ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ ਸਿਟੀ ਚੋਣਾਂ ਵਿਚ ਸਰੀ ਨਾਓ ਦੀ ਸਲੇਟ ਦੇ ਆਗੂ ਟਰੌਏ ਵੈਨ ਵਲੀਅਟ ਅਤੇ ਉਹਨਾਂ ਦੀ ਟੀਮ ਵਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਸਰੀ ਦੀ 132 ਸਟਰੀਟ ਅਤੇ 78 ਐਵਨਿਊ ਦੇ ਨੇੜੇ ਖੋਹਲੇ ਗਏ ਚੋਣ ਦਫਤਰ ਮੌਕੇ ਵੱਡੀ ਗਿਣਤੀ ਵਿਚ ਸਲੇਟ ਦੇ ਸਮਰਥਕਾਂ ਅਤੇ ਵੋਟਰਾਂ ਨੇ ਸ਼ਮੂਲੀਅਤ ਕੀਤੀ ਤੇ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਬੋਲਦਿਆਂ ਸਰੀ ਨਾਓ ਦੇ ਆਗੂ ਟਰੌਏ ਵੈਨ ਵਲੀਅਟ ਨੇ ਆਪਣੀ ਸਲੇਟ ਦੇ ਚੋਣ ਏਜੰਡੇ ਬਾਰੇ ਦੱਸਿਆ। ਉਹਨਾਂ ਕਿਹਾ ਕਿ ਸਰੀ ਨੂੰ ਇਕ ਯੋਗ ਅਗਵਾਈ ਅਤੇ ਨਵੀਂ ਲੀਡਰਸ਼ਿਪ ਦੀ ਲੋੜ ਹੈ। ਸਰੀ ਦੇ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਯੋਗ ਲੀਡਰਸ਼ਿਪ ਦੀ ਘਾਟ ਕਾਰਣ ਇਹ ਵਿਕਾਸ ਪੱਖੋਂ ਪਛੜਿਆ ਹੋਇਆ ਹੈ। ਉਹਨਾਂ ਕਿਹਾ ਕਿ ਸਰੀ ਦੇ ਲੋਕਾਂ ਨੂੰ ਜਿਥੇ ਸਿਹਤ ਸਹੂਲਤਾਂ, ਸਕੂਲ ਸਿੱਖਿਆ, ਆਵਾਜਾਈ ਅਤੇ ਬੁਨਿਆਦੀ ਢਾਂਚੇ ਦੀ ਘਾਟ ਦੀਆਂ ਸਮੱਸਿਆਵਾਂ ਹਨ ਉਥੇ ਸਿਟੀ ਹਾਲ ਵਿਚ ਕਈ ਤਰਾਂ ਦੇ ਪਰਮਿਟ ਅਤੇ ਬਾਈਲਾਅਜ਼ ਨਾਲ ਸਬਧਿਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਚਾਹੁੰਦੇ ਹਨ ਕਿ ਸਰੀ ਦੇ ਲੋਕਾਂ ਨੂੰ ਉਹ ਸਾਰੀਆਂ ਸਹੂਲਤਾਂ ਪ੍ਰਾਪਤ ਹੋਣ ਜਿਸਦੇ ਉਹ ਹੱਕਦਾਰ ਹਨ। ਜਿਸ ਲਈ ਉਹ ਟੈਕਸ ਪੇਅ ਕਰਦੇ ਹਨ। ਉਹਨਾਂ ਸਰੀ ਦੀ ਭਾਈਚਾਰਕ ਸਾਂਝ ਦੀ ਗੱਲ ਕਰਦਿਆਂ ਸਾਰੇ ਭਾਈਚਾਰਿਆਂ ਦੇ ਲੋਕ ਇਸ ਸ਼ਹਿਰ ਨੂੰ ਪਿਆਰ ਕਰਦੇ ਹਨ। ਇਹ ਦੇਸ਼ ਭਗਤੀ ਵਾਲਾ ਪਿਆਰ ਹੈ ਜੋ ਸ਼ਹਿਰ ਨੂੰ ਮੁਲਕ ਦਾ ਵਿਲੱਖਣ ਸ਼ਹਿਰ ਬਣਾਉਂਦਾ ਹੈ। ਉਹਨਾਂ ਲੋਕਾਂ ਨੂੰ ਉਹਨਾਂ ਅਤੇ ਉਹਨਾਂ ਦੀ ਟੀਮ ਨੂੰ ਭਾਰੀ ਸਮਰਥਨ ਦੇਣ ਦੀ ਅਪੀਲ ਕੀਤੀ ਤਾਂਕਿ ਸਾਰੇ ਮਿਲਕੇ ਆਪਣੇ ਸ਼ਹਿਰ ਲਈ ਕੰਮ ਕਰ ਸਕੀਏ। ਇਸ ਮੌਕੇ ਕੌਂਸਲਰ ਉਮੀਦਵਾਰ ਰਾਹੁਲ ਗਿੱਲ ਨੇ ਵੀ ਦੇਸ ਪ੍ਰਦੇਸ ਨਾਲ ਗੱਲ ਕਰਦਿਆਂ ਵੋਟਰਾਂ ਨੁੂੰ ਸਰੀ ਨਾਓ ਦੀ ਸਲੇਟ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਸਰੀ ਨਾਓ ਟੀਮ ਵਿਚ ਪੰਜਾਬੀ ਉਮੀਦਵਾਰਾਂ ਰਾਹੁਲ ਗਿੱਲ ਅਤੇ ਜੈਸੀ ਜੌਹਲ ਤੋਂ ਇਲਾਵਾ ਡਾ ਵਰਨਰ, ਗੇਲ ਬੈਸਜ਼ੀਡਜ, ਐਨਰੀਕ, ਜੇਮਜ ਯੂ ਅਤੇ ਓਲੀਵਰ ਡਿਕਸਨ ਸ਼ਾਮਿਲ ਹਨ।


