਆ ਹੈ ਕਿ ਚਾਵਲਾ ਨੇ ਉਸ ਨਾਲ ਸੰਪਰਕ ਕਾਇਮ ਕੀਤਾ, ਕੁਝ ਭਰੋਸੇ ਜਾਂ ਦਾਅਵੇ ਕੀਤੇ ਅਤੇ ਬਾਅਦ ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਇਹ ਦੋਸ਼ 27 ਫਰਵਰੀ ਤੋਂ 19 ਅਗਸਤ ਦਰਮਿਆਨ ਵਾਪਰੀਆਂ ਘਟਨਾਵਾਂ ਦੀ ਲੜੀ ਨਾਲ ਸਬੰਧਤ ਹਨ, ਜਿਸ ਵਿੱਚ ਆਨੰਦਪੁਰ ਸਾਹਿਬ ਸਥਿਤ ਭਾਈ ਬਚਿੱਤਰ ਸਿੰਘ ਯਾਤਰੀ ਨਿਵਾਸ ਵਿਖੇ ਵਾਪਰੀ ਇੱਕ ਕਥਿਤ ਘਟਨਾ ਵੀ ਸ਼ਾਮਲ ਹੈ। ਸ਼ਿਕਾਇਤਕਰਤਾ ਨੇ ਕਥਿਤ ਤੌਰ ਉੱਤੇ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਮਣੇ ਆਪਣਾ ਬਿਆਨ ਵੀ ਦਰਜ ਕਰਵਾਏ ਹਨ।

ਦੂਸਰੇ ਪਾਸੇ ਚਾਵਲਾ ਨੇ ਦੋਸ਼ਾਂ ਨੂੰ ਨਕਾਰਿਆ ਹੈ। 16 ਸਤੰਬਰ ਨੂੰ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ, ਉਸ ਨੇ ਇਸ ਮਾਮਲੇ ਨੂੰ ਝੂਠਾ ਅਤੇ ਮਨਘੜਤ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਉਸਦੇ ਖ਼ਿਲਾਫ਼ ਇੱਕ ਸਾਜ਼ਿਸ਼ ਰਚੀ ਗਈ ਹੈ। ਭਾਵੇਂਕਿ ਇਹ ਮਾਮਲਾ ਪੁਲਿਸ ਜਾਂਚ ਅਧੀਨ ਹੈ ਪਰ  20 ਸਤੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਚਾਵਲਾ ਨੂੰ ਖਾਲਸਾ ਪੰਥ ਵਿੱਚੋਂ ਛੇਕ ਦਿੱਤਾ ਸੀ। ਇਸ ਤੋਂ ਇਲਾਵਾ ਐੱਸ ਜੀ ਪੀ ਸੀ ਨੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਡਰਾਈਵਰ ਮੋਹਣ ਸਿੰਘ ਨੂੰ ਅਨੈਤਿਕ ਮਾਮਲੇ ਵਿਚ ਨਾਂ ਆਉਣ ਕਰਕੇ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਸੀ। ਚਾਵਲਾ ਨੇ ਬਾਅਦ ਵਿੱਚ ਅਕਾਲ ਤਖ਼ਤ ਦੀ ਕਾਰਵਾਈ ‘ਤੇ ਸਵਾਲ ਚੁੱਕੇ ਅਤੇ ਇਹ ਦਲੀਲ ਦਿੱਤੀ ਕਿ ਉਸਨੂੰ ਆਪਣਾ ਪੱਖ ਪੇਸ਼ ਕਰਨ ਦਾ ਪੂਰਾ ਮੌਕਾ ਨਹੀਂ ਦਿੱਤਾ ਗਿਆ। ਉਸ ਨੇ ਦੁਹਰਾਇਆ ਕਿ ਇਹ ਦੋਸ਼ ਝੂਠੇ ਹਨ।

Leave a Reply

Your email address will not be published. Required fields are marked *