ਗੁਰਵਿੰਦਰ ਸਿੰਘ ਨੇ ਪ੍ਰੋਗਰਾਮ ਮੁਖੀ ਦਾ ਕਾਰਜਭਾਰ ਸੰਭਾਲਿਆ-
. ਪ੍ਰੋ ਕੁਲਬੀਰ ਸਿੰਘ–
ਲੰਘੇ ਸਾਲਾਂ ਦੌਰਾਨ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਜਿਹੜੇ ਵੀ ਪ੍ਰੋਗਰਾਮ ਮੁਖੀ ਨਿਯੁਕਤ ਹੁੰਦੇ ਰਹੇ ਹਨ ਉਨ੍ਹਾਂ ਕੋਲ ਬੜਾ ਸੀਮਤ ਸੇਵਾ-ਕਾਲ ਬਾਕੀ ਹੁੰਦਾ ਸੀ। ਨਤੀਜੇ ਵਜੋਂ ਉਨ੍ਹਾਂ ਦੁਆਰਾ ਆਪਣੀ ਸਮਝ-ਸਮਰੱਥਾ ਅਤੇ ਤਜ਼ਰਬੇ ਦਾ ਨਿੱਠ ਕੇ ਪ੍ਰਯੋਗ ਕਰਨਾ ਮੁਸ਼ਕਲ ਹੋ ਜਾਂਦਾ ਸੀ।
ਹੁਣ ਸ੍ਰੀ ਗੁਰਵਿੰਦਰ ਸਿੰਘ ਨੇ ਬੀਤੇ ਦਿਨੀਂ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਬਤੌਰ ਪ੍ਰੋਗਰਾਮ ਮੁਖੀ ਕਾਰਜਭਾਰ ਸੰਭਾਲਿਆ ਹੈ ਅਤੇ ਉਨ੍ਹਾਂ ਕੋਲ ਸਮਾਂ ਵੀ ਹੈ ਕਿ ਉਹ ਆਪਣੇ ਹੁਨਰ, ਆਪਣੀ ਸਮਝ, ਆਪਣੀ ਸਮਰੱਥਾ ਦਾ ਪ੍ਰਯੋਗ ਕਰ ਸਕਣ। ਇਸ ਸਿਲਸਿਲੇ ਵਿਚ ਉਨ੍ਹਾਂ ਨਾਲ ਗੱਲ ਹੋਈ ਤਾਂ ਉਨ੍ਹਾਂ ਦਾ ਜਵਾਬ ਸੀ, ਜਿਹੜੇ ਪ੍ਰੋਗਰਾਮਾਂ ਦੀ ਟੀ.ਆਰ.ਪੀ. ਚੰਗੀ ਨਹੀਂ ਆ ਰਹੀ ਉਹ ਬੰਦ ਕਰ ਦਿੱਤੇ ਜਾਣਗੇ। ਕੁਝ ਨਵੇਂ ਪ੍ਰੋਗਰਾਮ ਆਰੰਭ ਕੀਤੇ ਜਾਣਗੇ ਜਿਨ੍ਹਾਂ ਬਾਰੇ ਜਲਦੀ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।”
ਪ੍ਰੋਗਰਾਮ ਮੁਖੀ ਸ੍ਰੀ ਗੁਰਵਿੰਦਰ ਸਿੰਘ ਲੰਮੇ ਸਮੇਂ ਤੋਂ ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਸੇਵਾਵਾਂ ਦੇ ਰਹੇ ਹਨ ਪਰ ਉਨ੍ਹਾਂ ਦਾ ਸੇਵਾ- ਕਾਲ ਡੀ.ਡੀ. ਨੈਸ਼ਨਲ ਤੋਂ ਆਰੰਭ ਹੋਇਆ ਸੀ। ਉਥੇ ਉਹ ਬੜੇ ਮਹੱਤਵਪੂਰਨ ਦੋ ਪ੍ਰੋਗਰਾਮ ਕਰਿਆ ਕਰਦੇ ਸਨ। ਪਹਿਲਾ ‘ਡੀ.ਡੀ. ਮੌਰਨਿੰਗ ਸ਼ੋਅ ਲਾਈਵ’ ਅਤੇ ਦੂਸਰਾ ‘ਈਵਨਿੰਗ ਲਾਈਵ ਸ਼ੋਅ’।
‘ਡੀ.ਡੀ. ਮੌਰਨਿੰਗ ਸ਼ੋਅ ਲਾਈਵ’ ਹਫ਼ਤੇ ਵਿਚ ਪੰਜ ਦਿਨ ਸਵੇਰੇ 8 ਵਜੇ ਪ੍ਰਸਾਰਿਤ ਹੁੰਦਾ ਹੈ। ਇਹ ਸਵੇਰ ਦਾ ਬੇਹੱਦ ਚਰਚਿਤ ਪ੍ਰੋਗਰਾਮ ਹੈ। ਇਸ ਵਿਚ ਖਬਰਾਂ, ਸਿਹਤ, ਮਨੋਰੰਜਨ ਅਤੇ ਸਿੱਖਿਆ ਨਾਲ ਸੰਬੰਧਤ ਰੌਚਿਕ ਜਾਣਕਾਰੀ ਸ਼ਾਮਿਲ ਹੁੰਦੀ ਹੈ। ਇਹ ਇਕ ਪਰਿਵਾਰਕ ਸ਼ੋਅ ਹੈ ਜਿਸ ਵਿਚ ਆਰਟ ਐਂਡ ਕਲਚਰ, ਹਿੰਦੀ ਪਾਠਸ਼ਾਲਾ ਅਤੇ ਕਈ ਤਰ੍ਹਾਂ ਦੀ ਮਹੱਤਵਪੂਰਨ ਜਾਣਕਾਰੀ ਦਿੱਤੀ ਜਾਂਦੀ ਹੈ।
ਸਤੰਬਰ 2000 ਵਿਚ ਉਨ੍ਹਾਂ ਦਾ ਡੀ.ਡੀ. ਨੈਸ਼ਨਲ ਤੋਂ ਡੀ.ਡੀ. ਪੰਜਾਬੀ ਵਿਖੇ ਤਬਾਦਲਾ ਹੋਇਆ। ਇਥੇ ਉਨ੍ਹਾਂ ਨੂੰ ਖੇਡਾਂ ਅਤੇ ਸੰਗੀਤ ਨਾਲ ਸੰਬੰਧਤ ਪ੍ਰੋਗਰਾਮਾਂ ਦੀ ਜ਼ਿੰਮੇਵਾਰੀ ਸੌਂਪੀ ਗਈ। ਬਹੁਤ ਮਹੱਤਵਪੂਰਨ ਵਿਅਕਤੀਆਂ ਅਤੇ ਖੇਡ ਸਰਗਰਮੀਆਂ ਲਈ ਆਊਟਸਾਈਡ ਬ੍ਰਾਡਕਾਸਟ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਰਹੇ। ਇਹ ਸਿਲਸਲਾ ਲਗਾਤਾਰ 15 ਸਾਲ ਜਾਰੀ ਰਿਹਾ।
ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਸਾਲ 2003 ਵਿਚ ਉਨ੍ਹਾਂ ਨੇ ਇਕ ਨਵਾਂ ਪ੍ਰੋਗਰਾਮ ‘ਪਬਲਿਕ ਟਾਈਮ ਏ ਰੋਡ ਸ਼ੋਅ’ ਆਰੰਭ ਕੀਤਾ ਜਿਹੜਾ ਦਰਸ਼ਕਾਂ ਵਿਚ ਕਾਫ਼ੀ ਚਰਚਿਤ ਹੋਇਆ। ਇਸੇ ਤਰ੍ਹਾਂ ਸ੍ਰੀ ਗੁਰਵਿੰਦਰ ਸਿੰਘ ਨਾਲ ਸੰਬੰਧਤ ਇਕ ਮਹੱਤਵਪੂਰਨ ਤੇ ਮਕਬੂਲ ਪ੍ਰੋਗਰਾਮ ਕਈ ਸਾਲਾਂ ਤੱਕ ਕਰਦੇ ਰਹੇ ਜਿਸਦਾ ਨਾਂ ਵੀ ਬੜਾ ਆਕਰਸ਼ਕ ਸੀ- ‘ਹੈਲੋ ਡਾਕਟਰ’। ਮੈਨੂੰ ਯਾਦ ਹੈ ਮੈਂ ਇਹ ਪ੍ਰੋਗਰਾਮ ਅਕਸਰ ਵੇਖਦਾ ਸਾਂ ਕਿਉਂਕਿ ਇਸ ਵਿਚ ਸਿਹਤ ਨਾਲ ਸੰਬੰਧਤ ਵੇਖਦਾ ਸਾਂ ਕਿਉਂਕਿ ਇਸ ਵਿਚ ਸਿਹਤ ਨਾਲ ਸੰਬੰਧਤ ਬੜੀ ਮੁੱਲਵਾਨ ਜਾਣਕਾਰੀ ਦਿੱਤੀ ਜਾਂਦੀ ਸੀ। ਇਹ ਲਾਈਵ ਫੋਨ-ਇਨ ਅਤੇ ਟਾਕ ਸ਼ੋਅ ਹੈ। ਸ਼ੋਅ ਵਿਚ ਵੱਖ-ਵੱਖ ਮਾਹਿਰ ਡਾਕਟਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਦਰਸ਼ਕ ਫੋਨ ਰਾਹੀਂ ਸਿੱਧੀ ਡਾਕਟਰ ਨਾਲ ਗੱਲਬਾਤ ਕਰ ਸਕਦੇ ਹਨ। ਮੌਸਮੀ ਬਿਮਾਰੀਆਂ, ਜੀਵਨ-ਸ਼ੈਲੀ, ਖੁਰਾਕ ਅਤੇ ਤੰਦਰੁਸਤੀ ਬਾਰੇ ਅਹਿਮ ਜਾਣਕਾਰੀ ਦਰਸ਼ਕਾਂ ਤੱਕ ਪਹੁੰਚਾਈ ਜਾਂਦੀ ਹੈ। ਇਸੇ ਤਰ੍ਹਾਂ ‘ਪਬਲਿਕ ਟਾਈਮ’ ਜਨ-ਸੰਵਾਦ ਅਤੇ ਚਰਚਾ ’ਤੇ ਆਧਾਰਿਤ ਪ੍ਰੋਗਰਾਮ ਸੀ। ਐਂਕਰ ਸਿੱਧੇ ਲੋਕਾਂ ਨਾਲ ਗੱਲਬਾਤ ਕਰਦੇ ਸਨ। ਦਰਅਸਲ ਇਸਦਾ ਮਕਸਕ ਲੋਕਾਂ ਦੀਆਂ ਸਮੱਸਿਆਵਾਂ, ਆਵਾਜਾਈ-ਪ੍ਰਬੰਧ, ਸਥਾਨਕ ਮੁੱਦੇ, ਵਾਤਾਵਰਨ ਅਤੇ ਸਰਕਾਰੀ ਯੋਜਨਾਵਾਂ ਬਾਰੇ ਲੋਕਾਂ ਦਾ ਪ੍ਰਭਾਵ ਪਤਾ ਕਰਨਾ ਹੁੰਦਾ ਸੀ।
ਉਹ ਲੰਮੇ ਸਮੇਂ ਤੋਂ ਸਪਾਂਸਰਡ ਅਤੇ ਕਮਰਸ਼ੀਅਲ ਸੈਕਸ਼ਨ ਦੇ ਇੰਨਚਾਰਜ ਚਲੇ ਆ ਰਹੇ ਹਨ।
ਦੂਰਦਰਸ਼ਨ ਕੇਂਦਰ ਜਲੰਧਰ, ਦੂਰਦਰਸ਼ਨ ਦੇ ਸਾਰੇ ਖੇਤਰੀ ਕੇਂਦਰਾਂ ਨਾਲੋਂ ਵੱਡਾ ਤੇ ਵਿਸ਼ਾਲ ਹੈ। ਇਹ ਕੇਂਦਰ ਕਈ ਮਹਾਂ-ਨਗਰਾਂ ਦੇ ਕੇਂਦਰਾਂ ਦਾ ਮੁਕਾਬਲਾ ਕਰਦਾ ਹੈ। ਇਸ ਕੇਂਦਰ ਦਾ ਡਾਇਰੈਕਟਰ ਜਾਂ ਪ੍ਰੋਗਰਾਮ ਮੁਖੀ ਹੋਣਾ ਆਪਣੇ ਆਪ ਵਿਚ ਬੜੇ ਮਾਣ ਵਾਲੀ ਗੱਲ ਹੈ। ਬਤੌਰ ਪ੍ਰੋਗਰਾਮ ਮੁਖੀ ਸ੍ਰੀ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਡੀ.ਡੀ. ਪੰਜਾਬੀ ਟੀ.ਆਰ.ਪੀ. ਪੱਖੋਂ ਹਰੇਕ ਹਫਤੇ ਪਹਿਲੇ ਜਾਂ ਦੂਸਰੇ ਸਥਾਨ ‘ਤੇ ਰਹਿੰਦਾ ਹੈ। ਪੰਜਾਬੀ ਚੈਨਲਾਂ ਵਿਚੋਂ ਅਤੇ ਦੂਰਦਰਸ਼ਨ ਦੇ ਖੇਤਰੀ ਚੈਨਲਾਂ ਵਿਚੋਂ। ਵੈਸੇ ਇਸਦਾ ਨਿੱਜੀ ਪੰਜਾਬੀ ਚੈਨਲਾਂ ਨਾਲ ਕੋਈ ਮੁਕਾਬਲਾ ਨਹੀਂ ਹੈ। ਇਹ ਲੋਕ ਪ੍ਰਸਾਰਨ ਸੇਵਾ ਹੈ। ਇਸਦਾ ਆਪਣਾ ਏਜੰਡਾ ਹੈ। ਇਹ ਲੋਕਾਂ ਦਾ ਹੈ, ਲੋਕਾਂ ਲਈ ਹੈ। ਨਿੱਜੀ ਪੰਜਾਬੀ ਚੈਨਲਾਂ ਦੀਆਂ ਆਪਣੀਆਂ ਤਰਜੀਹਾਂ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਡੀ.ਡੀ. ਪੰਜਾਬੀ ਦੇ ਪ੍ਰੋਗਰਾਮ ਸਿੱਖਿਆ, ਸੂਚਨਾ ਤੇ ਮਨੋਰੰਜਨ ਨੂੰ ਮੱਦੇਨਜ਼ਰ ਰੱਖ ਕੇ ਤਿਆਰ ਕੀਤੇ ਜਾਂਦੇ ਹਨ। ਹਰ ਰੋਜ਼, ਹਰੇਕ ਹਫ਼ਤੇ ਦਰਸ਼ਕਾਂ ਦੇ ਹੁੰਗਾਰੇ ਅਨੁਸਾਰ ਪ੍ਰੋਗਰਾਮਾਂ ਦਾ ਰੀਵਿਊ ਕੀਤਾ ਜਾਂਦਾ ਹੈ। ਦਰਸ਼ਕਾਂ ਦੀਆਂ ਮੰਗਾਂ- ਉਮੰਗਾਂ ਮੁਤਾਬਕ ਪ੍ਰੋਗਰਾਮਾਂ ਵਿਚ ਅਦਲ-ਬਦਲ ਕੀਤੇ ਜਾਂਦੇ ਹਨ। ਪ੍ਰੋਗਰਾਮ ਮੁਖੀ ਸ੍ਰੀ ਗੁਰਵਿੰਦਰ ਸਿੰਘ ਕੋਲ ਭਾਂਤ-ਭਾਂਤ ਦੇ ਪ੍ਰੋਗਰਾਮਾਂ ਦਾ ਲੰਮਾ ਤਜ਼ਰਬਾ ਹੈ। ਉਮੀਦ ਕਰਦੇ ਹਾਂ ਉਹ ਡੀ.ਡੀ. ਪੰਜਾਬੀ ਦੀ ਪੰਜਾਬੀ ਸੱਭਿਆਚਾਰ, ਪੰਜਾਬੀ ਭਾਸ਼ਾ, ਸਾਹਿਤ, ਸੰਗੀਤ, ਕਲਾ, ਖੇਤੀਬਾੜੀ ਪ੍ਰਤੀ ਪ੍ਰਤੀਬੱਧਤਾ ਨੂੰ ਸੰਜੀਦਗੀ ਨਾਲ ਸਮਝਦੇ ਹੋਏ, ਚੈਨਲ ਨੂੰ ਹੋਰ ਬੁਲੰਦੀਆਂ ਵੱਲ ਲੈ ਕੇ ਜਾਣਗੇ।
ਦੂਰਦਰਸ਼ਨ ਕੇਂਦਰ ਜਲੰਧਰ ਵਿਖੇ ਹੁਣ ਤੱਕ ਏ.ਐਸ. ਤਾਤਾਰੀ ਬੀ.ਏ.ਭੱਟ, ਐਨ.ਐਸ. ਰਾਵਤ, ਐਮ.ਐਲ.ਪੰਡਿਤ, ਐਮ.ਜੀ. ਗੌਤਮ, ਸਿਰਾਜ ਕੁਰੈਸ਼ੀ, ਅਸ਼ੋਕ ਜਲੇਖਾਨੀ, ਐਫ ਸ਼ਹਰਯਾਰ, ਗੋਵਰਧਨ ਸ਼ਰਮਾ, ਐਸ.ਐਸ. ਰਹਿਮਾਨ, ਡਾ.ਦਲਜੀਤ ਸਿੰਘ, ਡਾ.ਓਮ ਗੌਰੀ ਦੱਤ ਸ਼ਰਮਾ, ਅਨੂਪ ਖਜੂਰੀਆ, ਕੇਵਲ ਕ੍ਰਿਸ਼ਨ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਚੁੱਕੇ ਹਨ। ਇਸ ਅਮੀਰ ਪਰਪੰਰਾ ਦੀ ਵਾਗਡੋਰ ਹੁਣ ਸ੍ਰੀ ਗੁਰਵਿੰਦਰ ਸਿੰਘ ਨੂੰ ਸੌਂਪੀ ਗਈ ਹੈ।
-0-
