Oct 4, 2026

ਕੈਨੇਡਾ ਭਰ ਵਿੱਚ ਵਧ ਰਹੀਆਂ ਐਕਸਟੋਰਸ਼ਨ ਘਟਨਾਵਾਂ ਗੰਭੀਰ ਚਿੰਤਾ, ਪੁਲਿਸ ਵੱਲੋਂ ਰਾਸ਼ਟਰੀ ਪੱਧਰ ‘ਤੇ ਜਾਂਚ ਜਾਰੀ-ਡਿਪਟੀ ਚੀਫ ਆਸਿਫ ਰਸ਼ੀਦ

ਕੈਲਗਰੀ (ਦਲਵੀਰ ਜਲੋਵਾਲੀਆ)- ਬੀਤੇ ਦਿਨ ਕੈਲਗਰੀ ਪੁਲਿਸ ਦੇ ਡਿਪਟੀ ਚੀਫ਼ ਆਸਿਫ ਰਸ਼ੀਦ ਨੇ ਦੱਸਿਆ ਕਿ ਸ਼ਹਿਰ ਅਤੇ ਪੂਰੇ ਕੈਨੇਡਾ ਵਿੱਚ ਵਧ ਰਹੀਆਂ ਜਬਰੀ ਵਸੂਲੀ (ਐਕਸਟੋਰਸ਼ਨ) ਅਤੇ ਸੰਗਠਿਤ ਕ੍ਰਾਈਮ ਦੀਆਂ ਘਟਨਾਵਾਂ ਇੱਕ ਗੰਭੀਰ ਜਨਤਕ ਸੁਰੱਖਿਆ ਅਤੇ ਚਿੰਤਾ ਦਾ ਵਿਸ਼ਾ ਬਣ ਚੁੱਕੀਆਂ ਹਨ।
ਇਸ ਪੱਤਰਕਾਰ ਨਾਲ ਇਕ ਖਾਸ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਇਹ ਮਾਮਲੇ ਕਾਫ਼ੀ ਜਟਿਲ ਹਨ ਕਿਉਂਕਿ ਅਪਰਾਧੀ ਇੱਕ ਥਾਂ ਤੋਂ ਦੂਜੀ ਥਾਂ ਤੇ ਤੇਜ਼ੀ ਨਾਲ ਜਾਂਦੇ ਰਹਿੰਦੇ ਹਨ। ਇਸ ਕਰਕੇ ਜਾਂਚ ਨੂੰ ਸਿਰਫ਼ ਸਥਾਨਕ ਨਹੀਂ ਬਲਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ 2025 ਦੇ ਮੱਧ ਤੋਂ ਇਨ੍ਹਾਂ ਕੇਸਾਂ ‘ਤੇ ਗੰਭੀਰ ਜਾਂਚ ਸ਼ੁਰੂ ਹੋਈ ਸੀ ਅਤੇ ਉਸ ਤੋਂ ਬਾਅਦ ਕੈਲਗਰੀ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵਾਧਾ ਦੇਖਿਆ ਗਿਆ।
ਪੁਲਿਸ ਅਨੁਸਾਰ ਇਸ ਸਥਿਤੀ ਨੂੰ ਕਾਬੂ ਕਰਨ ਲਈ ਵਿਸ਼ੇਸ਼ ਜਾਂਚ ਟੀਮਾਂ ਬਣਾਈਆਂ ਗਈਆਂ ਹਨ। ਹੁਣ ਤੱਕ 12 ਵਿਅਕਤੀਆਂ ਦੀ ਗ੍ਰਿਫ਼ਤਾਰੀ, 55 ਕ੍ਰਿਮਿਨਲ ਕੋਡ ਚਾਰਜਜ਼ ਲਗਾਏ ਗਏ ਹਨ।
ਇਸ ਮੌਕੇ ਉਹਨਾਂ ਬਿਸ਼ਨੋਈ ਗੈਂਗ ਵੱਲੋਂ ਕੀਤੇ ਗਏ ਦਾਅਵਿਆਂ—ਜਿਨ੍ਹਾਂ ਵਿੱਚ ਹਜ਼ਾਰਾਂ ਲੋਕਾਂ ਦੇ ਐਕਸਟੋਰਸ਼ਨ ਵਿੱਚ ਸ਼ਾਮਲ ਹੋਣ ਦੀ ਗੱਲ ਕੀਤੀ ਗਈ—ਬਾਰੇ ਕਿਹਾ ਕਿ ਇਸ ਸਮੇਂ ਇਸਦੀ ਸੱਚਾਈ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਇਸਨੂੰ ਇੱਕ ਚਿੰਤਾਜਨਕ ਦਾਅਵਾ ਕਰਾਰ ਦਿੱਤਾ ਪਰ ਕਿਹਾ ਕਿ ਜਾਂਚ ਜਾਰੀ ਹੈ। ਡਿਪਟੀ ਚੀਫ਼ ਆਸ਼ਿਫ ਰਸ਼ੀਦ ਨੇ ਇਹ ਵੀ ਕਿਹਾ ਕਿ ਕੈਲਗਰੀ ਇੱਕ ਸੁਰੱਖਿਅਤ ਸ਼ਹਿਰ ਹੈ ਅਤੇ ਪੁਲਿਸ ਕਮਿਊਨਿਟੀ ਨਾਲ ਮਿਲ ਕੇ ਰੋਕਥਾਮ, ਇੰਟੈਲੀਜੈਂਸ ਅਤੇ ਕਾਰਵਾਈ ਰਾਹੀਂ ਅਪਰਾਧ ਨੂੰ ਕੰਟਰੋਲ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।

error: Content is protected !!