ਕਿਹਾ ਉਹਨਾਂ ਨੂੰ ਬਦਨਾਮ ਕਰਨ ਲਈ ਝੂਠਾ ਬਿਰਤਾਂਤ ਘੜਿਆ-
ਚੰਡੀਗੜ (ਦੇ ਪ੍ਰ ਬਿ)-ਸਿੰਘ ਸਾਹਿਬਾਨ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ‘ਗੁਰੂ ਦੋਖੀ’ ਤੇ ‘ਪੰਥ ਵਿਰੋਧੀ’ ਐਲਾਨੇ ਜਾਣ ਤੋਂ ਬਾਅਦ ਹੁਣ ਮੁੱਖ ਮੰਤਰੀ ਨੇ ਇਸ ਵਿਵਾਦਤ ਵੀਡੀਓ ਵਿੱਚ ਖ਼ੁਦ ਦੇ ਹੋਣ ਤੋਂ ਸਾਫ਼ ਇਨਕਾਰ ਕੀਤਾ ਹੈ। ਨਵੇਂ ਛਿੜੇ ਵਿਵਾਦ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਵਾਦਤ ਵੀਡੀਓ ਦਾ ਮਾਮਲਾ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਕਚਹਿਰੀ ’ਤੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਗਤ ਚੰਗੀ ਤਰ੍ਹਾਂ ਜਾਣੂ ਹੈ ਕਿ ਅਕਾਲ ਤਖ਼ਤ ’ਤੇ ਸਿਆਸੀ ਨਿਯੁਕਤੀਆਂ ਕਿਸ ਤਰ੍ਹਾਂ ਹੁੰਦੀਆਂ ਹਨ।
ਮੁੱਖ ਮੰਤਰੀ ਮਾਨ ਨੇ ਇਕ ਵੀਡੀਓ ਸੁਨੇਹੇ ਰਾਹੀਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਦਾ ਦਿਲੋਂ ਸਤਿਕਾਰ ਕਰਦੇ ਹਨ ਪਰ ਸਿਆਸੀ ਤੌਰ ’ਤੇ ਨਿਯੁਕਤ ਕੀਤੇ ਮੌਜੂਦਾ ਅਹੁਦੇਦਾਰ ਆਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਖ਼ਿਲਾਫ਼ ਬੇਬੁਨਿਆਦ ਇਲਜ਼ਾਮ ਲਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ, ‘ਮੈਨੂੰ ਬਦਨਾਮ ਕਰਨ ਲਈ ਝੂਠਾ ਬਿਰਤਾਂਤ ਘੜਿਆ ਜਾ ਰਿਹਾ ਹੈ।’’ ਮੁੱਖ ਮੰਤਰੀ ਨੇ ਵਿਵਾਦਤ ਵੀਡੀਓ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਬੇਅਦਬੀ ਵਿਰੋਧੀ ਕਾਨੂੰਨ ਸਮੇਤ ਲੋਕ ਪੱਖੀ ਫ਼ੈਸਲਿਆਂ ਨੂੰ ਲੀਹੋਂ ਲਾਹੁਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ’ਤੇ ਇਹ ਸਿਆਸਤ ਤੋਂ ਪ੍ਰੇਰਿਤ ਸਾਜ਼ਿਸ਼ ਰਚੀ ਜਾ ਰਹੀ ਹੈ। ਉਹ ਸ੍ਰੀ ਅਕਾਲ ਤਖ਼ਤ ਨੂੰ ਸਰਵਉੱਚ ਮੰਨਦੇ ਹਨ ਅਤੇ ਸਤਿਕਾਰ ਵਜੋਂ ਇਸ ਦੀ ਅਥਾਰਿਟੀ ਅੱਗੇ ਪੂਰੀ ਨਿਮਰਤਾ ਨਾਲ ਸਿਰ ਝੁਕਾਉਂਦੇ ਹਨ। ਉਹ ਸ੍ਰੀ ਅਕਾਲ ਤਖ਼ਤ ਨਾਲ ਮੱਥਾ ਲਾਉਣ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਤੇ ਕਦੇ ਵੀ ਇਸ ਵਿਸ਼ਵਾਸ ਤੋਂ ਪਿੱਛੇ ਨਹੀਂ ਹਟੇ ਹਨ। ਵਿਰੋਧੀਆਂ ਦੀਆਂ ਸਾਜ਼ਿਸ਼ਾਂ ਦੀ ਪ੍ਰਵਾਹ ਕੀਤੇ ਬਿਨਾਂ ਉਹ ਪੰਜਾਬ ਦੇ ਪਾਣੀ, ਜਵਾਨੀ, ਕਿਸਾਨੀ ਅਤੇ ਬਾਣੀ ਦੇ ਹਿਤ ਵਿੱਚ ਦਲੇਰਾਨਾ ਫ਼ੈਸਲੇ ਕਰਦੇ ਰਹਿਣਗੇ। ਮੁੱਖ ਮੰਤਰੀ ਨੇ ਕਿਹਾ, ‘‘ਵੀਡੀਓ ’ਚ ਦਿਖਾਈ ਦੇ ਰਹੇ ਵਿਅਕਤੀ ਦਾ ਕੱਦ ਕਾਠ ਅਤੇ ਸਰੀਰਕ ਬਣਤਰ ਮੇਰੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ ਤੇ ਮੈਂ ਪਹਿਲਾਂ ਹੀ ਅਕਾਲ ਤਖ਼ਤ ਸਕੱਤਰੇਤ ’ਚ ਪੇਸ਼ ਹੋ ਕੇ ਸਾਫ਼ ਕਰ ਚੁੱਕਾ ਹਾਂ ਕਿ ਵੀਡੀਓ ਵਾਲਾ ਸ਼ਖ਼ਸ ਮੈਂ ਨਹੀਂ ਹਾਂ। ਫਿਰ ਵੀ ਮੇਰੇ ਅਕਸ ਨੂੰ ਖ਼ਰਾਬ ਕਰਨ ਲਈ ਝੂਠਾ ਤੇ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ।”
ਉਧਰ ਇਸ ਵਿਵਾਦਿਤ ਵੀਡੀਓ ਨੂੰ ਸੋਸ਼ਲ ਮੀਡੀਆ ਵਿਚ ਪਾਉਣ ਵਾਲੇ ਕੈਨੇਡਾ ਨਿਵਾਸੀ ਜਗਮਨਦੀਪ ਸਮਰਾ ਨੇ ਮੁੜ ਦੁਹਰਾਇਆ ਹੈ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਹ ਵੀਡੀਓ ਅਸਲੀ ਹੈ। ਉਹਨਾਂ ਨੇ ਵੀਡੀਓ ਜਾਰੀ ਕਰਦਿਆਂ ਵੀ ਇਸਦੀ ਅਸਲੀਅਤ ਸਬੰਧੀ ਕਿਸੇ ਵੀ ਲੈਬ ਤੋਂ ਜਾਂਚ ਕਰਵਾਏ ਜਾਣ ਦੀ ਚੁਣੌਤੀ ਦਿੱਤੀ ਸੀ।
