Jun 13, 2026

ਪੱਛਮੀ ਬੰਗਾਲ ਵਿਧਾਨ ਸਭਾ ਵਿਚ ਵੀ 64 ਬਾਗੀ ਵਿਧਾਇਕਾਂ ਵਲੋਂ ਵੱਖਰਾ ਦਾਅਵਾ-

ਨਵੀ ਦਿੱਲੀ- ਤ੍ਰਿਣਮੂਲ ਕਾਂਗਰਸ ਦੇ ਬਾਗ਼ੀ ਸੰਸਦ ਮੈਂਬਰ ਸੋਮਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕਰਨਗੇ ਅਤੇ ਆਪਣੇ ਗੁੱਟ ਨੂੰ ‘ਅਸਲੀ ਟੀ ਐੱਮ ਸੀ’ ਵਜੋਂ ਮਾਨਤਾ ਦੇਣ ਦੀ ਮੰਗ ਕਰਨਗੇ। ਬਾਗ਼ੀ ਸੰਸਦ ਮੈਂਬਰ ਜਗਦੀਸ਼ ਚੰਦਰ ਬਰਮਾ ਬਸੁਨੀਆ ਨੇ ਦਾਅਵਾ ਕੀਤਾ ਕਿ ਇਸ ਗੁੱਟ ਨੂੰ 19 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਉਹ ਸਪੀਕਰ ਨੂੰ ਪਹਿਲਾਂ ਹੀ ਪੱਤਰ ਸੌਂਪ ਚੁੱਕੇ ਹਨ। 8 ਜੂਨ ਤੋਂ ਦਸਤਖ਼ਤ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਅਤੇ ਹੁਣ ਤੱਕ 19 ਸੰਸਦ ਮੈਂਬਰ ਇਸ ’ਤੇ ਦਸਤਖ਼ਤ ਕਰ ਚੁੱਕੇ ਹਨ। ਹੁਣ ਉਹ ਸੋਮਵਾਰ ਨੂੰ ਸਪੀਕਰ ਨਾਲ ਮੁਲਾਕਾਤ ਕਰਨਗੇ ਅਤੇ ਸੰਸਦੀ ਗਰੁੱਪ ਵਜੋਂ ਮਾਨਤਾ ਦਾ ਆਪਣਾ ਦਾਅਵਾ ਪੇਸ਼ ਕਰਨਗੇ। ਉੱਧਰ, ਭਾਜਪਾ ਨੇ ਦਾਅਵਾ ਕੀਤਾ ਕਿ ਟੀ ਐੱਮ ਸੀ ਦੇ 20 ਸੰਸਦ ਮੈਂਬਰਾਂ ਦੇ ਦਸਤਖ਼ਤ ਵਾਲਾ ਦਸਤਾਵੇਜ਼ ਇਹ ਸਾਬਿਤ ਕਰਦਾ ਹੈ ਕਿ ਅਸਲੀ ਟੀ ਐੱਮ ਸੀ ਦੀ ਅਗਵਾਈ ਕਾਕੋਲੀ ਘੋਸ਼ ਦਸਤੀਦਾਰ ਕਰ ਰਹੇ ਹਨ ਨਾ ਕਿ ਮਮਤਾ ਬੈਨਰਜੀ ਤੇ ਅਭਿਸ਼ੇਕ ਬੈਨਰਜੀ। ਭਾਜਪਾ ਤਰਜਮਾਨ ਸ਼ਹਿਜਾਦ ਪੂਨਾਵਾਲਾ ਨੇ ਦੋਸ਼ ਲਾਇਆ ਕਿ ਵੰਸ਼ਵਾਦ ਦੀ ਸਿਆਸਤ ਅਤੇ ਮਮਤਾ ਦੇ ਪਾਰਟੀ ਤੋਂ ਭਤੀਜੇ ਨੂੰ ਵਧ ਪਸੰਦ ਕਰਨ ਕਾਰਨ ਟੀ ਐੱਮ ਸੀ ਤਬਾਹ ਹੋ ਰਹੀ ਹੈ।

ਟੀ ਐੱਮ ਸੀ ਵਿੱਚ ਫੁੱਟ ਵਿਚਾਲੇ ਵਿਰੋਧੀ ਧਿਰ ਦੇ ਨੇਤਾ ਰਿਤਾਬ੍ਰਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਪਾਰਟੀ ਦੇ 64 ਬਾਗ਼ੀ ਵਿਧਾਇਕ ਜੋ ਟੀ ਐੱਮ ਸੀ ਦੀ ਵਿਧਾਨ ਸਭਾ ਸਮਰੱਥਾ ਦਾ ਦੋ ਤਿਹਾਈ ਤੋਂ ਵਧ ਹਨ ਨੇ ਸਪੀਕਰ ਨੂੰ ਆਪਣੇ ਨਾਂ ਸੌਂਪ ਦਿੱਤੇ ਹਨ ਅਤੇ ਕਿਹਾ ਕਿ ਸਮਰਥਨ ਦੇ ਵੱਖ-ਵੱਖ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਸਪੀਕਰ ਵਲੋਂ ਫਲੋਰ ਟੈਸਟ ਕਰਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *