ਸਰੀ ( ਦੇ ਪ੍ਰ ਬਿ)- ਸਰੀ ਫਲੀਟਵੁੱਡ ਸੈਕੰਡਰੀ ਸਕੂਲ ਦਾ ਗਰੈਜੂਏਟ ਈਸ਼ਰ ਸਿੰਘ ਸਰਾਏ ਸਾਊਥ ਕੈਰੋਲੀਨਾ ਦੀ ਵਿੰਥਰੋਪ ਯੂਨੀਵਰਸਿਟੀ ਵਿਚ ਨੈਸ਼ਨਲ ਕਾਲਜੀਏਟ ਅਥਲੈਟਿਕਸ ਐਸੋਸੀਏਸ਼ਨ( NCAA ) ਦੀ ਬਾਸਕਿਟ ਡਿਵੀਜਨ ਵੰਨ ਲਈ ਪਹਿਲੇ ਦਸਤਾਰਧਾਰੀ ਸਿੱਖ ਕੈਨੇਡੀਅਨ ਖਿਡਾਰੀ ਵਜੋਂ ਚੁਣਿਆ ਗਿਆ ਹੈ। 20 ਸਾਲਾ ਈਸ਼ਰ ਸਿੰਘ ਸਰੀ ਸੈਂਟਰ ਤੋਂ ਲਿਬਰਲ ਐਮ ਪੀ ਰਣਦੀਪ ਸਿੰਘ ਸਰਾਏ ਦਾ ਸਪੁੱਤਰ ਹੈ। ਛੇ ਫੁਟ 9 ਇੰਚ ਲੰਬਾ ਜਵਾਨ ਈਸ਼ਰ ਸਿੰਘ NCAA ਡਿਵੀਜ਼ਨ ਵੰਨ ਦੇ ਇਤਿਹਾਸ ਵਿੱਚ ਬਾਸਕਿਟਬਾਲ ਟੀਮ ਲਈ ਚੁਣਿਆ ਜਾਣ ਵਾਲਾ ਦੂਜਾ ਦਸਤਾਰਧਾਰੀ ਸਿੱਖ ਖਿਡਾਰੀ ਹੈ। ਇਸਤੋਂ ਪਹਿਲਾਂ ਸਿੱਖ ਖਿਡਾਰੀ ਦੀਪਨਜੋਤ ਸਿੰਘ 2009 ਵਿਚ ਐਨਸੀਏਏ ਲਈ ਚੁਣਿਆ ਗਿਆ ਸੀ।
ਈਸ਼ਰ ਸਿੰਘ ਸਰਾਏ ਆਪਣੀ ਇਸ ਪ੍ਰਾਪਤੀ ਲਈ ਆਪਣੇ ਮਾਤਾ-ਪਿਤਾ ਵਲੋਂ ਦਿੱਤੇ ਉਤਸ਼ਾਹ ਤੇ ਪ੍ਰੇਰਨਾ ਨੂੰ ਮੰਨਦਿਆਂ ਬਾਸਕਿਟਬਾਲ ਦੇ ਖੇਤਰ ਵਿਚ ਹੋਰ ਮਿਹਨਤ ਕਰਦਿਆਂ ਨਵੀਆਂ ਬੁਲੰਦੀਆਂ ਛੂਹਣ ਲਈ ਅਗਰਸਰ ਹੈ। ਉਸਦਾ ਕਹਿਣਾ ਹੈ ਕਿ ਇਸ ਪੱਧਰ ਤੱਕ ਪੁੱਜਣਾ ਇਤਨਾ ਆਸਾਨ ਨਹੀ ਸੀ ਪਰ ਸਖਤ ਮਿਹਨਤ ਅਤੇ ਪਿਤਾ ਵਲੋਂ ਸੁਣਾਈਆਂ ਗਈਆਂ ਸਿੱਖ ਇਤਿਹਾਸ ਦੇ ਯੋਧਿਆਂ ਦੀਆਂ ਕਹਾਣੀਆਂ ਉਸ ਲਈ ਸਚਮੁੱਚ ਪ੍ਰੇਰਨਾ ਬਣੀਆਂ। ਉਸਦੀ ਮਾਂ ਸਰਬਜੀਤ ਕੌਰ ਨੂੰ ਵੀ ਆਪਣੇ ਬੱਚੇ ਤੇ ਮਾਣ ਹੈ ਜਿਸਨੇ ਕੇਸਧਾਰੀ ਰਹਿੰਦਿਆਂ ਬਿਨਾਂ ਕੋਈ ਸਮਝੌਤਾ ਕੀਤੇ ਅੱਗੇ ਵਧਣ ਦੀ ਸੋਚੀ।
ਈਸ਼ਰ ਸਿੰਘ ਦੀ ਇਸ ਪ੍ਰਾਪਤੀ ਅਤੇ ਹੋਰ ਉਚਾਈਆਂ ਤੇ ਪੁੱਜਣ ਲਈ ਸ਼ੁਭਕਾਮਨਾਵਾਂ ਦੇ ਨਾਲ ਪਿਤਾ ਰਣਦੀਪ ਸਿੰਘ ਸਰਾਏ, ਮਾਂ ਸਰਬਜੀਤ ਕੌਰ ਤੇ ਪਰਿਵਾਰ ਨੂੰ ਵਧਾਈਆਂ।
ਈਸ਼ਰ ਸਿੰਘ ਦੇ ਪਿਤਾ ਸ ਰਣਦੀਪ ਸਿੰਘ ਸਰਾਏ ਤੇ ਮਾਤਾ ਸਰਬਜੀਤ ਕੌਰ।


