Jun 17, 2026

ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਪੰਜਾਬ ਦੇ ਹਿੱਤ ਵਿੱਚ :- ਗਿੱਲ
ਸਰੀ ( ਬਲਦੇਵ ਸਿੰਘ ਭੰਮ )- ਪੰਜਾਬ ਦੀ ਪੰਥਕ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਨੇਤਾਵਾਂ ਦਾ ਇੱਕ ਵਫਦ ਬੀਤੀ ਸ਼ਾਮ ਸਰੀ ਵਿਖੇ ਪੁੱਜਾ। ਇਹ ਵਫਦ ਜਿਸ ਵਿਚ ਅਕਾਲੀ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਝੱਬਰ, ਸਤਵਿੰਦਰ ਪਾਲ ਸਿੰਘ ਢੱਟ, ਹਰਜਾਪ ਸਿੰਘ ਸੰਘਾ, ਜਸਪ੍ਰੀਤ ਸਿੰਘ ਮਾਹਲਾ ਅਤੇ ਐਡਵੋਕੇਟ ਰਾਜਕੰਵਰ ਸਿੰਘ ਦਾ ਪ੍ਰਵਾਸੀ ਭਾਈਚਾਰੇ ਦੀ ਨਾਮਵਰ ਸੰਸਥਾ ‘ਕੈਨੇਡਾ-ਇੰਡੀਆ ਫਾਊਂਡੇਸ਼ਨ’ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਸ਼ਾਨਦਾਰ ਡਿਨਰ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਰੀ ਨਿਊਟਨ ਤੋਂ ਲਿਬਰਲ ਐਮ ਪੀ ਸੁੱਖ ਧਾਲੀਵਾਲ ਅਤੇ ਸਰੀ ਫਲੀਟਵੁੱਡ ਤੋਂ ਐਮ ਪੀ ਗੁਰਬਖਸ਼ ਸਿੰਘ ਸੈਣੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਮਹਿਮਾਨ ਅਕਾਲੀ ਨੇਤਾਵਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 106 ਸਾਲ ਦੇ ਲੰਬੇ ਇਤਿਹਾਸ ਦੌਰਾਨ ਅਨੇਕਾਂ ਉਤਰਾਅ ਚੜ੍ਹਾਅ ਹੰਢਾਏ ਹਨ ਪਰ ਪੰਜਾਬ ਤੇ ਪੰਥ ਦੀ ਹਿਤੂ ਪਾਰਟੀ ਹਮੇਸ਼ਾ ਹੀ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਕੇ ਨਿਕਲੀ ਹੈ। ਉਨ੍ਹਾਂ ਕਿਹਾ ਕਿ ਥੋੜ ਚਿਰੇ ਸੰਕਟ ਤੋਂ ਬਾਅਦ ਹੁਣ ਪੰਜਾਬ ਦੇ ਲੋਕਾਂ ਵੱਲੋਂ ਮਿਲ ਰਿਹਾ ਵੱਡਾ ਹੁੰਗਾਰਾ ਸਾਬਤ ਕਰਦਾ ਹੈ ਕਿ 2027 ਚ ਅਕਾਲੀ ਦਲ ਸ਼ਾਨਦਾਰ ਵਾਪਸੀ ਕਰਕੇ ਸੂਬੇ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਲਈ ਜਰੂਰੀ ਹੈ ਕਿ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਨਰਾਜ਼ ਅਕਾਲੀ ਲੀਡਰਾਂ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਦੀ ਤਰਜ਼ ਤੇ ਘਰ-ਘਰ ਜਾ ਕੇ ਮਨਾਉਣ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵਾਂਗ ਮਜ਼ਬੂਤ ਹੋਵੇਗਾ। ਗਿੱਲ ਨੇ ਕਿਹਾ ਕਿ ਪ੍ਰਵਾਸੀ ਭਾਈਚਾਰਾ ਹਮੇਸ਼ਾ ਦੀ ਤਰ੍ਹਾਂ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਪਿੱਠ ਤੇ ਮਜ਼ਬੂਤੀ ਨਾਲ ਖੜ੍ਹਾ ਹੈ ਤੇ 1984 ਤੋਂ ਹੁਣ ਤੱਕ ਹਮੇਸ਼ਾ ਫਾਊਂਡੇਸ਼ਨ ਨੇ ਕੈਨੇਡਾ ਵਿੱਚ ਸੀਨੀਅਰ ਅਕਾਲੀ ਅਤੇ ਭਾਜਪਾ ਲੀਡਰਸ਼ਿਪ ਦਾ ਬਾਹਵਾਂ ਖਿਲਾਰਕੇ ਸਵਾਗਤ ਕੀਤਾ ਹੈ। ਸ਼ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਡਬਲ ਇੰਜਣ ਸਰਕਾਰ ਹੀ ਪੰਜਾਬ ਨੂੰ ਸੰਕਟ ਵਿੱਚੋਂ ਕੱਢ ਸਕਦੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਇੱਕ ਵੱਡੀ ਸਾਜਿਸ਼ ਅਧੀਨ ਐਸਜੀਪੀਸੀ ਨੂੰ ਬਦਨਾਮ ਅਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂਕਿ ਪੰਥ ਦੀ ਇਸ ਸੁਪਰੀਮ ਜਥੇਬੰਦੀ ਨੇ ਗੁਰਦੁਆਰਾ ਸਾਹਿਬਾਨ ਦੇ ਸੁਚੱਜੇ ਪ੍ਰਬੰਧ ਤੋਂ ਇਲਾਵਾ ਵਿੱਦਿਆ ਅਤੇ ਸਿਹਤ ਦੇ ਖੇਤਰ ਵਿੱਚ ਪੰਥ ਅਤੇ ਪੰਜਾਬ ਨੂੰ ਵੱਡੀਆਂ ਸੰਸਥਾਵਾਂ ਦਿੱਤੀਆਂ ਹਨ। ਇਸ ਮੌਕੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਤੇ ਗੁਰਬਖਸ਼ ਸਿੰਘ ਸੈਣੀ ਨੇ ਵਫਦ ਨੂੰ ਕੈਨੇਡਾ ਦੀ ਧਰਤੀ ਤੇ ਜੀ ਆਇਆਂ ਕਿਹਾ ਤੇ ਵਿਚਾਰ ਵਟਾਂਦਰਾ ਕੀਤਾ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਫਾਊਂਡੇਸ਼ਨ ਦੇ ਮੀਤ ਪ੍ਰਧਾਨ ਅਤੇ ਬੈਰਿਸਟਰ ਲਵਲੀਨ ਸਿੰਘ ਗਿੱਲ ਨੇ ਪ੍ਰਵਾਸੀ ਭਾਈਚਾਰੇ ਦੀ ਆਪਣੇ ਪਿਤਰੀ ਸੂਬੇ ਪੰਜਾਬ ਲਈ ਦੇਣ ਤੇ ਚਾਨਣਾ ਪਾਇਆ। ਇਸ ਮੌਕੇ ਫਾਊਂਡੇਸ਼ਨ ਦੇ ਡਾਇਰੈਕਟਰ ਬੂਟਾ ਸਿੰਘ ਢਿੱਲੋਂ, ਬਲਬੀਰ ਸਿੰਘ ਪੱਡਾ, ਮਨਜੀਤ ਸਿੰਘ ਬਹੁਗੁਣ, ਪ੍ਰੀਤਪਾਲ ਸਿੰਘ ਵੜੈਚ ਤੋਂ ਇਲਾਵਾ ਰੇਡੀਓ ਸਵਿਫਟ ਦੇ ਮਾਲਕ ਕੁਲਵੰਤ ਸਿੰਘ ਢੇਸੀ, ਰੀਐਲਟਰ ਸ਼ੱਬਾ ਹੁੰਦਲ, ਉੱਘੇ ਕਾਰੋਬਾਰੀ ਪਰਮਜੀਤ ਸਿੰਘ ਖੋਸਲਾ, ਰੇਡੀਓ ਹੋਸਟ ਜਸਬੀਰ ਸਿੰਘ ਰੋਮਾਣਾ, ਪ੍ਰਸਿੱਧ ਲੋਕ ਗਾਇਕ ਤੇ ਨਕੋਦਰ ਤੋਂ ਸੀਨੀਅਰ ਅਕਾਲੀ ਆਗੂ ਕੇ.ਐਸ.ਮੱਖਣ  ਅਤੇ ਕੈਨੇਡਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਅਕਾਲੀ ਵਫਦ ਦੇ ਪੁਰਾਤਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵਿਖੇ ਨਤਮਸਤਕ ਹੋਣ ਦੌਰਾਨ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਵੱਲੋਂ ਵੀ ਜੀ ਆਇਆਂ ਕਿਹਾ ਗਿਆ ਅਤੇ ਸਿਰੋਪਾਓ ਭੇਟ ਕੀਤੇ ਗਏ।

Leave a Reply

Your email address will not be published. Required fields are marked *