Screenshot
ਸਰੀ ( ਦੇ ਪ੍ਰ ਬਿ)- ਸਰੀ ਸਿਟੀ ਚੋਣਾਂ ਵਿਚ ਮੇਅਰ ਉਮੀਦਵਾਰ ਲਿੰਡਾ ਐਨਿਸ ਦੀ ਅਗਵਾਈ ਹੇਠ ਸਰੀ ਫਸਟ ਦੀ ਟੀਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸਰੀ ਫਸਟ ਦੀ ਟੀਮ ਵਿਚ ਪੰਜਾਬੀ ਮੂਲ ਦੇ ਉਮੀਦਵਾਰ ਉਘੇ ਵਕੀਲ ਗਗਨ ਨਾਹਲ ਚੋਣ ਮੈਦਾਨ ਵਿਚ ਹਨ। ਉਹਨਾਂ ਵਲੋਂ ਆਪਣੀ ਚੋਣ ਮੁਹਿੰਮ ਦੌਰਾਨ ਲੋਕਾਂ ਤੱਕ ਪਹੁੰਚ ਕਰਦਿਆਂ ਸਰੀ ਦੀਆਂ ਸੁਰੱਖਿਅਤ ਗਲੀਆਂ ਅਤੇ ਸ਼ਾਨਦਾਰ ਭਵਿੱਖ ਲ਼ਈ ਵੋਟਾਂ ਮੰਗੀਆਂ ਜਾ ਰਹੀਆਂ ਹਨ। ਬੀਤੇ ਦਿਨ ਉਹਨਾਂ ਦੇ ਸਮਰਥਕਾਂ ਵਲੋਂ ਉਹਨਾਂ ਦੇ ਮਾਣ ਵਿਚ ਇਕ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ। ਇਸ ਮੌਕੇ ਸਰੀ ਫਸਟ ਦੇ ਪ੍ਰੈਜੀਡੈਂਟ ਨੋਰਮਨ ਸਟੋਵ ਅਤੇ ਉਮੀਦਵਾਰ ਗਗਨ ਨਾਹਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਹਨਾਂ ਸਰੀ ਫਸਟ ਦੇ ਏਜੰਡੇ ਦੇ ਗੱਲ ਕਰਦਿਆਂ ਚੋਣ ਪ੍ਰੋਗਰਾਮ ਨੂੰ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ। ਸਰੀ ਫਸਟ ਦੇ ਪ੍ਰੋਗਰਾਮ ਵਿਚ ਜਨਤਕ ਸੁਰੱਖਿਆ ਨੂੰ ਸਭ ਤੋਂ ਉਪਰ ਰੱਖਦਿਆਂ ਸਿਟੀ ਹਾਲ ਦੀ ਜਵਾਬਦੇਹੀ, ਪਾਰਦਰਸ਼ਤਾ, ਘਰਾਂ ਦੀ ਅਫੋਰਡੇਬਿਲਟੀ , ਬਿਜਨਸਾਂ ਦੀ ਸਹਾਇਤਾ ਅਤੇ ਰੋਜ਼ਗਾਰ ਦੇ ਵਧੇਰੇ ਮੌਕੇ ਪ੍ਰਦਾਨ ਕੀਤੇ ਜਾਣ ਦੇ ਵਾਅਦੇ ਸ਼ਾਮਿਲ ਹਨ। ਸਰੀ ਫਸਟ ਦੀ ਸਲੇਟ ਵਿਚ ਪੰਜਾਬੀ ਮੂਲ ਦੇ ਉਮੀਦਵਾਰ ਗਗਨ ਨਾਹਲ ਤੋਂ ਇਲਾਵਾ ਬਿਲਾਲ ਚੀਮਾ, ਜਸਰੂਪ ਗੋਸਲ ਤੇ ਸ਼ਾਇਨਾ ਵਰਮਾਨੀ ਵੀ ਸ਼ਾਮਿਲ ਹਨ।

